ਯੂ ਪੀ ਚੋਣਾਂ ਬਾਰੇ ਵਿਸ਼ੇਸ਼ ਰਿਪੋਰਟ
ਬਹੁੁਤ ਹੀ ਜ਼ੋਰ-ਸ਼ੋਰ ਨਾਲ ਬਨਾਰਸ ਵਿਚ ਬਹੁਚਰਚਿਤ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ 13 ਦਸੰਬਰ ਨੂੰ ਕੀਤਾ ਸੀ। ਇਹ ਸਮਾਗਮ ਬਨਾਰਸ ਵਿਚ ਹੋਇਆ ਪਰ ਇਸ ਵਿਚ ਪੂਰੇ ਦੇਸ਼ ਅਤੇ ਖ਼ਾਸ ਕਰਕੇ ਪੂਰੇ ਉੱਤਰ ਪ੍ਰਦੇਸ਼ ਨੂੰ ਡਿਜੀਟਲ ਅਤੇ ਬਿਜਲਈ ਮੀਡੀਆ ਦੇ ਮਾਧਿਅਮ ਨਾਲ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਹਿਣ ਨੂੰ ਤਾਂ ਇਹ ਇਕ ਧਾਰਮਿਕ ਸਮਾਗਮ ਸੀ ਪਰ ਇਸ ਦਾ ਮਕਸਦ ਪੂਰੀ ਤਰ੍ਹਾਂ ਨਾਲ ਰਾਜਨੀਤਕ ਸੀ ਅਤੇ ਤਤਕਾਲੀ ਮਕਸਦ ਅਗਲੇ ਕੁਝ ਮਹੀਨਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜਿੱਤ ਦਿਵਾਉਣਾ ਸੀ। ਸਵਾਲ ਉੱਠਦਾ ਹੈ ਕਿ, ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਸ ਮਕਸਦ ਵਿਚ ਕਾਮਯਾਬ ਹੋ ਸਕਣਗੇ? ਪੱਛਮੀ ਬੰਗਾਲ ਚੋਣਾਂ ਵਿਚ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਹਾਰ ਗਈ ਅਤੇ ਉਸ ਤੋਂ ਬਾਅਦ ਹੋਈਆਂ ਉਪ-ਚੋਣਾਂ ਵਿਚ ਵੀ ਉਸ ਦੀ ਸਥਿਤੀ ਚੰਗੀ ਨਹੀਂ ਰਹੀ।
ਮਹਿੰਗਾਈ, ਬੇਰੁਜ਼ਗਾਰੀ, ਕਿਸਾਨ ਅਸੰਤੁਸ਼ਟੀ ਵਗੈਰਾ ਨੇ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਜਿੱਤ ਨੂੰ ਬਹੁਤ ਹੀ ਮੁਸ਼ਕਿਲ ਬਣਾ ਦਿੱਤਾ ਹੈ। ਕਿਸਾਨਾਂ ਦੀ ਵਧਦੀ ਅਸੰਤੁਸ਼ਟੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਵਿਵਾਦਿਤ ਕਾਨੂੰਨਾਂ ਨੂੰ ਵਾਪਸ ਲੈ ਲਿਆ। ਉਨ੍ਹਾਂ ਕਾਨੂੰਨਾਂ ਨੂੰ ਵਾਪਸ ਨਾ ਲੈਣ ਦਾ ਅੜੀਅਲ ਵਤੀਰਾ ਨਰਿੰਦਰ ਮੋਦੀ ਦਾ ਹੀ ਸੀ ਪਰ ਚੋਣਾਂ ਜਿੱਤਣ ਦਾ ਮੋਹ ਅੜੀ ‘ਤੇ ਭਾਰੀ ਪੈ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਆਪਣੇ ਅੰਦਾਜ਼ ਵਿਚ ਵਾਪਸ ਲੈ ਲਿਆ ਪਰ ਅੰਦੋਲਨ ਕਾਰਨ ਜੋ ਅਸੰਤੁਸ਼ਟੀ ਪੈਦਾ ਹੋਈ ਸੀ ਉਹ ਅਜੇ ਵੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਇਹ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਲਈ ਸਭ ਤੋਂ ਵਧੇਰੇ ਚਿੰਤਾ ਦਾ ਕਾਰਨ ਹੈ। ਦੇਖਣ ਤੋਂ ਤਾਂ ਲਗਦਾ ਸੀ ਕਿ ਇਹ ਅੰਦੋਲਨ ਸਿਰਫ ਪੱਛਮੀ ਉੱਤਰ ਪ੍ਰਦੇਸ਼ ਤੱਕ ਹੀ ਸੀਮਤ ਸੀ ਪਰ ਅਸਲ ਵਿਚ ਉਸ ਦਾ ਅਸਰ ਪੂਰੇ ਉੱਤਰ ਪ੍ਰਦੇਸ਼ ‘ਤੇ ਹੈ। ਅਖਿਲੇਸ਼ ਯਾਦਵ ਦੀਆਂ ਰੈਲੀਆਂ ਵਿਚ ਇਕੱਠੀ ਹੁੰਦੀ ਭੀੜ ਵੀ ਭਾਜਪਾ ਲਈ ਚਿੰਤਾ ਦਾ ਸਬੱਬ ਹੈ। ਵਿਰੋਧੀ ਧਿਰ ਦੇ ਮੁੱਖ ਨੇਤਾ ਅਤੇ ਮੁੱਖ ਮੰਤਰੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਅਖਿਲੇਸ਼ ਯਾਦਵ ਵਿਜੈ ਯਾਤਰਾ ‘ਤੇ ਨਿਕਲੇ ਹੋਏ ਹਨ। ਯਾਤਰਾ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਤਾਂ ਮਿਲ ਹੀ ਰਿਹਾ ਹੈ, ਵਿਚ-ਵਿਚ ਹੋਣ ਵਾਲੀਆਂ ਰੈਲੀਆਂ ਵਿਚ ਇਕੱਠੀ ਹੁੰਦੀ ਭੀੜ ਵੀ ਅਸਾਧਾਰਨ ਅਤੇ ਬੇਮਿਸਾਲ ਹੈ। ਲੋਕ ਉਥੇ ਲਿਆਂਦੇ ਨਹੀਂ ਜਾ ਰਹੇ, ਸਗੋਂ ਖ਼ੁਦ ਆ ਰਹੇ ਹਨ। ਜਿਨ੍ਹਾਂ ਖੇਤਰਾਂ ਵਿਚ ਅਖਿਲੇਸ਼ ਦੀ ਜਾਤੀ ਦੇ ਲੋਕਾਂ ਦੀ ਆਬਾਦੀ ਨਹੀਂ ਹੈ, ਉਥੇ ਵੀ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨੂੰ ਦੇਖਣ ਅਤੇ ਸੁਣਨ ਲਈ ਇਕੱਠੇ ਹੋ ਰਹੇ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਸਮਰਥਨ ਉਨ੍ਹਾਂ ਦੀ ਜਾਤੀ ਤੱਕ ਸੀਮਤ ਨਹੀਂ ਰਹਿ ਗਿਆ, ਸਮਾਜ ਦੇ ਜ਼ਿਆਦਾਤਰ ਵਰਗਾਂ ਵਿਚ ਉਨ੍ਹਾਂ ਦੇ ਸਮਰਥਨ ਦਾ ਆਧਾਰ ਵਧਦਾ ਜਾ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦੀ ਗੱਲ ਇਹ ਵੀ ਹੈ ਕਿ ਮੁਕਾਬਲਾ ਉਥੇ ਲਗਭਗ ਆਹਮੋ-ਸਾਹਮਣੇ ਦਾ ਹੁੰਦਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਨੀਤੀ ਪਿਛਲੇ ਕੁਝ ਦਹਾਕਿਆਂ ਤੋਂ ਤਿਕੋਣੇ ਸੰਘਰਸ਼ ਵਾਲੀ ਰਹੀ ਹੈ। ਭਾਰਤੀ ਜਨਤਾ ਪਾਰਟੀ, ਸਮਾਜਵਾਦੀ ਪਾਰਟੀ ਅਤੇ ਬਸਪਾ ਮੁੱਖ ਰਾਜਨੀਤਕ ਤਾਕਤਾਂ ਰਹੀਆਂ ਹਨ ਪਰ ਇਸ ਵਾਰ ਬਹੁਜਨ ਸਮਾਜ ਪਾਰਟੀ ‘ਤੇ ਲਗਭਗ ਪੂਰੀ ਤਰ੍ਹਾਂ ਗ੍ਰਹਿਣ ਲੱਗ ਗਿਆ ਹੈ ਅਤੇ ਮੁਕਾਬਲਾ ਭਾਜਪਾ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਹੀ ਸੀਮਤ ਹੁੰਦਾ ਜਾ ਰਿਹਾ ਹੈ। ਤਿੰਨ ਪਾਸੜ ਮੁਕਾਬਲਾ ਸੱਤਾਧਾਰੀ ਪਾਰਟੀ ਲਈ ਜ਼ਿਆਦਾ ਲਾਭਦਾਇਕ ਹੁੰਦਾ ਹੈ ਕਿਉਂਕਿ ਸੱਤਾ ਵਿਰੋਧੀ ‘ਫਲੋਟਿੰਗ’ ਵੋਟਰ ਦੋ ਖੇਮਿਆਂ ਵਿਚ ਵੰਡੇ ਜਾਂਦੇ ਹਨ ਪਰ ਜਦੋਂ ਮੁਕਾਬਲਾ ਆਹਮੋ-ਸਾਹਮਣੇ ਦਾ ਹੁੰਦਾ ਹੈ ਤਾਂ ਸੱਤਾ ਵਿਰੋਧੀ ਡਾਵਾਂਡੋਲ ਵੋਟਰ ਸਾਹਮਣੇ ਦੀ ਵਿਰੋਧੀ ਪਾਰਟੀ ਵੱਲ ਝੁੱਕ ਜਾਂਦੇ ਹਨ। ਇਸ ਦਾ ਲਾਭ ਅਖਿਲੇਸ਼ ਨੂੰ ਮਿਲ ਰਿਹਾ ਹੈ।
ਮਾਇਆਵਤੀ ਹੁਣ ਉੱਤਰ ਪ੍ਰਦੇਸ਼ ਦੀ ਰਾਜਨੀਤਕ ਤਾਕਤ ਨਹੀਂ ਰਹਿ ਗਈ। ਉਨ੍ਹਾਂ ਦਾ ਸਮਰਥਨ ਆਧਾਰ ਸਿਰਫ ਉਨ੍ਹਾਂ ਦੀ ਜਾਤੀ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਪ੍ਰਤੀ ਸਮਰਥਨ ਦਾ ਕੋਈ ਭਾਵ ਨਹੀਂ ਰਹਿ ਗਿਆ। ਇਹ ਸੱਚ ਹੈ ਕਿ ਉਨ੍ਹਾਂ ਦੀ ਜਾਤੀ ਸੂਬੇ ਵਿਚ ਸਭ ਤੋਂ ਵਧੇਰੇ ਆਬਾਦੀ ਵਾਲੀ ਜਾਤੀ ਹੈ, ਪਰ ਉਸ ਦੀ ਮਾਤਰਾ ਸਿਰਫ 12 ਫ਼ੀਸਦੀ ਹੀ ਹੈ। ਧਰੁਵੀਕਰਨ ਦੀ ਹਾਲਤ ਵਿਚ ਪੂਰੇ 12 ਫ਼ੀਸਦੀ ਲੋਕ ਉਨ੍ਹਾਂ ਨੂੰ ਵੋਟਾਂ ਪਾਉਣਗੇ, ਇਸ ਵਿਚ ਵੀ ਸ਼ੱਕ ਹੈ। ਜਿਹੜੇ ਕੱਟੜ ਭਾਜਪਾ ਵਿਰੋਧੀ ਹਨ, ਉਹ ਸਮਾਜਵਾਦੀ ਪਾਰਟੀ ਵਿਚ ਚਲੇ ਜਾਣਗੇ ਅਤੇ ਜੋ ਸਮਾਜਵਾਦੀ ਪਾਰਟੀ ਵਿਰੋਧੀ ਹਨ, ਉਹ ਭਾਜਪਾ ਵਿਚ ਚਲੇ ਜਾਣਗੇ। ਇਸ ਲਈ ਹੋ ਸਕਦਾ ਹੈ ਕਿ ਮਾਇਆਵਤੀ ਨੂੰ ਇਸ ਵਾਰ 10 ਫ਼ੀਸਦੀ ਵੋਟਾਂ ਵੀ ਨਾ ਮਿਲਣ ਅਤੇ ਉਨ੍ਹਾਂ ਦੀ ਪਾਰਟੀ ਆਪਣੇ ਇਤਿਹਾਸ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਇਸ ਵਾਰ ਦਰਜ ਕਰਾਏ। ਫਿਲਹਾਲ ਅਸੀਂ ਗੱਲ ਭਾਜਪਾ ਦੀ ਕਰ ਰਹੇ ਹਾਂ। ਭਾਜਪਾ ਲਈ ਇਹ ਚੋਣਾਂ ਯਕੀਨਨ ਤੌਰ ‘ਤੇ ਇਕ ਮੁਸ਼ਕਿਲ ਚੋਣਾਂ ਹਨ ਅਤੇ ਇਸ ਨੂੰ ਜਿੱਤਣ ਲਈ ਹੀ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਕਿ ਇਹ ਅਜੇ ਤੱਕ ਪੂਰਾ ਵੀ ਨਹੀਂ ਹੋਇਆ। ਇਸ ਨੂੰ ਕੋਰੀਡੋਰ ਦੇ ਪਹਿਲੇ ਪੜਾਅ ਦਾ ਉਦਘਾਟਨ ਕਿਹਾ ਜਾ ਰਿਹਾ ਹੈ। ਜ਼ਾਹਰ ਹੈ ਕੋਰੀਡੋਰ ਦਾ ਪੂਰਾ ਕੰਮ ਹੋਣਾ ਅਜੇ ਬਾਕੀ ਹੈ। ਇਸ ਉਦਘਾਟਨ ਰਾਹੀਂ ਭਾਜਪਾ ਯੋਗੀ ਸਰਕਾਰ ਨੂੰ ਇਕ ਸਫਲ ਸਰਕਾਰ ਬਣਾਉਣ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਖਿਲੇਸ਼ ਯਾਦਵ ਨੂੰ ਵੀ ਪਤਾ ਹੈ ਕਿ ਇਸ ਤਰ੍ਹਾਂ ਦੇ ਸਮਾਗਮਾਂ ਦਾ ਪ੍ਰਭਾਵ ਵੋਟਰਾਂ ਦੇ ਦਿਮਾਗ ‘ਤੇ ਪੈਂਦਾ ਹੈ। ਹਿੰਦੂ ਧਾਰਮਿਕਤਾ ਦਾ ਚੈਂਪੀਅਨ ਖ਼ੁਦ ਨੂੰ ਦੱਸ ਕੇ ਭਾਜਪਾ ਚੋਣਾਂ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। ਇਸ ਲਈ ਅਖਿਲੇਸ਼ ਯਾਦਵ ਵੀ ਇਸ ਕੋਰੀਡੋਰ ਦਾ ਸਿਹਰਾ ਲੈਣ ਲਈ ਮੈਦਾਨ ਵਿਚ ਕੁੱਦ ਪਏ ਹਨ। ਉਹ ਕਹਿ ਰਹੇ ਹਨ ਕਿ ਇਸ ਕੋਰੀਡੋਰ ਦੀ ਯੋਜਨਾ ਉਨ੍ਹਾਂ ਦੀ ਸਰਕਾਰ ਸਮੇਂ ਬਣਾਈ ਗਈ ਸੀ ਅਤੇ ਉਸ ਲਈ ਉਨ੍ਹਾਂ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਸੀ। ਸਰਕਾਰ ਬਦਲ ਜਾਣ ਕਾਰਨ ਉਹ ਅੱਗੇ ਕੁਝ ਕਰ ਨਹੀਂ ਸਕੇ। ਹੁਣ ਉਹ ਕਹਿ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਦੀ ਯੋਗੀ ਸਰਕਾਰ ਨੇ ਉਨ੍ਹਾਂ ਵਲੋਂ ਹੀ ਸ਼ੁਰੂ ਕੀਤੇ ਗਏ ਕੰਮ ਨੂੰ ਅੱਗੇ ਵਧਾਇਆ ਹੈ। ਇਸ ਲਈ ਇਸ ਕੋਰੀਡੋਰ ਦੇ ਸਿਹਰੇ ਦੇ ਹੱਕਦਾਰ ਉਹ ਖ਼ੁਦ ਹਨ, ਨਾ ਕਿ ਯੋਗੀ ਅਤੇ ਮੋਦੀ। ਇਸ ਤੋਂ ਪਹਿਲਾਂ ਪੂਰਵਾਂਚਲ ਐਕਸਪ੍ਰੈੱਸ ਦੇ ਉਦਘਾਟਨ ਸਮੇਂ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਦੀ ਆਖੀ ਸੀ। ਉਹ ਆਪਣੀਆਂ ਗੱਲਾਂ ਦੇ ਸਮਰਥਨ ਵਿਚ ਦਸਤਾਵੇਜ਼ੀ ਸਬੂਤ ਵੀ ਜਾਰੀ ਕਰ ਰਹੇ ਹਨ। ਜ਼ਾਹਰ ਹੈ ਕਿ ਅਖਿਲੇਸ਼ ਦੇ ਦਾਅਵਿਆਂ ਕਾਰਨ ਭਾਰਤੀ ਜਨਤਾ ਪਾਰਟੀ ਖ਼ੁਦ ਨੂੰ ਹਿੰਦੂ ਹਿਤਾਂ ਦੀ ਇਕਲੌਤੀ ਅਲੰਬਰਦਾਰ ਪਾਰਟੀ ਬਣਾਉਣ ਵਿਚ ਅਸਫਲ ਹੁੰਦੀ ਜਾ ਰਹੀ ਹੈ। ਅਖਿਲੇਸ਼ ਦੇ ਦਾਅਵਿਆਂ ਦਾ ਉਸ ਕੋਲ ਕੋਈ ਜਵਾਬ ਨਹੀਂ। ਉਹ ਇਹੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਬਾਰੇ ਪਹਿਲਾਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ?
ਭਾਵ ਇਸ ਕੋਰੀਡੋਰ ‘ਤੇ ‘ਹਿੰਦੂ ਬਨਾਮ ਹਿੰਦੂ’ ਦੀ ਲੜਾਈ ਚੱਲ ਰਹੀ ਹੈ। ਇਹ ਲੜਾਈ ਸਾਨੂੰ ਲੋਹੀਆ ਦੀ ਪੁਸਤਕ ‘ਹਿੰਦੂ ਬਨਾਮ ਹਿੰਦੂ’ ਦੀ ਯਾਦ ਦਿਵਾ ਦਿੰਦੀ ਹੈ, ਜਿਸ ਅਨੁਸਾਰ ਭਾਰਤ ਵਿਚ ਹਜ਼ਾਰਾਂ ਸਾਲਾਂ ਤੋਂ ‘ਹਿੰਦੂ ਬਨਾਮ ਹਿੰਦੂ’ ਦਾ ਸੰਘਰਸ਼ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਸੰਘਰਸ਼ ਚਲਦਾ ਰਹੇਗਾ।
-ਉਪੇਂਦਰ ਪ੍ਰਸਾਦ
Comment here