ਲਖੀਮਪੁਰ ਖੀਰੀ- ਖੇਤੀ ਕਨੂੰਨ ਰੱਦ ਕਰਵਾਉਣ ਲਈ ਸਾਲ ਭਰ ਚੱਲੇ ਅੰਦੋਲਨ ਦੀ ਅਗਵਾਈ ਕਰਨ ਵਾਲਾ ਸੰਯੁਕਤ ਕਿਸਾਨ ਮੋਰਚਾ ਇੱਕ ਵਾਰ ਫੇਰ ਸਰਗਰਮ ਹੈ। ਮੋਰਚੇ ਦੇ ਬੈਨਰ ਹੇਠ ਕਿਸਾਨ ਸੰਗਠਨ 5 ਮਈ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦਾ ਦੌਰਾ ਕਰਨਗੇ ਤਾਂ ਜੋ ਪਿਛਲੇ ਸਾਲ ਮਾਰੇ ਗਏ ਕਿਸਾਨਾਂ ਲਈ ਇਨਸਾਫ਼ ਯਕੀਨੀ ਬਣਾਇਆ ਜਾ ਸਕੇ। ਪੰਜਾਬ ਬੀਕੇਯੂ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਕਿਸਾਨ ਆਗੂ 4 ਮਈ ਨੂੰ ਪੰਜਾਬ ਛੱਡ ਕੇ ਲਖੀਮਪੁਰ ਖੇੜੀ ਵਿਖੇ ਰਾਜਸਥਾਨ, ਯੂਪੀ ਅਤੇ ਹਰਿਆਣਾ ਦੇ ਹੋਰ ਕਿਸਾਨਾਂ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੇੜੀ ‘ਚ ਹਿੰਸਾ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਇਲਾਕੇ ਵਿੱਚ ਦੌਰੇ ਦਾ ਵਿਰੋਧ ਕਰ ਰਹੇ ਸਨ। ਉੱਤਰ ਪ੍ਰਦੇਸ਼ ਪੁਲਿਸ ਦੀ ਐਫਆਈਆਰ ਅਨੁਸਾਰ ਚਾਰ ਕਿਸਾਨਾਂ ਨੂੰ ਇੱਕ ਕਾਰ ਨੇ ਕੁਚਲ ਦਿੱਤਾ ਜਿਸ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਬੈਠਾ ਸੀ। ਮੋਦੀ ਸਰਕਾਰ ਨਾਲ ਨਰਾਜ਼ ਕਿਸਾਨ ਮੋਰਚੇ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਨੇ ਅਜੇ ਵੀ ਕਈ ਮੰਗਾਂ ਨਹੀਂ ਮੰਨੀਆਂ। ਇਸ ਸਬੰਧੀ ਰਣਨੀਤੀ ਆਉਣ ਵਾਲੇ ਦਿਨਾਂ ਵਿੱਚ ਤੈਅ ਕੀਤੀ ਜਾਵੇਗੀ।
ਕਿਸਾਨ ਸੰਗਠਨ ਫੇਰ ਹੋਏ ਸਰਗਰਮ, 5 ਨੂੰ ਲਖੀਮਪੁਰ ਜਾਣਗੇ

Comment here