ਕੁਲਗਾਮ-ਜੰਮੂ -ਕਸ਼ਮੀਰ ਦੇ ਇਸ ਹਲਕੇ ਚ ਹਫਤੇ ਦੇ ਵਿੱਚ ਦੂਜੇ ਸਿਆਸਤਦਾਨ ਦੀ ਅੱਤਵਾਦੀਆਂ ਨੇ ਹੱਤਿਆ ਕੀਤੀ ਹੈ। ਜੰਮੂ ਕਸ਼ਮੀਰ ਅਪਨੀ ਪਾਰਟੀ ਦੇ ਜ਼ੋਨਲ ਪ੍ਰਧਾਨ ਗੁਲਾਮ ਹਸਨ ਲੋਨ ਦੀ ਕੁਲਗਾਮ ਵਿੱਚ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਹੈ। ਉਹ ਦੇਵਸਰ ਵਿੱਚ ਆਪਣੇ ਘਰ ਸਨ, ਅੱਤਵਾਦੀਆਂ ਨੇ ਲੋਨ ਦੇ ਘਰ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਲੋਨ ਜ਼ਖਮੀ ਹੋ ਗਏ। ਲੋਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਚ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ‘ਤੇ ਜੰਮੂ -ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੁੱਖ ਪ੍ਰਗਟ ਕੀਤਾ ਹੈ। ਅਬਦੁੱਲਾ ਨੇ ਲਿਖਿਆ ਕਿ- “ਦੱਖਣੀ ਕਸ਼ਮੀਰ ਦੇ ਦੇਓਸਰ ਖੇਤਰ ਵਿੱਚ ਗੁਲਾਮ ਹਸਨ ਲੋਨ ਦੇ ਕਤਲ ਬਾਰੇ ਜਾਣ ਕੇ ਦੁੱਖ ਹੋਇਆ। ਮੁੱਖ ਧਾਰਾ ਦੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸੰਗਠਨਾਂ ਦਾ ਇਹ ਨਵਾਂ ਰੁਝਾਨ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ ਅਤੇ ਮੈਂ ਇਸ ਦੀ ਸਖਤ ਨਿਖੇਧੀ ਕਰਦਾ ਹਾਂ। ਪਰਮਾਤਮਾ ਵਿਛੜੀਆਂ ਨੂੰ ਜੱਨਤ ਬਖਸ਼ੇ। ” ਜੰਮੂ -ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, “ਬਦਕਿਸਮਤੀ ਨਾਲ, ਕਸ਼ਮੀਰ ਵਿੱਚ ਸਿਆਸੀ ਕਤਲਾਂ ਦੀ ਪ੍ਰਕਿਰਿਆ ਖ਼ਤਮ ਹੁੰਦੀ ਨਹੀਂ ਜਾਪਦੀ। ਅਪਨੀ ਪਾਰਟੀ ਦੇ ਨੇਤਾ ਗੁਲਾਮ ਹਸਨ ਲੋਨ ਦੇ ਕਤਲ ਦੀ ਸਖਤ ਨਿੰਦਾ ਕਰਦੇ ਹਾਂ, ਦੁਖੀ ਪਰਿਵਾਰ ਨਾਲ ਮੇਰੀ ਡੂੰਘੀ ਹਮਦਰਦੀ ਹੈ। ” ਇਸ ਘਟਨਾ ਤੋਂ ਦੋ ਦਿਨ ਪਹਿਲਾਂ ਅੱਤਵਾਦੀਆਂ ਨੇ ਕੁਲਗਾਮ ਵਿੱਚ ਹੀ ਇੱਕ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਜਾਵੇਦ ਅਹਿਮਦ ਡਾਰ ਨੂੰ ਦੱਖਣੀ ਕਸ਼ਮੀਰ ਦੇ ਬ੍ਰਜਲੂ ਜਾਗੀਰ ਇਲਾਕੇ ਵਿੱਚ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਸ਼ਾਮ 4.30 ਵਜੇ ਗੋਲੀ ਮਾਰ ਦਿੱਤੀ। ਉਹ ਭਾਜਪਾ ਇਕਾਈ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
Comment here