ਸਿਆਸਤਵਿਸ਼ੇਸ਼ ਲੇਖ

ਕੀ ਸੰਸਾਰ ਦੋ ਧਰੁਵੀ ਬਣਨ ਵੱਲ ਵਧ ਰਿਹਾ ਹੈ?

ਕਿਸੇ ਸਮੇਂ ਸੰਸਾਰ ਵਿੱਚ ਸਿਰਫ ਦੋ ਸੁਪਰ ਪਾਵਰਾਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਹੁੰਦੀਆਂ ਸਨ। ਦੋਵਾਂ ਦਰਮਿਆਨ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਸ਼ੁਰੂ ਹੋਈ ਠੰਡੀ ਜੰਗ ਸੋਵੀਅਤ ਯੂਨੀਅਨ ਦੇ 1989 ਵਿੱਚ ਬਿਖਰ ਜਾਣ ਤੱਕ ਚੱਲਦੀ ਰਹੀ। ਸੰਨ 1999 ਵਿੱਚ ਵਲਾਦੀਮੀਰ ਪੂਤਿਨ ਨੇ ਰੂਸ ਦੀ ਵਾਗਡੋਰ ਸੰਭਾਲ ਲਈ ਅਤੇ ਰੂਸ ਨੂੰ ਦੁਬਾਰਾ ਸੁਪਰ ਪਾਵਰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਸੰਨ 2014 ਵਿੱਚ ਉਸ ਨੇ  ਯੂਕਰੇਨ ਤੋਂ ਕਰੀਮੀਆਂ ਖੋਹ ਲਿਆ ਤੇ ਅਮਰੀਕਾ ਵੱਲੋਂ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਗੱਦੀ ਪਲਟਾਉਣ ਲਈ ਕਰਵਾਈ ਗਈ ਬਗਾਵਤ ਸਮੇਂ ਖੁਲ੍ਹ ਕੇ ਅਸਦ ਦੀ ਮਦਦ ਕੀਤੀ। ਪਰ ਰੂਸ ਕੋਲ ਇਸ ਸਮੇਂ ਬੈਲਾਰੂਸ ਤੋਂ ਇਲਾਵਾ ਹੋਰ ਕੋਈ ਅਜਿਹਾ ਸਹਿਯੋਗੀ ਨਹੀਂ ਹੈ ਜੋ ਉਸ ਦੀ ਅਮਰੀਕਾ ਨਾਲ ਹੋਣ ਵਾਲੇ ਕਿਸੇ ਸੰਘਰਸ਼ ਵਿੱਚ ਖੁਲ੍ਹ ਕੇ ਸੈਨਿਕ ਮਦਦ ਕਰ ਸਕੇ। ਦੂਸਰੇ ਪਾਸੇ ਅਮਰੀਕਾ ਨੂੰ 30 ਨਾਟੋ ਦੇਸ਼ਾਂ ਦੀ ਕੱਟੜ ਸਹਾਇਤਾ ਪ੍ਰਾਪਤ ਹੈ ਜੋ ਉਸ ਦੀ ਹਰ ਚੰਗੇ ਮਾੜੇ ਕੰਮ ਵਿੱਚ ਮਦਦ ਲਈ ਤਿਆਰ ਰਹਿੰਦੇ ਹਨ। ਇਸ ਤੋਂ ਇਲਾਵਾ ਰੂਸ ਨੂੰ ਅਮਰੀਕਾ ਅਤੇ ਇਸ ਦੇ ਸਹਿਯੋਗੀ ਯੂਰਪੀਨ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਕਈ ਆਰਥਿਕ ਅਤੇ ਸੈਨਿਕ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵੇਲੇ ਅੰਤਰਰਾਸ਼ਟਰੀ ਸਥਿੱਤੀ ਦੀ ਪੜਚੋਲ ਕਰਨ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਚੀਨ ਹੌਲੀ ਹੌਲੀ ਰੂਸ ਦਾ ਸਥਾਨ ਲੈਣ ਵਿੱਚ ਸਫਲ ਹੁੰਦਾ ਜਾ ਰਿਹਾ ਤੇ ਸੰਸਾਰ ‘ਤੇ ਦਬਦਬਾ ਬਣਾਉਣ ਦਾ ਮੁਕਾਬਲਾ ਅਮਰੀਕਾ, ਰੂਸ ਅਤੇ ਚੀਨ ਦੀ ਬਜਾਏ ਅਮਰੀਕਾ ਅਤੇ ਚੀਨ ਵਿੱਚ ਹੋ ਗਿਆ ਹੈ। 1989 ਤੋਂ ਲੈ ਕੇ 2008 – 2009 ਤੱਕ ਸੰਸਾਰ ‘ਤੇ ਸਿਰਫ ਅਮਰੀਕਾ ਦਾ ਦਬਦਬਾ ਸੀ ਤੇ ਚੀਨ ਰੂਸ ਦੇ ਖਿਲਾਫ ਉਸ ਦਾ ਸਹਿਯੋਗੀ ਸੀ। ਪਰ 2009 ਤੋਂ ਬਾਅਦ ਇਹ ਸਥਿਤੀਆਂ ਇੱਕ ਦਮ ਬਦਲ ਗਈਆਂ। ਚੀਨ ਨੇ ਹੈਰਾਨੀਜਨਕ ਰਫਤਾਰ ਨਾਲ ਉਦਯੋਗਿਕ ਅਤੇ ਸੈਨਿਕ ਤਰੱਕੀ ਕੀਤੀ ਤੇ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਲਈ ਇੱਕ ਗੰਭੀਰ ਚੁਣੌਤੀ ਬਣ ਕੇ ਉੱਭਰਿਆ। ਅੱਜ ਹਾਲਾਤ ਇਹ ਹਨ ਕਿ ਅਮਰੀਕਾ ਸਮੇਤ ਸੰਸਾਰ ਦੇ ਜਿਆਦਾਤਰ ਦੇਸ਼ ਸਸਤੇ ਚੀਨੀ ਸਮਾਨ ‘ਤੇ ਨਿਰਭਰ ਹੋ ਕੇ ਰਹਿ ਗਏ ਹਨ। ਇਹ ਸਮਾਨ ਸੂਈ ਤੋਂ ਲੈ ਕੇ ਭਾਰੀ ਮਸ਼ੀਨਰੀ ਅਤੇ ਸੂਖਮ ਤਕਨੀਕ ਤੱਕ ਪਹੁੰਚ ਗਿਆ ਹੈ। ਅਨੇਕਾਂ ਦੇਸ਼ਾਂ ਦੇ ਘਰੇਲੂ ਉਦਯੋਗ ਸਸਤੇ ਅਤੇ ਕਾਰਗਰ ਚੀਨੀ ਸਮਾਨ ਦਾ ਮੁਕਾਬਲਾ ਨਾ ਕਰ ਸਕਣ ਕਾਰਨ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਗਏ ਹਨ। ਖਪਤਕਾਰ ਵੀ ਪੱਛਮੀ ਦੇਸ਼ਾਂ ਦੇ ਬਣੇ ਮਹਿੰਗੇ ਸਮਾਨ ਦੀ ਬਜਾਏ ਸਸਤੇ ਚੀਨੀ ਮਾਲ ਨੂੰ ਪਹਿਲ ਦਿੰਦੇ ਹਨ। ਅਮੇਜ਼ਨ ਵਰਗੀਆਂ ਆਨ ਲਾਈਨ ਕੰਪਨੀਆਂ ‘ਤੇ ਮਿਲਣ ਵਾਲਾ 90% ਸਮਾਨ ਚੀਨੀ ਹੁੰਦਾ ਹੈ।
ਇਸ ਤੋਂ ਇਲਾਵਾ ਜਿਸ ਗੱਲ ਨੇ ਅਮਰੀਕਾ ਨੂੰ ਸਭ ਤੋਂ ਵੱਧ ਫਿਕਰ ਵਿੱਚ ਪਇਆ ਹੋਇਆ ਹੈ ਉਹ ਹੈ ਚੀਨ ਦੀ ਸੈਨਿਕ ਤਰੱਕੀ। ਚੀਨ ਇਸ ਵੇਲੇ ਸੰਸਾਰ ਦਾ ਅਮਰੀਕਾ, ਰੂਸ ਅਤੇ ਫਰਾਂਸ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਹਥਿਆਰ ਬਰਾਮਦਕਾਰ ਦੇਸ਼ ਹੈ। ਚੀਨ ਦੀ ਫੌਜ ਇਸ ਵੇਲੇ ਅਤਿ ਆਧੁਨਿਕ ਸਵਦੇਸ਼ੀ ਸਮੁੰਦਰੀ ਜਹਾਜ਼ਾਂ, ਪਣਡੁੱਬੀਆਂ, ਹਵਾਈ ਜਹਾਜ਼ਾਂ, ਮਿਜ਼ਾਈਲਾਂ ਅਤੇ ਰਾਈਫਲਾਂ ਆਦਿ ਨਾਲ ਲੈਸ ਜੋ ਗੁਣਵੱਤਾ ਵਿੱਚ ਅਮਰੀਕੀ ਹਥਿਆਰਾਂ ਤੋਂ ਕਿਸੇ ਤਰਾਂ ਵੀ ਘੱਟ ਨਹੀਂ ਹਨ। ਇਸ ਤੋਂ ਇਲਾਵਾ ਉਸ ਕੋਲ ਐਟਮੀ ਤਾਕਤ ਅਤੇ ਅਮਰੀਕਾ ਤੱਕ ਪਹੁੰਚਣ ਵਾਲੀਆਂ ਇੰਟਰ ਕਾਂਟੀਨੈਂਟਲ ਮਿਜ਼ਾਈਲਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ। ਜੇ ਅਮਰੀਕਾ ਅਤੇ ਚੀਨ ਦੀ ਸੈਨਿਕ ਸ਼ਕਤੀ ਦਾ ਮੁਕਾਬਲਾ ਕਰੀਏ ਤਾਂ ਇਸ ਵੇਲੇ ਅਮਰੀਕਾ ਦਾ ਹੱਥ ਕੁਝ ਉੱਪਰ ਹੈ। ਅਮਰੀਕਾ ਦਾ ਸੁਰੱਖਿਆ ਬਜ਼ਟ ਚੀਨ ਨਾਲੋਂ ਤਿੰਨ ਗੁਣਾ ਵੱਧ ਹੈ। ਪਰ ਸ਼ਾਇਦ ਇਸ ਦਾ ਕਾਰਨਇਹ ਹੈ ਕਿਅਮਰੀਕੀ ਫੌਜੀ ਸਾਜ਼ੋ ਸਮਾਨ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਇਆ ਜਾਂਦਾ ਜੋ ਕੱਸ ਕੇ ਰੇਟ ਲਗਾਉਂਦੀਆਂ ਹਨ। ਇਸ ਦੇ ਉਲਟ ਚੀਨ ਨੂੰ ਸਰਕਾਰੀ ਕੰਪਨੀਆਂ ਦੁਆਰਾ ਬਣਾਇਆ ਹੋਇਆ ਉੱਤਮ ਸਮਾਨ ਘੱਟ ਕੀਮਤ ਵਿੱਚ ਪ੍ਰਾਪਤ ਹੋ ਜਾਂਦਾ ਹੈ। ਚੀਨੀ ਫੌਜ ਦੀ ਗਿਣਤੀ 22 ਲੱਖ ਹੈ ਤੇ ਅਮਰੀਕੀ ਫੌਜ ਦੀ ਗਿਣਤੀ 14 ਲੱਖ।ਪਰ ਸਭ ਤੋਂ ਵੱਡੀ ਗੱਲ ਅਮਰੀਕਾ ਦੇ ਹੱਕ ਵਿੱਚ ਇਹ ਜਾਂਦੀ ਹੈਕਿ ਉਸ ਦਾ ਆਪਣੇ ਕਿਸੇ ਵੀ ਗੁਆਂਢੀ ਦੇਸ਼ (ਮੈਕਸੀਕੋ ਅਤੇ ਕੈਨੇਡਾ) ਨਾਲ ਕੋਈ ਸਰਹੱਦੀ ਝਗੜਾ ਜਾਂ ਦੁਸ਼ਮਣੀ ਨਹੀਂ ਹੈ, ਜਿਸ ਕਾਰਨ ਉਸ ਦੀ ਸਾਰੀ ਫੌਜ ਵਿਦੇਸ਼ਾਂ ਵਿੱਚ ਲੜਨ ਲਈ ਵਿਹਲੀ ਹੈ। ਜਦ ਕਿ ਚੀਨ ਦਾ ਆਪਣੇ ਹਰੇਕ ਗੁਆਂਢੀ ਦੇਸ਼ (ਭਾਰਤ, ਵੀਅਤਨਾਮ ਅਤੇ ਰੂਸ) ਨਾਲ ਕੋਈ ਨਾ ਕੋਈ ਪੰਗਾ ਚੱਲ ਰਿਹਾ ਹੈ। ਇਸ ਲਈ ਉਸ ਦੇ ਲੱਖਾਂ ਫੌਜੀ ਇਨ੍ਹਾਂ ਸਰਹੱਦਾਂ ‘ਤੇ ਤਾਇਨਾਤ ਹਨ।
ਹਵਾਈ ਫੌਜ ਦਾ ਤਵਾਜ਼ਨ ਵੇਖੀਏ ਤਾਂ ਅਮਰੀਕਾ ਕੋਲ ਚੀਨ ਨਾਲੋਂ ਤਿੰਨ ਗੁਣਾ ਵੱਧ ਜਹਾਜ਼ ਹਨ ਪਰ ਸਮੁੰਦਰੀ ਫੌਜ ਵਿੱਚ ਚੀਨ ਦਾ ਹੱਥ ਉੱਪਰ ਹੈ। ਉਸ ਕੋਲ ਅਮਰੀਕਾ ਨਾਲੋਂ ਡੇਢ ਗੁਣਾ ਵੱਧ ਜੰਗੀ ਜਹਾਜ਼, ਏਅਰ ਕਰਾਫਟ ਕੈਰੀਅਰ ਅਤੇ ਪਣਡੁੱਬੀਆਂ ਹਨ। ਐਟਮੀ ਸ਼ਕਤੀ ਵਿੱਚ ਅਮਰੀਕਾ ਬਹੁਤ ਅੱਗੇ ਹੈ। ਚੀਨ ਦੇ 350 ਐਟਮੀ ਹਥਿਆਰਾਂ ਦੇ ਮੁਕਾਬਲੇ ਅਮਰੀਕਾ ਕੋਲ 6500 ਐਟਮੀ ਹਥਿਆਰ ਹਨ। ਅਮਰੀਕਾ ਕੋਲ ਸਮੁੰਦਰੋਂ ਪਾਰ 800 ਸੈਨਿਕ ਅੱਡੇ ਹਨ ਜਦ ਕਿ ਚੀਨ ਕੋਲ ਡਜੀਬੂਟੀ ਨਾਮਕ ਅਫਰੀਕੀ ਦੇਸ਼ ਵਿੱਚ ਸਿਰਫ ਇੱਕ ਸੈਨਿਕ ਅੱਡਾ ਹੈ। ਪਰ ਉਹ ਉੱਤਰੀ ਕੋਰੀਆ ਅਤੇ ਕਈ ਹੋਰ ਗਰੀਬ ਅਪਰੀਕੀ ਦੇਸ਼ਾਂ ਵਿੱਚ ਅੱਡੇ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ਇਸ ਤਰਾਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਚੀਨ ਅਮਰੀਕਾ ਦਾ ਸੈਨਿਕ ਸ਼ਕਤੀ ਵਿੱਚ ਮੁਕਾਬਲਾ ਨਹੀਂ ਕਰ ਸਕਦਾ। ਪਰ ਮਾਹਰਾਂ ਦੀ ਰਾਏ ਹੈ ਕਿ ਚੀਨ ਜਿਸ ਤਰਾਂ ਨਾਲ ਆਰਥਿਕ ਮੁਹਾਜ਼ ‘ਤੇ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ, ਉਹ ਦਿਨ ਦੂਰ ਨਹੀਂ ਜਦੋਂ ਉਹ ਇਸ ਖੇਤਰ ਵਿੱਚ ਅਮਰੀਕਾ ਨੂੰ ਪਛਾੜ ਦੇਵੇਗਾ।ਚੀਨ ਦੀ ਵਿਸ਼ਾਲ ਜਨਸੰਖਿਆ ਕਾਰਨ ਮੁਹੱਈਆਂ ਹੋ ਰਹੀ ਸਸਤੀ ਲੇਬਰ ਚੀਨ ਦਾ ਕੰਮ ਅਸਾਨ ਕਰ ਰਹੀ ਹੈ। ਜਿੰਨੀ ਤਨਖਾਹ ਅਮਰੀਕਾ ਵਿੱਚ ਇੱਕ ਮਜ਼ਦੂਰ ਨੂੰ ਇੱਕ ਦਿਨ ਦੀ ਮਿਲਦੀ ਹੈ, ਉਨੇ ਵਿੱਚ ਚੀਨੀ ਮਜ਼ਦੂਰ ਇੱਕ ਮਹੀਨਾ ਕੰਮ ਕਰਦਾ ਹੈ। ਇਸੇ ਕਾਰਨ ਅਮਰੀਕਾ ਸਮੇਤ ਸੰਸਾਰ ਦੀ ਜਿਆਦਾਤਰ ਵੱਡੀਆਂ ਕੰਪਨੀਆਂ ਆਪਣੀਆਂ ਫੈਕਟਰੀਆਂ ਚੀਨ ਵਿੱਚ ਲਗਾ ਰਹੀਆਂ ਹਨ। ਇਸ ਤੋਂ ਇਲਾਵਾ ਚੀਨ ਵਿੱਚ ਉਦਯੋਗਪਤੀਆਂ ਨੂੰ ਵਾਤਾਵਰਣ ਸਬੰਧੀ ਪਾਬੰਦੀਆਂ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ। ਇਸੇ ਕਾਰਨ ਚੀਨ ਜ਼ਹਿਰੀਲੀਆਂ ਗਰੀਨ ਹਾਊਸ ਗੈਸਾਂ (ਕਾਰਬਨ ਮੌਨੋਆਕਸਾਈਡ, ਕਾਰਬਨ ਡਾਈਆਕਸਾਈਡ, ਮਿਥੇਨ ਆਦਿ) ਦਾ ਸੰਸਾਰ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਨ੍ਹਾਂ ਵਿਦੇਸ਼ੀ ਕੰਪਨੀਆਂ ਤੋਂ ਚੀਨ ਨੂੰ ਹਰ ਸਾਲ ਅਰਬਾਂ ਡਾਲਰ ਟੈਕਸ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ।
ਆਪਣੀ ਵਧਦੀ ਹੋਈ ਆਰਥਿਕ ਅਤੇ ਸੈਨਿਕ ਤਾਕਤ ਦੇ ਬਲ ‘ਤੇ ਚੀਨ ਅਮਰੀਕਾ, ਜਪਾਨ, ਆਸਟਰੇਲੀਆ, ਤਾਇਵਾਨ ਅਤੇ ਭਾਰਤ ਨੂੰ ਈਸਟ ਚਾਈਨਾ ਸਾਗਰ, ਸਾਊਥ ਚਾਈਨਾ ਸਾਗਰ, ਲੱਦਾਖ ਅਤੇ ਤਾਇਵਾਨ ਵਿੱਚ ਅੱਖਾਂ ਵਿਖਾ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੂੰ ਪਾਰਲੀਮੈਂਟ ਵੱਲੋਂ ਇੱਕ ਕਾਨੂੰਨ ਪਾਸ ਕਰ ਕੇ ਅਣਮਿਥੇ ਸਮੇਂ ਲਈ ਰਾਜ ਕਰਨ ਦੀ ਆਗਿਆ ਪ੍ਰਦਾਨ ਕਰ ਦਿੱਤੀ ਗਈ ਹੈ। ਇਸ ਕਾਰਨ ਉਹ ਨਿਰੁੰਕਸ਼ ਹੋ ਗਿਆ ਹੈ ਤੇ ਇੱਕ ਤਾਨਾਸ਼ਾਹ ਵਾਂਗ ਵਿਵਹਾਰ ਕਰਨ ਲੱਗ ਪਿਆ ਹੈ। ਚੀਨ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਸ ਕੋਲ ਅਜਿਹੇ ਕੱਟੜ ਮਿੱਤਰ ਦੇਸ਼ ਨਹੀਂ ਹਨ ਜੋ ਉਸ ਦੀ ਜੰਗ ਵੇਲੇ ਉਸ ਦੀ ਸੈਨਿਕ ਮਦਦ ਕਰ ਸਕਣ। ਇਰਾਨ, ਉੱਤਰੀ ਕੋਰੀਆ ਅਤੇ ਪਾਕਿਸਤਾਨ ਸਿਰਫ ਆਰਥਿਕ ਅਤੇ ਸੈਨਿਕ ਮਦਦ ਹਾਸਲ ਕਰਨ ਲਈ ਹੀ ਚੀਨ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ। ਰੂਸ ਨਾਲ ਚੀਨ ਦੀ ਨੇੜਤਾ ਵੀ ਸਿਰਫ ਇੱਕ ਦੂਸਰੇ ਤੋਂ ਫਾਇਦਾ ਉਠਾਉਣ ਤੱਕ ਹੀ ਸੀਮਤ ਹੈ। ਦੂਸਰੇ ਪਾਸੇ ਅਮਰੀਕਾ ਨੇ ਸਿਆਣਪ ਵਰਤਦੇ ਹੋਏ ਆਪਣੀ ਫੌਜ ਅਫਗਾਨਿਸਤਾਨ ਵਿੱਚੋਂ ਕੱਢ ਲਈ ਹੈ ਤੇ ਸੀਰੀਆ ਵਿੱਚ ਦਖਲਅੰਦਾਜ਼ੀ ਸੀਮਤ ਕਰ ਦਿੱਤੀ ਹੈ। ਉਹ ਹੁਣ ਸਾਰਾ ਧਿਆਨ ਚੀਨ ਦੇ ਵਧਦੇ ਹੋਏ ਖਤਰੇ ਵੱਲ ਲਗਾ ਸਕਦਾ ਹੈ। 16 ਸਤੰਬਰ 2021 ਨੂੰ ਅਮਰੀਕਾ ਨੇ ਚੀਨ ਵੱਲੋਂ ਜਪਾਨ ਤੋਂ ਸੈੱਨਕਾਕੂ ਟਾਪੂ ਖੋਹਣ ਅਤੇ ਤਾਇਵਾਨ ‘ਤੇ ਕਬਜ਼ਾ ਕਰ ਲੈਣ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ ਲਈ ਇੰਗਲੈਂਡ, ਆਸਟਰੇਲੀਆ, ਜਪਾਨ ਅਤੇ ਤਾਇਵਾਨ ਦੀ ਸ਼ਮੂਲੀਅਤ ਵਾਲਾ ਆਉਕਸ ਨਾਮਕ ਇੱਕ ਨਵਾਂ ਸੈਨਿਕ ਗੱਠਜੋੜ ਸਥਾਪਿਤ ਕਰ ਲਿਆ ਹੈ। ਇਹ ਦੇਸ਼ ਕਿਸੇ ਵੀ ਮੈਂਬਰ ਦੇਸ਼ ‘ਤੇ ਚੀਨੀ ਹਮਲਾ ਹੋਣ ਦੀ ਸੂਰਤ ਵਿੱਚ ਉਸ ਨੂੰ ਸੈਨਿਕ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੋਣਗੇ।
ਅਮਰੀਕਾ ਵੱਲੋਂ ਚੀਨ ਦੇ ਗੁਆਂਢੀ ਦੇਸ਼ਾਂ ਦਾ ਸੈਨਿਕ ਗੱਠਜੋੜ ਕਾਇਮ ਕਰਨ ਨਾਲ ਅਮਰੀਕਾ ਚੀਨ ਦੇ ਬਰੂਹਾਂ ਤੱਕ ਆਣ ਪਹੁੰਚਿਆ ਹੈ। ਸੈਨਕਾਕੂ ਟਾਪੂਆਂ ਦੇ ਨਜ਼ਦੀਕ ਤਾਂ ਕਈ ਵਾਰ ਦੋਵਾਂ ਦੇਸ਼ਾਂ ਦੇ ਸਮੁੰਦਰੀ ਅਤੇ ਹਵਾਈ ਜਹਾਜ਼ ਗਸ਼ਤਾਂ ਵੇਲੇ ਇੱਕ ਦੂਸਰੇ ਦੇ ਖਤਰਨਾਕ ਹੱਦ ਤੱਕ ਨਜ਼ਦੀਕ ਪਹੁੰਚ ਗਏ ਸਨ। ਇਸ ਖਤਰੇ ਦਾ ਮੁਕਾਬਲਾ ਕਰਨ ਲਈ ਚੀਨ ਬਹੁਤ ਤੇਜ਼ੀ ਨਾਲ ਸੁਰੱਖਿਆ ਅਤੇ ਕੂਟਨੀਤਕ ਉਪਾਅ ਕਰ ਰਿਹਾ ਹੈ। ਉਸ ਨੇ ਡਿਪਲੋਮੇਸੀ ਵਰਤਦੇ ਹੋਏ ਦੱਖਣੀ ਕੋਰੀਆ ਅਤੇ ਯੂਰਪੀਨ ਯੁਨੀਅਨ ਨੂੰ ਇਸ ਝਗੜੇ ਤੋਂ ਨਿਰਲੇਪ ਰਹਿਣ ਲਈ ਮਨਾ ਲਿਆ ਹੈ। ਚੀਨ ਅਧੁਨਿਕ ਭਾਰੇ ਅਤੇ ਸੂਖਮ ਹਥਿਆਰ ਵਿਕਸਿਤ ਕਰ ਰਿਹਾ ਹੈ ਤੇ ਨਵੇਂ ਮਿੱਤਰ ਦੇਸ਼ ਲੱਭ ਰਿਹਾ ਹੈ। ਅਮਰੀਕਾ ਦੀਆਂ ਇਹ ਕਾਰਵਾਈਆਂ ਸਗੋਂ ਚੀਨ ਨੂੰ ਹੋਰ ਤਾਕਤਵਰ ਬਣਾ ਰਹੀਆਂ ਹਨ। ਇਸ ਵੇਲੇ ਚੀਨ ਵਿੱਚ ਅਮਰੀਕਾ ਵਿਰੋਧੀ ਅਤੇ ਰਾਸ਼ਟਰਵਾਦੀ ਭਾਵਨਾਵਾਂ ਚਰਮ ਸੀਮਾ ‘ਤੇ ਹਨ। ਜ਼ੀ ਜਿਨਪਿੰਗ ਨੂੰ ਮਿਲੀਆਂ ਅਥਾਹ ਰਾਜਨੀਤਕ ਸ਼ਕਤੀਆਂ ਇਸ ਟਕਰਾਉ ਦਾ ਹੀ ਨਤੀਜਾ ਹਨ। ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਚੀਨ ਰੂਸ ਨੂੰ ਪਛਾੜ ਕੇ ਅਮਰੀਕਾ ਦੇ ਬਰਾਬਰ ਦੀ ਮਹਾਂ ਸ਼ਕਤੀ ਬਣ ਜਾਵੇਗਾ।
-ਬਲਰਾਜ ਸਿੰਘ ਸਿੱਧੂ ਕਮਾਂਡੈਂਟ

Comment here