ਕਿਸਾਨੀ ਮੰਗਾਂ ਬਾਰੇ ਬੀਕੇਯੂ ਡਕੌਂਦਾ ਦੀ ਸੂਬਾ ਪੱਧਰੀ ਰੈਲੀ
ਬਰਨਾਲਾ-ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਵੱਲੋਂ ਦਾਣਾ ਮੰਡੀ ‘ਚ ਕੇਂਦਰ ਅਤੇ ਸੂਬੇ ਨਾਲ ਸੰਬੰਧਤ ਕਿਸਾਨੀ ਮੰਗਾਂ ਬਾਰੇ ਸੂਬਾ ਪੱਧਰੀ ਭਰਵੀਂ ‘ਜੁਝਾਰ ਰੈਲੀ’ ਕੀਤੀ ਗਈ। ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਥੇਬੰਦੀ ਦਾ ਝੰਡਾ ਝੁਕਾਇਆ ਗਿਆ। ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਸਾਨਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਜਿੱਤ ਸੰਬੰਧੀ ਕਿਹਾ ਕਿ ਅਸੀਂ ਅਜੇ ਲੜਾਈ ਦਾ ਇੱਕ ਪੜਾਅ ਜਿੱਤਿਆ ਹੈ। ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਦਾ ਬਹੁਤ ਲੰਬਾ ਤੇ ਔਖਾ ਯੁੱਧ ਸਾਡੇ ਸਾਹਮਣੇ ਹੈ। ਇਸ ਯੁੱਧ ਨੂੰ ਜਿੱਤੇ ਬਗੈਰ ਸਾਡੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਣਾ। ਅੱਜ ਅਸੀਂ ਇਸੇ ਯੁੱਧ ਨੂੰ ਹੋਰ ਵੀ ਵਧੇਰੇ ਜੋਸ਼ ਤੇ ਹੋਸ਼ ਨਾਲ ਜਾਰੀ ਰੱਖਣ ਦਾ ਅਹਿਦ ਕਰਨ ਲਈ ਹੀ ਇਥੇ ਇਕੱਠੇ ਹੋਏ ਹਾਂ।
ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਉੱਪਲ ਨੇ ਕਿਹਾ ਕਿ ਅੱਜਕੱਲ੍ਹ ਪੰਜਾਬ ਵਿੱਚ ਚੋਣਾਂ ਦਾ ਘੜਮੱਸ ਹੈ ਪਰ ਇਸ ਮਾਹੌਲ ਵਿਚ ਵੀ ਆਪਣੇ ਅਸਲੀ ਨਿਸ਼ਾਨੇ ਨੂੰ ਵਿਸਾਰਨਾ ਨਹੀਂ ਚਾਹੀਦਾ। ਕਿਸਾਨ ਅੰਦੋਲਨ ਦੀਆਂ ਅਜੇ ਕਈ ਮੰਗਾਂ ਬਾਕੀ ਹਨ, ਜਿਨ੍ਹਾਂ ਲਈ ਸੰਯੁਕਤ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਾਅਦਾ-ਖਿਲਾਫੀ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾ ਉਸ ਦਿਨ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਰੋਹ-ਭਰਪੂਰ ਮੁਜ਼ਾਹਰੇ ਕਰਨ ਦਾ ਹੋਕਾ ਦਿੱਤਾ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰੇ, ਵਰਨਾ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਦੂਸਰੇ ਸੂਬਾਈ ਆਗੂਆਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਬਿਜਲੀ ਐਕਟ 2020 ਰੱਦ ਕਰਾਉਣ, ਪ੍ਰਦੂਸ਼ਣ ਐਕਟ ‘ਚੋਂ ਕਿਸਾਨ ਮੱਦ ਖਤਮ ਕਰਾਉਣ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜ਼ਬੂਤ ਕਰਨ ਵਰਗੀਆਂ ਹੋਰ ਮੰਗਾਂ ਨੂੰ ਵੀ ਉਭਾਰਿਆ। ਕਿਹਾ ਕਿ ਕਿਸਾਨ ਅੰਦੋਲਨ ਨੇ ਕਿਰਤੀਆਂ ਨੂੰ ਉਨ੍ਹਾਂ ਦੇ ਅਸਲ ਦੁਸ਼ਮਣ ਦੀ ਪਛਾਣ ਕਰਵਾ ਦਿੱਤੀ ਹੈ। ਇਸ ਮੌਕੇ ਕਈ ਮਤੇ ਪਾਸ ਕੀਤੇ ਗਏ।
Comment here