ਸਿਆਸਤਵਿਸ਼ੇਸ਼ ਲੇਖ

ਕਿਸਾਨ ਮੋਰਚਾ ਸਿਆਸੀ ਪੌੜੀ ਨਹੀਂ

-ਕੁਲਦੀਪ ਸਿੰਘ ਦੀਪ (ਡਾ.)
ਕਿਸੇ ਦੀ ਪੌੜੀ ਚੜ੍ਹਨ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੌੜੀ ਸਿਰਫ਼ ਚੜ੍ਹਨਾ ਹੀ ਨਹੀਂ ਹੁੰਦਾ ਉੱਤਰਨਾ ਵੀ ਹੁੰਦਾ ਹੈ। ਪਰਾਈ ਪੌੜੀ ਰਾਹੀਂ ਕੋਈ ਟੀਸੀ ਤੇ ਚੜ੍ਹ ਤਾਂ ਸਕਦਾ ਹੈ, ਪਰ ਜਦੋਂ ਅਗਲਾ ਹੇਠੋਂ ਪੌੜੀ ਖਿਸਕਾ ਲੈਂਦਾ ਹੈ ਤਾਂ ਬੰਦਾ ਤੋਰੀ ਵਾਂਗ ਧਰਤੀ ਉਤੇ ਅਸਮਾਨ ਦੇ ਵਿਚਾਰ ਲਟਕ ਜਾਂਦਾ ਹੈ।
ਜਦੋਂ ਦਾ ਕਿਸਾਨ ਮੋਰਚਾ ਸ਼ੁਰੂ ਹੋਇਆ ਹੈ, ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪੌੜੀ ਵਾਂਗ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਸੋਨੀਆ ਮਾਨ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦੇ ਚਰਚਾ ਨੇ ਇਸ ਮੁੱਦੇ ਨੂੰ ਇਕ ਵਾਰ ਫੇਰ ਹਵਾ ਦਿੱਤੀ ਹੈ,।
ਇਸ ਤੋਂ ਪਹਿਲਾਂ ਪੌੜੀਮਾਰਕਾ ਬਰੈਂਡ ਉਸ ਵਕਤ ਸਾਮ੍ਹਣੇ ਆਇਆ, ਜਦ ਬਹੁਤ ਸਾਰੇ ‘ਕਮਰਸ਼ੀਅਲ’ ਸੁਭਾਅ ਵਾਲੇ ਕਲਾਕਾਰ ਇਸ ਦਾ ਹਿੱਸਾ ਬਣਨਾ ਸ਼ੁਰੂ ਹੋਏ। ਉਹਨਾਂ ਨੂੰ ਦੋ ਚੀਜ਼ਾਂ ਦਿਸਣ ਲੱਗੀਆਂ..ਰੁਤਬੇ…ਲੀਡਰੀਆਂ..ਜਾਂ ਫਿਰ ਟੀ ਆਰ ਪੀ। ਇਹਨਾਂ ਵਿੱਚੋਂ ਕਈਆਂ ਨੂੰ ਇਹ ਲਗਦਾ ਸੀ ਕਿ ਕਿਸਾਨ ਮੋਰਚੇ ਵਿਚ ਹੁਣ ਭੀੜਾਂ ਜੁੜਨੀਆਂ ਸ਼ੁਰੂ ਹੋ ਗਈਆਂ ਹਨ, ਇਸ ਲਈ ਆਪਣੇ-ਆਪਣੇ ਜਥੇ ਲੈ ਕੇ ਆਓ…ਸ਼ਕਤੀ ਪ੍ਰਦਰਸ਼ਨ ਕਰੋ ਤੇ ਲੀਡਰੀਆ ਚਮਕਾਓ…ਉਦੋਂ ਇਹ ਨਹੀਂ ਪਤਾ ਸੀ ਕਿ ਮੋਰਚਾ ਏਨਾ ਲੰਮਾ ਚਲਾ ਜਾਣਾ ਹੈ। ਜਥਿਆਂ ਦੇ ਜਥੇ ਲੈ ਕੇ ਜਾਣ ਵਾਲੇ ਹੁਣ ਉਹ ਸਾਰੇ ਪਤਾ ਨਹੀਂ ਹੁਣ ਕਿਹੜੇ ਹਰਨਾਂ ਦੇ ਸਿੰਗੀ ਚੜ੍ਹੇ ਹੋਏ ਹਨ? ਦੂਜਾ ਇਹਨਾਂ ਨੂੰ ਲਗਦਾ ਸੀ ਕਿ ਹੁਣ ਸਿਰਫ਼ ਕਿਸਾਨੀ ਦੇ ਗੀਤ ਹੀ ਚੱਲਣਗੇ ਇਸ ਲਈ ਧੜਾਧੜ ਗੀਤ ਲਿਖੇ ਗਏ…ਗਾਏ ਗਏ..ਯੂ ਟਿਉਬ ਤੇ ਪਾਏ ਗਏ…ਮੋਰਚੇ ਵਿਚ ਜਾ ਕੇ ਪਰਮੋਸ਼ਨਾਂ ਕੀਤੀਆਂ…ਤੇ ਯੂ ਟਿਉਬ ਤੋਂ ਕਮਾਈ ਕੀਤੀ। ਇਹਨਾਂ ਗੀਤਾਂ ਵਿਚ ਹਿੰਸਾ ਦੀ ਭਰਮਾਰ ਸੀ ਅਤੇ ਚਿੰਤਨ ਦਾ ਸੱਖਣਾਪਣ ਸੀ। ਭਾਵੇਂ ਇਹਨਾਂ ਗੀਤਾਂ ਦਾ ਵੀ ਮੋਰਚੇ ਨੂੰ ਭਖਾਉਣ ਵਿਚ ਯੋਗਦਾਨ ਰਿਹਾ ਅਤੇ ਮੋਰਚੇ ਦੀ ਲਹਿਰ ਨੂੰ ਹੁਲਾਰਾ ਮਿਲਿਆ ਪਰ ਪੌੜੀਨੁਮਾ ਲੋਕਾਂ ਨੂੰ ਉਦੋਂ ਵੀ ਲੱਗਿਆ ਸੀ ਕਿ ਗੱਡਾ ਸਾਡੇ ਸਿਰ ਤੇ ਚੱਲ ਰਿਹਾ ਹੈ…ਪਰ ਉਹ ਸਾਰੇ ਹੁਣ ਆਪੋ ਆਪਣੇ ਠਰਰੇ ਤੇ ਆ ਗਏ ਹਨ…ਗੰਦ ਪਰੋਸਣ ਵਾਲੇ ਮੁੜ ਗੰਦ ਪਰੋਸ ਰਹੇ ਹਨ..ਅਤੇ ਜੋ ਮਨੋ ਜੁੜੇ ਸੀ ਉਹ ਅੱਜ ਵੀ ਜੁੜੇ ਹੋਏ ਹਨ ਅਤੇ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਲੜੀ ਵਿਚ ਤੀਜੀ ਧਿਰ ਸੋਸ਼ਲ ਮੀਡੀਆ ਤੇ ਬਣ ਰਹੇ ਨਵੇਂ ਚੈਨਲਾਂ ਦੀ ਸੀ। ਇਸ ਦੌਰ ਵਿਚ ਧੜਾਧੜ ਨਵੇਂ ਯੂਟਿਉਬ ਚੈਨਲ ਬਣੇ, ਪੇਜ ਬਣੇ, ਗਰੁੱਪ ਬਣੇ…ਅਤੇ ਇਹਨਾਂ ਨੂੰ ਕਿਸਾਨ ਮੋਰਚੇ ਰਾਹੀਂ ਵੱਡੇ ਪੱਧਰ ਤੇ ਵਿਉਰਸ਼ਿਪ ਮਿਲੀ, ਸਬਸਕਰਾਈਬਰ ਮਿਲੇ ਤੇ ਇਹਨਾਂ ਰਾਹੀਂ ਇਹਨਾਂ ਨੇ ਮਾਇਆ ਇੱਕਠੀ ਕੀਤੀ। ਸ਼ੁਰੂ ਵਿਚ ਇਹਨਾਂ ਦੇ ਪੌੜੀਨੁਮਾ ਕਿਰਦਾਰ ਦੇ ਬਾਵਜ਼ੂਦ ਇਹਨਾਂ ਚੈਨਲਾਂ ਦਾ ਮੋਰਚੇ ਦੇ ਪ੍ਰਚਾਰ-ਪ੍ਰਸਾਰ ਵਿਚ ਅਹਿਮ ਯੋਗਦਾਨ ਰਿਹਾ। ਕਿਉਂਕਿ ਗੋਦੀ ਮੀਡੀਆ ਜਾਂ ਤਾਂ ਕਿਸਾਨ ਮੋਰਚੇ ਦੀ ਕਵਰੇਜ਼ ਕਰਦਾ ਨਹੀਂ ਸੀ ਤੇ ਜਾਂ ਫਿਰ ਵਿਰੋਧ ਵਿਚ ਕਰਦਾ ਸੀ। ਇਹਨਾਂ ਚੈਨਲਾਂ ਰਾਹੀਂ ਇਹਨਾਂ ਦੇ ਮਾਲਕਾਂ ਨੂੰ ਤਾਂ ਕਮਾਈ ਹੋਈ, ਪਰ ਮੋਰਚਾ ਵੀ ਲੋਕਾਂ ਤੱਕ ਪਹੁੰਚਿਆ। ਬਾਅਦ ਵਿਚ ਇਹੀ ਚੈਨਲ ਤਿਕੜਮਬਾਜ਼ੀਆਂ ਤੇ ਉੱਤਰ ਆਏ। ਖਾਸ ਤੌਰ ਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਇਹਨਾਂ ਦਾ ਵਰਜ਼ਨ 2.0 ਸਟਾਰਟ ਹੋਇਆ ਅਤੇ ਇਹਨਾਂ ਨੇ ਕਮਾਈ ਦੇ ਚੱਕਰ ਵਿਚ ਜਾਣ ਬੁੱਝ ਕੇ ਵਿਵਾਦੀ ਮੁੱਦਿਆਂ ਤੇ ਘੰਟਿਆਂ ਬੱਧੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਜਾਣ ਬੁੱਝ ਕੇ ਸਿੰਗੜੀਆਂ ਛੇੜ ਛੇੜ ਕੇ ਬਹੁਤ ਸਾਰੇ ਲੋਕਾਂ ਨੂੰ ਪੁੱਠੇ-ਸਿੱਧੇ ਬਿਆਨ ਦੇਣ ਲਈ ਉਕਸਾਇਆ ਅਤੇ ਇਸ ਫੇਕ ਨੈਰੇਟਿਵ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਕਿ ਮੋਰਚੇ ਵਿਚ ਨੌਜਵਾਨ ਹੋਰ ਕੁਝ ਸੋਚਦੇ ਨੇ ਤੇ ਬਜ਼ੁਰਗ ਹੋਰ ਕੁਝ ਸੋਚਦੇ ਹਨ। ਮੋਰਚੇ ਦੀ ਲੀਡਰਸ਼ਿਪ ਹੁਣ ਵੇਲਾ ਵਿਹਾ ਚੁੱਕੀ ਹੈ ਅਤੇ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ। ਹੁਣ ਇਹੀ ਚੈਨਲ ਬਿਲਕੁਲ ਹੋਛੀਆਂ ਪ੍ਰਚਾਰਬਾਜ਼ੀਆਂ ਤੇ ਉਤਰ ਆਏ ਹਨ। ਭਾਂਤ ਭਾਂਤ ਦੇ ‘ਥੰਬਨੇਲ’ ਬਣਾ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ:
• ਕਿਹੜਾ ਕਿਸਾਨ ਆਗੂ ਬਣਾ ਰਿਹਾ ਹੈ ਨਵੀਂ ਪਾਰਟੀ?
• ਕਿਹੜਾ ਬਣੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ?
• ਅੱਜ ਮੋਰਚੇ ਵਿਚ ਕਿਸ ਨੇ ਕਿਸਦੀ ਬੋਲਦੀ ਬੰਦ ਕਰਾਈ?
ਇਹ ਹੈ ਟੀਆਰਪੀ ਲਈ ਇਹਨਾਂ ਦੁਆਰਾ ਖੇਡੀ ਜਾ ਰਹੀ ਨਵੀਂ ਖੇਡ।
ਇਸ ਲੜੀ ਵਿਚ ਅਗਲੀ ਧਿਰ ਸਿਆਸੀ ਪਾਰਟੀਆਂ ਦੀ ਸੀ। ਇਸ ਮੋਰਚੇ ਨੇ ਸਿਆਸੀ ਪਾਰਟੀਆਂ ਨੂੰ ਇਹਨਾਂ ਦੀ ਔਕਾਤ ਦਿਖਾ ਦਿੱਤੀ। ਜਦ ਵਿਵਸਥਾ ਤੋਂ ਅੱਕੇ ਲੋਕ ਵਹੀਰਾਂ ਘੱਤ ਕੇ ਮੋਰਚੇ ਵਿਚ ਸ਼ਾਮਿਲ ਹੋਏ ਤਾਂ ਇਹਨਾਂ ਦੇ ਪੈਰਾਂ ਹੇਠਲੀ ਜ਼ਮੀਨ ਖਿਸਕਣੀ ਸ਼ੁਰੂ ਹੋਈ। ਜਿਹੜੀ ਬੀਬੀ ਸੈਂਟਰ ਵਿਚ ਮੰਤਰੀ ਬਣ ਕੇ ਤਿੰਨ ਕਨੂੰਨਾਂ ਦੇ ਹੱਕ ਵਿਚ ਦਲੀਲਾਂ ਦਿੰਦੀ ਸੀ, ਰਾਤੋ ਰਾਤ ਪਾਲਾ ਬਦਲ ਗਈ, ਰਾਤੋ ਰਾਤ ‘ਮਹਾਂ ਗਿਆਨ’ ਪ੍ਰਾਪਤ ਹੋ ਗਿਆ ਕਿ ਕਨੂੰਨ ਤਾਂ ਕਿਸਾਨ ਵਿਰੋਧੀ ਨੇ…ਅਸਤੀਫਾ ਦਿੱਤਾ..ਸਮਰਥਨ ਵਾਪਿਸ ਲਿਆ…ਤੇ ਕਿਸਾਨ ਮੋਰਚੇ ਦੇ ਜਹਾਜ਼ ਦੇ ਸਵਾਰ ਹੋ ਗਏ। ਪਰ ਮੋਰਚੇ ਦੇ ਪਾਇਲਟਾਂ ਨੇ ਮੂੰਹ ਨਾ ਲਾਇਆ, ਅੱਜ ਤੱਕ ਇੱਟ-ਖੜੱਕਾ ਤੁਰਿਆ ਆਉਂਦਾ ਹੈ। ਉਹ (ਨੇਤਾ) ਕਹਿੰਦੇ ਹਨ ਕਿ ‘ਕਦੇ ਕੱਲੀ ਬਹਿ ਕੇ ਸੋਚੀਂ ਨੀ, ਅਸੀਂ ਕੀ ਨਹੀਂ ਕੀਤਾ ਤੇਰੇ ਲਈ’..ਤੇ ਉਹ (ਕਿਸਾਨ) ਕਹਿੰਦੇ ਨੇ : ਹੱਥ ਸੋਚ ਕੇ ਗੰਦਲ ਨੂੰ ਪਾਈਂ, ਕਿਹੜੀ ਏ ਤੂੰ ਸਾਗ ਤੋੜਦੀ…
ਫੇਰ ਪੰਜਾਬ ਵਿਚ ਰਾਜ ਕਰ ਰਹੀ ਧਿਰ ਨੂੰ ਲੱਗਿਆ ਕਿ ਗੰਦਲਾਂ ਤਾਂ ਉਹ ਤੋੜ ਕੇ ਲੈ ਜਾਣਗੇ, ਸਾਡਾ ਤਾਂ ਤੜਕਾ ਭੁੰਨਿਆਂ ਐਂਈ ਜਾਉਂਗਾ ਤਾਂ ਉਹ ਜਿਹੜੇ ਸਾਢੇ ਤਿੰਨ ਸਾਲ ਪੰਜਾਬ ਵਿਚ ਕਿਸਾਨਾਂ ਦੇ ਪੁੜੇ ਕੁੱਟਦੇ ਰਹੇ, ਰਾਤੋ ਰਾਤ ਮੋਰਚੇ ਦੀ ਪੌੜੀ ਤੇ ਚੜ੍ਹਨ ਲੱਗੇ। ਵਿਧਾਨਸਭਾ ਦਾ ਸ਼ੈਸ਼ਨ ਬੁਲਾ ਕੇ ਕਨੂੰਨ ਰੱਦ ਕੀਤੇ..ਗੰਨੇ ਦੇ ਰੇਟ ਵਧਾਏ..ਦਿੱਲੀ ਨੂੰ ਪਾਣੀ ਪੀ ਪੀ ਕੋਸ਼ਣ ਲੱਗੇ..ਤੇ ਹੋਰ ਉਰਲੀਆਂ-ਪੁਰਲੀਆਂ ਕਰਨ ਲੱਗੇ ਤਾਂ ਜੋ ਚਾਰ ਗੰਦਲਾਂ ਇਹਨਾਂ ਦੇ ਵੀ ਹੱਥ ਲੱਗ ਜਾਣ ਤੇ ਅਗਲਾ ਸਿਆਲ ਸੌਖਾ ਲੰਘ ਜਾਵੇ।
ਬਾਕੀ ਪਾਰਟੀਆਂ ਨੇ ਵੀ ਆਪੋ ਆਪਣੇ ਪੱਧਰ ਤੇ ਬਹੁਤ ਪਾਪੜ ਵੇਲੇ…ਦੂਜਿਆਂ ਨੂੰ ਰੱਦ ਕੀਤਾ, ਆਪਣੇ ਆਪ ਨੂੰ ਦੁੱਧ ਧੋਤੇ ਸਾਬਿਤ ਕੀਤਾ। ਅੰਦਰਖਾਤੇ ਗਿਣਤੀਆਂ ਮਿਣਤੀਆਂ ਕਰਦੇ ਰਹੇ ਕਿ ਮੋਰਚੇ ਦਾ ਕਿਸ ਨੂੰ ਫਾਇਦਾ ਹੋਣਾ ਅਤੇ ਕਿਸ ਨੂੰ ਨੁਕਸਾਨ। ਲਖੀਮਪੁਰ ਖੀਰੀ ਦੀ ਘਟਨਾ ਤੱਕ ਆਪਣੇ ਆਪ  ਨੂੰ ਮੋਰਚੇ ਦਾ ਭੀਸ਼ਮ ਪਿਤਾਮਾ ਸਿੱਧ ਕਰਨ ਦੀ ਜੰਗ ਚਲਦੀ ਰਹੀ। ਹੁਣ ਵੀ ਸਾਬਕਾ ਕਪਤਾਨ ਨੂੰ ਇਹ ਵਹਿਮ ਹੈ ਕਿ ਜੇ ਕਾਲੇ ਕਨੂੰਨ ਵਾਪਿਸ ਲਏ ਤਾਂ ਮੈਂ ਆਪਣੇ ਸਿਰ ਕਰੈਡਿਟ ਲਊਂਗਾ ਤੇ ਸਰੋਵਰ ਵਿਚ ਡੁਬਕੀ ਲਾ ਲੇ ਕਾਲੇ ਕਾਂ ਤੋਂ ਚਿੱਟਾ ਕਾਂ ਬਣ ਜਾਉਂਗਾ। ਇਹ ਸਿਲਸਿਲਾ ਜਾਰੀ ਹੈ। ਕਾਲਾ ਕਾਂ ਇਕ ਨਹੀਂ ਹੈ, ਸਾਰੀ ਡਾਰ ਹੀ ਕਾਲੀ ਹੈ।
ਇਸ ਲੜੀ ਵਿਚ ਇਕ ਅਹਿਮ ਧਿਰ ਕਿਸਾਨ ਮੋਰਚੇ ਦੇ ਅੰਦਰਲੀਆਂ ਧਿਰਾਂ ਹਨ। ਬਿਨਾ ਸ਼ੱਕ ਅੱਜ ਦੇ ਦੌਰ ਵਿਚ ਹਰ ਬੰਦਾ ਸਿਆਸੀ ਹੈ, ਹਰ ਬੰਦੇ ਦੇ ਸਿਆਸੀ ਸਰੋਕਾਰ ਹਨ ਤੇ ਵਿਚਾਰਧਾਰਾਵਾਂ ਹਨ। ਚੋਣਾਂ ਲੜਨੀਆਂ, ਸਿਆਸੀ ਪਾਰਟੀ ਬਣਾਉਣਾ ਅਤੇ ਸੱਤਾ ਤੱਕ ਪਹੁੰਚਣਾ ਹਰ ਕਿਸੇ ਦਾ ਅਧਿਕਾਰ ਹੈ, ਪਰ ਮੋਰਚੇ ਦੀ ਭਖੀ ਹੋਈ ਤਵੀ ਤੇ ਕਿਸੇ ਨੂੰ ਫੁਲਕੇ ਲਾਹੁਣ ਦਾ ਅਧਿਕਾਰ ਨਹੀਂ  ਹੈ। ਇਸ ਲਈ ਇਸ ਮੋਰਚੇ ਵਿਚ ਸ਼ਾਮਿਲ ਨਿੱਕੀਆਂ ਵੱਡੀਆਂ ਧਿਰਾਂ ਨੇ ਲਗਾਤਾਰ ਇਸ ਮਸਲੇ ਸਬੰਧੀ ਚਿੰਤਨ-ਮੰਥਨ ਕੀਤਾ ਹੈ। ਰਾਜੇਵਾਲ ਤੋਂ ਲੈ ਕੇ ਟਿਕੈਤ ਤੱਕ ‘ਵੁੱਡ ਵੀ ਚੀਫ਼ ਮਿਨਿਸਟਰ’ ਦੀਆਂ ਅਫਵਾਹਾਂ ਚਲਦੀਆਂ ਰਹੀਆਂ ਹਨ। ਯੋਗਿੰਦਰ ਯਾਦਵ ਤੇ ਤਾਂ ਪਹਿਲੇ ਦਿਨ ਤੋਂ ਹੀ ਸਿਆਸੀ ਹੋਣ ਦੇ ਇਲਜ਼ਾਮ ਲੱਗੇ ਹਨ। ਇਸ ਸੰਦਰਭ ਵਿਚ ਸਭ ਤੋਂ ਅਹਿਮ ਵਿਅਕਤੀ ਚੜੂਨੀ ਹੈ। ਉਹ ਅਕਸਰ ਆਪਣੇ ਸਿਆਸੀ ਪੱਤੇ ਖੋਲਦਾ ਹੈ, ਫਿਰ ਕੁਝ ਦੇਰ ਲਈ ਬੰਦ ਕਰ ਦਿੰਦਾ ਹੈ ਅਤੇ ਫਿਰ ਖੋਲ੍ਹਦਾ ਹੈ। ਹਰਿਆਣਾ ਦੀਆਂ ਚੋਣਾਂ ਦੂਰ ਹਨ, ਪਰ ਪੰਜਾਬ ਦੀਆਂ ਚੋਣਾਂ ਸਿਰ ਤੇ ਹਨ ਤੇ ਪੰਜਾਬ ਚੋਣਾਂ ਵਿਚ ਭਾਗ ਲੈਣ ਲਈ ਅਤੇ ਜਾਂ ਕੋਈ ਨਵੀਂ ਪਾਰਟੀ ਬਣਾਉਣ ਲਈ ਉਸ ਦੇ ਬਿਆਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ ਅਤੇ ਇਸ ਮਾਮਲੇ ਤੇ ਉਸ ਨੂੰ ਇਕ ਵਾਰ ਮੋਰਚੋ ਵਿੱਚੋਂ ਸਸਪੈਂਡ ਵੀ ਰੱਖਿਆ ਗਿਆ ਸੀ ਅਤੇ ਕਿਤੇ ਨਾ ਕਿਤੇ ਮੋਰਚੇ ਦੇ ਐਕਸ਼ਨਾਂ ਸਬੰਧੀ ਵੀ ਉਸ ਦੀ ‘ਤੂੰ-ਤੂੰ, ਮੈਂ ਮੈਂ’ ਚਲਦੀ ਰਹਿੰਦੀ ਹੈ।
ਥੋੜਾ ਜਿਹਾ ਹੇਠਲੀਆਂ ਪਰਤਾਂ ਤੇ ਆ ਜਾਈਏ ਤਾਂ ਕਈ ‘ਸਮਾਲ ਸਕੇਲ ਨੇਤਾ’ ਹਨ। ਇਹ ਨੇਤਾ ਆਏ ਤਾਂ ਕਿਸੇ ਹੋਰ ਫਰੰਟ ਤੋਂ ਸਨ ਪਰ ਮੋਰਚੇ ਵਿਚ ਲਗਾਤਾਰ ਸੁਰਖੀਆਂ ਵਿਚ ਰਹੇ ਹਨ। ਲੱਖਾ ਸਿਧਾਣਾ ਇਹਨਾਂ ਵਿਚ ਇੱਕ ਹੈ, ਜਿਸ ਦਾ ਸਟੈਂਡ ਅੱਜ ਵੀ ਪਹੇਲੀ ਹੈ। ਇਹ ਗੱਲ ਤਾਂ ਪੱਕੀ ਹੈ ਕਿ ਉਸ ਦਾ ਕਿਸਾਨ ਜਥੇਬੰਦੀਆਂ ਨਾਲ ਕੋਈ ਸਿੱਧਾ ਸਰੋਕਾਰ ਨਹੀਂ ਹੈ ਅਤੇ ਉਸ ਦੀਆਂ ਰਾਜਸੀ ਇੱਛਾਵਾਂ ਵੀ ਸਪਸ਼ਟ ਹਨ। ਪਰ ਪਹਿਲਾਂ ਪੰਜਾਬੀ ਭਾਸ਼ਾ ਤੇ ਮੁੱਦੇ ਤੇ ਅਤੇ ਹੁਣ ਕਿਸਾਨੀ ਨਾਲ ਕਈ ਮਸਲਿਆਂ ਤੇ ਉਲਟ ਸਟੈਂਡ ਹੋਣ ਦੇ ਬਾਵਜ਼ੂਦ ਉਹ ਇਕ ਗਿਣਨਯੋਗ ਧਿਰ ਦੇ ਰੂਪ ਵਿਚ ਮੌਜੂਦ ਹੈ। ਅਗਲੇ ਸਮੇਂ ਵਿਚ ਬਿੱਲੀ ਥੈਲਿਓ ਬਾਹਰ ਆਉਣੀ ਹੈ ਫੇਰ ਪਤਾ ਲਗਣਾ ਕਿ ਇਹ ਊਠ ਕਿਸ ਕਰਵਟ ਬੈਠਦਾ ਹੈ। ਫਿਲਹਾਲ ਉੱਸਲਵੱਟੇ ਜਾਰੀ ਹਨ। ਸੋਨੀਆ ਮਾਨ ਇਸੇ ਤਰ੍ਹਾਂ ਦਾ ਇਕ ਹੋਰ ਨਾਂ ਹੈ। ਸੋਨੀਆ ਮਾਨ ਦਾ ਪਿਤਾ ਖੱਬੇਪੱਖੀ ਧਿਰਾਂ ਦਾ ਸਰਗਰਮ ਆਗੂ ਰਿਹਾ ਹੈ। ਭਾਵੇਂ ਬਹੁਤ ਸਾਰੇ ਲੋਕ ਇਸ ਤੇ ਵੀ ਕਿੰਤੂ ਪਰੰਤੂ ਕਰਦੇ ਰਹੇ ਹਨ, ਪਰ ਇਸ ਪਿਛੋਕੜ ਕਾਰਨ ਉਸ ਨੂੰ ਮੋਰਚੇ ਦੇ ਮੰਚਾਂ ਤੇ ਵੱਡੀ ਸਪੇਸ ਮਿਲਦੀ ਰਹੀ ਹੈ। ਫਿਲਮੀ ਦੁਨੀਆ ਨਾਲ ਸਬੰਧਤ ਹੋਣ ਕਾਰਨ ਉਸ ਨੂੰ ਮੋਰਚੇ ਨੇ ਸਪੇਸ ਵੀ ਦਿੱਤੀ ਅਤੇ ਉਸ ਨੂੰ ‘ਟੀ ਆਰ ਪੀ’ ਵੀ ਮਿਲੀ ਅਤੇ ਹੁਣ ਉਹ ਇਸ ਟੀਆਰਪੀ ਦੀ ਬੁਲੇਟ ਟਰੇਨ ਤੇ ਚੜ੍ਹ ਕੇ ਸਿਆਸਤ ਦੀ ਲੰਕਾ ਵਿਚ ਪ੍ਰਵੇਸ਼ ਕਰਨਾ ਚਾਹੁੰਦੀ ਹੈ। ਜਦ ਬਾਂਦਰ ਦੀ ਪੂਛ ਨੂੰ ਅੱਗ ਲਗਦੀ ਹੈ ਤਾਂ ਕੋਈ ਹੋਰ ਮੱਚੇ ਨਾ ਮੱਚੇ, ਪੂਛ ਜ਼ਰੂਰ ,ਮੱਚ ਜਾਂਦੀ ਹੈ। ਸੋਨੀਆ ਮਾਨ ਦੇ ਬਹਾਨੇ ਨਾਲ ਇਹੋ ਜਿਹੇ ਹੋਰ ਲੋਕਾਂ ਨੂੰ ਏਨਾ ਹੀ ਕਹਿਣਾ ਹੈ ਕਿ ਮੋਰਚੇ ਵਿਚ ਆਏ ਹੋ ਤਾਂ ਮੋਰਚੇ ਦੇ ਬਣ ਕੇ ਰਹੋ..ਇਸ ਨੂੰ ਪੌੜੀ ਵਾਂਗ ਵਰਤ ਕੇ ਟੀਸੀ ਤੇ ਪਹੁੰਚਣ ਦੀ ਕੋਸ਼ਿਸ਼ ਕਰੋਗੇ ਤਾਂ ਲੋਕਾਂ ਨੇ ਪੌੜੀ ਖਿੱਚਣ ਲੱਗੇ ਵੀ ਮਿੰਟ ਲਾਉਣਾ ਹੈ, ਫਿਰ ਧਰਤੀ ਤੇ ਆਉਣ ਲਈ ਵੀ ਤਰਸੋਗੇ।
ਇਸ ਮਾਮਲੇ ਵਿਚ ਆਖਰੀ ਧਿਰ ਉਹ ਸੁਹਿਰਦ ਤੇ ਜਾਂਬਾਜ਼ ਵਰਕਰ ਹੈ, ਜੋ ਪਹਿਲੇ ਦਿਨ ਤੋਂ ਤਨੋਂ-ਮਨੋਂ-ਧਨੋਂ ਮੋਰਚੇ ਦੇ ਵਿਚ ਅਤੇ ਮੋਰਚੇ ਦੇ ਨਾਲ ਹੈ। ਪੰਜਾਬ ਦੇ ਮਲੋਟ ਤੋਂ ਲੈ ਕੇ ਹਰਿਆਣਾ ਤੇ ਕਰਨਾਲ ਤੱਕ ਅਤੇ ਹਰਿਆਣਾ ਦੇ ਕਰਨਾਲ ਤੋਂ ਲੈ ਕੇ ਲਖੀਮਪੁਰ ਖੀਰੀ ਤੱਕ ਇਹ ਲੜਦਾ ਹੈ, ਜੂਝਦਾ ਹੈ, ਮਰਦਾ ਹੈ..ਪਰ ਨਾ ਵਿਕਦਾ ਹੈ ਅਤੇ ਨਾ ਪਿੱਠ ਦਿਖਾਉਂਦਾ ਹੈ। ਇਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ..ਲਗਤਾਰ ਸਿਆਸੀ ਲੀਡਰਾਂ ਦਾ ਬਾਈਕਾਟ ਕਰਦਾ ਹੈ, ਚੌਕਾਂ ਵਿਚ ਖੜ੍ਹਦਾ ਹੈ, ਉਹਨਾਂ ਦੇ ਕਾਫ਼ਲਿਆਂ ਨੂੰ ਰੋਕਦਾ ਹੈ, ਹੈਲੀਪੈੜ ਢਾਹੁੰਦਾ ਹੈ, ਪਿੰਡਾਂ ਵਿਚ ਵੜ੍ਹਨ ਤੇ ਸਵਾਲਾਂ ਦੀ ਵਾਛੜ ਕਰਦਾ ਹੈ ਅਤੇ ਬਹੁਤੀ ਵਾਰ ਇਹਨਾਂ ਦੰਭੀ ਨੇਤਾਵਾਂ ਨੂੰ ਉਹਨੀ ਪੈਰੀਂ ਵਾਪਿਸ ਮੁੜਨ ਤੇ ਮਜ਼ਬੂਰ ਕਰਦਾ ਹੈ। ਜਦ ਹੁਣ ਵੋਟਾਂ ਆ ਹੀ ਰਹੀਆਂ ਹਨ ਤਾਂ ਉਹ ਕਿਹੜੀ ਪੌੜੀ ਚੜ੍ਹੇ?
• ਜਿਨ੍ਹਾਂ ਨੂੰ ਘੇਰਦਾ ਹੈ, ਸੁਆਲ ਕਰਦਾ ਹੈ, ਕਟਹਿਰੇ ਵਿਚ ਖੜ੍ਹਾ ਕਰਦਾ ਹੈ, ਇਹਨਾਂ ਨੂੰ ਹੀ ਵੋਟ ਪਾਵੇ?
• ਕਿਸੇ ਨੂੰ ਨਾ ਵੋਟ ਪਾਵੇ?
• ਕਿਸਾਨਾਂ ਵਿਚੋਂ ਭੱਜ ਕੇ ਜਾਂ ਬਾਗੀ ਹੋ ਕੇ ਆਏ ਕਿਸਾਨ ਨੇਤਾ ਨੂੰ ਲੀਡਰ ਮੰਨ ਕੇ ਉਸ ਦੇ ਨਾਲ ਤੁਰੇ?
• ਜਾਂ ਬਿੱਲੀ ਤੇ ਕਬੂਤਰ ਦੀ ਕਹਾਣੀ ਵਾਂਗ ਅੱਖਾਂ ਮੀਟ ਲਵੇ?
ਇਸ ਮਰਜੀਵੜੇ ਲਈ ਇਹ ਚੋਣਾਂ ਅਗਨਪ੍ਰੀਖਿਆ ਹਨ। ਉਸ ਦਾ ਸਰਮਾਇਆ, ਜ਼ਮੀਨ, ਰਿਸ਼ਤੇ, ਪਰਿਵਾਰ, ਦੇਹ, ਜ਼ਮੀਰ ਸਭ ਕੁਝ ਦਾਅ ਤੇ ਲੱਗਿਆ ਹੋਇਆ ਹੈ..ਕਰੋ ਜਾਂ ਮਰੋ ਦੀ ਸਥਿਤੀ ਹੈ ਉਸ ਦੀ? ਖਰੀਦਦਾਰ ਸੌਦਾ ਕਰਨ ਦਾ ਦਾਅ ਤਲਾਸ਼ ਰਹੇ ਹਨ..ਸਿਆਸੀ ਡਰਾਈਵਰ ਹਰ ਪ੍ਰਕਾਰ ਦਾ ਲਾਲਚ ਦਿੰਦੇ ਗੇੜੇ ਕਢਦੇ ਫਿਰਦੇ ਹਨ : ਆਜਾ ਮੇਰੀ ਗਾੜੀ ਮੇਂ ਬੈਠ ਜਾ…
ਇਹ ਕਰੇ ਤਾਂ ਕੀ ਕਰੇ?
ਕਿਸਾਨ ਮੋਰਚੇ ਨੂੰ ਇਹਨਾਂ ਦੇ ਸੁਆਲਾਂ ਅਤੇ ਕਸ਼ਮਕਸ਼ ਨੂੰ ਜ਼ਰੂਰ ਸੰਬੋਧਤ ਹੋਣਾ ਚਾਹੀਦਾ ਹੈ। ਇਸ ਤੇ ਨਿੱਠ ਕੇ ਚਿੰਤਨ ਕਰਨਾ ਚਾਹੀਦਾ ਹੈ। ਉਹਨਾਂ ਨੂੰ ਖਲਾਅ ਵਿਚ ਨਹੀਂ ਛੱਡਿਆ ਜਾਣਾ ਚਾਹੀਦਾ। ਯਾਦ ਰੱਖੋ ਸਿਆਸਤ ਬਹੁਤ ਸਾਜ਼ਿਸ਼ੀ ਖੇਡ ਹੈ। ਇਕ ਵਾਰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਸੰਘਰਸ਼ੀ ਵਰਕਰ ਜਾਂ ਸੱਤਾ ਦੇ ਲਾਲੀਪਾਪ ਨੂੰ ਦੇਖ ਕੇ ਮੂੰਹ ਵਿਚ ਪਾਣੀ ਲਿਆਉਣ ਵਾਲੇ ਨਿੱਕੇ ਵੱਡੇ ਨੇਤਾ ਨੂੰ ਇਹਨਾਂ ਨੇ ਆਪਣੀ ਗੱਡੀ ਵਿਚ ਚੜ੍ਹਾ ਲਿਆ ਤਾਂ ਉਸ ਨੇ ਮੋਰਚੇ ਦਾ ਘੱਟ ਜਾਂ ਵੱਧ ਨੁਕਸਾਨ ਕਰਨਾ ਹੈ। ਧਿਰਬੰਦੀਆਂ ਹੋਣੀਆਂ ਹਨ। ਇਸ ਦੀ ਇਕ ਉਦਾਹਰਨ ਸਾਮ੍ਹਣੇ ਹੈ। ਪਿੰਡਾਂ ਵਿਚ ਇਸ ਤਰ੍ਹਾਂ ਦੇ ਕੇਸ ਸਾਮ੍ਹਣੇ ਆ ਰਹੇ ਹਨ :
ਪਿੰਡਾਂ ਵਿਚ ਕਿਸਾਨ ਧਿਰਾਂ ਲੀਡਰਾਂ ਦਾ ਪਿੰਡ ਵਿਚ ਵੜ੍ਹਨ ਤੋਂ ਬਾਈਕਾਟ ਕਰ ਰਹੀਆਂ ਹਨ, ਪਰ ਇਹਨਾਂ ਨੇ ਦਲਿਤ ਭਰਾਵਾਂ ਨੂੰ ਘਰਾਂ ਲਈ ਥਾਂ ਦੇ ਦੇਣ ਦੇ ਬਹਾਨੇ ਸਾਡੀ ਇਸ ਸਾਥੀ ਧਿਰ ਤੇ ਡੋਰੇ ਪਾਉਣ ਲਈ ਪਿੰਡਾਂ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਕਈ ਥਾਵਾਂ ਤੇ ਪਿੰਡਾਂ ਵਿਚ ਕਿਸਾਨ ਅਤੇ ਦਲਿਤਾਂ ਵਿਚਕਾਰ ਤਣਾਅ ਪੈਦਾ ਹੋਣੇ ਸ਼ੁਰੂ ਹੋ ਵੀ ਗਏ ਹਨ। ਕਿਸੇ ਨੂੰ ਵੀ ਇਹਨਾਂ ਨੂੰ ਘਰਾਂ ਲਈ ਥਾਵਾਂ ਦੇਣ ਤੇ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ, ਪਰ ਸਿਆਸਤਦਾਨਾਂ ਨੂੰ ਇਸ ਗੱਲ ਲਈ ਮਜ਼ਬੂਰ ਕਰਨਾ ਚਾਹੀਦਾ ਹੈ ਕਿ ਇਹ ਦਿੱਤੀ ਜਾਣ ਵਾਲੀ ਥਾਂ ਭੀਖ ਨਹੀਂ ਹੈ, ਸਦੀਆਂ ਤੋਂ ਇਸ ਧਰਤੀ ਲਈ ਦੇਹਾਂ ਗਾਲਦੇ ਲੋਕਾਂ ਦਾ ਹੱਕ ਹੈ। ਸੋ ਅਧਿਕਾਰੀਆਂ ਦੀ ਡਿਉਟੀ ਲਗਾਓ ਤੇ ਬਿਨਾ ਤਾਮ-ਝਾਮ ਤੋਂ ਇਹਨਾਂ ਦੇ ਨਾਂ ਤੇ ਪਲਾਟ ਕਰੋ। ਜੇਕਰ ਕੱਲ੍ਹ ਨੂੰ ਇਸ ਆਧਾਰ ਤੇ ਦਲਿਤ ਬਨਾਮ ਕਿਸਾਨ ਇਸ਼ੂ ਬਣਦਾ ਹੈ ਤਾਂ ਇਹ ਸੱਤਾ ਲਈ ਵੀ ਅਤੇ ਕਿਸਾਨ ਧਿਰ ਲੲ ਵੀ ਬਹੁਤ ਖ਼ਤਰਨਾਕ ਪੌੜੀ ਸਾਬਤ ਹੋ ਸਕਦਾ ਹੈ।
ਸੋ ਸਾਰੀਆਂ ਧਿਰਾਂ ਖ਼ਬਰਦਾਰ.. ਮੋਰਚੇ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਆਤਮਘਾਤੀ ਹੋ ਸਕਦੀ ਹੈ…
ਕਿਸਾਨ ਮੋਰਚਾ ਸਿਆਸੀ ਪੌੜੀ ਨਹੀਂ ਹੈ…ਇਸ ਨੂੰ ਪੌੜੀ ਸਮਝਣ ਦੀ ਭੁੱਲ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਕਈ ਕਰਦਾ ਹੈ ਤਾਂ ਉਸ ਧਿਰ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਲਮਹਿਆਂ ਦੀ ਖ਼ਤਾ ਸਦੀਆਂ ਨੂੰ ਚੁਕਾਉਣੀ ਪੈਂਦੀ ਹੈ…ਸੱਤ ਸੌ ਕਿਸਾਨ ਸ਼ਹੀਦਾਂ ਦੀਆਂ ਆਤਮਾਵਾਂ ਦਾ ਧਿਆਨ ਧਰ ਕੇ ਸਾਰਿਆਂ ਨੂੰ ਫੁੱਕ ਫੂਕ ਕੇ ਕਦਮ ਧਰਨ ਦੀ ਜ਼ਰੂਰਤ ਹੈ ਤੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

Comment here