ਬਰਨਾਲਾ-ਔਰਤਾਂ ਖੇਤੀਬਾੜੀ ਵਿੱਚ ਹਰ ਪੜਾਅ ‘ਤੇ ਇੱਕ ਬਹੁ-ਆਯਾਮੀ ਭੂਮਿਕਾ ਨਿਭਾਉਂਦੀਆਂ ਹਨ – ਬਿਜਾਈ ਤੋਂ ਲੈ ਕੇ ਬਿਜਾਈ, ਨਿਕਾਸੀ, ਸਿੰਚਾਈ, ਖਾਦ, ਪੌਦਿਆਂ ਦੀ ਸੁਰੱਖਿਆ, ਵਾਢੀ, ਨਦੀਨ, ਅਤੇ ਸਟੋਰੇਜ ਤੱਕ। ਉਹ ਖੇਤੀਬਾੜੀ ਅਤੇ ਪੇਂਡੂ ਆਰਥਿਕਤਾ ਵਿੱਚ ਇੱਕ ਮਹੱਤਵਪੂਰਨ ਸਰੋਤ ਹਨ। ਇਸ ਮਰਦ-ਪ੍ਰਧਾਨ ਕਿੱਤੇ ਵਿੱਚ ਉਨ੍ਹਾਂ ਦਾ ਹਿੱਸਾ ਭਾਵੇਂ ਚੁੱਪ ਹੋਵੇ ਪਰ ਉਨ੍ਹਾਂ ਤੋਂ ਬਿਨਾਂ ਸਾਰਾ ਖੇਤੀਬਾੜੀ ਸਿਸਟਮ ਢਹਿ-ਢੇਰੀ ਹੋ ਜਾਵੇਗਾ। ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਬਰਨਾਲਾ ਦਾਣਾ ਮੰਡੀ ਵਿੱਚ ਪੂਰੇ ਜ਼ੋਰਸ਼ੋਰ ਨਾਲ ਮਹਿਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਔਰਤਾ ਨੂੰ ਕਮਲਜੀਤ ਕੌਰ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਮੁਲਕ ਦੀਆਂ ਆਜ਼ਾਦੀ ਲਹਿਰਾਂ ਵਿੱਚ ਔਰਤਾਂ ਦੀ ਭੂਮਿਕਾ ਆਪਣਾ ਮਾਣਮੱਤਾ ਸਥਾਨ ਰੱਖਦੀ ਹੈ।
ਉਨ੍ਹਾਂ ਕਿਹਾ ਕਿ 1857 ਦਾ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਹੋਰ ਕਈ ਬਗਾਵਤਾਂ ਵਿੱਚ ਔਰਤਾਂ ਨੇ ਹਰ ਹਾਲ ’ਚ ਦੇਸ਼ ਦਾ ਅਤੇ ਧਰਮ ਦਾ ਸਾਥ ਦਿੱਤਾ ਅਤੇ ਇੱਕ ਅਹਿਮ ਭੂਮਿਕਾ ਨਿਭਾਈ। ਇਸਦੇ ਨਾਲ ਹੀ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਉੱਠੀ ਮੁਲਕ ਅੰਦਰ ਇਤਿਹਾਸਕ ਲਹਿਰ ਵਿੱਚ ਔਰਤਾਂ ਦੀ ਬੇਮਿਸਾਲ ਭੂਮਿਕਾ ਉੱਪਰ ਆਉਣ ਵਾਲੀਆਂ ਪੀੜ੍ਹੀਆਂ ਵੀ ਨਜਰ ਰੱਖਣਗੀਆਂ ਕਿ ਇਹ ਲਹਿਰਾਂ, ਆਪੋ-ਆਪਣੇ ਖੇਤਰਾਂ ਅੰਦਰ ਚੱਲੀਆਂ ਸਰਗਰਮੀਆਂ ਵਿੱਚ ਔਰਤਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਨੂੰ ਯਾਦ ਅਤੇ ਸਲਾਮ ਕਰਦਿਆਂ ਮਨਾਉਣ ਦੀ ਲੋੜ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ 8 ਮਾਰਚ ਕੌਮਾਂਤਰੀ ਔਰਤ ਦਿਹਾੜਾ ਉਸ ਮੌਕੇ ਮਨਾਇਆ ਜਾ ਰਿਹੈ, ਜਦੋਂ ਕੌਮਾਂਤਰੀ ਤੇ ਕੌਮੀ ਮੰਚ ‘ਤੇ ਬੇਹੱਦ ਉੱਥਲ-ਪੁੱਥਲ ਮੱਚੀ ਹੋਈ ਹੈ। ਇਹ ਘਮਸਾਨ, ਦੁਨੀਆਂ ਦੇ ਕੁਦਰਤੀ ਮਾਲ ਖਜ਼ਾਨਿਆਂ ਤੇ ਕਿਰਤ ਦੀ ਲੁੱਟ ਲਈ ਹਾਬੜੇ ਸਾਮਰਾਜੀ ਡਕੈਤਾਂ ਦਰਮਿਆਨ ਲੱਗੀ ਦੌੜ ਕਾਰਨ ਮੱਚਿਆ ਹੈ। ਇੱਕ-ਦੂਜੇ ਤੋਂ ਮੰਡੀਆਂ ਖੋਹਣ ਲਈ ਲਾਲਸਾ ਦੀ ਦੌੜ ਕਾਰਨ ਮੱਚਿਆ ਹੈ। ਕਾਰਪੋਰੇਟ ਘਰਾਣਿਆਂ ਵਿੱਚੋਂ ਕੌਣ ਦੁਨੀਆਂ ਦੀ ਵੱਧ ਤੋਂ ਵੱਧ ਧਨ ਦੌਲਤ ਉੱਪਰ ਕਾਬਜ਼ ਹੋਵੇ, ਇਸ ਕਾਰਨ ਤਿੱਖੀਆਂ ਹੋਈਆਂ। ਵਿਰੋਧਤਾਈਆਂ ਵਿੱਚੋਂ ਜੰਗ ਦੀ ਸ਼ਕਲ ਲੈ ਕੇ ਸਾਹਮਣੇ ਆ ਰਿਹਾ ਹੈ। ਇਸ ਖੂਨੀ ਵਰਤਾਰੇ ਵਿੱਚ ਸਭ ਤੋਂ ਵੱਧ ਕੀਮਤ ਔਰਤ ਨੂੰ ਦੇਣੀ ਪੈ ਰਹੀ ਹੈ। ਕੌਮਾਂਤਰੀ ਔਰਤ ਦਿਹਾੜੇ ਮੌਕੇ ਦੁਨੀਆਂ ਭਰ ਵਿੱਚ ਇਹ ਆਵਾਜ਼ ਉੱਠਣੀ ਅਤੇ ਇਸ ਆਵਾਜ਼ ਸੰਗ ਆਪਣੀ ਆਵਾਜ਼ ਮਿਲਾਉਣਾ ਬਹੁਤ ਹੀ ਲਾਜ਼ਮੀ ਹੈ। ਇੱਕ ਹੋਰ ਅਤਿ ਮਹੱਤਵਪੂਰਨ ਨੁਕਤਾ ਸਾਡੇ ਮੁਲਕ ਲਈ ਇਹ ਹੈ ਕਿ ਭਾਰਤ ਦੀਆਂ 25 ਕਰੋੜ 60 ਲੱਖ ਤੋਂ ਵੱਧ ਔਰਤਾਂ ਜਰਈ ਖੇਤਰ ਨਾਲ ਸਬੰਧਤ ਹਨ। ਇਹ ਖੇਤਰ ਅੱਜ ਬੁਰੀ ਤਰ੍ਹਾਂ ਉਜਾੜੇ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਔਰਤ ਸ਼ਕਤੀ ਇਨਕਲਾਬੀ ਸਮਾਜਕ ਬਦਲਾਅ ਦੀ ਜਿੰਦ ਜਾਨ ਹੁੰਦੀ ਹੈ। ਕੋਈ ਵੀ ਲਹਿਰ ਔਰਤ ਤਾਕਤ ਦੇ ਮਜ਼ਬੂਤ ਕਿਲਿਆਂ ਬਿਨਾਂ ਵਧ ਫੁੱਲ ਨਹੀਂ ਸਕਦੀ। ਜ਼ਿੰਦਗੀ ਦੇ ਹਰ ਖੇਤਰ ਵਾਂਗ, ਸਾਹਿਤ ਕਲਾ ਤੇ ਸੱਭਿਆਚਾਰ ਦੇ ਖੇਤਰ ਅੰਦਰ ਜਾਗਰੂਕ ਔਰਤ ਸ਼ਕਤੀ ਨੇ ਨਵੀਂ ਨਰੋਈ ਖੂਬਸੂਰਤ ਦੁਨੀਆਂ ਦੀ ਸਿਰਜਣਾ ਕੀਤੀ ਹੈ।
ਕਿਸਾਨ ਔਰਤਾਂ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ

Comment here