ਸਿਆਸਤਖਬਰਾਂਚਲੰਤ ਮਾਮਲੇ

ਕੀ ਸਿਆਸੀ ਪਾਰਟੀਆਂ ਤੋਂ ਵੋਟਰਾਂ ਦਾ ਮੋਹ ਸੱਚੀਂ ਭੰਗ ਹੋ ਗਿਆ?

ਸੰਗਰੂਰ ਚ ਸਿਰਫ 43 ਫੀਸਦੀ ਹੋਈ ਪੋਲਿੰਗ!!

ਵਿਸ਼ੇਸ਼ ਰਿਪੋਰਟ-ਜਸਪਾਲ

ਬੀਤੇ ਦਿਨ ਦੇਸ਼ ਵਿੱਚ ਤਿੰਨ ਲੋਕ ਸਭਾ ਤੇ ਸੱਤ ਵਿਧਾਨ ਸਭਾ ਸੀਟਾਂ ਲਈ ਜਿ਼ਮਨੀ ਚੋਣ ਵਾਸਤੇ ਵੋਟਾਂ ਪਈਆਂ ਸਨ। ਪੰਜਾਬ ਦੇ ਸੰਗਰੂਰ ਲੋਕ ਸਭਾ ਸੀਟ ਲਈ ਵੀ ਵੋਟਿੰਗ ਹੋਈ, ਪਰ ਇਥੇ ਇਸ ਵਾਰ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਦਿਖਿਆ। ਹਾਲਤ ਇਹ ਰਹੀ ਕਿ 1991 ਤੋਂ ਬਾਅਦ ਸਭ ਤੋਂ ਮਾੜੇ 45.30% ਦੇ ਮਾੜੇ ਮਤਦਾਨ ਦੇ ਵਿਚਕਾਰ, ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਸ਼ਾਂਤਮਈ ਢੰਗ ਨਾਲ ਪੋਲਿੰਗ ਹੋਈ ਪਰ ਉਤਸ਼ਾਹਹੀਣ ਮਹੌਲ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜੇ ਮੁਤਾਬਿਕ ਸਿਰਫ਼ 45.30 ਫੀਸਦੀ ਵੋਟਾਂ ਪਈਆਂ।ਜਿੱਥੇ ਸ਼ਹਿਰੀ ਵੋਟਰਾਂ ਵਿੱਚ ਸਪੱਸ਼ਟ ਤੌਰ ‘ਤੇ ਉਤਸ਼ਾਹ ਦੀ ਘਾਟ ਸੀ, ਉੱਥੇ ਜ਼ਿਆਦਾਤਰ ਕਿਸਾਨ ਅਤੇ ਮਜ਼ਦੂਰ ਪੇਂਡੂ ਖੇਤਰਾਂ ਵਿੱਚ ਝੋਨੇ ਦੀ ਲੁਆਈ ਵਿੱਚ ਰੁੱਝੇ ਹੋਏ ਸਨ, ਜਿਸ ਕਾਰਨ ਵੋਟਿੰਗ ਘੱਟ ਰਹੀ।

ਸੰਗਰੂਰ ਦੇ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ 48.26% ਵੋਟਾਂ ਨਾਲ ਧੂਰੀ ਹਲਕੇ ਵਿੱਚ ਸਭ ਤੋਂ ਵੱਧ ਮਤਦਾਨ ਹੋਇਆ ਜਦਕਿ ਲਹਿਰਾ ਹਲਕੇ ਵਿੱਚ ਸਭ ਤੋਂ ਘੱਟ 43.1% ਵੋਟਾਂ ਪਈਆਂ। ਮਲੇਰਕੋਟਲਾ ਵਿੱਚ 47.66%, ਸੁਨਾਮ ਵਿੱਚ 47.22%, ਦਿੜ੍ਹਬਾ ਵਿੱਚ 46.77%, ਸੰਗਰੂਰ ਵਿੱਚ 44.96%, ਭਦੌੜ ਵਿੱਚ 44.54%, ਮਹਿਲ ਕਲਾਂ ਵਿੱਚ 43.8% ਅਤੇ ਬਰਨਾਲਾ ਵਿੱਚ 41.43% ਪੋਲਿੰਗ ਹੋਈ। ਵੋਟਰਾਂ ਨੇ ਮੈਦਾਨ ਵਿੱਚ ਤਿੰਨ ਔਰਤਾਂ ਸਮੇਤ 16 ਉਮੀਦਵਾਰਾਂ ਦੀ ਕਿਸਮਤ ‘ਤੇ ਮੋਹਰ ਲਗਾ ਦਿੱਤੀ। ਗਿਣਤੀ ਐਤਵਾਰ 26 ਜੂਨ ਨੂੰ ਹੋਵੇਗੀ।  ਇਸ ਸੀਟ ਲਈ ‘ਆਪ’ ਵੱਲੋਂ ਗੁਰਮੇਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਉਹ ਹਾਲ ਬੀਤੀ 4 ਜੂਨ ਨੂੰ ਭਾਜਪਾ ਵਿੱਚ ਸ਼ਾਮਲ ਹੋਏ ਸਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੋਣ ਮੈਦਾਨ ਵਿੱਚ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਸਾਰੇ ਹੀ ਉਮੀਦਵਾਰਾਂ ਨੇ ਉਹਨਾਂ ਦੀਆਂ ਪਾਰਟੀਆਂ ਨੇ ਪ੍ਰਚਾਰ ਵੇਲੇ ਪੂਰੀ ਤਾਕਤ ਝੋਕੀ ਹੋਈ ਸੀ, ਇਸ ਦੇ ਬਾਵਜੂਦ ਵੋਟਰਾਂ ਨੂੰ ਬੂਥ ਤੱਕ ਨਹੀੰ ਲਿਆ ਸਕੇ, ਇਸ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ ਵੋਟਰਾਂ ਦਾ ਸ਼ਾਇਦ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਗਿਆ ਹੈ।

Comment here