ਸਿਆਸਤਖਬਰਾਂ

ਕਿਸਾਨ ਵੇਚਣ ਲਈ ਜ਼ਹਿਰਾਂ ਨਾਲ ਖੇਤੀ ਕਰਦੇ ਨੇ-ਤੋਮਰ

ਕਿਹਾ- ਖੁਦ ਨਹੀਂ ਖਾਂਦੇ ਅਜਿਹੀ ਜਿਣਸ

ਨਵੀਂ ਦਿੱਲੀ- ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਇਕ ਬਿਆਨ ਨਾਲ ਇੱਕ ਵਾਰ ਫੇਰ ਕਿਸਾਨਾਂ ਦਾ ਗੁੱਸਾ ਭੜਕਣ ਵਾਲਾ ਹੈ। ਤੋਮਰ ਨੇ ਕਿਹਾ ਹੈ ਕਿ ਕਿਸਾਨਾਂ ਦਾ ਖੇਤੀ ਮਾਡਲ ਵਧੀਆ ਨਹੀਂ ਹੈ, ਜਿਸ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਤੋਮਰ ਨੇ ਇਹ ਵੀ ਕਿਹਾ ਕਿ ਕਿਸਾਨ ਲਗਾਤਾਰ ਕੀਟਨਾਸ਼ਕ ਵਾਲੀਆਂ ਜ਼ਹਿਰੀਲੀਆਂ ਫ਼ਸਲਾਂ ਉਗਾ ਰਹੇ ਹਨ। ਹਾਲਾਂਕਿ ਉਹ ਇਨ੍ਹਾਂ ਫ਼ਸਲਾ ਨੂੰ ਖ਼ੁਦ ਖਾ ਨਹੀਂ ਰਹੇ ਸਿਰਫ਼ ਵੇਚਣ ਦਾ ਕੰਮ ਕਰ ਰਹੇ ਹਨ। ਤੋਮਰ ਨੇ ਕਿਹਾ ਕਿ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ। ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਭਵਿੱਖ ’ਚ ਅਜਿਹਾ ਮਾਡਲ ਆਉਣਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਨੁਕਸਾਨ ਨਾ ਹੁੰਦਾ ਹੋਵੇ। ਉਨ੍ਹਾਂ ਦਾ ਇਸ਼ਾਰਾ ਜੈਵਿਕ ਖੇਤੀ ਵੱਲ ਸੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕੀਟਨਾਸ਼ਕਾਂ ਦਾ ਇਸਤੇਮਾਲ ਲਾਲਚ ’ਚ ਕਰ ਜ਼ਰੂਰ ਰਹੇ ਹਨ ਪਰ ਉਹ ਮਹਿਸੂਸ ਕਰ ਰਹੇ ਹਨ ਕਿ ਉਹ ਗਲਤੀ ਕਰ ਰਹੇ ਹਨ। ਕੋਈ ਵੀ ਕਿਸਾਨ ਅਜਿਹੀ ਖੇਤੀ ਕਰਦਾ ਹੈ ਅਤੇ ਪੈਸੇ ਦਾ ਕਮਾਉਂਦਾ ਹੈ ਪਰ ਖੁਸ਼ ਦਿਖਾਈ ਨਹੀਂ ਦਿੰਦਾ।  ਖੇਤੀਬਾੜੀ ਮੰਤਰੀ ਮੁਤਾਬਕ ਰਸਾਇਣ ਖੇਤੀ ਨੇ ਅਨਾਜ ਦੀ ਪੈਦਾਵਾਰ ਵਧਾਉਣ ’ਚ ਮਦਦ ਕੀਤੀ ਹੈ ਪਰ ਇਸ ਦੀ ਕੋਈ ਹੱਦ ਹੁੰਦੀ ਹੈ। ਕਿਸਾਨ ਖਾਦਾਂ ਅਤੇ ਪਾਣੀ ਦੀ ਵਧੇਰੇ ਖਪਤ ਕਾਰਨ ਪਰੇਸ਼ਾਨ ਹੈ। ਕਿਸਾਨ ਜੋ ਉਗਾਉਂਦੇ ਹਨ, ਉਹ ਖ਼ੁਦ ਖਾ ਨਹੀਂ ਰਹੇ ਸਿਰਫ ਵੇਚਦੇ ਹਨ। ਇਹ ਸੱਚਾਈ ਵੀ ਸਾਹਮਣੇ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਰਨ ਦੇ ਢੰਗ ਨੂੰ ਬਦਲਣ ਦੀ ਲੋੜ ਹੈ। ਦੇਸ਼ ਦੀ ਖੇਤੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਵੱਡੀ ਫ਼ੀਸਦੀ ਆਬਾਦੀ ਅਜੇ ਵੀ ਆਪਣੀ ਰੋਜ਼ੀ-ਰੋਟੀ ਲਈ ਖੇਤੀ ’ਤੇ ਨਿਰਭਰ ਹੈ। ਫਿਲਹਾਲ ਖੇਤੀ ਮੰਤਰੀ ਦੇ ਇਸ ਤਿੱਖੇ ਬਿਆਨ ਤੇ ਕਿਸਾਨੀ ਖੇਮੇ ਵਿੱਚੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

Comment here