ਸਿਆਸਤਖਬਰਾਂ

ਕਿਸਾਨ ਰੇਲ ਖੇਤੀ ਖੇਤਰ ਲਈ ਬਣੀ ਲਾਹੇਵੰਦ, ਰੇਲਵੇ ਦੀ ਕਮਾਈ ਵੀ ਵਧੀ

ਨਵੀਂ ਦਿੱਲੀ-ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਹਾਲ ਕਿਸਾਨੀ ਦੀ ਆਮਦਨ ਵਧਾਈ ਜਾਵੇਗੀ। ਵੱਖ ਵੱਖ ਉਪਰਾਲੇ ਕਿਸਾਨਾਂ ਲਈ ਕਰਨ ਵਿੱਚ ਜੁਟੀ ਮੋਦੀ ਸਰਕਾਰ ਨੇ ਹਾਲ ਹੀ ਵਿੱਚ ਕਿਸਾਨ ਰੇਲ ਖੇਤੀ ਉਤਪਾਦਾਂ ਦੀ ਢੋਆ ਢੁਆਈ ਲਈ ਚਲਾਈ ਹੈ। ਦਸੰਬਰ ਦੇ ਪਹਿਲੇ ਹਫਤੇ ਰਾਜਸਥਾਨ ਦੇ ਅਲਵਰ ਤੋਂ ਕਿਸਾਨ ਰੇਲ ਜ਼ਰੀਏ ਅਸਮ ਦੇ ਬਹੇਟਾ ਵਿੱਚ 22 ਡੱਬਿਆਂ ਰਾਹੀਂ ਪਿਆਜ਼ ਭੇਜਿਆ ਗਿਆ। ਅਮੂਮਨ ਰੇਲ ਦਾ ਕਿਰਾਇਆ ਏਨੇ ਡੱਬਿਆਂ ਲਈ ਦਸ ਲੱਖ ਰੁਪਏ ਬਣਦਾ ਹੈ, ਪਰ ਕਿਸਾਨ ਰੇਲ ਲਈ ਵਿਸ਼ੇਸ਼ ਸਬਸਿਡੀ ਨੇ ਇਹ ਕਿਰਾਇਆ ਅੱਧਾ ਕਰ ਦਿੱਤਾ। ਕਿਸਾਨਾਂ ਨੂੰ ਪੰਜ ਲੱਖ ਰੁਪਏ ਹੀ ਇਹ ਭਾੜਾ ਅਦਾ ਕਰਨਾ ਪਿਆ। ਅਲਵਰ ਵਿੱਚ ਕਿਸਾਨਾਂ ਨੂੰ ਪਿਆਜ਼ ਦਾ ਭਾਅ ਵੀਹ ਰੁਪਏ ਕਿੱਲੋ ਮਿਲਦਾ ਸੀ, ਅਸਮ ਵਿੱਚ ਪਿਆਜ਼ ਦੀ ਕੀਮਤ ਕਿੱਲੋ ਪਿੱਛੇ 6-8 ਰੁਪਏ ਵੱਧ ਮਿਲੀ। ਨਵੇਂ ਭਾਰਤ ਵਿੱਚ ਕਿਸਾਨੀ ਹਿੱਤ ਲਈ ਕੰਮ ਕਰਦਿਆਂ ਮੋਦੀ ਸਰਕਾਰ ਦੇ ਉਦਮ ਸਦਕਾ ਖੇਤਾਂ ਤੋਂ ਦੂਰ ਦੁਰਾਡੇ ਦੀ ਮੰਡੀ ਤੱਕ ਫਸਲ ਲਿਜਾਣ ਦੌਰਾਨ ਖਰਾਬਾ ਤੇ ਖਰਚੇ ਤੋਂ ਬਚਾਉਣ ਲਈ ਕਿਸਾਨ ਰੇਲ ਚਲਾਈ ਗਈ, ਪਹਿਲੀ ਕਿਸਾਨ ਰੇਲ 7 ਅਗਸਤ 2020 ਨੂੰ ਸ਼ੁਰੂ ਹੋਈ ਸੀ। ਜਾਣਕਾਰੀ ਮੁਤਾਬਕ 28 ਨਵੰਬਰ ਤੱਕ ਦੇਸ਼ ਵਿੱਚ 1642 ਕਿਸਾਨ ਰੇਲਾਂ ਚਲਾਈਆਂ ਗਈਆਂ, ਇਸ ਨਾਲ ਰੇਲਵੇ ਨੂੰ ਵੀ 220 ਕਰੋੜ ਰੁਪਏ ਦੀ ਕਮਾਈ ਹੋਈ ਹੈ। ਸਰਦ ਰੁੱਤ ਦ ਲੋਕ ਸਭਾ ਸੈਸ਼ਨ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ, ਦੱਸਿਆ ਕਿ ਸਬਜੀਆਂ, ਫਲ ਅਤੇ ਹੋਰ ਉਤਪਾਦਾਂ ਦੀ ਢੋਆ ਢੁਆਈ ਲਈ ਕਿਸਾਨੀ ਮੰਗ ਉੱਤੇ ਇਹ ਰੇਲ ਚਲਾਈ ਗਈ। ਇਸ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ। ਖਰਚਾ ਘਟਿਆ, ਫਸਲਾਂ ਦਾ ਖਰਾਬਾ ਘਟਿਆ ਅਤੇ ਮੁਨਾਫਾ ਵਧਿਆ ਹੈ। ਇਸ ਦੇ ਨਾਲ ਹੀ ਰੇਲਵੇ ਦੀ ਕਮਾਈ ਵੀ ਵਧੀ ਹੈ।

Comment here