ਕੀ ਉੱਤਰ ਦਿਆਂ ਸਾਡੇ ਖੇਤ ਨਹੀਂ ਹੁੰਦੇ
ਸਾਡੇ ਘਰਾਂ ਵਿਚ ਕਣਕ ਵੀ ਨਹੀਂ ਆਉਂਦੀ
ਪਰ ਜਦੋਂ ਅਸੀਂ ਮਿੱਟੀ ਵਿਚ ਪੱਲੜ ਰਲਾ ਕੇ
ਕੰਧਾਂ ਕੋਠਿਆਂ ਨੂੰ ਲਿੱਪਦੇ ਹਾਂ
ਤਾਂ ਕਣਕ ਸਾਡੇ ਬਨੇਰਿਆਂ ‘ਤੇ ਉੱਗਦੀ ਹੈ।
ਅਸੀਂ ਕਣਕ ਬੀਜਦੇ ਹਾਂ
ਪਾਲਦੇ ਹਾਂ
ਵੱਢਦੇ ਹਾਂ
ਮੰਡੀ ਲੈ ਕੇ ਜਾਂਦੇ ਹਾਂ
ਪਰ ਕਣਕ ਨੂੰ ਸਾਡੇ ਘਰਾਂ ਦਾ
ਰਾਹ ਨਹੀਂ ਆਉਂਦਾ।
ਸਾਡੇ ਘਰਾਂ ਵਿਚ ਸਿਲ੍ਹੇ ਦੇ ਦਾਣੇ ਆਉਂਦੇ ਹਨ
ਪਿੜਾਂ ਦੀ ਹੂੰਝ ਆਉਂਦੀ ਹੈ
ਛਟਕਣ ਆਉਂਦਾ ਹੈ
ਪਰ ਕਣਕ ਨਹੀਂ ਆਉਂਦੀ।
ਬੱਚੇ ਪੁੱਛਦੇ ਹਨ
ਅਸੀਂ ਕਣਕ ਦੇ ਆਗਮਨ ਲਈ
ਬਨੇਰੇ ਲਿੱਪਦੇ ਹਾਂ
ਕੰਧਾਂ ‘ਤੇ ਗਾਚਣੀ ਨਾਲ
ਵੇਲ ਬੂਟੇ ਪਾਉਂਦੇ ਹਾਂ
ਪਰ ਕਣਕ ਸਾਡੇ ਘਰੀਂ ਕਿਉਂ ਨਹੀਂ ਆਉਂਦੀ?
ਉੱਤਰ ਦੇਣ ਦੀ ਥਾਂ
ਮੇਰੀਆਂ ਅੱਖਾਂ ਵਿਚੋਂ
ਹੰਝੂ ਡਿੱਗ ਕੇ
ਦਾੜ੍ਹੀ ਵਿਚ ਲੋਪ ਹੋ ਜਾਂਦੇ ਨੇ
ਜਿਵੇਂ ਮੰਡੀਆਂ ਵਿਚ
ਕਣਕ ਲੋਪ ਹੋ ਜਾਂਦੀ ਹੈ।
–ਡਾ ਜਗਤਾਰ
Comment here