ਅਪਰਾਧਸਿਆਸਤਖਬਰਾਂਦੁਨੀਆ

ਕੁਨੈਕਟੀਕਟ ਵਿਧਾਨ ਸਭਾ ਵੱਲੋੰ ਖਾਲਿਸਤਾਨ ਨੂੰ ਮਾਨਤਾ, ਭਾਰਤ ਸਖਤ ਨਰਾਜ਼

ਨਵੀਂ ਦਿੱਲੀ- ਭਾਰਤ ਦੀ ਸਿਆਸਤ ਵਿੱਚ ਉਸ ਵਕਤ ਗਰਮੀ ਆ ਗਈ ਜਦ ਖਬਰ ਆਈ ਕਿ ਅਮਰੀਕੀ ਸੂਬੇ ਕੁਨੈਕਟੀਕਟ ਦੀ ਵਿਧਾਨ ਸਭਾ ਨੇ ‘ਸਿੱਖ ਆਜ਼ਾਦੀ ਦਿਵਸ’ ਦੇ ਐਲਾਨਨਾਮੇ ਦੀ 29 ਅਪ੍ਰੈਲ ਨੂੰ ਮਨਾਈ ਜਾਣ ਵਾਲੀ ਵਰ੍ਹੇਗੰਢ ਨੂੰ ਬਾਕਾਇਦਾ ਮਾਨਤਾ ਦੇ ਦਿੱਤੀ ਹੈ। ਇਸ ’ਤੇ ਭਾਰਤ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਕੌਮਾਂਤਰੀ ਪੱਧਰ ਉੱਤੇ ਤੂਫ਼ਾਨ ਉੱਠ ਖਡ਼੍ਹਾ ਹੋਇਆ ਹੈ। ਵਿਧਾਨ ਸਭਾ ਨੇ ਇਸ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ਮੌਕੇ ਇਕ ਮਾਣ-ਪੱਤਰ ਜਾਰੀ ਕੀਤਾ ਹੈ। ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਸਫ਼ਾਰਤਖਾਨੇ ਅਤੇ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਕੁਨੈਕਟੀਕਟ ਵਿਧਾਨ ਸਭਾ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਅਮਰੀਕਾ ਦੇ ਸਬੰਧਤ ਸੰਸਦ ਮੈਂਬਰਾਂ ਕੋਲ ਉਠਾਇਆ ਜਾਵੇਗਾ। ਭਾਰਤੀ ਅਧਿਕਾਰੀਆਂ ਨੇ ਬਿਆਨ ’ਚ ਕਿਹਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਆਪਣੇ ਸੌਡ਼ੇ ਨਿੱਜੀ ਮੁਫ਼ਾਦਾਂ ਲਈ ਅਸੈਂਬਲੀ ਦੇ ਨਾਂਅ ਦੀ ਦੁਰਵਰਤੋਂ ਕੀਤੀ ਹੈ। ਇਹ ਭਾਈਚਾਰਿਆਂ ’ਚ ਵੰਡੀਆਂ ਪਾਉਣ ਅਤੇ ਨਫ਼ਰਤ ਫੈਲਾਉਣ ਦੀ ਚਾਲ ਹੈ। ਅਮਰੀਕਾ ਤੇ ਭਾਰਤ ਜਿਹੇ ਜਮਹੂਰੀ ਸਮਾਜਾਂ ਵਿਚ ਅਜਿਹੇ ਅਨਸਰਾਂ ਦੇ ਹਿੰਸਾ ਦੇ ਏਜੰਡੇ ਲਈ ਕੋਈ ਥਾਂ ਨਹੀਂ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੁਨੈਕਟੀਕਟ ਵਿਧਾਨ ਸਭਾ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਾਡੀ ਕੇਂਦਰ ਸਰਕਾਰ ਨੂੰ ਇਹ ਮਾਮਲਾ ਅਮਰੀਕਾ ਕੋਲ ਯੋਗ ਪ੍ਰਣਾਲੀ ਰਾਹੀਂ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦਾ ਅਟੁੱਟ ਅੰਗ ਹੈ ਅਤੇ ਅਮਰੀਕਾ ’ਚ ਬੈਠੇ ਗੁਰਪਤਵੰਤ ਸਿੰਘ ਪੰਨੂ ਜਿਹੇ ਲੋਕਾਂ ਨੂੰ ਪੰਜਾਬ ਵਿਚ ਕੋਈ ਸਮਰਥਨ ਹਾਸਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰਪੀ ਸਿੰਘ ਨੇ ਵੀ ਇਸ ਬਾਰੇ ਟਵੀਟ ਕਰ ਕੇ ਕਿਹਾ ਹੈ ਕਿ ਕੁਨੈਕਟੀਕਟ ਵਿਧਾਨ ਸਭਾ ’ਚ ਜੋ ਕੁਝ ਵੀ ਹੋਇਆ ਹੈ, ਉਸ ਨੂੰ ਕਿਸੇ ਵੀ ਹਾਲਤ ’ਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਭਾਰਤ ਦੇ ਇਕ ਰਾਜ ਨੂੰ ਆਜ਼ਾਦ ਕਰਵਾਉਣ ਦੇ ਹੱਕ ਵਿਚ ਸਿੱਧੀ ਹਮਾਇਤ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਜਿਹੀ ਬਦਦਿਮਾਗ਼ੀ ਕਾਰਵਾਈ ਤੋਂ ਭੈਡ਼ਾ ਹੋਰ ਕੁਝ ਨਹੀਂ ਹੋ ਸਕਦਾ। ਕਾਂਗਰਸ ਦੇ ਰਾਜ ਸਭਾ ਮੈਂਬਰ ਅਭਿਸ਼ੇਕ ਸਿੰਘਵੀ ਨੇ ਟਵੀਟ ਕਰ ਕੇ ਆਖਿਆ ਹੈ ਕਿ ਜੇ ਅਮਰੀਕੀ ਰਾਜ ਕੁਨੈਕਟੀਕਟ ‘ਸਿੱਖ ਆਜ਼ਾਦੀ ਦਿਵਸ’ ਨੂੰ ਮਾਨਤਾ ਦਿੰਦਾ ਹੈ ਤਾਂ ਭਾਰਤੀ ਰਾਜ ਰਾਜਸਥਾਨ ਨੂੰ ਇਕ ਅਜਿਹਾ ਮਤਾ ਪਾਸ ਕਰ ਦੇਣਾ ਚਾਹੀਦਾ ਹੈ ਕਿ ਅਮਰੀਕੀ ਸੂਬਾ ਟੈਕਸਾਸ ਤਾਂ ਮੈਕਸੀਕੋ ਦੇਸ਼ ਦਾ ਹਿੱਸਾ ਹੈ। ਉਨ੍ਹਾਂ ਨੂੰ ਇਹ ਗੱਲ ਉਨ੍ਹਾਂ ਦੀ ਭਾਸ਼ਾ ਵਿਚ ਹੀ ਸਮਝਾਉਣੀ ਚਾਹੀਦੀ ਹੈ। ਵਰਨਣਯੋਗ ਹੈ ਕਿ ਕੁਨੈਕਟੀਕਟ ਦੀ ਜਨਰਲ ਅਸੈਂਬਲੀ ਵੱਲੋਂ ਜਾਰੀ ਇਕ ਖ਼ਾਸ ਪ੍ਰਸ਼ੰਸਾ-ਪੱਤਰ ਵਿਚ ਇਸ ‘ਸਿੱਖ ਆਜ਼ਾਦੀ ਦਿਵਸ’ ਲਈ ‘ਵਰਲਡ ਸਿੱਖ ਪਾਰਲੀਮੈਂਟ’ ਨੂੰ ਮੁਬਾਰਕਾਂ ਵੀ ਦਿੱਤੀਆਂ ਗਈਆਂ ਹਨ। ਇਸੇ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਪੰਜਾਬ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ’ਚ 29 ਅਪ੍ਰੈਲ 1986 ਨੂੰ ਸਿੱਖਾਂ ਦੇ ‘ਸਰਬੱਤ ਖ਼ਾਲਸਾ’ ਵੱਲੋਂ ਪਾਸ ਕੀਤੇ ਗਏ ਇਤਿਹਾਸਕ ਮਤੇ ਨੂੰ ਅਸੀਂ ਤੁਹਾਡੇ, ਤੁਹਾਡੇ ਦੋਸਤਾਂ ਤੇ ਤੁਹਾਡੇ ਪਰਿਵਾਰ ਨਾਲ ਮਿਲ ਕੇ ਯਾਦ ਕਰਦੇ ਹਾਂ। ਹੁਣ ਇਸ ਈਵੈਂਟ ਦੀ ਇਕ ਵੀਡੀਓ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਕੁਨੈਕਟੀਕਟ ਵਿਧਾਨ ਸਭਾ ਅੰਦਰ ਕੁਝ ਖ਼ਾਲਿਸਤਾਨੀ ਆਗੂ ਬੈਠੇ ਵਿਖਾਈ ਦੇ ਰਹੇ ਹਨ ਤੇ ਅਸੈਂਬਲੀ ਦਾ ਇਕ ਅਧਿਕਾਰੀ ਇਸ ਪ੍ਰਸ਼ੰਸਾ ਪੱਤਰ ਨੂੰ ਪਡ਼੍ਹ ਰਿਹਾ ਹੈ। ਖ਼ਾਲਿਸਤਾਨੀ ਸਮਰਥਕਾਂ ਨੇ ‘ਸਿੱਖ ਹੋਮਲੈਂਡ ਪੰਜਾਬ’ ‘ਸਿੱਖਸ ਫ਼ਾਰ ਵਰਲਡ ਪੀਸ’ ਵਾਲੇ ਬੈਨਰ ਫਡ਼ੇ ਹੋਏ ਹਨ ਤੇ ਨਾਲ ਹੀ ਸਭ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਵੀ ਛੱਡ ਰਹੇ ਹਨ।

Comment here