ਸਿਆਸਤਖਬਰਾਂਦੁਨੀਆ

ਕੀ ਹੈ ਕੈਨੇਡਾ ‘ਚ ਆਰ.ਐੱਸ.ਐੱਸ. ‘ਤੇ ਪਾਬੰਦੀ ਵਾਲੀ ਵੀਡੀਓ ਦਾ ਸੱਚ !

ਕੈਨੇਡਾ-ਇਥੋਂ ਦੇ ਸਰੀ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ 45 ਸਾਲਾ ਨਿੱਝਰ ਦਾ ਜੂਨ ਮਹੀਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਭਾਰਤ ਨਾਲ ਕੂਟਨੀਤਕ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਕੈਨੇਡਾ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਉੱਤੇ ਪਾਬੰਦੀ ਲਗਾਉਣ ਬਾਰੇ ਬੋਲਣ ਵਾਲੇ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਕੈਨੇਡੀਅਨ ਸਰਕਾਰ ਹਿੰਦੂ ਸੰਗਠਨ ਉੱਤੇ ਪਾਬੰਦੀ ਲਗਾਉਣ ਲਈ ਤਿਆਰ ਹੈ, ਜਦੋਂਕਿ ਇਸ ਦੇ ਪਿੱਛੇ ਦੀ ਸੱਚਾਈ ਕੁੱਝ ਹੋਰ ਹੀ ਹੈ। ਦਰਅਸਲ ਵੀਡੀਓ ਵਿੱਚ ਬੋਲਣ ਵਾਲਾ ਵਿਅਕਤੀ ਇੱਕ ਸੁਤੰਤਰ ਐਨਜੀਓ ਦਾ ਮੁਖੀ ਸਟੀਫਨ ਬ੍ਰਾਊਨ ਹੈ, ਨਾ ਕਿ ਕੈਨੇਡੀਅਨ ਸਰਕਾਰੀ ਅਧਿਕਾਰੀ।
ਵੀਡੀਓ ਵਿੱਚ ਵਿਅਕਤੀ ਨੂੰ 4 ਮੰਗਾਂ ਕਰਦੇ ਹੋਏ ਸੁਣਿਆ ਜਾ ਸਕਦਾ ਹੈ, ਜਿਸ ਵਿਚ ਉਹ ਭਾਰਤ ਵਿੱਚ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਬੁਲਾਉਣ, ਕੈਨੇਡਾ ‘ਚੋਂ ਭਾਰਤੀ ਰਾਜਦੂਤ ਨੂੰ ਬਾਹਰ ਕੱਢਣ, ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਨੂੰ ਰੋਕਣ ਅਤੇ ਆਰ.ਐੱਸ.ਐੱਸ. ‘ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮ – ਇੱਕ ਸੁਤੰਤਰ ਸੰਸਥਾ ਦਾ ਮੁਖੀ ਹੈ ਅਤੇ ਇਹ ਬਿਆਨ ਕੈਨੇਡੀਅਨ ਸਰਕਾਰ ਦੇ ਕਿਸੇ ਅਧਿਕਾਰੀ ਵੱਲੋਂ ਨਹੀਂ ਆਇਆ ਹੈ। ਇਹ ਵੀਡੀਓ TikTok ਅਕਾਊਂਟ @nccmuslims ਵੱਲੋਂ ਸਾਂਝੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਲ ਜੂਨ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਤਣਾਅ ਪੈਦਾ ਹੋ ਗਿਆ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਹੈ।

Comment here