ਖਬਰਾਂ

ਕਿੰਨੌਰ ਤੋਂ ਬਾਅਦ ਲਾਹੌਲ ਚ ਪਹਾੜ ਖਿਸਕਿਆ, ਨਦੀ ਰੁਕੀ

ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿੱਚ ਲੰਘੇ ਦਿਨ ਕਿੰਨੌਰ ਹਲਕੇ ਚ ਪਹਾੜ ਡਿਗਣ ਕਾਰਨ ਕਈ ਵਾਹਨ ਮਲਬੇ ਦੀ ਲਪੇਟ ਵਿੱਚ ਆ ਗਏ ਸੀ, ਵੱਡਾ ਜਾਨੀ ਨੁਕਸਾਨ ਹੋਇਆ ਹੈ, ਹਾਲੇ ਓਥੇ ਰਾਹਤ ਕਾਰਜ ਚੱਲ ਹੀ ਰਹੇ ਹਨ ਕਿ ਅੱਜ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਹੋਰ ਘਟਨਾਵਾਂ ਵਾਪਰ ਰਹੀਆਂ ਹਨ। ਮੌਸਮ ਲਗਾਤਾਰ ਖਰਾਬ ਰਹਿੰਦਾ ਹੈ ਅਤੇ ਸੜਕਾਂ ‘ਤੇ ਸਫ਼ਰ ਕਰਨਾ ਜੋਖਮ ਭਰਪੂਰ ਹੋ ਗਿਆ ਹੈ। ਹਾਲੇ ਕੱਲ ਹੀ ਲਾਹੌਲ-ਸਪੀਤੀ ਵਿੱਚ ਉਦੈਪੁਰ-ਮਾਦਗ੍ਰਾਨ ਸੜਕ ‘ਤੇ ਆਵਾਜਾਈ ਬਹਾਲ ਕੀਤੀ ਗਈ ਸੀ।  ਲੇਹ-ਮਨਾਲੀ ਹਾਈਵੇਅ ਵੀ ਖੁੱਲ੍ਹਾ ਹੈ। ਪਰ ਅੱਜ ਲਾਹੌਲ ਦੇ ਉਦੈਪੁਰ ਵਿੱਚ ਜੁੰਡਾ ਨਾਲੇ ਦੇ ਸਾਹਮਣੇ ਨਾਲਾ ਪਹਾੜ ਟੁੱਟ ਗਿਆ ਹੈ। ਮਲਬੇ ਕਾਰਨ ਨਦੀ ਦਾ ਪਾਣੀ ਰੁਕ ਗਿਆ ਹੈ। ਇਸ ਕਾਰਨ ਨਾਲ ਲੱਗਦੇ ਪਿੰਡਾਂ ਦੀਆਂ ਜ਼ਮੀਨਾਂ ਅਤੇ ਪਿੰਡਾਂ ਉੱਤੇ ਖ਼ਤਰਾ ਵਧ ਗਿਆ ਹੈ। ਨਦੀ ਨੇ ਡੈਮ ਦਾ ਰੂਪ ਧਾਰਨ ਕਰ ਲਿਆ ਹੈ। ਹਿਮਾਚਲ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਮੁੱਖ ਮੰਤਰੀ ਨੇ ਸਦਨ ਵਿੱਚ ਕਿਹਾ ਕਿ ਇਸ ਮਾਨਸੂਨ ਸੀਜ਼ਨ ਵਿੱਚ ਬਹੁਤ ਨੁਕਸਾਨ ਹੋਇਆ ਹੈ। ਮੀਂਹ ਦੇ ਇਸ ਦੌਰ ਵਿੱਚ ਹਿਮਾਚਲ ਵਿੱਚ 13 ਜੂਨ ਤੋਂ ਹੁਣ ਤੱਕ 248 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਡਰ ਦਾ ਮਾਹੌਲ ਹੈ। ਭਲਕੇ ਸ਼ਨੀਵਾਰ ਨੂੰ, ਮੈਦਾਨੀ ਅਤੇ ਮੱਧ ਪਹਾੜੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ  ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 18 ਅਗਸਤ ਤੱਕ ਪੂਰੇ ਰਾਜ ਵਿੱਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

Comment here