ਸਾਹਿਤਕ ਸੱਥ

ਕਿੱਸਾ ਲੇਖਕ ਦੇ ਇੱਕ ਕਮਰੇ ਦੀ ਤਲਾਸ਼ ਦਾ

ਕਹਾਣੀ

ਬਹੁਤ ਬਰਫ਼ ਪੈ ਰਹੀ ਹੈ, ਜਿਉਂਦਿਆਂ ਉੱਤੇ ਵੀ ਤੇ ਮੋਇਆਂ ਉੱਤੇ ਵੀ। ਵਰ੍ਹੇ ਏਸ ਬਰਫ਼ ਉੱਤੇ ਤਿਲਕ ਰਹੇ ਨੇ ਤੇ ਬੱਸ ਤਿਲਕ ਰਹੇ ਨੇ… ਤੇ ਮੈਂ ਰੁਕਣ ਦੇ ਯਤਨ ਵਿੱਚ ਕਦੇ ਇਸ ਬੂਹੇ ਦਾ ਕੁੰਡਾ ਫੜਦਾ ਹਾਂ ਤੇ ਕਦੇ ਉਸ ਦਾ। ਮੈਂ ਪਹਿਲਾਂ ਏਨੀ ਬਰਫ਼ ਕਦੇ ਨਹੀਂ ਸੀ ਦੇਖੀ। ਬਰਫ਼ ਕਦੇ ਰੂੰ ਦੇ ਫੰਬਿਆਂ ਵਾਂਗ ਡਿੱਗਦੀ ਤੇ ਕਦੇ ਦਾਣਾ ਖੰਡ ਵਾਂਗ। ਮੇਰੇ ਕਮਰੇ ਦੀ ਛੱਤ ਤੋਂ ਬਰਫ਼ ਦੀਆਂ ਸਲਾਖਾਂ ਹੇਠਾਂ ਨੂੰ ਲਮਕਦੀਆਂ ਰਹਿੰਦੀਆਂ ਅਤੇ ਕਦੇ ਕਦਾਈਂ ਸਲਾਖਾਂ ਆਪਣੇ ਹੀ ਭਾਰ ਨਾਲ ਟੁੱਟ ਕੇ ਨਰਮ ਬਰਫ਼ ਦੀ ਛਾਤੀ ਵਿੱਚ ਖੰਜਰ ਵਾਂਗ ਖੁੱਭ ਜਾਂਦੀਆਂ।
ਕਮਰੇ ਅੰਦਰ ਬੁਖਾਰੀ ਦੀ ਸੁਰ ਸੁਰ ਹੁੰਦੀ ਰਹਿੰਦੀ। ਕਮਰਾ ਕੁਝ ਨਿੱਘਾ ਹੋ ਜਾਂਦਾ ਤਾਂ ਬਾਰੀ ਦੇ ਸ਼ੀਸ਼ੇ ਤੋਂ ਜੰਮੀ ਬਰਫ਼ ਪਿਘਲ ਜਾਂਦੀ। ਖਿੜਕੀ ਤੋਂ ਕੰਚਨਜੰਗਾ ਦੀ ਚੋਟੀ ਵਿਖਾਈ ਦਿੰਦੀ ਤੇ ਹੇਠਾਂ ਹਜ਼ਾਰਾਂ ਫੁੱਟ ਡੂੰਘੀ ਖੱਡ। ਨਜ਼ਰ ਦੀ ਪਹੁੰਚ ਤਕ ਸੰਘਣਾ ਜੰਗਲ ਤੇ ਲਕੀਰ ਵਾਂਗ ਦਿਸਦੀ ਨਦੀ। ਇਸ ਬਾਰੀ ਅੱਗੇ ਵੀ ਦੂਹਰਾ ਕੰਬਲ ਤਣਿਆ ਰਹਿੰਦਾ ਤੇ ਬੂਹੇ ਅੱਗੇ ਵੀ। ਕਮਰੇ ਦੇ ਬਾਹਰ ਬਰਫ਼ੀਲਾ ਤੂਫ਼ਾਨ ਚੱਲਦਾ ਤਾਂ ਅੱਗ ਲੱਗਣ ਦੇ ਡਰੋਂ ਬੁਖਾਰੀ ਬੰਦ ਕਰਦੀ ਪੈਂਦੀ। ਉਸ ਵੇਲੇ ਮੋਟੇ ਮੋਟੇ ਕੱਪੜੇ ਵੀ ਨਿੱਘ ਦਾ ਸਾਥ ਛੱਡ ਦਿੰਦੇ। ਸਵੇਰ ਹੋਣ ਤਕ ਸ਼ੀਸ਼ੀ ਵਿੱਚ ਸਰ੍ਹੋਂ ਦਾ ਤੇਲ ਵੀ ਜੰਮ ਜਾਂਦਾ ਤੇ ਬਾਲਟੀ ਦਾ ਪਾਣੀ ਵੀ। ਉਸ ਕਮਰੇ ਦੀ ਪਹਿਲੀ ਸਵੇਰ ਮੈਂ ਲੋਹੇ ਦੇ ਮੱਘ ਨਾਲ ਬਾਲਟੀ ਦੀ ਬਰਫ਼ ਤੋੜ ਕੇ ਵਰਤੋਂ ਲਈ ਗਰਮ ਪਾਣੀ ਵਿੱਚ ਮਿਲਾਉਂਦਿਆਂ ਸੋਚਿਆ ਸੀ, …ਇਸ ਕਮਰੇ ਵਿੱਚ ਦੋ ਵਰ੍ਹਿਆਂ ਦਾ ਲੰਮਾ ਸਮਾਂ ਕਿਵੇਂ ਬੀਤੇਗਾ? …ਤੇ ਹੁਣ ਉਹ ਕਮਰਾ ਬਹੁਤ ਪਿੱਛੇ ਰਹਿ ਗਿਆ ਹੈ।
ਉਸ ਕਮਰੇ ਵਿੱਚ ਮੈਂ ਚੰਗੀਆਂ ਮਾੜੀਆਂ ਬਹੁਤ ਕਿਤਾਬਾਂ ਪੜ੍ਹੀਆਂ ਸਨ! ਉਸੇ ਕਮਰੇ ’ਚੋਂ ਮੈਂ ਨਾਗਮਣੀ ਨੂੰ ਪਹਿਲੀ ਵਾਰ ਕਹਾਣੀ ਭੇਜੀ ਸੀ ਤੇ ਜੁਆਬ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ, ‘‘ਜਸਬੀਰ, ਫ਼ੌਜ ਬਾਰੇ ਕਦੀ ਕੁਝ ਡੂੰਘਾ ਨਹੀਂ ਲਿਖਿਆ ਗਿਆ, ਤੂੰ ਜ਼ਰੂਰ ਲਿਖੀਂ।’’ ਵੇਲ ਵਰਗੇ ਮਨ ਪਤਾ ਨਹੀਂ ਕਿਹੜਾ ਠੁੰਮਣਾ ਭਾਲਦੇ ਹੁੰਦੇ ਨੇ। ਉਸ ਕਮਰੇ ਵਿੱਚ ਲਿਖਣਾ ਮੇਰਾ ਈਮਾਨ ਹੋ ਗਿਆ ਸੀ। ਨਿੱਤਰੀਆਂ ਰਾਤਾਂ ਵਿੱਚ ਉਸ ਕਮਰੇ ਤੋਂ ਬਾਹਰ, ਨਰਮ ਗਦੇਲੇ ਵਰਗੀ ਬਰਫ਼ ’ਤੇ ਬੈਠ ਕੇ ਮੈਂ ਉਂਗਲ ਨਾਲ ਠੰਢੀ ਬਰਫ਼ ’ਤੇ ਇੱਕੋ ਨਾਮ ਕਈ ਕਈ ਵਾਰ ਲਿਖਿਆ ਸੀ। ਉੱਥੇ ਅੰਬਰ ਬਹੁਤ ਨੇੜੇ ਹੁੰਦਾ ਸੀ ਤੇ ਮੇਰਾ ਜੀਅ ਕਰਦਾ ਕਿ ਹੱਥ ਵਧਾ ਕੇ ਇੱਕ ਤਾਰਾ ਆਪਣੇ ਲਈ ਵੀ ਤੋੜ ਲਵਾਂ …ਤੇ ਮੇਰਾ ਹੱਥ ਹਰ ਵਾਰ ਪੋਟਾ ਕੁ ਹੇਠਾਂ ਰਹਿ ਗਿਆ ਸੀ।
+++
ਦੋ ਵਰ੍ਹੇ ਬਰਫ਼ਾਂ ਜੀਵੀਆਂ ਸਨ। ਮੈਨੂੰ ਸੱਚਮੁੱਚ ਹੀ ਸੂਰਜ ਚਾਹੀਦਾ ਸੀ, ਪਰ ਏਨਾ ਨੇੜੇ ਨਹੀਂ ਕਿ ਬਦਨ ਝੁਲਸ ਜਾਵੇ ਤੇ ਬੁੱਲ੍ਹਾਂ ’ਤੇ ਪੇਪੜੀ ਜੰਮੀ ਰਹੇ। ਮੈਨੂੰ ਸੂਰਜ ਚਾਹੀਦਾ ਸੀ, ਪਰ ਏਨਾ ਨੇੜੇ ਨਹੀਂ ਕਿ ਹਵਾ ਕੰਬਦੀ ਰਹੇ ਤੇ ਰੇਤ ਦੀਆਂ ਲਹਿਰਾਂ ’ਤੇ ਦਿਸਹੱਦੇ ਤਕ ਮਿਰਗਜਲ ਫੈਲ ਜਾਵੇ। ਮੈਨੂੰ ਸੂਰਜ ਚਾਹੀਦਾ ਸੀ, ਪਰ ਏਨਾ ਨੇੜੇ ਨਹੀਂ ਕਿ ਮੇਰਾ ਤੰਬੂ ਭੱਠੀ ਬਣਿਆ ਦਿਨ ਭਰ ਰੇਤ ਦੇ ਸਮੁੰਦਰ ਵਿੱਚ ਬੇੜੀ ਵਾਂਗੂੰ ਤੈਰਦਾ ਰਹੇ। ਤੁਰਵੀ ਵਿੱਚ ਸੂਰਜ ਸੱਚਮੁੱਚ ਏਨਾ ਹੀ ਨੇੜੇ ਸੀ। ਮਾਂ ਵਰਗਾ ਕੋਈ ਰੁੱਖ ਮੀਲਾਂ ਤਕ ਕਿਧਰੇ ਨਹੀਂ ਸੀ। ਤਪਦੇ ਤੰਬੂ ਵਿੱਚ ਦਿਨ ਭਰ ਨਾ ਮੌਸਮ ਦੇ ਫੁੱਲਾਂ ਦੀ ਉਡੀਕ ਹੁੰਦੀ ਸੀ ਤੇ ਨਾ ਮੀਂਹ ਦੀ। ਇਹੋ ਜਿਹਾ ਉੱਥੇ ਕਦੇ ਕੁਝ ਨਹੀਂ ਸੀ ਹੋਣਾ ਹੁੰਦਾ।
ਹਫ਼ਤੇ ਦਾ ਇੱਕ ਦਿਨ ਇੰਤਜ਼ਾਰ ਦਾ ਲੰਮਾ ਦਿਨ ਹੁੰਦਾ ਸੀ। ਟਰੱਕ ਬਾੜਮੇਰ ਜਾ ਕੇ ਹਫ਼ਤੇ ਦੀ ਜਮ੍ਹਾਂ ਹੋਈ ਡਾਕ, ਪੁਰਾਣੀਆਂ ਅਖ਼ਬਾਰਾਂ ਤੇ ਰਸਾਲੇ ਲੈ ਆਉਂਦਾ। ਇਹ ਨਿਆਮਤ ਬਾਤਾਂ ਵਾਲੇ ਰਾਜੇ ਦੀਆਂ ਅੰਨ੍ਹੀਆਂ ਅੱਖਾਂ ਸੁਜਾਖੀਆਂ ਕਰਨ ਲਈ ਸੱਤ ਸਮੁੰਦਰ ਪਾਰੋਂ ਲਿਆਂਦੇ ਕਾਲੇ ਗੁਲਾਬ ਵਰਗੀ ਲੱਗਦੀ ਸੀ।
ਬਰਫ਼ ਮੇਰੇ ਜ਼ਿਹਨ ’ਤੇ ਪੱਸਰੀ ਰਹੀ ਸੀ। ਇੱਕ ਸਾਂਝ ਸੀ, ਬਰਫ਼, ਰੇਤ ਤੇ ਸੂਰਜ ਵਿਚਾਲੇ। ਉਡੀਕ! ਉਡੀਕ…! …ਤੇ ਬੱਸ ਉਡੀਕ! ਸ਼ਾਇਦ ਇਸੇ ਸਾਂਝ ਸਦਕਾ ਹੀ ਮੈਂ ਮਾਰੂਥਲ ਵਿਚ ਬੈਠ ਕੇ ਇੱਕ ਮੱਘਦੀ ਦੁਪਹਿਰੇ ਬਰਫ਼ ਦੀ ਕਹਾਣੀ ਲਿਖੀ ਸੀ- ‘ਟੁੱਟੇ ਤਾਰਿਆਂ ਦਾ ਸਿਵਾ’। ਬਰਫ਼ਾਂ ਵਿੱਚ ਮੈਂ ਮਹੀਨਿਆਂਬੱਧੀ ਸੂਰਜ ਦੀ ਉਡੀਕ ਕਰਦਾ ਸਾਂ ਤੇ ਇੱਥੇ ਤੰਬੂ ਵਿੱਚ ਬੈਠ ਕੇ ਨਿੱਤ ਦੀ ਉਡੀਕ ਢਲਦੀ ਦੁਪਹਿਰ ਲਈ ਹੁੰਦੀ ਸੀ।
ਸੂਰਜ ਦਾ ਤਾਪ ਮੱਠਾ ਪੈਂਦਾ ਤਾਂ ਮੈਂ ਆਪਣੇ ਤੰਬੂ ਵਿੱਚ ਬੈਠਾ ਨਿਉਲਿਆਂ ਨੂੰ ਆਪਸ ਵਿੱਚ ਗਦੋਂ-ਮਸਤੀ ਕਰਦਿਆਂ ਨੂੰ ਝਾੜੀ ਉਹਲੇ ਗੁੰਮ ਹੁੰਦਿਆਂ ਵੇਖਦਾ। ਪੰਛੀ ਪਤਾ ਨਹੀਂ ਕਿੱਥੋਂ ਆ ਕੇ ਤੁੜਕਦੇ। ਹਿਰਨ ਮਾਰੂਥਲ ਵਿੱਚ ਚੁੰਗੀਆਂ ਭਰਦੇ ਬੜੇ ਓਪਰੇ ਲੱਗਦੇ। ਰੇਤਥੱਲ ਵਿੱਚ ਉਨ੍ਹਾਂ ਨੂੰ ਕੂਲਾ ਘਾਹ ਪਤਾ ਨਹੀਂ ਕਿੱਥੋਂ ਮਿਲਦਾ ਹੋਊ? ਕਿੱਥੋਂ ਲੱਭਦਾ ਹੋਊ ਝੀਲਾਂ ਦਾ ਪਾਣੀ?
ਅਚਾਨਕ ਝੁਣਝੁਣੀ ਜਿਹੀ ਆਉਂਦੀ। ਮੈਨੂੰ ਵਧ ਰਹੀ ਠੰਢ ਦਾ ਖ਼ਿਆਲ ਆਉਂਦਾ। ਇਸ ਤੋਂ ਪਹਿਲਾਂ ਕਿ ਦੰਦੋੜਿਕਾ ਵੱਜਣ ਲੱਗ ਜਾਵੇ, ਰਜਾਈ ’ਚੋਂ ਹੱਥ ਬਾਹਰ ਕੱਢਣਾ ਮੁਸ਼ਕਿਲ ਹੋ ਜਾਵੇ, ਮੈਨੂੰ ਲਿਖਣ-ਪੜ੍ਹਨ ਵੱਲ ਕੁਝ ਵਕਤ ਲਾ ਲੈਣਾ ਚਾਹੀਦਾ ਹੈ। ਮੇਰਾ ਫ਼ੈਸਲਾ ਅਜੇ ਲਾਗੂ ਵੀ ਨਹੀਂ ਹੋਇਆ ਹੁੰਦਾ ਕਿ ਨਾਲ ਦੇ ਤੰਬੂ ਵਾਲਾ ਮੇਜਰ ਬੰਦੂਕ ਹੱਥ ਵਿੱਚ ਫੜੀ ਆ ਧਮਕਦਾ ਹੈ, ‘‘ਕਮਾਲ ਹੈ, ਐਸ ਵੇਲੇ ਵੀ ਤੰਬੂ ’ਚ? …ਚੱਲ ਉੱਠ, ਸ਼ਿਕਾਰ ਨੂੰ ਚਲਦੇ ਹਾਂ।’’ ਸੋਚਿਆ, ਕੱਲ੍ਹ ਤੜਕਸਾਰ ਸੂਰਜ ਦੇ ਪੂਰਾ ਭਖਣ ਤੋਂ ਪਹਿਲਾਂ ਕੁਝ ਤਾਂ ਕਰਨਾ ਹੀ ਪਵੇਗਾ। ਏਦਾਂ ਕਿਸੇ ਤੀਸਰੇ ਮੌਸਮ ਦੀ ਉਡੀਕ ਵਿੱਚ ਤਾਂ ਉਮਰ ਮੁੱਕ ਜਾਵੇਗੀ।
+++
ਗੱਡੀ ਦੇ ਸਫ਼ਰ ਵਿੱਚ ਪਿਛਾਂਹ ਦੌੜਦੇ ਰੁੱਖਾਂ ਵਾਂਗੂ ਸਾਰੇ ਕਮਰੇ ਇੱਕ ਇੱਕ ਕਰਕੇ ਪਰਤ ਗਏ ਨੇ, ਸਾਰੇ ਕਮਰੇ ਇੱਕ ਇੱਕ ਕਰਕੇ ਪਰਤ ਜਾਣਗੇ। ਕੋਈ ਕਮਰਾ ਵੀ ਤਲੀ ਦੀਆਂ ਲਕੀਰਾਂ ਵਰਗਾ ਨਹੀਂ ਹੁੰਦਾ ਕਿ ਨਾਲ ਚਿਪਕਿਆ ਰਹੇ। …ਤੇ ਮੈਂ ਕੰਧਾਂ ਦੀ ਪਰਿਕਰਮਾ ਅੱਧ-ਵਿਚਾਲੇ ਛੱਡ ਕੇ ਕੰਧ ਵੱਲ ਪਰਤ ਆਇਆਂ ਹਾਂ, ਪਰ ਮੈਂ ਮੁਨਕਰ ਹਾਂ ਕਿ ਮੈਂ ਉਨ੍ਹਾਂ ਕੰਧਾਂ ਕੋਲੋਂ ਕੁਝ ਨਹੀਂ ਲਿਆ। ਮੈਂ ਬਹੁਤ ਕੁਝ ਲਿਆ ਹੈ ਤੇ ਉਹੀ ਬਹੁਤ ਕੁਝ ਮੇਰਾ ਹਾਸਿਲ ਹੈ, ਪਰ ਉਨ੍ਹਾਂ ਕੰਧਾਂ ਨੂੰ ਜੋ ਕੁਝ ਮੈਂ ਸੌਂਪਿਆ ਹੈ, ਉਸ ਦਾ ਹਿਸਾਬ ਸਿਰਫ਼ ਮੇਰੇ ਚਿਹਰੇ ਦੇ ਖੁਰ ਰਹੇ ਰੰਗਾਂ ਵਿੱਚ ਹੈ, ਹੋਰ ਕਿਧਰੇ ਨਹੀਂ। ਕਿਸੇ ਅਣਚਾਹੀ ਔਰਤ ਨਾਲ ਉਮਰ ਕੱਟਣ ਵਾਂਗ ਮੈਂ ਉਨ੍ਹਾਂ ਕਮਰਿਆਂ ਵਿੱਚ ਹੀ ਰਹਿਣਾ ਸੀ। ਕਿਰਾਏ ਦੀ ਔਰਤ ਵਾਂਗ ਕਮਰਿਆਂ ਨੇ ਵੀ ਉਸ ਅਰਸੇ ਲਈ ਮੇਰੇ ਨਾਲ ਨਿਭਣਾ ਸੀ। ਕਦੇ ਕਦਾਈਂ ਮੈਂ ਕੰਧਾਂ ਦਾ ਮੱਥਾ ਵੀ ਚੁੰਮਣਾ ਹੀ ਸੀ, ਪ੍ਰੇਮਿਕਾ ਦੇ ਬੁੱਲ੍ਹਾਂ ਵਾਂਗ। ਹੁਣ ਇਸ ਗੱਲ ਦਾ ਵੀ ਕੀ ਉਹਲਾ ਹੈ ਕਿ ਮੇਰੇ ਕਮਰਿਆਂ ਦੀਆਂ ਕੰਧਾਂ ਨੰਗੀਆਂ ਸਨ। ਮੇਰੇ ਕਮਰਿਆਂ ਦੇ ਪਰਦੇ ਸਾਰੇ ਹੀ ਪਾਰਦਰਸ਼ੀ ਸਨ। ਮੇਰੇ ਕਮਰੇ ਅੱਗ ਦੀ ਭੱਠੀ ਵੀ ਸਨ ਤੇ ਬਰਫ਼ ਦਾ ਘਰ ਵੀ। ਅਸ਼ਲੀਲ ਬੋਲ ਮੇਰੀਆਂ ਬਰੂਹਾਂ ਕੁਝ ਏਦਾਂ ਵੀ ਟੱਪ ਆਉਂਦੇ ਸਨ ਜਿਵੇਂ ਚਕਲੇ ਦਾ ਬੂਹਾ ਹੁੰਦਾ ਹੈ। ਮੇਰੇ ਕਮਰੇ ਤਾਂ ਮਾਰੂਥਲ ਦੇ ਵਿਚਕਾਰ ਲੱਗੇ ਤੰਬੂ ਵਰਗੇ ਹੀ ਸਨ, ਦਿਨੇ ਅੱਗ ਦੇ ਸਮੁੰਦਰ ਵਿੱਚ ਤੈਰਦੇ ਸਨ ਤੇ ਰਾਤੀਂ ਧਰੁਵਾਂ ਦੀ ਬਰਫ਼ ’ਤੇ ਹੱਥ ਸੇਕਦੇ ਸਨ।
ਕਮਰੇ ਦੀ ਤਲਾਸ਼ ਲੰਮੇ ਸਫ਼ਰ ਲਈ ਚੰਗੇ ਸਾਥ ਦੀ ਤਲਾਸ਼ ਵਰਗੀ ਹੈ, ਪਰ ਇੱਛਾ ਵਰਗੇ ਕਮਰੇ ਦੇ ਨਕਸ਼ ਧੁੰਦਲੇ ਹਨ, ਬਸ ਉਦਾਂ ਹੀ ਜਿਵੇਂ ਸੁਪਨਿਆਂ ਵਿੱਚ ਵੇਖੇ ਚਿਹਰੇ ਪਛਾਣ ਤੋਂ ਪਰ੍ਹੇ ਹੁੰਦੇ ਹਨ। …ਮੈਂ ਆਪਣੇ ਕਮਰੇ ਦੀ ਸਾਰੀ ਹਵਾ ਵਿੱਚ ਜਿਊਣਾ ਚਾਹੁੰਦਾ ਹਾਂ। ਮੇਰੇ ਉਹ ਪਾਤਰ ਜੋ ਹਰ ਅਜਨਬੀ ਦਸਤਕ ’ਤੇ ਜਲਾਵਤਨ ਹੋ ਜਾਂਦੇ ਰਹੇ ਨੇ, ਮੈਂ ਉਨ੍ਹਾਂ ਨੂੰ ਆਪਣੇ ਸਾਹ ਦੇਣਾ ਚਾਹੁੰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਕਾਸਮ ਮੇਰੇ ਬੂਹੇ ਅੱਗੇ ਖਲੋ ਕੇ ਸਿਮ ਸਿਮ ਬੋਲ ਦੇਵੇ।
ਇੱਕ ਕਮਰਾ ਬਣਾਉਣ ਲਈ ਵੈਸੇ ਤਾਂ ਸੀਮਿੰਟ ਤੇ ਇੱਟਾਂ ਹੀ ਚਾਹੀਦੀਆਂ ਹੁੰਦੀਆਂ ਨੇ, ਸਾਹ ਤਾਂ ਅਸੀਂ ਆਪਣੇ ਹੀ ਲੈਣੇ ਹੁੰਦੇ ਨੇ, ਪਰ ਸੁਪਨੇ ਵਰਗੇ ਕਮਰੇ ਦਾ ਸੁਪਨਾ ਹਾਲੇ ਵੀ ਹੌਲ ਜਿਹੇ ਵਰਗਾ ਲੱਗਦਾ ਹੈ। ਸੋਚਦਾ ਹਾਂ- ਕੀ ਆਪਣੇ ਮੁਲਕ ਵਿੱਚ ਮਨ ਵਰਗਾ ਕੁਝ ਵੀ ਨਹੀਂ ਹੁੰਦਾ? ਨਾ ਪ੍ਰੇਮਿਕਾ, ਨਾ ਦੋਸਤ, ਨਾ ਬੀਵੀ ਤੇ ਨਾ ਕਮਰਾ।
ਇੱਥੇ ਹਰ ਸਾਹ ਸਰਾਪ ਵਰਗਾ ਕਿਉਂ ਹੈ? ਨਾਲ ਦੇ ਕਮਰੇ ਵਿੱਚ ਡਾਕਟਰ ਨੇ ‘ਸਾਊਂਡ ਆਫ ਸੈਕਸ’ ਕੈਸੇਟ ਦਾ ਦੂਜਾ ਪਾਸਾ ਲਾ ਦਿੱਤਾ ਹੈ। ਔਰਤ-ਮਰਦ ਦੇ ਲੰਮੇ ਲੰਮੇ ਸਾਹ ਤੇ ਅਸ਼ਲੀਲ ਬੋਲ ਮੇਰੇ ਕਮਰੇ ਵਿੱਚ ਫਿਰ ਪੱਸਰ ਗਏ ਹਨ। ਉਸ ਨੇ ਆਵਾਜ਼ ਹੋਰ ਉੱਚੀ ਕਰ ਦਿੱਤੀ ਹੈ ਤਾਂ ਕਿ ਮੈਂ ਉਸ ਦੀ ਕੀਮਤੀ ਮਲਕੀਅਤ ਦੀ ਵਾਹ ਵਾਹ ਕਰ ਸਕਾਂ। …ਤੇ ਮੈਂ ਹਾਲੇ ਵੀ ਲਿਖਣ ਬਾਰੇ ਸੋਚ ਰਿਹਾ ਹਾਂ। ਅਚਾਨਕ ਮੈਂ ਪੈੱਨ ਪਾਸੇ ਰੱਖ ਕੇ ਉੱਠ ਬੈਠਾ ਹਾਂ। ਮੈਂ ਖਿੱਝ ਕੇ ਆਪਣੇ ਆਪ ਨੂੰ ਆਖਿਆ ਹੈ, ‘‘ਮੈਂ ਸਿਰਫ਼ ਲਿਖਦਾ ਹੀ ਕਿਉਂ ਹਾਂ? ਲੜਦਾ ਕਿਉਂ ਨਹੀਂ?’’
+++
ਮੇਰੇ ਰਾਹ ਵਿੱਚ ਕਮਰੇ 1990 ਤਕ ਲਗਾਤਾਰ ਆਉਂਦੇ ਰਹੇ ਹਨ। ਮੈਂ ਉਨ੍ਹਾਂ ਕਮਰਿਆਂ ਵਿੱਚ ਬੇਤਰਤੀਬ ਵੀ ਹੋਇਆ ਹਾਂ ਤੇ ਆਪਣੇ ਲਈ ਤਰਤੀਬ ਵੀ ਲੱਭਦਾ ਰਿਹਾ ਹਾਂ। ਚਾਲੁੰਕਾ ਦੇ ਅਗਲੇ ਮੋਰਚਿਆਂ ਨੇੜੇ ਮੇਰੇ ਕਿੱਤੇ ਦੀ ਖਾਨਾਬਦੋਸ਼ੀ ਦਾ ਆਖ਼ਰੀ ਕਮਰਾ ਸੀ। ਉਸ ਇਲਾਕੇ ਵਿੱਚ ਰੁੱਖ ਨਹੀਂ ਸਨ, ਮਿੱਟੀ ਨਹੀਂ ਸੀ, ਸਿਰਫ਼ ਪੱਥਰ ਸਨ ਤੇ ਜਾਂ ਫਿਰ ਪੱਥਰਾਂ ਦਾ ਚੂਰਾ-ਭੂਰਾ। ਉਹ ਪੱਥਰ ਕੱਚੇ ਸਨ, ਟੁੱਟਦੇ ਰਹਿੰਦੇ ਸਨ। ਉਨ੍ਹਾਂ ਪੱਥਰਾਂ ਦੀਆਂ ਕੰਧਾਂ ਨਹੀਂ ਸਨ ਬਣਦੀਆਂ। ਸਾਡਾ ਉਹ ਖੇਤਰ ਸਿਆਚਿਨ ਗਲੇਸ਼ੀਅਰ ਵਾਲਾ ਖੇਤਰ ਸੀ। ਉੱਥੇ ਸਾਡੇ ਬੰਕਰ ਬਰਫ਼ ਦੀ ਪਨਾਹ ਵਿੱਚ ਸਨ।
ਚਾਲੁੰਕਾ ਵਿੱਚ ਮੇਰਾ ਕਮਰਾ ਵੀਹ ਲਿਟਰ ਵਾਲੇ ਖਾਲੀ ਜੈਰੀਕੇਨਾ ਦਾ ਬਣਿਆ ਹੋਇਆ ਸੀ। ਉੱਥੇ ਸਾਰਿਆਂ ਦੇ ਕਮਰੇ ਹੀ ਜੈਰੀਕੇਨਾਂ ਦੇ ਬਣੇ ਹੋਏ ਸਨ। ਪਹਿਲੋਂ ਪਹਿਲ ਚਾਲੁੰਕਾ ਪੋਸਟ ਤਕ ਪਹੁੰਚਣ ਦਾ ਕੋਈ ਰਾਹ-ਖਹਿੜਾ ਨਹੀਂ ਸੀ। ਉੱਥੋਂ ਦੇ ਸੈਨਿਕਾਂ ਲਈ ਬਾਰੂਦ ਸਿੱਕਾ, ਰਸਦ, ਪੈਟਰੋਲ ਅਤੇ ਮਿੱਟੀ ਦਾ ਤੇਲ ਆਦਿ ਜਹਾਜ਼ਾਂ ਰਾਹੀਂ ਹੀ ਪਹੁੰਚਦਾ ਸੀ। ਜਹਾਜ਼ ਪੈਰਾਸ਼ੂਟਾਂ ਨਾਲ ਸਾਮਾਨ ਹੇਠਾਂ ਸੁੱਟਦੇ ਸਨ। ਉੱਥੇ ਖਾਲੀ ਜੈਰੀਕੇਨ ਲੱਖਾਂ ਦੀ ਗਿਣਤੀ ਵਿੱਚ ਜਮ੍ਹਾਂ ਹੁੰਦੇ ਰਹੇ ਸਨ। ਉਹੀ ਜੈਰੀਕੇਨ ਸੈਨਿਕਾਂ ਦੀ ਰਿਹਾਇਸ਼ ਲਈ ਕੰਧਾਂ ਬਣਾਉਣ ਦੇ ਕੰਮ ਆਏ ਸਨ। ਕੰਧਾਂ ਦੇ ਜੈਰੀਕੇਨਾਂ ਵਿੱਚ ਇਲਾਕੇ ਦੇ ਚੂਹਿਆਂ ਨੂੰ ਵੀ ਰਹਿਣ ਲਈ ਥਾਂ ਮਿਲ ਗਈ ਸੀ।
ਜੈਰੀਕੇਨਾਂ ਦੀਆਂ ਕੰਧਾਂ ਨੂੰ ਮਜ਼ਬੂਤੀ ਦੇਣ ਲਈ ਮਿੱਟੀ ਦੀ ਲੋੜ ਪੈਂਦੀ ਸੀ। ਲੇਹ ਨੂੰ ਜਾਣ ਵਾਲੇ ਫ਼ੌਜੀ ਟਰੱਕਾਂ ਨੂੰ ਇਹ ਪੱਕਾ ਹੁਕਮ ਹੁੰਦਾ ਸੀ ਕਿ ਜਿੱਥੇ ਵੀ ਮਿੱਟੀ ਦਿਸੇ, ਡਿਊਟੀ ਤੋਂ ਵਾਪਸੀ ਵੇਲੇ ਚੁੱਕ ਲਿਆਉਣ। ਉਸ ਮਿੱਟੀ ਵਿੱਚ ਖੱਚਰਾਂ ਦੀ ਲਿੱਦ ਅਤੇ ਸੁੱਕਾ ਚਾਰਾ ਮਿਲਾ ਕੇ ਸੈਨਿਕ ਉਨ੍ਹਾਂ ਕਮਰਿਆਂ ਨੂੰ ਲਿੱਪ-ਪੋਚ ਕੇ ਰੱਖਦੇ ਸਨ।
ਮੇਰੇ ਉਸ ਕਮਰੇ ਵਿੱਚ ਚੂਹਿਆਂ ਦੀ ਲੁਕਣਮੀਟੀ ਅਤੇ ਮੇਰੇ ਲਿਖਣ ਦਾ ਇੱਕੋ ਵੇਲਾ ਸੀ।
ਉੱਥੇ ਸਾਡੇ ਲਈ ਬਾਹਰ ਦੀ ਦੁਨੀਆਂ ਬਹੁਤ ਸੀਮਿਤ ਸੀ। ਬੱਸ ਘਰਾਂ ਤੋਂ ਆਉਂਦੀਆਂ ਚਿੱਠੀਆਂ ਸਾਨੂੰ ਆਪਣਿਆਂ ਨਾਲ ਜੋੜਨ ਦਾ ਉਪਰਾਲਾ ਕਰਦੀਆਂ ਰਹਿੰਦੀਆਂ ਸਨ। ਸਾਡੀ ਆਪਣੀ ਸਲਤਨਤ ਭਿਆਨਕ ਬੀਆਬਾਨ ਪਹਾੜਾਂ ਵਿੱਚ ਘਿਰੀ ਹੋਈ ਸੀ। ਉੱਥੇ ਅਸੀਂ ਜਿਊਣ ਦੇ ਅਹਿਸਾਸ ਲਈ ਇੱਕ ਦੂਜੇ ਨੂੰ ਮੌਤ ਦੀਆਂ ਖ਼ਬਰਾਂ ਸੁਣਾਉਂਦੇ ਸਾਂ।
ਜੈਰੀਕੇਨਾਂ ਦੇ ਬਣੇ ਆਪਣੇ ਬੰਕਰ ਵਿੱਚ ਬੈਠ ਕੇ ਮੈਂ ਸਿੱਖ ਪਲਟਨ ਦੇ ਕਮਾਨ ਅਫ਼ਸਰ ਨੂੰ ਸੈਨਿਕਾਂ ਦੀਆਂ ਬਰਫ਼ ਹੇਠ ਦੱਬੀਆਂ ਗਈਆਂ ਦੇਹਾਂ ਨੂੰ ਮੱਛੀਆਂ ਵਾਂਗੂੰ ਫੜਨ ਦੀ ਜਾਚ ਦੱਸੀ ਸੀ। ਉਨ੍ਹਾਂ ਦੀ ਇੱਕ ਪੋਸਟ ਐਵਲਾਂਚ ਦੀ ਮਾਰ ਹੇਠ ਆ ਗਈ ਸੀ। ਸਾਰੇ ਹੀ ਬਰਫ਼ ਵਿੱਚ ਦਫ਼ਨ ਹੋ ਗਏ ਸਨ। ਸੈਨਿਕਾਂ ਦੀਆਂ ਲਾਸ਼ਾਂ ਹਾਸਲ ਕਰਨ ਦਾ ਇੱਕ ਹੀ ਤਰੀਕਾ ਸੀ ਕਿ ਹੇਠਲੀ ਉਚਾਈ ਉੱਤੇ ਪਾਣੀ ਦੇ ਸਰੋਤ ਸਾਹਵੇਂ ਫ਼ੌਜੀ ਟਰੱਕਾਂ ਨੂੰ ਲੁਕਾਉਣ ਵਾਲੇ ਜਾਲ ਲਾ ਦਿੱਤੇ ਜਾਣ। ਤਾਜ਼ੀ ਬਰਫ਼ ਦੇ ਭਾਰ ਨਾਲ ਪੁਰਾਣੀ ਬਰਫ਼ ਲਾਸ਼ਾਂ ਸਮੇਤ ਹੌਲੀ ਹੌਲੀ ਨਿਵਾਣ ਵੱਲ ਤੁਰਦੀ ਰਹਿੰਦੀ ਸੀ। ਨਿੱਘੇ ਤਾਪਮਾਨ ਵਿੱਚ ਬਰਫ਼ ਪਿਘਲਦੀ ਸੀ। ਦੁਰਘਟਨਾ ਦੇ ਇੱਕ ਦੋ ਮਹੀਨੇ ਬਾਅਦ ਲਾਸ਼ਾਂ ਇੱਕ ਇੱਕ ਕਰਕੇ ਜਾਲ ਵਿੱਚ ਆ ਫਸਦੀਆਂ ਸਨ।
ਮੈਂ ਉਸ ਇਲਾਕੇ ਵਿੱਚ ਪੁਰਾਣਾ ਸਾਂ। ਮੈਨੂੰ ਇਹ ਤਰੀਕਾ ਆਉਂਦਾ ਸੀ। ਇਹ ਤਰੀਕਾ ਕਾਰਗਰ ਸਾਬਤ ਹੋਇਆ ਸੀ।
ਇੱਕ ਸ਼ਾਮ ਸਿੱਖ ਬਟਾਲੀਅਨ ਦਾ ਕਮਾਨ ਅਫ਼ਸਰ ਮੁੜ ਮੇਰੇ ਕਮਰੇ ਵਿੱਚ ਪਹੁੰਚ ਗਿਆ। ਉਹਦੇ ਕਹਿਣ ਉੱਤੇ ਮੈਂ ਬਰਫ਼ ਵਿੱਚ ਮਰ ਗਏ ਇੱਕ ਜਵਾਨ ਦੇ ਘਰ ਭੇਜਣ ਲਈ ਇੱਕ ਚਿੱਠੀ ਲਿਖੀ ਸੀ। ਉਹਦੇ ਬਹਾਦਰ ਅਤੇ ਫਰਜ਼-ਸ਼ਨਾਸ ਹੋਣ ਬਾਰੇ ਵੀ ਮੈਂ ਇੱਕ-ਅੱਧ ਵਾਕ ਲਿਖ ਦਿੱਤਾ। ਮੇਰੀ ਲਿਖੀ ਉਹ ਚਿੱਠੀ ਪਲਟਨ ਦੀ ਮਾਸਟਰ ਫਾਈਲ ਵਿੱਚ ਲੱਗ ਗਈ। ਹਰ ਜਵਾਨ ਦੀ ਮੌਤ ਉੱਤੇ ਉਨ੍ਹਾਂ ਨੂੰ ਤਰੱਦਦ ਵਿੱਚ ਪੈਣ ਦੀ ਲੋੜ ਨਹੀਂ ਸੀ ਪੈਂਦੀ। ਕਲਰਕ ਆਪੇ ਹੀ ਮਾਸਟਰ ਫਾਈਲ ਦੀ ਉਸ ਚਿੱਠੀ ਵਿੱਚ ਸੈਨਿਕ ਦਾ ਨਾਮ, ਨੰਬਰ ਅਤੇ ਰੈਂਕ ਬਦਲ ਦਿੰਦਾ ਸੀ ਤੇ ਚਿੱਠੀ ਉੱਤੇ ਕਮਾਨ ਅਫ਼ਸਰ ਦੇ ਦਸਤਖਤ ਕਰਵਾ ਕੇ ਭੇਜ ਦਿੰਦਾ ਸੀ। ਮੇਰੀ ਡਰਾਫਟ ਕੀਤੀ ਹੋਈ ਉਹ ਚਿੱਠੀ ਬਹੁਤ ਸਾਰੇ ਘਰਾਂ ਵਿੱਚ ਕੀਰਨੇ ਲੈ ਕੇ ਗਈ ਸੀ। ਉਸ ਚਿੱਠੀ ਨੇ ਭੁਲੇਖੇ ਵੀ ਸਿਰਜੇ ਸਨ।
ਇੱਕ ਸ਼ਾਮ ਤੋਪਖਾਨੇ ਵਾਲਿਆਂ ਦਾ ਕਮਾਨ ਅਫ਼ਸਰ ਕਰਨਲ ਬਰਗੈਂਜ਼ਾ ਸੈਰ ਕਰਦਾ ਹੋਇਆ ਮੇਰੇ ਕਮਰੇ ਵਿੱਚ ਆ ਗਿਆ। ਉਹ ਦੇ ਕੋਲ ‘ਖ਼ੁਸ਼ੀ’ ਦੀ ਖ਼ਬਰ ਸੀ। ਉਹ ਸ਼ਾਮ ਦੇ ਜਸ਼ਨ ਲਈ ਨਿਓਤਾ ਵੀ ਦੇ ਗਿਆ। ਉਨ੍ਹਾਂ ਦੀ ਯੂਨਿਟ ਦਾ ਇੱਕ ਅਫ਼ਸਰ ਗਾਰਡਜ਼ ਵਾਲਿਆਂ ਨਾਲ ਏਅਰ ਓ.ਪੀ. ਦੀ ਡਿਊਟੀ ਕਰ ਰਿਹਾ ਸੀ। ਕਰਨਲ ਬਰਗੈਂਜ਼ਾ ਨੇ ਦੱਸਿਆ, ‘‘ਲੁਕ ਐਟ ਦਾ ਯੰਗਸਟਰ! ਉਹਨੇ ਤੋਪਖਾਨੇ ਦਾ ਫਾਇਰ ਏਡਾ ਸੁਹਣਾ ਡਾਇਰੈਕਟ ਕੀਤਾ ਕਿ ਦੁਸ਼ਮਣ ਦੀ ਪੂਰੀ ਦੀ ਪੂਰੀ ਗਸ਼ਤ ਪਾਰਟੀ ਦੀਆਂ ਲਾਸ਼ਾਂ ਵਿਛ ਗਈਆਂ। ਨੋ ਮੈਨਜ਼ ਲੈਂਡ ਵਿੱਚ ਲਾਸ਼ਾਂ ਹਾਲੇ ਵੀ ਬਰਫ਼ ’ਤੇ ਖਿਲਰੀਆਂ ਪਈਆਂ ਨੇ। ਉਨ੍ਹਾਂ ਦਾ ਹੌਸਲਾ ਹੀ ਨਹੀਂ ਪਿਆ ਕਿ ਚੁੱਕ ਕੇ ਲੈ ਜਾਣ। ਭਲਕ ਤਕ ਤਾਂ ਉੱਥੇ ਕਾਂ ਵੀ ਇਕੱਠੇ ਹੋ ਜਾਣਗੇ।’’
ਉਹ ਠਹਾਕਾ ਮਾਰ ਕੇ ਹੱਸਿਆ ਸੀ, ਪਰ ਮੈਂ ਉਹਦੇ ਨਾਲ ਹੱਸ ਨਹੀਂ ਸਾਂ ਸਕਿਆ। ਮੈਂ ਜਾਣਦਾ ਸਾਂ, ਕਿਸੇ ਦਿਨ ਦੁਸ਼ਮਣ ਦੇ ਏਅਰ ਓ.ਪੀ. ਦਾ ਡਾਇਰੈਕਟ ਕੀਤਾ ਤੋਪਾਂ ਦਾ ਫਾਇਰ ਇਸੇ ਤਰ੍ਹਾਂ ਹੀ ਐਨ ਨਿਸ਼ਾਨੇ ਉੱਤੇ ਡਿੱਗਣਾ ਸੀ। ਉਦੋਂ ਉਸ ਸ਼ਾਮ ਦੇ ਜਸ਼ਨ ਨੇ ਆਪਣੀ ਥਾਂ ਬਦਲ ਲੈਣੀ ਸੀ।
ਇਹੋ ਜਿਹੋ ਕਾਰਗੁਜ਼ਾਰੀਆਂ ਉਦੋਂ ਆਮ ਜਿਹੀਆਂ ਲੱਗਣ ਲੱਗ ਪਈਆਂ ਸਨ। ਉਸ ਕਮਰੇ ਵਿੱਚ ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਸਰੀਰ ਮਿਲੇ ਸਨ। ਉਨ੍ਹਾਂ ਕਹਾਣੀਆਂ ਵਿੱਚ ‘ਬਰਫ਼ ਦਾ ਦਾਨਵ’, ‘ਮੋਇਆਂ ਦੀ ਮੰਡੀ’ ਅਤੇ ‘ਜੰਮੇ ਹੋਏ ਸਾਹਾਂ ਦੀ ਬਰਫ਼’ ਸ਼ਾਮਲ ਸਨ। ਇਹੀ ਉਹ ਕਮਰਾ ਸੀ ਜਿੱਥੇ ਮੈਂ ਆਪਣੇ ਜੰਗਲ-ਬੂਟ ਕਿੱਲੀ ਨਾਲ ਟੰਗ ਦਿੱਤੇ ਸਨ।
ਹੁਣ ਆਖਰੀ ਪਹਿਰ ਦੀ ਧੁੱਪ ਵੇਲੇ ਮੇਰੇ ਕੋਲ ਆਪਣਾ ਮਕਾਨ ਹੈ। ਉੱਥੇ ਇੱਕ ਉਹ ਕਮਰਾ ਵੀ ਹੈ, ਜਿਸਨੂੰ ਮੈਂ ਉਚੇਚਾ ਤਾਮੀਰ ਕੀਤਾ ਸੀ। ਫਿਰ ਵੀ ਲੱਗਦਾ ਹੈ, ਇਹ ਤਾਂ ਉੁਹ ਕਮਰਾ ਨਹੀਂ। ਦਰਅਸਲ, ਬੰਦੇ ਦੀ ਕਲਪਨਾ ਵੱਡੀ ਹੁੰਦੀ ਹੈ ਅਤੇ ਉਹਦਾ ਯਥਾਰਥ ਬਹੁਤ ਨਿੱਕਾ। ਪਹਿਲੋਂ ਨਹੀਂ ਸਾਂ ਜਾਣਦਾ, ਪਰ ਹੁਣ ਜਾਣਦਾ ਹਾਂ ਕਿ ਸੁਪਨਿਆਂ ਵਰਗਾ ਕਦੇ ਕੁਝ ਨਹੀਂ ਹੁੰਦਾ, ਜੇ ਹੋਵੇ ਵੀ ਤਾਂ ਸੁਪਨੇ ਕੁਝ ਹੋਰ ਵੱਡੇ ਹੋ ਜਾਂਦੇ ਹਨ।

-ਜਸਬੀਰ ਭੁੱਲਰ

Comment here