ਅਪਰਾਧਸਿਆਸਤਖਬਰਾਂ

ਕੁਲਗਾਮ ਚ ਅੱਤਵਾਦੀਆਂ ਨੇ ਕੀਤੀ ਮਜ਼ਦੂਰਾਂ ਦੀ ਹੱਤਿਆ

ਜੰਮੂ- ਜੰਮੂ-ਕਸ਼ਮੀਰ ਚ ਹਾਲਾਤ ਸੁਧਰ ਨਹੀਂ ਰਹੇ, ਅੱਤਵਾਦੀਆਂ ਵਲੋਂ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਰੱਖਿਆ ਬਲਾਂ ਦੀ ਸਖ਼ਤੀ ਦੇ ਬਾਵਜ਼ੂਦ ਕਸ਼ਮੀਰ ’ਚ ਦੂਜੇ ਰਾਜਾਂ ਦੇ ਮਜ਼ਦੂਰਾਂ ਨੂੰ ਚੁਣ-ਚੁਣ ਕੇ ਮਾਰਨ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਇਕ ਮਕਾਨ ’ਚ ਵੜ ਕੇ ਕਿਰਾਏ ’ਤੇ ਰਹਿ ਰਹੇ ਮਜ਼ਦੂਰਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਹਮਲੇ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਇਕ ਜ਼ਖ਼ਮੀ ਹੈ। ਜ਼ਖ਼ਮੀ ਨੂੰ ਅਨੰਤਨਾਗ ਮੈਡੀਕਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਐਤਵਾਰ ਦੇਰ ਸ਼ਾਮ ਨੂੰ ਕੁਲਗਾਮ ਜ਼ਿਲ੍ਹੇ ਦੇ ਗੰਜੀਪੋਰਾ ਵਣਪੋਹ ’ਚ ਅੱਤਵਾਦੀ ਅਚਾਨਕ ਇਕ ਮਕਾਨ ’ਚ ਜਾ ਵੜੇ ਅਤੇ ਉਨ੍ਹਾਂ ਨੇ ਉੱਥੇ ਇਕ ਸਮੂਹ ’ਚ ਬੈਠੇ ਬਿਹਾਰ ਦੇ ਮਜ਼ਦੂਰਾਂ ’ਤੇ ਤਾਬੜਤੋੜ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਉੱਥੇ ਚੀਕ-ਚਿਹਾੜਾ ਮੱਚ ਗਿਆ। ਘਟਨਾ ਸਥਾਨ ਖੂਨ ਨਾਲ ਲਥਪਕ ਹੋ ਗਿਆ। ਗੋਲ਼ੀਬਾਰੀ ’ਚ ਇਕ ਦੀ ਮੌਤ ਮੌਕੇ ’ਤੇ ਹੀ ਹੋ ਗਈ। ਉੱਥੇ ਦੋ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ’ਚ ਲਿਜਾਂਦਾ ਗਿਆ, ਪਰ ਰਸਤੇ ’ਚ ਹੀ ਇਕ ਹੋਰ ਨੇ ਦਮ ਤੋੜ ਦਿੱਤਾ। ਮਰਨ ਵਾਲਿਆਂ ਦੀ ਪਛਾਣ ਰਾਜਾ ਰੇਸ਼ੀਦੇਵ ਅਤੇ ਜੋਗਿੰਦਰ ਰੇਸ਼ੀਦੇਵ ਵਜੋਂ ਹੋਈ ਹੈ, ਜਦੋਂਕਿ ਚੁਣਚੁਣ ਰੇਸ਼ੀਦੇਵ ਪੁੱਤਰ ਤੇਜੂ ਦਾਸ ਗੰਭੀਰ ਜ਼ਖ਼ਮੀ ਹੈ। ਉਸ ਨੂੰ ਜੀਐੱਸੀ ਅਨੰਤਨਾਗ ’ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਹੈ। ਮਜ਼ਦੂਰ ਨੂੰ ਗੋਲ਼ੀ ਮਾਰਨ ਦੀ ਘਟਨਾ ਦਾ ਪਤਾ ਲੱਗਦੇ ਹੀ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਸੁਰੱਖਿਆ ਬਲਾਂ ਨੇ ਇਸ ਖੇਤਰ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿਛਲੇ 24 ਘੰਟਿਆਂ ’ਚ ਹੋਰ ਰਾਜਾਂ ਦੇ ਮਜ਼ਦੂਰਾਂ ਨੂੰ ਮਾਰਨ ਦੀ ਇਹ ਦੂਜੀ ਘਟਨਾ ਹੈ। ਇਸ ’ਚ ਹੁਣ ਤਕ ਚਾਰ ਮਜ਼ਦੂਰਾਂ ਦੀ ਹੋ ਮੌਤ ਚੁੱਕੀ ਹੈ।

Comment here