ਅਪਰਾਧਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਕੀ ਅਫਗਾਨ ਛੱਡਣ ਲਈ ਅਮਰੀਕਾ ਦੀ ਤਾਲਿਬਾਨ ਨਾਲ ਕੋਈ ਡੀਲ ਹੋਈ??

ਅਮਰੀਕਾ ਵਲੋਂ ਅਫਗਾਨਿਸਤਾਨ ਵਿਚੋਂ ਆਪਣੀ ਫੌਜ ਦੀ ਵਾਪਸੀ ਦੇ ਐਲਾਨ ਨਾਲ ਹੀ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਹਮਲੇ ਵਧ ਗਏ ਤੇ ਆਖਰ ਕੁਝ ਕੁ ਸਮੇਂ ਵਿੱਚ ਹੀ ਤਾਲਿਬਾਨ ਨੇ ਕਬਜ਼ਾ ਕਰ ਲਿਆ। ਇਸ ਦੌਰਾਨ ਅਮਰੀਕਾ ਅਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ। ਹਾਲਤ ਇਹ ਹੈ ਕਿ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ’ਚੋਂ ਨਿਕਲਣਾ ਚਾਹੁੰਦੇ ਹਨ ਅਤੇ ਇਥੋਂ ਨਿਕਲਣ ਲਈ ਏਅਰਪੋਰਟ ਹੀ ਇਕੋ-ਇਕ ਰਸਤਾ ਬਚਿਆ ਹੈ। ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ ’ਤੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਹਨ। ਜਹਾਜ਼ ’ਚ ਸਵਾਰ ਹੋਣ ਲਈ ਮਾਰਾਮਾਰੀ ਹੋ ਰਹੀ ਹੈ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਵੱਡੀ ਗਿਣਤੀ ’ਚ ਲੋਕ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਿਸ ਨੇ 20 ਸਾਲ ਬਾਅਦ ਤਾਲਿਬਾਨ ਨਾਲ ਕਰਾਰ ਕਰ ਕੇ ਆਪਣੀ ਫੌਜ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ। ਇਸ ਸਭ ਵਿਚਾਲੇ ਇਹ ਸਵਾਲ ਉੱਠਦਾ ਹੈ ਕਿ ਆਖਿਰ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀ ਫੌਜ ਵਾਪਸ ਬੁਲਾਉਣ ਦਾ ਫੈਸਲਾ ਕਿਉਂ ਕੀਤਾ?

 ਸਵਾਲ ਹੋ ਰਹੇ ਹਨ ਕਿ ਕੀ ਅਮਰੀਕਾ ਨੇ ਦੋਹਾ ਸਮਝੌਤੇ ਅਧੀਨ ਤਾਲਿਬਾਨ ਨਾਲ ਡੀਲ ਕਾਰਨ ਆਪਣੇ ਫੌਜੀਆਂ ਨੂੰ ਵਾਪਸ ਬੁਲਾਇਆ?

ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕਰਨ ਲਈ ਅਕਤੂਬਰ 2001 ’ਚ ਅਫਗਾਨਿਸਤਾਨ ਉੱਤੇ ਹਮਲਾ ਕੀਤਾ ਸੀ। ਅਮਰੀਕਾ ਦਾ ਦੋਸ਼ ਸੀ ਕਿ ਅਫਗਾਨਿਸਤਾਨ ਲਾਦੇਨ ਅਤੇ ਅਲ-ਕਾਇਦਾ ਨਾਲ ਜੁੜੇ ਹੋਰ ਲੋਕਾਂ ਨੂੰ ਪਨਾਹ ਦੇ ਰਿਹਾ ਹੈ। ਅਮਰੀਕਾ ਇਨ੍ਹਾਂ ਨੂੰ ਹੀ ਸਤੰਬਰ 2001 ਦੇ ਹਮਲੇ ਲਈ ਜ਼ਿੰਮੇਵਾਰ ਮੰਨਦਾ ਹੈ। ਜਾਣਕਾਰੀ ਦੇ ਅਨੁਸਾਰ ਯੁੱਧ ਦੌਰਾਨ ਇਕ ਸਮੇਂ ਅਮਰੀਕੀ ਫੌਜੀਆਂ ਦੀ ਗਿਣਤੀ 1 ਲੱਖ 10 ਹਜ਼ਾਰ ਤੱਕ ਪਹੁੰਚ ਗਈ ਸੀ। ਦਸੰਬਰ 2020 ਤੱਕ ਅਫਗਾਨਿਸਤਾਨ ’ਚ ਅਮਰੀਕੀ ਫੌਜੀਆਂ ਦੀ ਗਿਣਤੀ ਘਟ ਕੇ ਸਿਰਫ 4,000 ਹੀ ਰਹਿ ਗਈ ਸੀ। ਅਮਰੀਕੀ ਰੱਖਿਆ ਮੰਤਰਾਲੇ ਦੇ ਅਨੁਸਾਰ ਅਫਗਾਨਿਸਤਾਨ ਯੁੱਧ ਉੱਤੇ ਅਕਤੂਬਰ 2001 ਤੋਂ ਸਤੰਬਰ 2019 ਵਿਚਾਲੇ 778 ਅਰਬ ਡਾਲਰ ਖਰਚ ਕੀਤੇ ਗਏ। ਅਮਰੀਕਾ ਦੇ ਅਧਿਕਾਰਤ ਅੰਕੜਿਆਂ ਦੇ ਅਨੁਸਾਰ 2001 ਤੋਂ 2019 ਵਿਚਾਲੇ ਅਮਰੀਕਾ ਨੇ ਅਫਗਾਨਿਸਤਾਨ ’ਚ ਕੁਲ 822 ਅਰਬ ਡਾਲਰ ਖਰਚ ਕੀਤੇ। 2001’ਚ ਤਾਲਿਬਾਨ ਵਿਰੁੱਧ ਜੰਗ ਸ਼ੁਰੂ ਹੋਣ ਤੋਂ ਬਾਅਦ ਅਫਗਾਨਿਸਤਾਨ ’ਚ 2300 ਤੋਂ ਵੱਧ ਅਮਰੀਕੀ ਫੌਜੀਆਂ ਦੀ ਜਾਨ ਚਲੀ ਗਈ ਹੈ ਅਤੇ ਲੜਾਈ ਦੌਰਾਨ 20,660 ਜ਼ਖਮੀ ਹੋਏ ਹਨ। 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਇੱਕ ਉਮੀਦਵਾਰ ਦੇ ਰੂਪ’ਚ ਟਰੰਪ ਨੇ ਕਿਹਾ ਸੀ ਕਿ ਅਫਗਾਨਿਸਤਾਨ ਤੇ ਇਰਾਕ ’ਚ ਜੰਗ ’ਚ ਉਲਝਿਆ ਅਮਰੀਕਾ, ਇਨ੍ਹਾਂ ‘ਅੰਤਹੀਣ ਯੁੱਧਾਂ’ ਤੋਂ ਥੱਕ ਗਿਆ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਫੌਜੀਆਂ ਦੀ ਵਾਪਸੀ ਲਈ 1 ਮਈ 2021 ਦੀ ਸਮਾਂ ਹੱਦ ਤੈਅ ਕੀਤੀ ਸੀ ਅਤੇ ਬਾਈਡੇਨ ਨੇ ਸਮਾਂ ਵਧਾਉਂਦਿਆਂ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾ ਲਿਆ।ਤਾਲਿਬਾਨ ਨੇ ਅਮਰੀਕਾ ਨਾਲ ਸਾਲ 2018 ’ਚ ਗੱਲਬਾਤ ਸ਼ੁਰੂ ਕਰ ਦਿੱਤੀ ਸੀ। ਫਰਵਰੀ 2020 ’ਚ ਕਤਰ ਦੀ ਰਾਜਧਾਨੀ ਦੋਹਾ ’ਚ ਦੋਵਾਂ ਧਿਰਾਂ ਵਿਚਾਲੇ ਸਮਝੌਤੇ ’ਤੇ ਦਸਤਖਤ ਹੋਏ ਸਨ, ਜਿਥੇ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਦੀ ਵਚਨਬੱਧਤਾ ਪ੍ਰਗਟਾਈ ਅਤੇ ਤਾਲਿਬਾਨ ਅਮਰੀਕੀ ਫੌਜੀਆਂ ’ਤੇ ਹਮਲੇ ਰੋਕਣ ਲਈ ਸਹਿਮਤ ਹੋਏ। ਸਮਝੌਤੇ  ’ਚ ਤਾਲਿਬਾਨ ਨੇ ਆਪਣੇ ਕੰਟਰੋਲ ਵਾਲੇ ਇਲਾਕੇ ’ਚ ਅਲ ਕਾਇਦਾ ਤੇ ਦੂਸਰੇ ਕੱਟੜਪੰਥੀ ਸੰਗਠਨਾਂ ਦੇ ਦਾਖਲੇ ’ਤੇ ਪਾਬੰਦੀ ਲਾਉਣ ਦੀ ਗੱਲ ਵੀ ਕਹੀ। ਰਾਸ਼ਟਰੀ ਪੱਧਰ ਦੀ ਗੱਲਬਾਤ ’ਚ ਹਿੱਸਾ ਲੈਣ ਦਾ ਵੀ ਭਰੋਸਾ ਦਿੱਤਾ ਸੀ। ਸਮਝੌਤੇ ਦੇ ਅਗਲੇ ਹੀ ਸਾਲ ਤੋਂ ਤਾਲਿਬਾਨ ਨੇ ਅਫਗਾਨਿਸਤਾਨ ’ਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ। ਹੁਣ ਜਿਵੇਂ ਕਿ ਅਮਰੀਕੀ ਫੌਜੀ ਅਫਗਾਨਿਸਤਾਨ ਛੱਡਣ ਦੀ ਤਿਆਰੀ ਕਰ ਰਹੇ ਹਨ, ਤਾਲਿਬਾਨ ਅਫਗਾਨਿਸਤਾਨ ’ਚ ਹਾਵੀ ਹੋ ਗਿਆ ਹੈ। ਦੱਸ ਦੇਈਏ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਅਮਰੀਕਾ ਨੇ ਆਪਣੇ 6000 ਫੌਜੀਆਂ ਨੂੰ ਏਅਰਪੋਰਟ ’ਤੇ ਤਾਇਨਾਤ ਕੀਤਾ ਹੈ। ਇਸ ਦੌਰਾਨ ਏੇਅਰਪੋਰਟ ’ਤੇ ਗੋਲੀਬਾਰੀ ’ਚ 7 ਲੋਕ ਮਾਰੇ ਗਏ ਹਨ, ਜਦਕਿ ਤਾਲਿਬਾਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦੇ ਲੜਾਕੂ ਉਨ੍ਹਾਂ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ, ਜੋ ਦੇਸ਼ ਛੱਡਣਾ ਚਾਹੁੰਦੇ ਹਨ। ਅਫਗਾਨਿਸਤਾਨ ’ਚ ਅਰਾਜਕਤਾ ਦੇ ਮਾਹੌਲ ਨੂੰ ਲੈ ਕੇ ਵਾਸ਼ਿੰਗਟਨ ’ਚ ਵੀ ਲੋਕਾਂ ’ਚ ਗੁੱਸਾ ਹੈ। ਲੋਕ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਫੈਸਲੇ ਦੀ ਆਲੋਚਨਾ ਕਰ ਰਹੇ ਹਨ। ਲੋਕ ਤਖਤੀਆਂ ਲੈ ਕੇ ਵ੍ਹਾਈਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਨ। ਦੂਜੇ ਪਾਸੇ ਅਮਰੀਕਾ ਦੇ ਜੋਅ ਬਾਇਡਨ ਨੇ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਲਈ ਸਾਰਾ ਦੋਸ਼ ਅਫਗਾਨ ਸਰਕਾਰ ਦੇ ਸਿਰ ਮੜ ਦਿੱਤਾ ਹੈ।

ਤਾਲਿਬਾਨ ਦੀ ਚਿਤਾਵਨੀ 31 ਤੱਕ ਅਮਰੀਕੀ ਫੌਜ ਵਾਪਸ ਜਾਵੇ

ਇਸ ਦੌਰਾਨ ਤਾਲਿਬਾਨ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਯੁੱਧ ਪ੍ਰਭਾਵਿਤ ਦੇਸ਼ ਤੋਂ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਦੀ ਵਾਪਸੀ ਦੀ ਤਾਰੀਖ਼ 31 ਅਗਸਤ ਤੋਂ ਅੱਗੇ ਵਧਾਉਣ ਦੀ ਗੱਲ ਕਰਦੇ ਹਨ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕਤਰ ਦੀ ਰਾਜਧਾਨੀ ਦੋਹਾ ਵਿਚ ‘ਸਕਾਈ ਨਿਊਜ਼’ ਨਾਲ ਗੱਲਬਾਤ ਵਿਚ ਤਾਲਿਬਾਨ ਦੇ ਬੁਲਾਰੇ ਡਾਕਟਰ ਸੁਹੈਲ ਸ਼ਾਹੀਨ ਨੇ ਕਿਹਾ ਕਿ ਮਹੀਨੇ ਦੇ ਅੰਤ ਵਿਚ ਤੈਅ ਡੈੱਡਲਾਈਨ ਆਖ਼ਰੀ ਤਾਰੀਖ਼ ਹੈ ਅਤੇ ਉਸ ਨੂੰ ਅੱਗੇ ਵਧਾਏ ਜਾਣ ਦਾ ਮਤਲਬ ਹੋਵੇਗਾ ਦੇਸ਼ ਵਿਚ ਉਨ੍ਹਾਂ ਦਾ ਹੋਰ ਦਿਨਾਂ ਤੱਕ ਰੁਕਣਾ। ਉਨ੍ਹਾਂ ਕਿਹਾ ਕਿ ਇਹ ਡੈੱਡਲਾਈਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੈਅ ਕੀਤੀ ਹੈ ਅਤੇ ਬ੍ਰਿਟੇਨ ਅਤੇ ਅਮਰੀਕਾ ਇਸ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਨ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਸ਼ਾਹੀਨ ਨੇ ਕਿਹਾ, ‘ਇਹ ਲਕਸ਼ਮਣ ਰੇਖਾ ਹੈ। ਰਾਸ਼ਟਰਪਤੀ ਬਾਈਡੇਨ ਨੇ ਆਪਣੇ ਫ਼ੌਜੀ ਬਲਾਂ ਦੀ ਵਾਪਸੀ ਲਈ 31 ਅਗਸਤ ਦੀ ਤਾਰੀਖ਼ ਤੈਅ ਕੀਤੀ ਸੀ। ਅਜਿਹੇ ਵਿਚ ਜੇਕਰ ਉਹ ਇਸ ਤਾਰੀਖ਼ ਨੂੰ ਅੱਗੇ ਵਧਾਉਂਦੇ ਹਨ ਤਾਂ ਇਸ ਦਾ ਅਰਥ ਹੋਵੇਗਾ ਕਿ ਉਹ ਬਿਨਾਂ ਜ਼ਰੂਰਤ ਦੇ ਦੇਸ਼ ਵਿਚ ਰੁਕਣ ਦੀ ਆਪਣੀ ਮਿਆਦ ਵਿਚ ਵਿਸਥਾਰ ਕਰ ਰਹੇ ਹਨ। ’ ਉਨ੍ਹਾਂ ਕਿਹਾ, ‘ਜੇਕਰ ਅਮਰੀਕਾ ਅਤੇ ਬ੍ਰਿਟੇਨ ਨੂੰ ਲੋਕਾਂ ਨੂੰ ਬਾਹਰ ਕੱਢਣ ਲਈ ਹੋਰ ਸਮਾਂ ਚਾਹੀਦਾ ਹੈ ਤਾਂ ਇਸ ਦਾ ਜਵਾਬ ਨਾ ਹੈ। ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਇਸ ਨਾਲ ਸਾਡੇ ਵਿਚਾਲੇ ਅਵਿਸ਼ਵਾਸ ਪੈਦਾ ਹੋਵੇਗਾ। ਜੇਕਰ ਉਹ ਦੇਸ਼ ਵਿਚ ਬਣੇ ਰਹਿਣ ’ਤੇ ਜ਼ੋਰ ਦਿੰਦੇ ਹਨ ਤਾਂ ਇਹ ਪ੍ਰਤੀਕਿਰਿਆ ਲਈ ਉਕਸਾਉਣ ਵਾਂਗ ਹੋਵੇਗਾ।’

Comment here