ਸਾਡੇ ਵਰਕਰਾਂ ਦੇ ਕੁੜਤਿਆਂ ’ਤੇ ਲਿਖਿਆ ਬਾਦਲ ਚੋਰ, ਮੁਰਦਾਬਾਦ-ਬਾਦਲਕੇ
ਅਕਾਲੀ ਦਲ ਵਲੋਂ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼-ਰਾਜੇਵਾਲ
ਚੰਡੀਗੜ੍ਹ-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ 17 ਸਤੰਬਰ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਕੇ ਪਰਤ ਰਹੇ ਪਾਰਟੀ ਵਰਕਰਾਂ ਨੂੰ ਟਿਕਰੀ ਤੇ ਸਿੰਘੂ ਸਰਹੱਦ ਤੇ ਰੋਕ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਸੀ। ਵਰਕਰਾਂ ਦੇ ਕੁੜਤਿਆਂ ਦੀ ਜੇਬਾਂ ’ਤੇ ਲਿਖਿਆ ਸੀ ਕਿ ਬਾਦਲ ਚੋਰ ਮੁਰਦਾਬਾਦ, ਇੰਨਾ ਹੀ ਨਹੀਂ ਉਨ੍ਹਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਇਥੋਂ ਤਕ ਕਿ ਪੱਗਾਂ ਵੀ ਉਤਾਰੀਆਂ ਗਈਆਂ ਸਨ। ਅਕਾਲੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਲਈ ਦਿਨ ਰਾਤ ਮਿਹਨਤ ਕੀਤੀ। ਜਿਨ੍ਹਾਂ ਲੋਕਾਂ ਨੇ ਮੋਰਚੇ ਵਿੱਚ ਲੰਗਰ ਲਾ ਕੇ ਉਥੇ ਸੇਵਾ ਕੀਤੀ, ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਕਈ ਦਿਨ ਬੀਤ ਜਾਣ ਦੇ ਬਾਅਦ ਵੀ ਮੋਰਚੇ ਨੇ ਇਸ ਬਾਰੇ ਕੋਈ ਸਟੈਂਡ ਨਹੀਂ ਲਿਆ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੋ ਦੇ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਅਧਿਕਾਰੀ ਮੇਰੇ ਨਾਲ ਸੰਪਰਕ ਵਿੱਚ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਡੇ ਕੋਲ ਇੱਕ ਵੀਡੀਓ ਵੀ ਹੈ, ਜਦੋਂ ਅਕਾਲੀ ਦਲ ਦੇ ਨੇਤਾ ਵਾਹਨਾਂ ਵਿੱਚ ਸ਼ਰਾਬ ਰੱਖ ਕੇ ਲੈ ਕੇ ਜਾ ਰਹੇ ਸਨ ਪਰ ਅਸੀਂ ਇਸਨੂੰ ਜਨਤਕ ਨਹੀਂ ਕਰ ਰਹੇ। ਉਨ੍ਹਾਂ ਕਿਹਾ ਜੇ ਅਕਾਲੀ ਦਲ ਸਾਡਾ ਹਮਾਇਤੀ ਹੁੰਦਾ, ਤਾਂ ਉਹ ਪ੍ਰੈਸ ਕਾਨਫਰੰਸ ਨਾ ਕਰਦਾ ਪਰ ਸਾਡੇ ਨਾਲ ਗੱਲਬਾਤ ਕਰਦਾ। ਸਾਨੂੰ ਅਕਾਲੀ ਦਲ ’ਤੇ ਅਫਸੋਸ ਹੈ, ਕਿਉਂਕਿ ਉਨ੍ਹਾਂ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
Comment here