ਕਤਰ-ਅਫ਼ਗਾਨਿਸਤਾਨ ਵਿਚ ਤਾਲਿਬਾਨ ਨੂੰ ਸਮਰਥਨ ਦੇਣ ਵਾਲਾ ਦੇਸ਼ ਕਤਰ ਫਿਲਹਾਲ ਇਸ ਸੰਗਠਨ ਤੋਂ ਕਾਫ਼ੀ ਨਾਰਾਜ਼ ਹੈ। ਕਤਰ ਦੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨੇ ਕਿਹਾ ਹੈ ਕਿ ਕੁੜੀਆਂ ਦੀ ਸਿੱਖਿਆ ਨੂੰ ਲੈ ਕੇ ਤਾਲਿਬਾਨ ਦਾ ਰਵੱਈਆ ਨਿਰਾਸ਼ ਕਰਨ ਵਾਲਾ ਹੈ ਅਤੇ ਇਹ ਕਦਮ ਅਫ਼ਗਾਨਿਸਤਾਨ ਨੂੰ ਹੋਰ ਪਿੱਛੇ ਧੱਕ ਦੇਵੇਗਾ। ਉਨ੍ਹਾਂ ਕਿਹਾ ਜੇਕਰ ਸੱਚੀ ਵਿਚ ਤਾਲਿਬਾਨ ਨੂੰ ਇਕ ਇਸਲਾਮਿਕ ਸਿਸਟਮ ਆਪਣੇ ਦੇਸ਼ ਵਿਚ ਚਲਾਉਣਾ ਹੈ ਤਾਂ ਤਾਲਿਬਾਨ ਨੂੰ ਕਤਰ ਤੋਂ ਸਿੱਖਣਾ ਚਾਹੀਦਾ ਹੈ। ਅਬਦੁਲ ਰਹਿਮਾਨ ਅਲ ਥਾਨੀ ਨੇ ਇਕ ਨਿਊਜ਼ ਕਾਨਫਰੰਸ ਵਿਚ ਯੂਰਪੀਅਨ ਫਾਰੇਨ ਪਾਲਿਸੀ ਚੀਫ ਜੋਸੇਫ ਬੋਰੇਲ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਅਫ਼ਗਾਨਿਸਤਾਨ ਵਿਚ ਜਿਸ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ, ਉਹ ਸਹੀ ਨਹੀਂ ਹਨ। ਇਹ ਦੇਖ਼ ਕੇ ਨਿਰਾਸ਼ਾ ਹੋਈ ਹੈ ਕਿ ਕੁੱਝ ਅਜਿਹੇ ਕਦਮ ਚੁੱਕੇ ਗਏ ਹਨ, ਜਿਸ ਨਾਲ ਅਫ਼ਗਾਨਿਸਤਾਨ ਵਿਕਾਸ ਦੀ ਰਾਹ ਵਿਚ ਕਾਫ਼ੀ ਪਿੱਛੇ ਜਾ ਸਕਦਾ ਹੈ।
ਸ਼ੇਖ਼ ਮੁਹੰਮਦ ਨੇ ਅੱਗੇ ਕਿਹਾ ਕਿ ਸਾਨੂੰ ਲਗਾਤਾਰ ਤਾਲਿਬਾਨ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਬੇਨਤੀ ਕਰਨ ਦੀ ਜ਼ਰੂਰਤ ਹੈ ਕਿ ਉਹ ਵਿਵਾਦਤ ਐਕਸ਼ਨ ਤੋਂ ਦੂਰੀ ਬਣਾਈ ਰੱਖਣ। ਅਸੀਂ ਤਾਲਿਬਾਨ ਨੂੰ ਇਹ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਕ ਇਸਲਾਮਿਕ ਦੇਸ਼ ਹੋ ਕੇ ਕਿਵੇਂ ਕਾਨੂੰਨਾਂ ਨੂੰ ਚਲਾਇਆ ਜਾ ਸਕਦਾ ਹੈ ਅਤੇ ਕਿਵੇਂ ਔਰਤਾਂ ਦੇ ਮੁੱਦਿਆਂ ਨਾਲ ਨਜਿੱਠਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਕ ਉਦਾਹਰਣ ਕਤਰ ਦੀ ਹੈ। ਇਹ ਇਕ ਮੁਸਲਿਮ ਦੇਸ਼ ਹੈ। ਸਾਡਾ ਸਿਸਟਮ ਇਸਲਾਮਿਕ ਸਿਸਟਮ ਹੈ ਪਰ ਜਦੋਂ ਗੱਲ ਵਰਕ ਫੋਰਸ ਜਾਂ ਐਜੂਕੇਸ਼ਨ ਦੀ ਆਉਂਦੀ ਹੈ ਤਾਂ ਕਤਰ ਵਿਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਤੁਹਾਨੂੰ ਜ਼ਿਆਦਾ ਮਿਲਣਗੀਆਂ।
Comment here