ਸਿਆਸਤਖਬਰਾਂ

ਕਿਸਾਨ ਅੰਦੋਲਨ ਦੇ ਹੱਕ ਚ ਕਾਂਗਰਸ ਦਾ ਟਰੈਕਟਰ ਤੇ ਪ੍ਰਦਰਸ਼ਨ

ਨਵੀਂ ਦਿੱਲੀ- ਖੇਤੀ ਕਨੂੰਨ ਰੱਦ ਕਰਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਵੱਖ ਵੱਖ ਵਿਰੋਧੀ ਧਿਰਾਂ ਕਰ ਰਹੀਆਂ ਹਨ, ਕਾਂਗਰਸ ਨੇ ਤਾਂ ਅੱਜ ਵਖਰੇ ਤਰੀਕੇ ਨਾਲ ਵਿਰੋਧ ਕੀਤਾ,  ਰਾਹੁਲ ਗਾਂਧੀ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨਾਂ ਦੇ ਸਮਰਥਨ ‘ਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ।ਕਾਂਗਰਸੀ ਆਗੂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਇਹ ਕਾਨੂੰਨ 2-3 ਵੱਡੇ ਉਦਯੋਗਪਤੀਆਂ ਦੇ ਪੱਖ ‘ਚ ਹਨ। ਇਹ ਕਿਸਾਨਾਂ ਦੇ ਫਾਇਦੇ ਲਈ ਨਹੀਂ ਹੈ। ਸਰਕਾਰ ਕਿਸਾਨਾਂ ਦੀ ਆਵਾਜ਼ ਦਬਾ ਰਹੀ ਹੈ ਤੇ ਸੰਸਦ ‘ਚ ਚਰਚਾ ਨਹੀਂ ਹੋਣ ਦੇ ਰਹੇ। ਮੈਂ ਕਿਸਾਨਾਂ ਦੇ ਸੰਦੇਸ਼ ਨੂੰ ਪਾਰਲੀਮੈਂਟ ਤਕ ਲੈ ਕੇ ਆਇਆ ਹਾਂ।  ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਬਹੁਤ ਖ਼ੁਸ਼ ਹਨ ਤੇ ਜੋ ਬਾਹਰ ਬੈਠੇ ਹਨ ਉਹ ਅੱਤਵਾਦੀ ਹਨ ਪਰ ਹਕੀਕਤ ‘ਚ ਕਿਸਾਨਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਇਸ ਦੌਰਾਨ ਦਿੱਲੀ ਪੁਲਿਸ ਨੇ ਸੀਆਰਪੀਸੀ ਦੀ ਧਾਰਾ 144 ਉਲੰਘਣਾ ਕਰ ਕੇ ਟਰੈਕਟਰ ਮਾਰਚ ਕੱਢਣ ਤੇ ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ, ਯੁਵਾ ਕਾਂਗਰਸ ਮੁਖੀ ਸ੍ਰੀਨਿਵਾਸ ਬੀਵੀ ਤੇ ਕੁਝ ਪਾਰਟੀ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ।

ਮੇਰਠ ਚ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਪਾਇਆ ਵਖਤ

ਕਿਸਾਨ ਅੰਦੋਲਨ ਦੇ ਹੱਕ ਵਿੱਚ ਲੰਘੇ ਦਿਨ ਭਾਰਤੀ ਕਿਸਾਨ ਯੂਨੀਅਨ ਨੇ ਅਚਾਨਕ ਹੀ ਟਰੈਕਟਰ ਰੈਲੀ ਕੱਢੀ, ਜਿਸ ਨਾਲ ਦਿੱਲੀ ਰੋਡ ’ਤੇ ਜਾਮ ਜਿਹੇ ਹਾਲਾਤ ਬਣੇ ਰਹੇ। ਸੜਕਾਂ ਦੀ ਮੁਰੰਮਤ, ਕੁਝ ਹੋਰ ਚੱਲ ਰਹੇ ਕੰਮਾਂ ਕਾਰਨ ਪਹਿਲਾਂ ਤੋਂ ਹੀ ਤੰਗ ਹੋਏ ਰਸਤਿਆਂ ’ਤੇ ਲੋਕਾਂ ਨੂੰ ਇਸ ਰੈਲੀ ਨੇ ਹੋਰ ਵੀ ਪਰੇਸ਼ਾਨੀ ’ਚ ਪਾ ਦਿੱਤਾ। ਪੁਲਿਸ ਨੇ ਰੈਲੀ ਲਈ ਕਈ ਰਸਤੇ ਬੰਦ ਕਰ ਦਿੱਤੇ। ਭਾਕਿਯੂੂ ਨੌਜਵਾਨ ਵਿੰਗ ਦੇ ਪ੍ਰਧਾਨ ਗੌਰਵ ਟਿਕੈਤ ਦੀ ਅਗਵਾਈ ’ਚ ਭਾਕਿਯੂ ਦੀ ਟਰੈਕਟਰ ਰੈਲੀ ਸਵੇਰ ਤੋਂ ਦਿੱਲੀ ਬਾਰਡਰ ਲਈ ਨਿਕਲੀ। ਕਮਿਸ਼ਨਰੀ ਆਵਾਸ ਚੌਰਾਹੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਆਵਾਜਾਈ ਰੋਕ ਦਿੱਤੀ। ਰੈਲੀ ਕੱਢਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਪ੍ਰਬੰਧ ਕਰਨ ’ਚ ਕਾਫੀ ਸਮਾਂ ਲੱਗਾ। ਇਸ ਤੋਂ ਬਾਅਦ ਰੈਲੀ ਬੇਗਮਪੁਲ ਚੌਰਾਹੇ ’ਤੇ ਪਹੁੰਚੀ, ਉਦੋਂ ਵੀ ਪੁਲਿਸ ਨੇ ਚਾਰੇ ਪਾਸਿਆਂ ਤੋਂ ਟਰੈਫਿਕ ਰੋਕ ਦਿੱਤਾ ਸੀ। ਉੱਥੇ ਹੀ ਟਰੈਕਟਰ ਰੈਲੀ ਕੱਢਣ ਤੋਂ ਬਾਅਦ ਆਵਾਜਾਈ ਸ਼ੁਰੂ ਕੀਤੀ ਗਈ, ਜਿਸ ਦੇ ਚੱਲਦੇ ਕਾਫੀ ਦੇਰ ਤਕ ਜਾਮ ਦੀ ਸਥਿਤੀ ਬਣੀ ਰਹੀ। ਰੈਲੀ ਦੇ ਨਾਲ-ਨਾਲ ਐੱਸਪੀ ਸਿਟੀ ਵੀ ਚੱਲ ਰਹੇ ਸਨ।  ਤੇਜ਼ ਧੁੱਪ ’ਚ ਲੋਕ ਪਰੇਸ਼ਾਨ ਹੋਏ ਤੇ ਪੁਲਸ ਮੁਲਾਜ਼ਮਾਂ ਨਾਲ ਵੀ ਲੋਕ ਉਲਝਦੇ ਰਹੇ।

Comment here