ਅਪਰਾਧਸਿਆਸਤਖਬਰਾਂ

 ਕੁਤਬ ਮੀਨਾਰ ਚ ਹਿੰਦੂਤਵੀਆਂ ਵੱਲੋਂ ਪੂਜਾ ਕਰਨ ਦੀ ਇਜਾਜ਼ਤ ਦੀ ਮੰਗ

ਅਦਾਲਤ ਨੇ ਦੋਵਾਂ ਧਿਰਾਂ ਨੂੰ 1 ਹਫ਼ਤੇ ਚ ਜਵਾਬ ਦੇਣ ਲਈ ਕਿਹਾ

ਨਵੀਂ ਦਿੱਲੀ-ਦਿੱਲੀ ਦੀ ਸਾਕੇਤ ਕੋਰਟ ਨੇ ਕੁਤਬ ਮੀਨਾਰ ਕੰਪਲੈਕਸ ਵਿਚ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦਾ ਅਧਿਕਾਰ ਮੰਗਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਫ਼ੈਸਲਾ ਸੁਰੱਖਿਅਤ ਰੱਖ ਲਿਆ, ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਜੂਨ ਨੂੰ ਹੋਵੇਗੀ । ਇਸ ਦੌਰਾਨ ਵਧੀਕ ਜ਼ਿਲ੍ਹਾ ਜੱਜ ਨਿਖਿਲ ਚੋਪੜਾ ਦੀ ਅਦਾਲਤ ਨੇ ਦੋਵਾਂ ਧਿਰਾਂ ਨੂੰ ਇਕ ਹਫ਼ਤੇ ਅੰਦਰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ । ਹਿੰਦੂ ਧਿਰ ਵਲੋਂ ਪੇਸ਼ ਹੋਏ ਵਕੀਲ ਹਰੀਸ਼ੰਕਰ ਜੈਨ ਨੇ ਕਈ ਦਲੀਲਾਂ ਪੇਸ਼ ਕਰਦੇ ਹੋਏ ਸੰਬੰਧਿਤ ਥਾਂ ‘ਤੇ ਪੂਜਾ ਕਰਨ ਦੀ ਇਜਾਜ਼ਤ ਦਾ ਅਧਿਕਾਰ ਮੰਗਿਆ, ਜਦਕਿ ਦੂਜੇ ਪਾਸੇ ਭਾਰਤੀ ਪੁਰਾਤਤਵ ਸਰਵੇਖਣ (ਏ.ਐਸ.ਆਈ.) ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਸਮਾਰਕ ਦੀ ਮੌਜੂਦਾ ਸਥਿਤੀ ਨੂੰ ਬਦਲਿਆ ਨਹੀਂ ਜਾ ਸਕਦਾ । ਵਕੀਲ ਜੈਨ ਨੇ ਰਾਮ ਮੰਦਰ ਮਾਮਲੇ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਪੂਜਾ ਦੀ ਇਜਾਜ਼ਤ ਮੰਗੀ ਤੇ ਦਾਅਵਾ ਕੀਤਾ ਕਿ ਮੁਸਲਮਾਨ ਹਮਲਾਵਰ ਮੁਹੰਮਦ ਗੌਰੀ ਦੇ ਜਨਰਲ ਕੁਤਬੂਦੀਨ ਐਬਕ ਦੀਆਂ ਫ਼ੌਜਾਂ ਨੇ ਮੰਦਰਾਂ ਨੂੰ ਢਾਹ ਕੇ ਮਸਜਿਦ ਬਣਾਈ ਸੀ । ਵਕੀਲ ਜੈਨ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਸਬੂਤ ਹਨ ਕਿ ਕੁਤਬ ਮੀਨਾਰ 27 ਮੰਦਰਾਂ ਨੂੰ ਢਾਹ ਕੇ ਬਣਾਈ ਗਈ ਸੀ | ਜਦੋਂ ਅਦਾਲਤ ਨੇ ਸੁਣਵਾਈ ਦੌਰਾਨ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕਿਸ ਹੱਕ ਨਾਲ ਪੂਜਾ ਦਾ ਅਧਿਕਾਰ ਮੰਗ ਰਹੇ ਹੋ ਤਾਂ ਵਕੀਲ ਜੈਨ ਨੇ ਕਿਹਾ ਅਸੀਂ ਇਥੇ ਕੋਈ ਨਿਰਮਾਣ ਨਹੀਂ ਚਾਹੁੰਦੇ, ਪਰ ਅਦਾਲਤ ਤੋਂ ਸਿਰਫ ਪੂਜਾ ਦਾ ਅਧਿਕਾਰ ਮੰਗ ਰਹੇ ਹਾਂ | ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪਿਛਲੇ 800 ਤੋਂ ਵੱਧ ਸਾਲਾਂ ਤੋਂ ਕੁੱਵਤੂਲ ਇਸਲਾਮ ਮਸਜਿਦ ਵਿਚ ਨਮਾਜ਼ ਨਹੀਂ ਅਦਾ ਕੀਤੀ ਜਾਂਦੀ ।ਅਦਾਲਤ ਨੇ ਕਿਹਾ ਕਿ ਜੇਕਰ 800 ਸਾਲਾਂ ਤੋਂ ਦੇਵਤੇ ਬਗੈਰ ਪੂਜਾ ਤੋਂ ਵਾਸ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਸੇ ਤਰ੍ਹਾਂ ਰਹਿਣ ਦਿੱਤਾ ਜਾ ਸਕਦਾ ਹੈ । ਦੂਜੇ ਪਾਸੇ ਏ.ਐਸ.ਆਈ. ਨੇ ਹਿੰਦੂ ਧਿਰ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਸਵੀਕਾਰ ਕੀਤਾ ਕਿ ਕੁਤਬ ਮੀਨਾਰ ਕੰਪਲੈਕਸ ਵਿਚ ਕਈ ਮੂਰਤੀਆਂ ਮੌਜੂਦ ਹਨ ।

Comment here