ਸਿਆਸਤਖਬਰਾਂਚਲੰਤ ਮਾਮਲੇ

ਕਿਸਾਨ ਨੇ 400 ਏਕੜ ਜ਼ਮੀਨ ਨੂੰ ਜੰਗਲ ‘ਚ ਬਦਲਿਆ

ਜਗਦਲਪੁਰ-ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਇਕ ਆਦਿਵਾਸੀ ਕਿਸਾਨ ਨੇ ਆਪਣੇ ਪਿੰਡ ਦੀ 400 ਏਕੜ ਜ਼ਮੀਨ ਨੂੰ ਸੰਘਣੇ ਜੰਗਲ ‘ਚ ਬਦਲ ਦਿੱਤਾ ਹੈ। ਜੰਗਲਾਤ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਆਦਿਵਾਸੀ ਕਿਸਾਨ ਦਾਮੋਦਰ ਕਸ਼ਯਪ (74) ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਨਾਲ ਨਾ ਸਿਰਫ ਸੰਘ ਕਰਮਾਰੀ ਪਿੰਡ ’ਤੇ ਸਗੋਂ ਆਲੇ-ਦੁਆਲੇ ਦੇ ਪਿੰਡਾਂ ’ਤੇ ਵੀ ਹਾਂ-ਪੱਖੀ ਅਸਰ ਹੋਇਆ ਹੈ। ਕਸ਼ਯਪ ਲਈ ਬਕਾਵੰਡ ਬਲਾਕ ਦੇ ਸੰਘ ਕਰਮਾਰੀ ਪਿੰਡ ਦਾ ਇਹ ਜੰਗਲ ਪਵਿੱਤਰ ਸਥਾਨ ਵਾਂਗ ਹੈ, ਜਿਸ ਨੂੰ ਉਨ੍ਹਾਂ ਨੇ ਪੂਰੇ ਭਾਈਚਾਰੇ ਦੀ ਮਦਦ ਨਾਲ ਵਿਕਸਿਤ ਕੀਤਾ ਹੈ। ਕਸ਼ਯਪ ਨੇ ਕਿਹਾ ਕਿ ਜਗਦਲਪੁਰ ’ਚ 12ਵੀਂ ਦੀ ਪੜ੍ਹਾਈ ਪੂਰੀ ਕਰ ਕੇ 1970 ’ਚ ਜਦੋਂ ਮੈਂ ਪਿੰਡ ਪਰਤਿਆ ਤਾਂ ਆਪਣੇ ਘਰ ਦੇ ਕੋਲ ਲਗਭਗ 300 ਏਕੜ ਜ਼ਮੀਨ ’ਚ ਫੈਲੇ ਜੰਗਲ ਨੂੰ ਬਰਬਾਦ ਹੋਇਆ ਵੇਖ ਕੇ ਹੈਰਾਨ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਸਮੇਂ ਸੰਘਣੇ ਜੰਗਲ ਵਾਲੀ ਜਗ੍ਹਾ ’ਤੇ ਕੁਝ ਹੀ ਦਰਖਤ ਖੜ੍ਹੇ ਸਨ।
ਦਾਮੋਦਰ ਕਸ਼ਯਪ ਨੇ ਕਿਹਾ ਕਿ ਸ਼ੁਰੂਆਤ ’ਚ ਪਿੰਡ ਦੇ ਲੋਕਾਂ ਨੂੰ ਦਰੱਖਤ ਨਾ ਕੱਟਣ ਲਈ ਮਨਾਉਣਾ ਮੁਸ਼ਕਲ ਸੀ ਕਿਉਂਕਿ ਉਹ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਸੀ ਪਰ ਹੌਲੀ-ਹੌਲੀ ਲੋਕ ਜੰਗਲ ਦਾ ਮਹੱਤਵ ਸਮਝਣ ਲੱਗੇ। ਉੱਥੇ ਹੀ 1977 ’ਚ ਪਿੰਡ ਦਾ ਸਰਪੰਚ ਚੁਣੇ ਜਾਣ ਤੋਂ ਬਾਅਦ ਕਸ਼ਯਪ ਨੇ ਜੰਗਲ ਨੂੰ ਫਿਰ ਤੋਂ ਜ਼ਿੰਦਾ ਕਰਨ ’ਚ ਕੋਈ ਕੋਰ ਕਸਰ ਬਾਕੀ ਨਹੀਂ ਰੱਖੀ। ਦਾਮੋਦਰ ਦੇ ਪੁੱਤਰ ਤਿਲਕਰਾਮ ਨੇ ਦੱਸਿਆ ਕਿ ਆਪਣੇ ਕਾਰਜਕਾਲ ‘ਚ ਪਿਤਾ ਕਸ਼ਯਪ ਨੇ ਸਖ਼ਤ ਨਿਯਮ ਬਣਾਏ ਹਨ ਅਤੇ ਜੰਗਲ ਬਰਬਾਦ ਕਰਨ ਵਾਲਿਆਂ ‘ਤੇ ਜ਼ੁਰਮਾਨਾ ਵੀ ਲਾਇਆ। ਪੰਚਾਇਤ ਨੇ ‘ਠੇਂਗਾ ਪਲੀ’ ਵਿਵਸਥਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਪਿੰਡ ਦੇ ਤਿੰਨ ਲੋਕਾਂ ਨੂੰ ਰੋਜ਼ਾਨਾ ਗਸ਼ਤ ‘ਤੇ ਭੇਜਿਆ ਜਾਂਦਾ ਸੀ ਅਤੇ ਉਹ ਜੰਗਲਾਂ ਵਿਚ ਗੈਰ-ਕਾਨੂੰਨੀ ਢੰਗ ਨਾਲ ਦਰੱਖ਼ਤ ਕੱਟੇ ਜਾਣ ਨੂੰ ਰੋਕਦੇ ਸਨ। ਤਿਲਕਰਾਮ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿਤਾ ਨੇ ਜੰਗਲਾਂ ਦੀ ਸੁਰੱਖਿਆ ਲਈ ਸਥਾਨਕ ਮਾਨਤਾਵਾਂ ਦੀ ਵਰਤੋਂ ਕੀਤੀ, ਤਾਂ ਕਿ ਲੋਕਾਂ ਦੇ ਮਨ ‘ਚ ਇਹ ਗੱਲ ਬੈਠੇ ਕਿ ਇਹ ਪਵਿੱਤਰ ਥਾਂ ਹੈ ਅਤੇ ਇਸ ਦੀ ਸੁਰੱਖਿਆ ਹੋਣੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਘਰ ਕੋਲ 300 ਏਕੜ ਜ਼ਮੀਨ ਤੋਂ ਇਲਾਵਾ ਪਿਤਾ ਜੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਓਲੀਕੋਟ ‘ਚ ਵੀ 100 ਏਕੜ ਜ਼ਮੀਨ ‘ਤੇ ਜੰਗਲ ਉਗਾਇਆ। ਉਨ੍ਹਾਂ ਦੱਸਿਆ ਕਿ ਜੰਗਲ ਦੀ ਤਰਸਯੋਗ ਹਾਲਤ ਵੇਖ ਕੇ ਉਨ੍ਹਾਂ ਨੇ ਫਿਰ ਤੋਂ ਉੱਥੇ ਸੰਘਣਾ ਜੰਗਲ ਵਸਾਉਣ ਦਾ ਫ਼ੈਸਲਾ ਲਿਆ।

Comment here