ਸਾਹਿਤਕ ਸੱਥਬਾਲ ਵਰੇਸ

ਕੀੜੀ ਦੀ ਕਰਾਮਾਤ 

 (ਰਾਜਸਥਾਨੀ ਲੋਕ ਕਥਾ)

ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਇੱਕ ਦਿਨ ਦੋਵੇਂ ਚੋਗਾ ਚੁਗਣ ਵਾਸਤੇ ਇਕੱਠੇ ਉਡੇ। ਉਡਦੇ-ਉਡਦੇ ਸਮੁੰਦਰ ਕਿਨਾਰੇ ਅੱਪੜੇ। ਉਥੇ ਚਿੜੀ ਨੂੰ ਲੱਭ ਗਿਆ ਮੋਤੀ ਅਤੇ ਕਾਂ ਨੂੰ ਲੱਭ ਗਿਆ ਲਾਲ। ਚਿੜੀ ਕਹਿੰਦੀ, ਮੇਰਾ ਮੋਤੀ ਵੱਧ ਕੀਮਤੀ ਹੈ; ਕਾਂ ਕਹਿੰਦਾ, ਮੇਰਾ ਲਾਲ ਵੱਧ ਮਹਿੰਗਾ ਹੈ। ਦੋਵੇਂ ਜਣੇ ਜੌਹਰੀ ਕੋਲ ਪਰਖ ਕਰਵਾਉਣ ਵਾਸਤੇ ਗਏ। ਜੌਹਰੀ ਨੇ ਪਹਿਲਾਂ ਲਾਲ ਪਰਖਿਆ, ਫਿਰ ਮੋਤੀ। ਲਾਲ ਦੀ ਕੀਮਤ ਦੱਸੀ ਲੱਖ ਰੁਪਿਆ ਅਤੇ ਮੋਤੀ ਦੀ ਸਵਾ ਲੱਖ। ਕਾਂ ਦੇ ਮਨ ਵਿਚ ਬੇਈਮਾਨੀ ਆ ਗਈ; ਬੋਲਿਆ-ਚਿੜੀ ਭੈਣ ਆਪਣਾ ਮੋਤੀ ਤਾਂ ਦਿਖਾ ਜ਼ਰਾ! ਚਿੜੀ ਸੀ ਵਿਚਾਰੀ ਆਲੀ ਭੋਲੀ, ਮਾਸੂਮ। ਮੋਤੀ ਝੱਟ ਕਾਂ ਸਾਹਮਣੇ ਰੱਖ ਦਿੱਤਾ। ਕਾਂ ਨੇ ਕੜੱਕ ਚੁੰਜ ਵਿਚ ਮੋਤੀ ਫੜਿਆ ਤੇ ਉਡ ਗਿਆ। ਉਡਦਾ-ਉਡਦਾ ਪਿੱਪਲ ਦੇ ਦਰਖਤ ਉਪਰ ਜਾ ਬੈਠਿਆ। ਚਿੜੀ ਵੀ ਪਿੱਛੇ-ਪਿੱਛੇ ਉਡ ਕੇ ਆ ਗਈ। ਆ ਕੇ ਕਿਹਾ-ਕਾਂ ਭਾਈ, ਮੇਰਾ ਮੋਤੀ ਮੈਨੂੰ ਦੇ ਦੇ। ਕਾਂ ਕਹਿੰਦਾ-ਦਫਾ ਹੋ ਇਥੋਂ। ਮੈਂ ਤੇਰਾ ਮੋਤੀ ਕਦ ਲਿਐ? ਚਿੜੀ ਨੇ ਕਾਂ ਦੀਆਂ ਬੜੀਆਂ ਮਿੰਨਤਾਂ ਕੀਤੀਆਂ, ਹੱਥ ਬੰਨ੍ਹੇ ਪਰ ਕਾਂ ਨੇ ਕਿੱਥੇ ਮੰਨਣਾ ਸੀ? ਨਾ ਮੋਤੀ ਦੇਣਾ ਸੀ, ਨਾ ਦਿੱਤਾ। ਦੁਖੀ ਹੋ ਕੇ ਚਿੜੀ ਨੇ ਪਿੱਪਲ ਨੂੰ ਕਿਹਾ-ਪਿੱਪਲ ਓ ਪਿੱਪਲ, ਇਹੋ ਜਿਹੇ ਮਾੜੇ ਕਾਂ ਨੂੰ ਤੂੰ ਆਪਣੇ ਉਪਰ ਕਿਉਂ ਬੈਠਣ ਦਿੰਨੈਂ? ਉਡਾ ਦੇ ਇਸ ਨੂੰ।
ਪਿੱਪਲ ਨੇ ਪੱਤਿਆਂ ਦੀ ਖੜ-ਖੜ ਵਿਚ ਜਵਾਬ ਦਿੱਤਾ-ਮੈਂ ਕਿਉਂ ਉਡਾਵਾਂ ਕਾਂ ਨੂੰ ਭਲਾ? ਮੇਰਾ ਕੀ ਵਿਗਾੜਿਆ ਹੈ ਇਸ ਨੇ? ਦੁਖੀ ਹੋ ਕੇ ਉਡਦੀ-ਉਡਦੀ ਚਿੜੀ ਤਰਖਾਣ ਕੋਲ ਗਈ। ਜਾ ਕੇ ਕਹਿੰਦੀ-ਮਿਸਤਰੀ ਜੀ, ਪਿੱਪਲ ਮੇਰੀ ਗੱਲ ਨੀ ਮੰਨਦਾ, ਪਿੱਪਲ ਵੱਢ ਦੇ।
ਤਰਖਾਣ ਕਹਿੰਦਾ-ਪਿੱਪਲ ਨੇ ਮੇਰਾ ਕੀ ਵਿਗਾੜਿਆ ਹੈ ਜੋ ਮੈਂ ਪਿੱਪਲ ਵੱਢਾਂ? ਮੈਂ ਕੋਈ ਵਿਹਲਾ ਬੈਠਾਂ?
ਚਿੜੀ ਰਾਜੇ ਦੇ ਮਹਿਲ ਪੁੱਜੀ ਤੇ ਰਾਜੇ ਨੂੰ ਕਿਹਾ-ਮਿਸਤਰੀ ਮੇਰਾ ਕੰਮ ਨਹੀਂ ਕਰਦਾ ਮਹਾਰਾਜ! ਉਸ ਨੂੰ ਸਜ਼ਾ ਦਿਓ। ਰਾਜੇ ਨੇ ਕਿਹਾ-ਕੋਈ ਸ਼ਿਕਾਇਤ ਨਹੀਂ ਆਈ ਮੇਰੇ ਕੋਲ ਮਿਸਤਰੀ ਦੀ, ਕੇਵਲ ਤੇਰੀ ਗੱਲ ਸੁਣ ਕੇ ਸਜ਼ਾ ਦੇ ਦਿਆਂ, ਇਹ ਕੀ ਇਨਸਾਫ ਹੋਇਆ? ਦਫਾ ਹੋ, ਸਮਾਂ ਜ਼ਾਇਆ ਨਾ ਕਰ।
ਉਡਦੀ-ਉਡਦੀ ਚਿੜੀ ਰਾਣੀ ਦੇ ਮਹਿਲ ਵਿਚ ਗਈ। ਰਾਣੀ ਨੂੰ ਕਿਹਾ-ਮਹਾਰਾਣੀ ਜੀ! ਰਾਜਾ ਮੇਰਾ ਆਖਾ ਨਹੀਂ ਮੰਨਦਾ। ਤੁਸੀਂ ਰਾਜੇ ਨਾਲ ਰੁੱਸ ਜਾਉ।
ਰਾਣੀ ਨੇ ਕਿਹਾ-ਕਿਉਂ ਰੁੱਸਾਂ? ਰਾਜੇ ਨੇ ਮੇਰਾ ਕੀ ਵਿਗਾੜਿਆ ਹੈ?
ਉਡਦੀ-ਉਡਦੀ ਚਿੜੀ ਚੂਹਿਆਂ ਕੋਲ ਗਈ। ਚੂਹਿਆਂ ਨੂੰ ਕਿਹਾ-ਚੂਹੇ ਭਾਈਓ! ਮੇਰਾ ਕਹਿਣਾ ਮੰਨ ਕੇ ਰਾਣੀ ਦੀਆਂ ਪੁਸ਼ਾਕਾਂ ਕੁਤਰ ਦਿਉ!
ਚੂਹਿਆਂ ਨੇ ਕਿਹਾ-ਰਾਣੀ ਨੇ ਸਾਡਾ ਕੀ ਨੁਕਸਾਨ ਕੀਤਾ ਕਿ ਅਸੀਂ ਉਸ ਦੇ ਲਿਬਾਸ ਕੁਤਰੀਏ?
ਚਿੜੀ ਉਡਦੀ-ਉਡਦੀ ਬਿੱਲੀ ਕੋਲ ਗਈ! ਬਿੱਲੀ ਨੂੰ ਕਿਹਾ-ਬਿੱਲੀ ਮਾਸੀ! ਥੋੜ੍ਹੀ ਖੇਚਲ ਕਰ ਤੇ ਚੂਹਿਆਂ ਨੂੰ ਖਾ ਜਾ!
ਬਿੱਲੀ ਨੇ ਕਿਹਾ-ਮੇਰਾ ਕੀ ਨੁਕਸਾਨ ਕੀਤਾ ਚੂਹਿਆਂ ਨੇ ਜੋ ਮੈਂ ਖਾਵਾਂ? ਚਲੀ ਜਾਹ।
ਉਡਦੀ-ਉਡਦੀ ਚਿੜੀ ਕੁੱਤਿਆਂ ਕੋਲ ਗਈ। ਕਿਹਾ-ਕੁੱਤਿਓ ਭਾਈਓ! ਬਿੱਲੀ ਨੂੰ ਵੱਢੋ।
ਕੁੱਤੇ ਕਹਿੰਦੇ-ਅਸੀਂ ਬਿੱਲੀ ਨੂੰ ਕਿਉਂ ਵੱਢੀਏ? ਸਾਡੀ ਕਾਹਦੀ ਦੁਸ਼ਮਣੀ?
ਚਿੜੀ ਉਡਦੀ-ਉਡਦੀ ਸੋਟੀਆਂ ਕੋਲ ਗਈ। ਕਹਿੰਦੀ-ਸੋਟੀਓ! ਤੁਸੀਂ ਕੁੱਤਿਆਂ ਨੂੰ ਕੁੱਟੋ।
ਸੋਟੀਆਂ ਕਹਿੰਦੀਆਂ-ਅਸੀਂ ਕੁੱਤਿਆਂ ਨੂੰ ਕਿਉਂ ਕੁੱਟੀਏ? ਸਾਡੀ ਉਨ੍ਹਾਂ ਨਾਲ ਕੀ ਦੁਸ਼ਮਣੀ?
ਫਿਰ ਚਿੜੀ ਅੱਗ ਕੋਲ ਗਈ, ਬੇਨਤੀ ਕੀਤੀ-ਅਗਨੀ ਦੇਵ! ਸੋਟੀਆਂ ਮੇਰਾ ਕਿਹਾ ਨਹੀਂ ਮੰਨਦੀਆਂ, ਤੂੰ ਸੋਟੀਆਂ ਨੂੰ ਜਲਾ ਦੇ!
ਅੱਗ ਨੇ ਕਿਹਾ-ਕਿਉਂ, ਸੋਟੀਆਂ ਨਾਲ ਮੇਰਾ ਕੀ ਵੈਰ? ਮੈਂ ਕਿਉਂ ਜਲਾਵਾਂ?
ਚਿੜੀ ਉਡਦੀ-ਉਡਦੀ ਫਿਰ ਤਲਾਬ ਕੋਲ ਗਈ। ਕਿਹਾ-ਤਲਾਬ ਵੀਰ! ਮੇਰਾ ਆਖਾ ਮੰਨ ਕੇ ਅੱਗ ਬੁਝਾ ਦੇ ਇੱਕ ਵਾਰ?
ਤਲਾਬ ਨੇ ਕਿਹਾ-ਅੱਗ ਨਾਲ ਮੇਰਾ ਕੀ ਵੈਰ, ਤੇ ਤੇਰੇ ਨਾਲ ਮੇਰਾ ਕੀ ਲਾਗਾ-ਦੇਗਾ? ਮੈਂ ਕਿਉਂ ਅੱਗ ਬੁਝਾਵਾਂ?
ਚਿੜੀ ਫਿਰ ਉਡਦੀ-ਉਡਦੀ ਹਾਥੀਆਂ ਕੋਲ ਗਈ। ਕਿਹਾ-ਹਾਥੀਓ! ਤਲਾਬ ਵਿਚ ਵੜ ਕੇ ਤਲਾਬ ਦਾ ਪਾਣੀ ਗੰਧਲਾ ਕਰ ਦਿਉ।
ਹਾਥੀਆਂ ਨੇ ਕਿਹਾ-ਕਿਉਂ, ਅਸੀਂ ਕਿਉਂ ਗੰਧਲਾਈਏ ਤਲਾਬ ਦਾ ਪਾਣੀ?
ਉਡਦੀ-ਉਡਦੀ ਚਿੜੀ ਥੱਕ ਗਈ। ਆਖਰ ਕੀੜੀ ਕੋਲ ਗਈ। ਕੀੜੀ ਨੂੰ ਆਪਣੀ ਸਾਰੀ ਦਰਦ ਭਰੀ ਕਹਾਣੀ ਸੁਣਾਈ ਤੇ ਕਿਹਾ-ਜੇ ਤੂੰ ਹਾਥੀ ਦੇ ਕੰਨ ਵਿਚ ਵੜ ਕੇ ਦੰਦੀ ਵੱਢੇਂ ਤਾਂ ਹਾਥੀ ਮੇਰੀ ਗੱਲ ਮੰਨੇਗਾ, ਨਹੀਂ ਤਾਂ ਮੇਰੀ ਕਿਤੇ ਸੁਣਵਾਈ ਨਹੀਂ।
ਕੀੜੀ ਮੰਨ ਗਈ, ਕਹਿੰਦੀ-ਹੋਰ ਤੇਰੇ ਕਦ ਕੰਮ ਆਊਂਗੀ? ਦੁਖੀ ਦੀ ਬਾਂਹ ਫੜਨੀ ਤਾਂ ਮੇਰਾ ਧਰਮ ਹੈ। ਫਿਰ ਕਦ ਮੌਕਾ ਮਿਲੇਗਾ?
ਚਿੜੀ ਕਹਿੰਦੀ-ਫਿਰ ਦੇਰ ਕਿਸ ਗੱਲ ਦੀ? ਜਲਦੀ ਕਰ।
ਕੀੜੀ ਨੇ ਤਿਆਰ ਹੋਣ ਵਾਸਤੇ ਪਾਣੀ ਵਿਚ ਡੁਬਕੀ ਲਾ ਕੇ ਇਸ਼ਨਾਨ ਕੀਤਾ। ਕੇਸ ਧੋਤੇ। ਗੁੱਤ ਕੀਤੀ। ਮੱਥੇ ਉਪਰ ਬਿੰਦੀ ਲਾਈ। ਸੁਰਮਾ ਪਾਇਆ ਤੇ ਸੋਲਾਂ ਸ਼ਿੰਗਾਰ ਕਰ ਕੇ ਛਮਛਮ ਕਰਦੀ ਹਾਥੀ ਦੇ ਕੰਨ ਵਿਚ ਵੜ ਕੇ ਦੰਦੀ ਵੱਢਣ ਵਾਸਤੇ ਤੁਰ ਪਈ।
ਕੀੜੀ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਹਾਥੀ ਥਰਥਰ ਕੰਬਣ ਲੱਗਾ।
ਮਿੰਨਤਾਂ ਕਰਨ ਲੱਗਾ, ਨਾ ਕੀੜੀ ਭੈਣ! ਮੇਰੇ ਕੰਨ ਵੱਲ ਨਾ ਆ। ਦੱਸ ਮੈਂ ਤੇਰੀ ਕੀ ਸੇਵਾ ਕਰ ਸਕਦਾਂ?
ਕੀੜੀ ਨੇ ਕਿਹਾ-ਜਦੋਂ ਤੈਨੂੰ ਚਿੜੀ ਨੇ ਪਾਣੀ ਗੰਧਲਾਣ ਲਈ ਕਿਹਾ ਸੀ, ਜਵਾਬ ਕਿਉਂ ਦਿੱਤਾ?
ਹਾਥੀ ਨੇ ਹੱਥ ਬੰਨ੍ਹ ਲਏ। ਕਿਹਾ-ਗਲਤੀ ਹੋ ਗਈ। ਹੁਣੇ ਜਾਨਾ, ਪਾਣੀ ਗੰਧਲਾ ਕਰ ਦਿੰਨਾ।
ਹਾਥੀ ਸਰੋਵਰ ਕਿਨਾਰੇ ਗਿਆ, ਸਰੋਵਰ ਲੱਗਾ ਮਿੰਨਤਾਂ ਕਰਨ। ਹਾਥੀ ਭਾਈ! ਮੈਨੂੰ ਗੰਧਲਾ ਨਾ ਕਰ। ਮੈਂ ਹੁਣੇ ਅੱਗ ਬੁਝਾ ਦਿੰਨਾ।
ਅੱਗ ਬੋਲੀ-ਲਿਆਉ ਲਾਠੀਆਂ, ਹੁਣੇ ਜਲਾ ਦਿੰਨੀ ਆਂ, ਮੈਨੂੰ ਕਾਹਨੂੰ ਬੁਝਾਉਂਦੇ ਹੋ? ਮੈਂ ਕਹਿਣਾ ਮੰਨ ਤਾਂ ਰਹੀ ਆਂ।
ਲਾਠੀਆਂ ਕਹਿਣ ਲੱਗੀਆਂ-ਦਿਖਾਓ ਕੁੱਤੇ ਕਿੱਥੇ ਨੇ, ਹੁਣੇ ਝੰਬ ਦਿੰਦੀਆਂ ਹਾਂ।
ਕੁੱਤੇ ਭੌਂਕਣ ਲੱਗੇ-ਬਿੱਲੀਆਂ ਸਾਡੀਆਂ ਕੋਈ ਮਾਸੀਆਂ ਲਗਦੀਆਂ ਨੇ? ਲਿਆਉ ਹੁਣੇ ਵੱਢਣ ਨੂੰ ਤਿਆਰ ਹਾਂ।
ਬਿੱਲੀਆਂ ਚੂਹੇ ਖਾਣ ਲਈ ਤਿਆਰ ਹੋ ਗਈਆਂ।
ਚੂਹਿਆਂ ਨੇ ਰਾਣੀ ਦੇ ਲਿਬਾਸ ਕੱਟਣ ਲਈ ਹਾਂ ਕਰ ਦਿੱਤੀ।
ਰਾਣੀ ਬੋਲੀ-ਕੱਪੜੇ ਕੁਤਰਵਾ ਕੇ ਰੁੱਸਣਾ ਕੋਈ ਰੁੱਸਣਾ ਹੋਇਆ? ਇੱਕ ਵਾਰ ਕਿਉਂ, ਹਜ਼ਾਰ ਵਾਰ ਰੁੱਸ ਜਾਨੀ ਆਂ।
ਰਾਜੇ ਨੇ ਕਿਹਾ-ਇਸ ਮਿਸਤਰੀ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਆਈਆਂ ਹੋਈਆਂ ਹਨ, ਹੁਣ ਤਾਂ ਸਜ਼ਾ ਦੇਣੀ ਹੀ ਦੇਣੀ ਹੈ।
ਮਿਸਤਰੀ ਨੇ ਕਿਹਾ-ਮੈਨੂੰ ਤਾਂ ਆਪ ਲੱਕੜ ਦੀ ਲੋੜ ਹੈ, ਦਿਖਾਉ ਕਿਹੜਾ ਹੰਕਾਰਿਆ ਹੋਇਆ ਪਿੱਪਲ ਹੈ ਤੇ ਕਿੱਥੇ ਹੈ।
ਪਿੱਪਲ ਨੇ ਕਿਹਾ-ਕਾਣਾ ਕਾਂ ਮੇਰਾ ਕੀ ਲਗਦੈ, ਕਦੀ ਨੀ ਬੈਠਣ ਦਿੰਦਾ ਅੱਗੇ ਤੋਂ।
ਕਾਂ ਫਿਰ ਕਾਂ-ਕਾਂ ਕਰ ਕੇ ਲੱਗਾ ਰੌਲਾ ਪਾਉਣ। ਮੈਂ ਆਲ੍ਹਣਾ ਪਾ ਕੇ ਕਿੱਥੇ ਆਰਾਮ ਕਰਿਆ ਕਰਾਂਗਾ? ਬੁਲਾਓ ਚਿੜੀ ਨੂੰ, ਉਸ ਦਾ ਮੋਤੀ ਮੇਰੇ ਕੋਲ ਹੈ, ਹੁਣੇ ਦੇ ਦਿੰਨਾ।
ਚਿੜੀ ਆ ਗਈ। ਗੁੱਸੇ ਨਾਲ ਕਾਂ ਨੂੰ ਕਿਹਾ-ਦੇ ਦੇ ਮੇਰਾ ਮੋਤੀ।
ਹੱਥ ਬੰਨ੍ਹ ਕੇ ਕਾਂ ਨੇ ਮੋਤੀ ਦੇ ਦਿੱਤਾ। ਸਵਾ ਲੱਖ ਦਾ ਮੋਤੀ ਲੈ ਕੇ ਚਿੜੀ ਆਲ੍ਹਣੇ ਵਿਚ ਆਪਣੇ ਬੱਚਿਆਂ ਕੋਲ ਗਈ। ਬੱਚੇ ਮੋਤੀ ਦੇਖ ਕੇ ਬੜੇ ਖੁਸ਼ ਹੋਏ। ਚਿੜੀ ਨੇ ਸਵਾ ਲੱਖ ਰੁਪਏ ਲੈ ਕੇ ਮੋਤੀ ਰਾਣੀ ਨੂੰ ਵੇਚ ਦਿੱਤਾ। ਇਨ੍ਹਾਂ ਪੈਸਿਆਂ ਨਾਲ ਪਿੱਪਲ ਉਪਰ ਸੋਨੇ ਦਾ ਮਹਿਲ ਬਣਵਾ ਕੇ ਚਿੜੀ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿਚ ਰਹਿਣ ਲੱਗੀ।
ਇਸ ਰੌਲੇ-ਗੌਲੇ ਵਿਚ ਕਾਂ ਦਾ ਲਾਲ ਪਤਾ ਨਹੀਂ ਕਿਧਰ ਗੁੰਮ ਹੋ ਗਿਆ। ਉਸ ਨੇ ਧਿਆਨ ਤਾਂ ਮੋਤੀ ਵੱਲ ਕੀਤਾ ਹੋਇਆ ਸੀ। ਰੋਂਦਾ-ਰੋਂਦਾ ਥਾਂ-ਥਾਂ ਪੁਛਦਾ ਫਿਰੇ-ਕਿਸੇ ਨੇ ਮੇਰਾ ਲਾਲ ਦੇਖਿਆ ਹੋਵੇ, ਕਿਸੇ ਨੇ ਕਿਤੇ ਲਾਲ ਦੇਖਿਆ ਹੋਵੇ। ਕਿਸੇ ਨੇ ਗੱਲ ਨਹੀਂ ਸੁਣੀ। ਰੋਂਦਾ-ਰੋਂਦਾ ਕਾਣਾ ਕਾਂ ਮਰ ਗਿਆ।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

Comment here