ਸਿਹਤ-ਖਬਰਾਂ

ਕੁਦਰਤੀ ਸੁੰਦਰਤਾ ਦਾ ਹੱਲ ਏ ਗੂੜ੍ਹੀ ਨੀਂਦ

ਚਿਹਰੇ ’ਤੇ ਕੁਦਰਤੀ ਸੁੰਦਰਤਾ ਅਤੇ ਆਕਰਸ਼ਣ ਕਾਇਮ ਰੱਖਣ ਲਈ ਮਹਿੰਗੇ ਸੁੰਦਰਤਾ ਪਦਾਰਥਾਂ ਦੀ ਬਜਾਏ ਇਕ ਚੰਗੀ ਅਤੇ ਸਕੂਨ ਭਰੀ ਨੀਂਦ ਬੇਹੱਦ ਅਹਿਮ ਹੁੰਦੀ ਹੈ। ਭਰਪੂਰ ਨੀਂਦ ਲੈਣ ਨਾਲ ਦਿਮਾਗ਼ ਨੂੰ ਸ਼ਾਂਤੀ ਮਿਲਦੀ ਹੈ, ਹਾਜ਼ਮਾ ਕਿਰਿਆ ਠੀਕ ਰਹਿੰਦੀ ਹੈ ਅਤੇ ਤੁਹਾਡੀ ਬਿਮਾਰੀ ਪ੍ਰਤੀਰੋਧੀ ਤਾਕਤ ਵਧ ਜਾਂਦੀ ਹੈ, ਜਿਸ ਨਾਲ ਤੁਸੀਂ ਅੰਦਰੂਨੀ ਤੌਰ ’ਤੇ ਸਿਹਤਮੰਦ ਰਹਿੰਦੇ ਹੋ ਅਤੇ ਤੁਸੀਂ ਤੁਹਾਡੀ ਬਾਹਰੀ ਖ਼ੂਬਸੂਰਤੀ ਨਿਖਰਨ ਲਗਦੀ ਹੈ ਅਤੇ ਤੁਸੀਂ ਸੁੰਦਰ ਅਤੇ ਆਕਰਸ਼ਕ ਦਿਸਣ ਲਗਦੇ ਹੋ।
ਕੀ ਤੁਸੀਂ ਜਾਣਦੇ ਹੋ ਕਿ ਗੂੜ੍ਹੀ ਨੀਂਦ ਤੁਹਾਡੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਸਕਦੀ ਹੈ। ਜੇਕਰ ਤੁਸੀਂ ਰੋਜ਼ਾਨਾ 8-9 ਘੰਟੇ ਗੂੜ੍ਹੀ ਨੀਂਦ ਲੈਂਦੇ ਹੋ ਤਾਂ ਇਸ ਦੌਰਾਨ ਤੁਹਾਡਾ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ। ਜਦੋਂ ਤੁਸੀਂ ਗੂੜ੍ਹੀਂ ਨੀਂਦ ਵਿਚ ਹੁੰਦੇ ਹੋ ਤਾਂ ਤੁਹਾਡੇ ਸਰੀਰ ਵਿਚ ਖ਼ੂਨ ਦਾ ਸੰਚਾਰ ਵਧਦਾ ਹੈ ਜਿਸ ਨਾਲ ਤੁਹਾਡੇ ਚਿਹਰੇ ਦਾ ਨਿਖਾਰ ਵਧ ਜਾਂਦਾ ਹੈ।
ਰਾਤ ਨੂੰ ਪੂਰੀ ਨੀਂਦ ਨਾ ਆਉਣ ’ਤੇ ਅੱਖਾਂ ਵਿਚ ਸੋਜ ਆ ਜਾਂਦੀ ਹੈ ਕਿਉਂਕਿ ਤਣਾਅ ਦੀ ਵਜ੍ਹਾ ਕਰਕੇ ’ਕੋਰਟਲਿਸ’ ਦਾ ਪੱਧਰ ਵਧ ਜਾਂਦਾ ਹੈ ਜਿਸ ਨਾਲ ਤੁਹਾਡੇ ਸਰੀਰ ਵਿਚ ਮੌਜੂਦ ਅਮਲ ਦਾ ਪੱਧਰ ਬਦਲ ਜਾਂਦਾ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਵਿਚ ਵਾਧਾ ਹੋ ਜਾਂਦਾ ਹੈ ਜਿਸ ਨਾਲ ਚਿਹਰੇ ਜਾਂ ਅੱਖਾਂ ਹੇਠਾਂ ਸੋਜ ਆ ਜਾਂਦੀ ਹੈ। ਜਦੋਂ ਤੁਸੀਂ ਸੌਂ ਰਹੇ ਹੁੰਦੇ ਹੋ ਤਾਂ ਚਮੜੀ ਦੀਆਂ ਨਵੀਆਂ ਕੋਸ਼ਿਕਾਵਾਂ ਤੇਜ਼ੀ ਨਾਲ ਵਿਕਸਤ ਹੁੰਦੀਆਂ ਹਨ ਜਿਸ ਨਾਲ ਸਵੇਰੇ ਉੱਠਦੇ ਹੀ ਤੁਹਾਨੂੰ ਤਰੋ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਅਤੇ ਤੁਸੀਂ ਸੁੰਦਰ ਦਿਖਾਈ ਦਿੰਦੇ ਹੋ। ਮੇਰਾ ਇਹ ਮੰਨਣਾ ਹੈ ਕਿ ਜੇਕਰ ਜਵਾਨ ਅਤੇ ਆਕਰਸ਼ਕ ਦਿਸਣਾ ਚਾਹੁੰਦੇ ਹੋ ਤਾਂ ਰਾਤ ਨੂੰ 9 ਤੋਂ 11 ਵਜੇ ਤੱਕ ਹਰ ਹਾਲਤ ਵਿਚ ਸੌਂ ਜਾਓ। ਆਪਣੀ ਚਮੜੀ ਨੂੰ ਝੁਰੜੀਆਂ ਤੋਂ ਦੂਰ ਰੱਖਣ ਲਈ ਪਿੱਠ ਦੇ ਭਾਰ ਸੌਣਾ ਸਭ ਤੋਂ ਸਹੀ ਹੁੰਦਾ ਹੈ, ਕਿਉਂਕਿ ਇਸ ਨਾਲ ਚਮੜੀ ’ਤੇ ਪੈਣ ਵਾਲੇ ਦਬਾਅ ਨਾਲ ਕ੍ਰੀਜਿੰਗ ਹੋ ਜਾਂਦੀ ਹੈ, ਜਿਸ ਨਾਲ ਝੁਰੜੀਆਂ ਰੋਕੀਆਂ ਜਾ ਸਕਦੀਆਂ ਹਨ। ਰਾਤ ਦੀ ਗੂੜ੍ਹੀ ਨੀਂਦ ਤੁਹਾਡੇ ਵਾਲਾਂ ਨੂੰ ਕਾਲੇ ਲੰਮੇ ਅਤੇ ਆਕਰਸ਼ਕ ਬਣਾਈ ਰੱਖਣ ਵਿਚ ਮਦਦ ਕਰਦੀ ਹੈ।
ਗੂੜ੍ਹੀ ਨੀਂਦ ਸਰੀਰ ਵਿਚ ਪ੍ਰੋਟੀਨ ਨੂੰ ਸਹੀ ਢੰਗ ਨਾਲ ਹਜ਼ਮ ਕਰਨ ਲਈ ਅਤਿ ਜ਼ਰੂਰੀ ਹੁੰਦੀ ਹੈ ਜੋ ਕਿ ਹਾਰਮੋਨਜ਼ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਤੁਹਾਡੇ ਵਾਲਾਂ ਦਾ ਵਾਧਾ ਅਤੇ ਆਕਰਸ਼ਣ ਪ੍ਰਭਾਵਿਤ ਹੁੰਦਾ ਹੈ। ਅਕਸਰ ਲੋਕਾਂ ਨੂੰ ਇਹ ਕਹਿੰਦੇ ਦੇਖਿਆ ਗਿਆ ਹੈ ਕਿ ਤੁਸੀਂ ਥੱਕੇ-ਥੱਕੇ ਲੱਗ ਰਹੇ ਹੋ। ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਸਹੀ ਨੀਂਦ ਨਹੀਂ ਲੈ ਪਾਉਂਦੇ ਜਿਸ ਦੀ ਵਜ੍ਹਾ ਨਾਲ ਚਿਹਰੇ ’ਤੇ ਕਾਲੇ ਧੱਬੇ ਉੱਭਰ ਆਉਂਦੇ ਹਨ ਅਤੇ ਚਮੜੀ ਆਪਣਾ ਕੁਦਰਤੀ ਨਿਖਾਰ ਗਵਾ ਦਿੰਦੀ ਹੈ।ਰਾਤ ਨੂੰ ਸਹੀ ਨੀਂਦ ਨਾਲ ਸਰੀਰ ਵਿਚ ਜ਼ਹਿਰੀਲੇ ਪਦਾਰਥ ਖ਼ਤਮ ਹੋ ਜਾਂਦੇ ਹਨ ਅਤੇ ਪੁਰਾਣੀਆਂ ਕੋਸ਼ਿਕਾਵਾਂ ਹਟ ਜਾਂਦੀਆਂ। ਇਸ ਦੀ ਥਾਂ ਨਵੀਆਂ ਕੋਸ਼ਿਕਾਵਾਂ ਪੈਦਾ ਹੋ ਜਾਂਦੀਆਂ ਹਨ, ਇਸ ਨਾਲ ਅਸੀਂ ਨੌਜਵਾਨ ਦਿਸਣ ਲਗਦੇ ਹਨ। ਸਹੀ ਨੀਂਦ ਦੀ ਘਾਟ ਕਾਰਨ ਸਰੀਰ ਵਿਚ ਖ਼ੂਨ ਦਾ ਸੰਚਾਰ ਘੱਟ ਹੋ ਜਾਂਦਾ ਹੈ, ਜਿਸ ਨਾਲ ਚਮੜੀ ਮੁਰਝਾਈ ਅਤੇ ਬੇਜਾਨ ਲੱਗਣ ਲਗਦੀ ਹੈ। ਬਿਹਤਰ ਨੀਂਦ ਲਈ ਹਰ ਰੋਜ਼ ਰਾਤ ਨੂੰ ਸੌਣ ਅਤੇ ਸਵੇਰੇ ਉੱਠਣ ਦਾ ਸਮਾਂ ਨਿਸਚਿਤ ਕਰੋ।ਰਾਤ ਨੂੰ ਸੌਣ ਤੋਂ ਪਹਿਲਾਂ ਚਾਹ, ਸ਼ਰਾਬ, ਕਾਫ਼ੀ ਜਾਂ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਦਿਮਾਗ਼ ਦੀਆਂ ਨਾੜੀਆਂ ਉਤੇਜਿਤ ਹੋ ਜਾਂਦੀਆਂ ਹਨ ਜੋ ਕਿ ਚੰਗੀ ਨੀਂਦ ਵਿਚ ਰੁਕਾਵਟ ਪਾਉਂਦੀਆਂ ਹਨ। ਹਮੇਸ਼ਾ ਅੱਧੀ ਰਾਤ ਭਾਵ 11 ਵਜੇ ਤੋਂ ਪਹਿਲਾਂ ਨੀਂਦ ਲੈ ਲਓ। ਸਹੀ ਨੀਂਦ ਨਾ ਲੈਣ ਦੀ ਵਜ੍ਹਾ ਨਾਲ ਤੁਸੀਂ ਥੱਕੇ-ਥੱਕੇ ਮਹਿਸੂਸ ਕਰ ਸਕਦੇ ਹੋ, ਜਿਸ ਕਰਕੇ ਤੁਹਾਡਾ ਮਨੋਬਲ ਡਿੱਗ ਜਾਂਦਾ ਹੈ ਅਤੇ ਤੁਸੀਂ ਤਣਾਅਪੂਰਨ ਜੀਵਨ ਜੀਣਾ ਸ਼ੁਰੂ ਕਰ ਦਿੰਦੇ ਹੋ। ਇਕ ਤਾਜ਼ਾ ਖੋਜ ਅਨੁਸਾਰ ਉਨੀਂਦਰੇ ਦੀ ਵਜ੍ਹਾ ਕਰਕੇ ਲੋਕ 10 ਗੁਣਾ ਜ਼ਿਆਦਾ ਤਣਾਅ ਵਿਚ ਰਹਿੰਦੇ ਹਨ। ਸੌਣ ਤੋਂ ਪਹਿਲਾਂ ਆਪਣੇ ਚਿਹਰੇ, ਗਰਦਨ, ਪੈਰਾਂ ਨੂੰ ਹਲਕੇ ਕਲੀਂਜ਼ਰ ਨਾਲ ਧੋ ਲਓ ਜਿਸ ਨਾਲ ਤੁਹਾਡੀ ਚਮੜੀ ’ਤੇ ਦਿਨ ਭਰ ਰਹੇ ਮੇਕਅਪ ਗੰਦਗੀ, ਧੂੜ ਮਿੱਟੀ ਨੂੰ ਹਟਾਉਣ ਵਿਚ ਮਦਦ ਮਿਲੇ। ਆਪਣੀ ਨਾਈਟ ਕ੍ਰੀਮ ਅਤੇ ਆਈ ਜੈੱਲ ਸੌਣ ਤੋਂ ਵੀਹ ਮਿੰਟ ਪਹਿਲਾਂ ਜ਼ਰੂਰ ਲਗਾਓ ਤਾਂ ਕਿ ਚਮੜੀ ਵਿਚ ਸਮਾ ਜਾਵੇ ਅਤੇ ਸਿਰਹਾਣਾ ਖ਼ਰਾਬ ਨਾ ਹੋਵੇ।
ਰਾਤ ਨੂੰ ਸੌਂਦੇ ਸਮੇਂ ਪਾਣੀ ਮਿਸ਼ਰਿਤ ਭੋਜਨ ਖਾਓ।ਰਾਤ ਨੂੰ ਪਾਣੀ ਪੀਣ ਦੀ ਥਾਂ ਪਾਣੀ ਵਾਲੀਆਂ ਸਬਜ਼ੀਆਂ, ਫਲਾਂ ਦਾ ਸੇਵਨ ਕਰੋ ਜਿਸ ਨਾਲ ਤੁਹਾਨੂੰ ਰਾਤ ਨੂੰ ਵਾਰ-ਵਾਰ ਪੇਸ਼ਾਬ ਲਈ ਉੱਠਣਾ ਨਹੀਂ ਪਵੇਗਾ।
ਜੇਕਰ ਤੁਸੀਂ ਰਾਤ ਨੂੰ ਸਹੀ ਨੀਂਦ ਨਹੀਂ ਲੈ ਸਕੇ ਤਾਂ ਦਿਨ ਵਿਚ ਅੱਧਾ ਘੰਟਾ ਸੌਣ ਨਾਲ ਤੁਹਾਡਾ ਮੂਡ ਤਰੋਤਾਜ਼ਾ ਹੋ ਜਾਵੇਗਾ ਅਤੇ ਤੁਹਾਡੀ ਯਾਦਦਾਸ਼ਤ ਸ਼ਕਤੀ ਅਤੇ ਇਕਾਗਰਤਾ ਵੀ ਵਧੇਗੀ।

Comment here