ਪੰਜਾਬ ਗੁਰੂਆਂ-ਪੀਰਾਂ ਫ਼ਕੀਰਾਂ ਤੇ ਸੂਫ਼ੀਆਂ ਸੰਤਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਅਲਬੇਲਾ ਕਵੀ ਪ੍ਰੋ. ਪੂਰਨ ਸਿੰਘ ਇਸ ਨੂੰ ‘… ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ’ ਕਹਿ ਕੇ ਵਡਿਆਉਂਦਾ ਹੈ। ਪੰਜਾਬ ਜਿਸ ਦੇ ਜਾਏ ਹਮੇਸ਼ਾ ਹੀ ਜ਼ਾਲਮ ਹਕੂਮਤ ਅੱਗੇ ਹਿੱਕ ਤਾਣ ਕੇ ਖੜ੍ਹਦੇ ਰਹੇ ਹਨ। ਇਸੇ ਲਈ ਪੰਜਾਬ ਨੂੰ ਦੇਸ਼ ਦੀ ਖੜਗ-ਭੁਜਾ ਹੋਣ ਦਾ ਮਾਣ ਹਾਸਲ ਹੈ। ਇਸ ਦੇ ਜਾਇਆਂ ਨੇ ਕਦੇ ਵੀ ਬੇਗਾਨੀ ਧੀ-ਭੈਣ ਦੀ ਇੱਜ਼ਤ ਨੂੰ ਵੀ ਕਲੰਕਿਤ ਨਹੀਂ ਹੋਣ ਦਿੱਤਾ। ਉਹ ਹਕੂਮਤਾਂ ਨਾਲ ਭਿੜ ਗਏ, ਤਸੀਹੇ ਸਹੇ ਪਰ ਕਦੇ ਵੀ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ ਅਤੇ ਦੂਜਿਆਂ ਦੀ ਰੱਖਿਆ ਲਈ ਹਮੇਸ਼ਾ ਆਪਾ ਵਾਰਦੇ ਰਹੇ ਹਨ ਤੇ ਮਜ਼ਲੂਮਾਂ ਦੀ ਢਾਲ ਬਣ ਕੇ ਖੜ੍ਹਦੇ ਰਹੇ ਹਨ। ਪਰ ਅੱਜ ਮੇਰੇ ਸੋਹਣੇ ਰੰਗਲੇ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਜਾਪਦੀ ਹੈ। ਖ਼ੁਦ ਇੱਥੋਂ ਦੀਆਂ ਧੀਆਂ-ਭੈਣਾਂ ਇੱਥੋਂ ਦੇ ਹੀ ਨੌਜਵਾਨਾਂ ਅੱਗੇ ਸੁਰੱਖਿਅਤ ਨਹੀਂ ਹਨ। ਪੰਜ ਦਰਿਆਵਾਂ ਦੇ ਜਾਇਆਂ ਨੇ ਤਾਂ ਵਿਦੇਸ਼ੀ ਧਾੜਵੀਆਂ ਕੋਲੋਂ ਆਪਣੀਆਂ ਧੀਆਂ-ਭੈਣਾਂ ਦੀ ਆਬਰੂ ਬਚਾਉਣ ਖ਼ਾਤਰ ਆਪਣੀਆਂ ਜਾਨਾਂ ਤਕ ਨਿਛਾਵਰ ਕਰ ਦਿੱਤੀਆਂ ਸਨ। ਅੱਜ ਨਸ਼ਿਆਂ ਦੀ ਲਤ ਨੇ ਉਨ੍ਹਾਂ ਦੀ ਸੁਧ-ਬੁਧ ਮਾਰ ਦਿੱਤੀ ਹੈ ਅਤੇ ਉਹ ਆਪਣੇ ਸੁਨਹਿਰੀ ਅਤੀਤ ਨੂੰ ਭੁੱਲਦੇ ਜਾ ਰਹੇ ਹਨ।
ਕੁਝ ਦਿਨ ਪਹਿਲਾਂ ਮੇਰੇ ਨਾਲ ਵੀ ਇਕ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਮੈਨੂੰ ਇਹ ਸੋਚਣ ’ਤੇ ਮਜਬੂਰ ਕਰ ਦਿੱਤਾ ਕਿ ਆਖ਼ਰ ਔਰਤ ਕਿੱਥੇ ਸੁਰੱਖਿਅਤ ਹੈ? ਜੇਕਰ ਅਜੋਕੇ ਯੁੱਗ ਵਿਚ ਕੰਮਕਾਜੀ ਔਰਤਾਂ ਦਾ ਸਫ਼ਰ ਮਰਦ ਦੇ ਮੁਕਾਬਲੇ ਵਧੇਰੇ ਔਖਾ ਜਾਂ ਮੁਸ਼ਕਲ ਹੈ ਤਾਂ ਉਸ ਦਾ ਕਾਰਨ ਸਿਰਫ਼ ਘਰੇਲੂ ਕੰਮਕਾਜ ਜਾਂ ਸਮਾਜਿਕ ਪਰੰਪਰਾ ਦੀਆਂ ਬੇੜੀਆਂ ਨਹੀ ਹਨ। ਔਰਤ ਲਈ ਕੰਮਕਾਜੀ ਹੋਣਾ ਸਮੇਂ ਦੀ ਜ਼ਰੂਰਤ ਵੀ ਹੈ ਅਤੇ ਸਥਿਤੀਆਂ ਦੇ ਮੁਤਾਬਕ ਇਹ ਵਧੇਰੇ ਚੁਣੌਤੀਪੂਰਨ ਵੀ ਹੋ ਗਿਆ ਹੈ। ਹੋਇਆ ਇਹ ਕਿ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮਕਾਜ ਦੇ ਸਿਲਸਿਲੇ ਵਿਚ ਚੰਡੀਗੜ੍ਹ ਗਈ।
ਵਾਪਸੀ ਉੱਤੇ ਮੁਹਾਲੀ ਦੇ ਨਜ਼ਦੀਕ ਮੈਂ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਮੇਰੇ ਤੋਂ ਥੋੜ੍ਹੀ ਜਿਹੀ ਵਿੱਥ ’ਤੇ ਹੀ ਕੁਝ ਸਵਾਰੀਆਂ ਹੋਰ ਵੀ ਖੜ੍ਹੀਆਂ ਸਨ ਕਿ ਅਚਾਨਕ ਇਕ ਕਾਰ ਮੇਰੇ ਕੋਲ ਆ ਕੇ ਰੁਕੀ। ਉਸ ਵਿੱਚੋਂ ਇਕ ਨੌਜਵਾਨ ਨੇ ਮਿੰਨਤ ਜਿਹੀ ਕਰਦੇ ਹੋਏ ਕਿਹਾ, “ ਮੈਡਮ, ਮੇਰਾ ਫੋਨ ਬੈਟਰੀ ਘੱਟ ਹੋਣ ਕਾਰਨ ਬੰਦ ਹੋ ਗਿਆ ਹੈ, ਮੇਰੀ ਮਾਂ ਮੇਰੇ ਨਿੱਕੇ ਬੇਟੇ ਨਾਲ ਫਾਜ਼ਿਲਕਾ ਤੋਂ ਆ ਰਹੀ ਹੈ, ਮੈਂ ਉਨ੍ਹਾਂ ਨੂੰ ਇਸੇ ਬੱਸ ਸਟਾਪ ’ਤੇ ਰੁਕਣ ਲਈ ਕਿਹਾ ਸੀ ਪਰ ਮੇਰਾ ਫੋਨ ਬੰਦ ਹੋ ਗਿਆ ਹੈ। ਕੀ ਤੁਸੀਂ ਆਪਣੇ ਫੋਨ ਤੋਂ ਉਨ੍ਹਾਂ ਨੂੰ ਇਕ ਵਾਰ ਫੋਨ ਕਰ ਦਿਓਗੇ? ਮੈਂ ਪਹਿਲਾਂ ਮਨ੍ਹਾ ਕੀਤਾ ਪਰ ਦੋ-ਤਿੰਨ ਮਿੰਟ ਬਾਅਦ ਉਹੀ ਮੁੰਡਾ ਫਿਰ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, ਮੈਡਮ ਮਿੰਨਤ ਵਾਲੀ ਗੱਲ ਹੈ, ਇਕ ਫੋਨ ਕਰਵਾ ਦਿਉ। ਇਸ ਵਾਰ ਦੀ ਗੱਲ ਸੁਣ ਕੇ ਮੈਨੂੰ ਲੱਗਾ ਕਿ ਸ਼ਾਇਦ ਉਹ ਸੱਚੀਂ ਪਰੇਸ਼ਾਨ ਹੈ। ਉਸ ਲੜਕੇ ਨੇ ਜੋ ਨੰਬਰ ਦਿੱਤਾ ਮੈਂ ਆਪਣੇ ਫੋਨ ਤੋਂ ਡਾਇਲ ਕੀਤਾ। ਇਸ ਦੌਰਾਨ ਮੈਂ ਆਪਣੇ ਮਨ ਵਿਚ ਸੋਚ ਰਹੀ ਸੀ ਕਿ ਮੈਂ ਆਪਣਾ ਫੋਨ ਇਹਨੂੰ ਬਿਲਕੁਲ ਵੀ ਨਹੀਂ ਫੜਾਵਾਂਗੀ ਅਤੇ ਖ਼ੁਦ ਹੀ ਗੱਲ ਕਰਾਂਗੀ। ਕੀ ਪਤਾ ਕਿ ਇਹ ਮੇਰਾ ਫੋਨ ਲੈ ਕੇ ਹੀ ਨਾ ਭੱਜ ਜਾਵੇ। ਉਸ ਨੰਬਰ ’ਤੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਇਸ ਬਾਬਤ ਮੈਂ ਉਸ ਮੁੰਡੇ ਨੂੰ ਦੱਸ ਦਿੱਤਾ ਕਿ ਤੁਹਾਡੇ ਨੰਬਰ ’ਤੇ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਤੇ ਜੇਕਰ ਉਨ੍ਹਾਂ ਦਾ ਦੁਬਾਰਾ ਫੋਨ ਆਇਆ ਤਾਂ ਮੈਂ ਦੱਸ ਦਿਆਂਗੀ ਕਿ ਤੁਸੀਂ ਇਸ ਥਾਂ ’ਤੇ ਖੜ੍ਹੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹੋ। ਉਹ ਮੁੰਡਾ ਉੱਥੋਂ ਧੰਨਵਾਦ ਕਰ ਕੇ ਚਲਾ ਗਿਆ। ਤਕਰੀਬਨ ਦਸ ਮਿੰਟ ਬਾਅਦ ਹੀ ਮੈਨੂੰ ਉਸ ਫੋਨ ਤੋਂ ਦੁਬਾਰਾ ਫੋਨ ਆਇਆ। ਉਸੇ ਲੜਕੇ ਦੀ ਆਵਾਜ਼ ਸੀ। ਕਹਿਣ ਲੱਗਾ, “ਮੈਡਮ, ਆਪਾਂ ਦੋਵੇਂ ਕਿਤੇ ਚੱਲੀਏ।’’ ਮੈਂ ਸੁਣ ਕੇ ਸੁੰਨ ਰਹਿ ਗਈ। ਮੈਨੂੰ ਸਮਝ ਵੀ ਨਹੀਂ ਸੀ ਆ ਰਿਹਾ ਕਿ ਇਹ ਫੋਨ ਕੀਹਨੇ ਕੀਤਾ। ਪੁੱਛਣ ’ਤੇ ਉਸ ਲੜਕੇ ਨੇ ਕਿਹਾ ਕਿ ਹੁਣੇ ਤਾਂ ਤੁਸੀਂ ਮੈਨੂੰ ਦਸ ਮਿੰਟ ਪਹਿਲਾਂ ਆਪਣਾ ਨੰਬਰ ਦਿੱਤਾ ਹੈ। ਮੈਂ ਬਿਲਕੁਲ ਹੈਰਾਨ ਰਹਿ ਗਈ। ਦਰਅਸਲ, ਇਹ ਉਸ ਲੜਕੇ ਦੀ ਮੇਰੇ ਤੋਂ ਨੰਬਰ ਲੈਣ ਦੀ ਚਾਲ ਸੀ। ਮੈਂ ਉਸ ਮੁੰਡੇ ਨੂੰ ਬਹੁਤ ਬੁਰਾ-ਭਲਾ ਬੋਲਿਆ ਅਤੇ ਫੋਨ ਕੱਟ ਦਿੱਤਾ। ਪਰ ਉਹ ਮੁੰਡਾ ਮੈਨੂੰ ਪੰਜ-ਪੰਜ ਮਿੰਟ ਬਾਅਦ ਦੁਬਾਰਾ ਫੋਨ ਕਰਦਾ ਰਿਹਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਸ਼ਾਮੀਂ ਘਰ ਆਉਣ ’ਤੇ ਮੈਂ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ। ਉਨ੍ਹਾਂ ਨੇ ਜਦੋਂ ਆਪਣੇ ਫੋਨ ਤੋਂ ਓਸ ਮੁੰਡੇ ਨੂੰ ਫੋਨ ਕੀਤਾ ਤਾਂ ਉਹਦਾ ਕਹਿਣਾ ਸੀ ਕਿ ਤੁਹਾਡੀ ਪਤਨੀ ਨੇ ਹੀ ਮੈਨੂੰ ਆਪਣਾ ਨੰਬਰ ਦਿੱਤਾ ਹੈ। ਇਹ ਤਾਂ ਸ਼ੁਕਰ ਹੈ ਰੱਬ ਦਾ ਕਿ ਸਾਡਾ ਰਿਸ਼ਤਾ ਮੁਕੰਮਲ ਵਿਸ਼ਵਾਸ ’ਤੇ ਬਣਿਆ ਹੋਇਆ ਹੈ ਅਤੇ ਸਾਨੂੰ ਕਿਸੇ ਨੂੰ ਵੀ ਕਿਸੇ ਵੀ ਗੱਲ ਲਈ ਸਫ਼ਾਈਆਂ ਦੇਣ ਦੀ ਜ਼ਰੂਰਤ ਨਹੀਂ। ਇਨ੍ਹਾਂ ਨੇ ਉਸ ਮੁੰਡੇ ਨੂੰ ਫੋਨ ’ਤੇ ਕਿਹਾ ਕਿ ਤੂੰ ਜਿਸ ਕੁੜੀ ਨੂੰ ਫੋਨ ਕਰ ਰਿਹਾ ਹੈ, ਉਹ ਮੇਰੀ ਪਤਨੀ ਹੈ ਤੇ ਇਕ ਬੱਚੇ ਦੀ ਮਾਂ ਹੈ। ਇਸ ਨੰਬਰ ’ਤੇ ਜੇਕਰ ਤੂੰ ਦੁਬਾਰਾ ਫੋਨ ਕੀਤਾ ਤਾਂ ਅਸੀ ਥਾਣੇ ਵਿਚ ਜਾ ਕੇ ਸ਼ਿਕਾਇਤ ਕਰਾਂਗੇ। ਇਨ੍ਹਾਂ ਦਾ ਸਖ਼ਤ ਰਵੱਈਆ ਦੇਖ ਕੇ ਉਹ ਲੜਕਾ ਡਰ ਗਿਆ ਤੇ ਮਾਫ਼ੀ ਮੰਗਦੇ ਹੋਏ ਕਹਿਣ ਲੱਗਿਆ ਕਿ ਉਹ ਹੁਣ ਕਦੇ ਵੀ ਦੁਬਾਰਾ ਪਰੇਸ਼ਾਨ ਨਹੀਂ ਕਰੇਗਾ। ਅਣਕਿਆਸੀ ਬਿਪਤਾ ਤੋਂ ਛੁਟਕਾਰਾ ਪਾ ਕੇ ਮੈਨੂੰ ਬੇਹੱਦ ਸਕੂਨ ਮਿਲਿਆ।
ਜੇ ਉਹ ਲੜਕਾ ਨਾ ਹਟਦਾ ਤਾਂ ਸਾਨੂੰ ਸਾਈਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣੀ ਪੈਣੀ ਸੀ ਜਿਸ ਕਾਰਨ ਉਸ ਦਾ ਭਵਿੱਖ ਧੁੰਦਲਾ ਹੋ ਜਾਣਾ ਸੀ। ਇਸ ਸਾਰੇ ਘਟਨਾਕ੍ਰਮ ਦਾ ਮੇਰੇ ਮਨ ਉੱਤੇ ਬਹੁਤ ਡੂੰਘਾ ਅਸਰ ਹੋਇਆ ਹੈ। ਇਕ ਸਵਾਲ ਮੇਰੇ ਮਨ ਵਿਚ ਉਦੋਂ ਤੋਂ ਵਾਰ-ਵਾਰ ਘੁੰਮ ਰਿਹਾ ਹੈ ਕਿ ਆਖ਼ਰ ਔਰਤ ਕਿੱਥੇ ਸੁਰੱਖਿਅਤ ਹੈ? ਮੇਰੇ ਵਰਗੀਆਂ ਕੰਮਕਾਜੀ ਔਰਤਾਂ ਜਿਨ੍ਹਾਂ ਨੂੰ ਇਕ ਦਹਾਕਾ ਸਫ਼ਰ ਕਰਦੇ ਹੋਏ ਬੀਤ ਗਿਆ ਹੈ, ਜਦੋਂ ਉਨ੍ਹਾਂ ਨਾਲ ਅਜਿਹੇ ਹਾਦਸੇ ਵਾਪਰ ਸਕਦੇ ਹਨ ਤਾਂ ਸਾਡੀਆਂ ਬੱਚੀਆਂ ਨੂੰ ਨਿਸ਼ਾਨਾ ਬਣਾਉਣਾ ਕਿੰਨਾ ਕੁ ਔਖਾ ਹੈ? ਇਸ ਲਈ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਪਰਿਵਾਰ ਦੀਆਂ ਔਰਤਾਂ ਉੱਤੇ ਵਿਸ਼ਵਾਸ ਕਰੋ ਤਾਂ ਜੋ ਉਹ ਆਪਣੇ ਨਾਲ ਵਾਪਰਨ ਵਾਲੀ ਹਰ ਘਟਨਾ ਦੀ ਜਾਣਕਾਰੀ ਤੁਹਾਨੂੰ ਘਰ ਆ ਕੇ ਦੇਣ ਅਤੇ ਅਜਿਹੇ ਗ਼ੈਰ-ਸਮਾਜਿਕ ਅਨਸਰਾਂ ਦੇ ਮਨਸੂਬਿਆਂ ਨੂੰ ਕਾਮਯਾਬ ਹੋਣ ਤੋਂ ਰੋਕਿਆ ਜਾ ਸਕੇ ਅਤੇ ਸਾਡੀਆਂ ਧੀਆਂ-ਭੈਣਾਂ ਸੁਰੱਖਿਅਤ ਰਹਿਣ ਅਤੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਅਤੇ ਹਾਂ, ਆਪਣੀਆਂ ਧੀਆਂ ਨੂੰ ਸਵੈ-ਰੱਖਿਆ ਦੇ ਗੁਰ ਜ਼ਰੂਰ ਸਿਖਾਓ ਤਾਂ ਜੋ ਉਹ ਸੁਰੱਖਿਅਤ ਤੌਰ ’ਤੇ ਸਮਾਜ ਵਿਚ ਵਿਚਰ ਸਕਣ।
-ਪ੍ਰੋ. ਰਣਦੀਪ ਕੌਰ ਪੰਧੇਰ
–
Comment here