ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਸਵੈਮਾਨ ਸਿੰਘ ਦਾ ਹੋਵੇਗਾ ਸਨਮਾਨ
ਬਠਿੰਡਾ-ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸੰਬੰਧੀ ਸੰਸਥਾ ਪੀਪਲਜ਼ ਫੋਰਮ (ਰਜਿ.) ਬਰਗਾੜੀ, ਪੰਜਾਬ ਵੱਲੋਂ ਚੌਥਾ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ 25 ਤੋਂ 28 ਦਸੰਬਰ 2021 ਤੱਕ ਟੀਚਰਜ਼ ਹੋਮ, ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਸਟਾਲਿਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਇਸ ਸਾਲ ਪੀਪਲਜ਼ ਲਿਟਰੇਰੀ ਫੈਸਟੀਵਲ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। 25 ਦਸੰਬਰ ਨੂੰ ਉਦਘਾਟਨੀ ਸ਼ੈਸ਼ਨ ਦੇ ਮੁੱਖ ਮਹਿਮਾਨ ਕਾਹਨ ਸਿੰਘ ਪੰਨੂੰ (ਐਡਵਾਈਜ਼ਰ, ਨੈਸ਼ਨਲ ਹਾਈਵੇਅ ਅਥਾਰਟੀ ,ਭਾਰਤ) ਹੋਣਗੇ। ਸ਼੍ਰੀ ਸੁਰਜੀਤ ਪਾਤਰ (ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ) ਪ੍ਰਧਾਨਗੀ ਕਰਨਗੇ। ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪਹਿਲੇ ਦਿਨ ਦਾ ਕੁੰਜੀਵਤ ਭਾਸ਼ਨ ‘ਖੇਤੀ ਦੀ ਪੁਨਰਸੁਰਜੀਤੀ – ਭਾਰਤੀ ਆਰਥਿਕਤਾ ਦਾ ਸ਼ਕਤੀ ਕੇੰਦਰ ਕਿਵੇਂ ਬਣੇ’ ਵਿਸ਼ੇ ਤੇ ਡਾ. ਦਵਿੰਦਰ ਸ਼ਰਮਾਂ (ਖੇਤੀ, ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ) ਦੇਣਗੇ। ਦੂਜੇ ਸ਼ੈਸ਼ਨ ਵਿਚ ਗੁਰਦੇਵ ਰੁਪਾਣਾ ਅਤੇ ਮੋਹਨ ਭੰਡਾਰੀ ਨੂੰ ਸਮਰਪਿਤ ‘ਲੇਖਕ ਮਜਲਿਸ’ ਵਿਚ ਬਲਬੀਰ ਪਰਵਾਨਾ (ਨਾਵਲਕਾਰ) ਗੁਰਮੀਤ ਕੜਿਆਲਵੀ (ਕਹਾਣੀਕਾਰ) ਨਿੰਦਰ ਘੁਗਿਆਣਵੀ (ਵਾਰਤਕਕਾਰ) ਨਾਲ ਰੂਬਰੂ ਹੋਵੇਗਾ। ਚਿੰਤਕ ਰੇਅਮੰਡ ਵਿਲੀਅਮਜ਼ ਨੂੰ ਸਮਰਪਿਤ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਪਹਿਲੇ ਸ਼ੈਸ਼ਨ ਵਿਚ ਅਦਾਰਾ 23 ਮਾਰਚ ਵੱਲੋਂ ‘ਪੰਜਾਬ ਵਿਚ ਆਧੁਨਿਕਤਾ ਦਾ ਸੁਆਲ – ਲੋਕ ਸੁਰਤ ਬਨਾਮ ਸੰਸਥਾਈ ਪੈੜ’ ਵਿਸ਼ੇ ਤੇ ਪੁਸ਼ਪਿੰਦਰ ਸਿਆਲ ( ਪੰਜਾਬ ਯੂਨੀਵਰਸਿਟੀ, ਚੰਡੀਗਡ) ਅਤੇ ਪ੍ਰੋ. ਸੁਖਦੇਵ ਸਿੰਘ ਸੋਹਲ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਸੰਬੋਧਤ ਹੋਣਗੇ। ਪਰਮਜੀਤ ਸਿੰਘ ਰੋਮਾਣਾ, ਨਵਦੀਪ ਕੌਰ, ਲਖਵੀਰ ਸਿੰਘ ਸਿੱਧੂ ਮਨਪ੍ਰੀਤ ਮਹਿਨਾਜ਼ ਵਿਚਾਰ ਚਰਚਾ ਕਰਨਗੇ। ਦੂਜੇ ਸ਼ੈਸ਼ਨ ਵਿਚ ‘ਆਧੁਨਿਕਤਾ ਦੇ ਗੇੜ ਵਿੱਚ- ਇੱਕ ਪੀੜ੍ਹੀ ਦਾ ਕਾਵਿ-ਅਨੁਭਵ’ ਗੁਰਤੇਜ ਕੋਹਾਰਵਾਲਾ ਵਿਚਾਰ ਕਰਨਗੇ। ਵਾਹਿਦ ਸੁਖਜਿੰਦਰ, ਗੁਰਦੀਪ ਸਿੰਘ ਢਿੱਲੋਂ ਵਿਚਾਰ ਚਰਚਾ ਕਰਨਗੇ। ਸੁਮੇਲ ਸਿੰਘ ਸਿੱਧੂ ਸਾਰੀ ਵਿਚਾਰ ਚਰਚਾ ਦੇ ਸੂਤਰਧਾਰ ਹੋਣਗੇ। ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿਚ ‘ਪੰਜਾਬ ਦੀ ਵੰਡ ਦੀ ਗਾਥਾ’ ਵਿਸ਼ੇ ਤੇ ਡਾ. ਅਨਿਰੁੱਧ ਕਾਲਾ ਦੀ ‘ਲਾਹੌਰ ਦਾ ਪਾਗਲਖ਼ਾਨਾ’ ਪੁਸਤਕ ਦੇ ਪ੍ਰਸੰਗ ਅਤੇ ਸਾਂਵਲ ਧਾਮੀ ਦੀ ਪੁਸਤਕ ‘ਦੁੱਖੜੇ ਸੰਨ ਸੰਤਾਲੀ ਦੇ’ ਪ੍ਰਸੰਗ ਨਾਲ ਪੰਜਾਬ ਦੀ ਵੰਡ ਦੇ ਸਮਾਜਿਕ ਸੱਭਿਆਚਾਰਕ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕੁਲਵੀਰ ਗੋਜਰਾ ਇਸ ਸੈਸ਼ਨ ਦੀ ਵਿਚਾਰ ਚਰਚਾ ਦੇ ਸੂਤਰਧਾਰ ਹੋਣਗੇ। ਇਸ ਦਿਨ ਦੇ ਦੂਜੇ ਸੈਸ਼ਨ ‘ਮੈਂ ਤੇ ਮੇਰੀ ਕਵਿਤਾ’ ਵਿਚ ਜਗਵਿੰਦਰ ਜੋਧਾ (ਮੈਂ-ਅਮੈਂ) ਵਿਜੈ ਵਿਵੇਕ (ਛਿਣ ਭੰਗਰ ਵੀ ਕਾਲਾਤੀਤ ਵੀ) ਅਤੇ ਸਵਾਮੀ ਅੰਤਰ ਨੀਰਵ (ਨਹੀਂ) ਨਾਲ ਨੀਤੂ ਵੱਲੋਂ ਸੰਵਾਦ ਰਚਾਇਆ ਜਾਵੇਗਾ। ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਧਾਨਗੀ ਡਾ. ਰਾਜਿੰਦਰ ਪਾਲ ਸਿੰਘ ਬਰਾੜ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਕਰਨਗੇ। ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਖ਼ਰੀ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਵਿਚਾਰ ਚਰਚਾ ਦੇ ਸ਼ੈਸ਼ਨ ਵਿਚ ਕੁੰਜੀਵਤ ਭਾਸ਼ਣ ‘ਪੰਜਾਬ ਦੀ ਸੰਘਰਸ਼ਸ਼ੀਲ ਲੋਕ ਵਿਰਾਸਤ’ ਵਿਸ਼ੇ ਤੇ ਸੁਵਰਨ ਸਿੰਘ ਵਿਰਕ, ਸਿਰਸਾ ਅਤੇ ‘ਕਿਸਾਨ ਅੰਦੋਲਨ ਅਤੇ ਮੀਡੀਏ ਦੀ ਭੂਮਿਕਾ’ ਵਿਸ਼ੇ ਤੇ ਮਨਦੀਪ ਪੂਨੀਆ, ਦਿੱਲੀ ਦੇਣਗੇ। ਕਿਸਾਨ ਅੰਦੋਲਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਡਾ ਸਵੈਮਾਨ ਸਿੰਘ, ਕੈਲੇਫੋਰਨੀਆ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਸ਼ੈਸ਼ਨ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ (ਪੰਜਾਬ ਯੂਨੀਵਰਸਟੀ , ਚੰਡੀਗੜ੍ਹ ਹੋਣਗੇ ਅਤੇ ਜਸ ਮੰਡ, ਜਲੰਧਰ ਪ੍ਰਧਾਨਗੀ ਕਰਨਗੇ।
ਸੰਸਥਾ ਦੇ ਡਾਇਰੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਦੇ ਦਸ ਨਾਮਵਰ ਪ੍ਰਕਾਸ਼ਕ ਪੁਸਤਕ ਪ੍ਰਦਰਸ਼ਨੀ ਵਿਚ ਨਵੀਆਂ ਪ੍ਰਕਾਸ਼ਤ ਪੁਸਤਕਾਂ ਨਾਲ ਸ਼ਾਮਲ ਹੋਣਗੇ। ਰਮਨਦੀਪ ਸਿੰਘ ਦਿਓਣ, ਗਿਆਨੀ ਜਗਦੀਪ ਸਿੰਘ ਜਾਚਕ, ਮੁਕਤਸਰ, ਤਰਸੇਮ ਚੰਦ ਕਲਹਿਰੀ ਅਤੇ ਸਾਥੀਆਂ ਵੱਲੋਂ ਢਾਡੀ ਅਤੇ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਜਾਵੇਗੀ। ਜੰਗਪਾਲ ਸਿੰਘ, ਕੋਟਕਪੂਰਾ ਵੱਲੋਂ ਵਿਰਾਸਤੀ ਦਸ਼ਤਾਵੇਜ਼ ਦੀ ਨੁਮਾਇਸ਼ ਹੋਵੇਗੀ। ਚਿੱਤਰਕਾਰ ਜਗਤਾਰ ਸਿੰਘ ਸੋਖੀ, ਮੁੱਦਕੀ ਅਤੇ ਦੀਪ ਮਲੂਕਪੁਰ, ਅਬੋਹਰ ਵੱਲੋਂ ਆਪਣੇ ਪੋਸਟਰਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ। ਨਾਟਿਅਮ ਰੰਗਮੰਚ, ਬਠਿੰਡਾ ਵੱਲੋਂ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ। ਗੁੜ,ਸ਼ਹਿਦ ਅਤੇ ਫਲਾਂ ਦੀ ਪ੍ਰਦਰਸ਼ਨੀ ਵੀ ਹੋਵੇਗੀ।
Comment here