ਸਿਆਸਤਖਬਰਾਂਚਲੰਤ ਮਾਮਲੇਵਿਸ਼ੇਸ਼ ਲੇਖ

ਕਿਸਾਨ ਅੰਦੋਲਨ ਦਾ ਪੰਜਾਬ ਦੀ ਸਿਆਸਤ ਤੇ ਅਸਰ-ਹਰ ਪਾਰਟੀ ਖੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ

ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦਾ ਪੰਜਾਬ ਦੀ ਸਿਆਸਤ ਉੱਤੇ ਅਸਰ ਸਾਫ ਦਿਸ ਰਿਹਾ ਹੈ, ਬਾਕੀ ਸਾਰੇ ਮਸਲੇ ਮੁੱਦੇ ਖੇਤੀ ਕਨੂਨਾਂ ਹੇਠ ਨੱਪੇ ਜਾ ਰਹੇ ਹਨ। ਸਿਆਸੀ ਪਾਰਟੀਆਂ ਦੇ ਮੂਹਰੈਲ ਨੇਤਾ ਕਿਸਾਨੀ ਮੁੱਦੇ ਤੇ ਇੱਕ ਦੂਜੇ ਨੂੰ ਪਛਾੜ ਕੇ ਖੁਦ ਨੂੰ ਕਿਸਾਨ ਹਿਤੈਸ਼ੀ ਗਰਦਾਨਣ ਲੱਗੇ ਹੋਏ ਹਨ, ਆਓ ਜ਼ਰਾ ਝਾਤ ਪਾਉੰਦੇ ਹਾਂ ਕਿ ਕੌਣ ਕੀਹਨੂੰ ਕੀ ਕਹਿ ਰਿਹਾ ਹੈ-

ਖੇਤੀ ਕਾਨੂੰਨਾਂ ਦੇ ਪੁਆੜੇ ਦੀ ਜੜ੍ਹ ਬਾਦਲਕੇ ਹਨ- ਕੈਪਟਨ ਅਮਰਿੰਦਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਨਾਰਾਜ਼ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਏ ਗਏ ਪੈਨਲ ਦੀ ਖਿੱਲੀ ਉਡਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਕਿਹਾ ਕਿ ਕੋਈ ਵੀ ਗੱਲਬਾਤ ਬਾਦਲਾਂ ਨੂੰ ਕਿਸਾਨ ਭਾਈਚਾਰੇ ਉਤੇ ਘਿਨਾਉਣੇ ਅਤੇ ਗੈਰ-ਜਮਹੂਰੀ ਖੇਤੀ ਕਾਨੂੰਨ ਥੋਪਣ ਵਿਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਜਿੱਥੇ ਇਸ ਸਾਰੀ ਸਮੱਸਿਆ ਦੀ ਜੜ੍ਹ ਹਨ, ਉਥੇ ਹੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦੀ ਸਾਜ਼ਿਸ਼ ਵਿਚ ਵੀ ਇਨ੍ਹਾਂ ਦੀ ਮਿਲੀਭੁਗਤ ਸੀ ਜਿਸ ਕਰਕੇ ਅਕਾਲੀ ਨਾ ਤਾਂ ਕਿਸਾਨਾਂ ਨਾਲ ਸਮਝ ਪੈਦਾ ਕਰਨ ਜਾਂ ਮੁਆਫੀ ਦੇ ਲਾਇਕ ਹਨ ਅਤੇ ਨਾ ਹੀ ਇਸ ਦੀ ਕੋਈ ਆਸ ਰੱਖ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਅਕਾਲੀਆਂ ਦੇ ਰਵੱਈਏ ਦੀ ਮਿਸਾਲ ਤਾਂ ਇਸ ਗੱਲ ਤੋਂ ਮਿਲ ਜਾਂਦੀ ਹੈ ਕਿ ਹੁਣ ਵੀ ਕਿਸਾਨਾਂ ਦੀ ਪੀੜਾ ਤੇ ਵੇਦਨਾ ਦਾ ਅਹਿਸਾਸ ਕਰਨ ਦੀ ਬਜਾਏ ਸੁਖਬੀਰ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਮੰਨਣ ਤੋਂ ਹੀ ਇਨਕਾਰੀ ਹੋ ਰਿਹਾ ਹੈ ਅਤੇ ਇੱਥੋਂ ਤੱਕ ਕਿ ਕਿਸਾਨਾਂ ਦੀ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਪ੍ਰਤੀ ਵਫਾਦਾਰੀ ਹੋਣ ਦੇ ਦੋਸ਼ ਲਾ ਕੇ ਸਗੋਂ ਉਨ੍ਹਾਂ ਨੂੰ ਬੇਇੱਜ਼ਤ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ, “ਜੇਕਰ ਤੁਸੀਂ (ਸੁਖਬੀਰ) ਇਕ ਕਿਸਾਨ ਨੂੰ ਪਛਾਣ ਤੱਕ ਨਹੀਂ ਸਕਦੇ ਤਾਂ ਫੇਰ ਤੁਸੀਂ ਕਿਸਾਨਾਂ ਦਾ ਭਰੋਸਾ ਅਤੇ ਵਿਸ਼ਵਾਸ ਹਾਸਲ ਕਰਨ ਦੀ ਉਮੀਦ ਕਿਵੇਂ ਰੱਖ ਸਕਦੇ ਹੋ।” ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਦੀ ਧਰਤੀ ਦਾ ਸੱਚਾ ਪੁੱਤਰ ਹੀ ਆਪਣੇ ਲੋਕਾਂ ਅਤੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਦਾ ਅਸਲ ਹਮਦਰਦ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਚੁਣਾਵੀ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦੇਣ ਅਤੇ ਕਿਸਾਨਾਂ ਨਾਲ ਗੱਲਬਾਤ ਚਲਾਉਣ ਲਈ ਪੈਨਲ ਦਾ ਗਠਨ ਕੀਤੇ ਜਾਣ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਰਿਝਾਉਣ ਦਾ ਬੁਖਲਾਹਟ ਭਰਿਆ ਕਦਮ ਦੱਸਿਆ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਾੜਨਾ ਕਰਦਿਆਂ ਕਿਹਾ, “ਕਿਸਾਨ ਅਤੇ ਪੰਜਾਬ ਦੇ ਲੋਕ ਮੂਰਖ ਨਹੀਂ ਹਨ ਅਤੇ ਇਨ੍ਹਾਂ ਨੂੰ ਝੂਠਾਂ ਜ਼ਰੀਏ ਮੂਰਖ ਬਣਾਉਣ ਦੀਆਂ ਤੁਹਾਡੀ ਕੋਸ਼ਿਸ਼ਾਂ ਉਲਟਾ ਤੁਹਾਡੇ ਖਿਲਾਫ਼ ਹੀ ਭੁਗਤਣਗੀਆਂ।” ਉਨ੍ਹਾਂ ਕਿਹਾ ਕਿ ਸੂਬੇ ਨੇ ਤਹਾਨੂੰ ਪੂਰੀ ਤਰ੍ਹਾਂ ਅਤੇ ਸਪੱਸ਼ਟ ਰੂਪ ਵਿਚ ਨਾਕਾਰ ਦਿੱਤਾ ਕਿਉਂ ਜੋ ਤੁਸੀਂ ਪਹਿਲਾਂ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 10 ਸਾਲ ਸੂਬੇ ਨੂੰ ਲੁੱਟਿਆ ਅਤੇ ਉਸ ਤੋਂ ਬਾਅਦ ਕਿਸਾਨਾਂ ਉਤੇ ਖੇਤੀ ਕਾਨੂੰਨੀ ਜਬਰੀ ਮੜ੍ਹਨ ਵਿਚ ਵੀ ਤੁਸੀਂ ਭਾਜਪਾ ਨਾਲ ਸਾਂਝ ਪੁਗਾਈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਸਮੁੱਚੀ ਵਿਧਾਨਕ ਪ੍ਰਕਿਰਿਆ ਮੌਕੇ ਸ਼੍ਰੋਮਣੀ ਅਕਾਲੀ ਦਲ, ਕੇਂਦਰ ਵਿਚ ਐਨ.ਡੀ.ਏ. ਸਰਕਾਰ ਦਾ ਅਨਿੱਖੜਵਾਂ ਅੰਗ ਸੀ ਅਤੇ ਹਰਸਿਮਰਤ ਬਾਦਲ, ਕੇਂਦਰੀ ਵਜ਼ਾਰਤ ਦਾ ਹਿੱਸਾ ਸੀ ਜਿਸ ਨੇ ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ ਜੋ ਕਿਸਾਨਾਂ ਲਈ ਮੌਤ ਦੀ ਘੰਟੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਐਨ.ਡੀ.ਏ. ਨਾਲੋਂ ਅਲਹਿਦਾ ਹੋਣ ਦੀ ਨੌਟੰਕੀ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਤੋਂ ਵੱਧ ਕੁਝ ਵੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਬਾਦਲਾਂ ਦੀ ਦਿਲਚਸਪੀ ਇਸ ਗੱਲ ਵਿਚ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਸੱਤਾ ਵਿਚ ਵਾਪਸੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਗਰਮੱਛ ਦੇ ਹੰਝੂ ਵਹਾ ਕੇ ਵੀ ਕਿਸਾਨਾਂ ਦਾ ਭਰੋਸਾ ਹਾਸਲ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਅਕਾਲੀ ਹੁਣ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਢਕਵੰਜ ਕਰ ਰਹੇ ਹਨ। ਉਨ੍ਹਾਂ ਕਿਹਾ, “ਤੁਸੀਂ ਐਨ.ਡੀ.ਏ. ਵਿਚ ਆਪਣੇ ਭਾਈਵਾਲਾਂ ਨੂੰ ਕਾਲੇ ਖੇਤੀ ਕਾਨੂੰਨ ਲਿਆਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਕੀਤੀ।” ਇੱਥੋਂ ਤੱਕ ਕਿ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਬਾਦਲਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ ਅਤੇ ਉਲਟਾ ਕਈ ਮਹੀਨੇ ਖੇਤੀ ਕਾਨੂੰਨਾਂ ਦਾ ਹੀ ਪੱਖ ਪੂਰਦੇ ਰਹੇ। ਕਿਸਾਨ ਧਿਰਾਂ ਨਾਲ ਗੱਲਬਾਤ ਕਰਕੇ ਸਾਰੀਆਂ ਗਲਤਫਹਿਮੀਆਂ ਦੂਰ ਕਰਨ ਬਾਰੇ ਸੁਖਬੀਰ ਦੇ ਬਿਆਨ ਦਾ ਮਜ਼ਾਕ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਦੀ ਸਮੁੱਚੀ ਪ੍ਰਕਿਰਿਆ ਵਿਚ ਅਕਾਲੀ ਦਲ ਦੀ ਭੂਮਿਕਾ ਬਾਰੇ ਕਿਸਾਨਾਂ ਵਿਚ ਕਿਸੇ ਤਰ੍ਹਾਂ ਦੀ ਗਲਤਫਹਿਮੀ ਨਹੀਂ ਹੈ ਕਿਉਂ ਜੋ ਇਹ ਕਾਨੂੰਨ ਭਾਜਪਾ ਵੱਲੋਂ ਕਿਸਾਨ ਭਾਈਚਾਰੇ ਦੀ ਕੀਮਤ ਉਤੇ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਖੁਸ਼ ਕਰਨ ਲਈ ਸਪੱਸ਼ਟ ਰੂਪ ਵਿਚ ਘੜੀ ਗਈ ਸਾਜ਼ਿਸ਼ ਦਾ ਹਿੱਸਾ ਸਨ।

ਕਿਸਾਨ ਅੰਦੋਲਨ ਦੇ ਨਾਂਅ ‘ਤੇ ਪੰਜਾਬ ‘ਚ ਕਾਨੂੰਨ-ਵਿਵਸਥਾ ਦੀਆਂ ਉੱਡੀਆਂ ਧੱਜੀਆਂ – ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ  ਕਰਦਿਆਂ ਖੇਤੀ ਮੁੱਦੇ ਅਤੇ ਪੰਜਾਬ ਦੀ ਕਨੂੰਨ ਵਿਵਸਥਾ ਬਾਰੇ ਗ੪ਲ ਕੀਤੀ।  ਉਹਨਾਂ ਦੇ ਨਾਲ ਹਰਜੀਤ ਗਰੇਵਾਲ ਤੇ ਹੋਰ ਕਈ ਆਗੂ ਸ਼ਾਮਲ ਸਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਪੰਜਾਬ ਭਰ ਤੋਂ ਕਾਂਗਰਸ ,ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ  ਸਮਾਜ ਸੇਵੀ ਸੰਸਥਾਵਾਂ ਤੋਂ ਲੋਕ ਭਾਜਪਾ ਵਿਚ ਸ਼ਾਮਲ ਹੋਏ। ਉਹਨਾਂ ਕਿਹਾ ਕਿ ਹਰ ਮਹੀਨੇ ਦਿੱਲੀ ਤੋਂ ਭਾਜਪਾ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਤੇ ਪੰਜਾਬ ਵਿਚੋਂ ਹਰ ਹਫ਼ਤੇ ਪਾਰਟੀ ਵਿਚ ਲੋਕ ਜੁੜ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜੋ ਪੰਜਾਬ ਦਾ ਵਾਤਾਵਰਣ ਹੈ ਉਸ ਅੰਦਰ ਸਮਾਜ ਦਾ ਹਰ ਵਰਗ ਫਿਰ ਚਾਹੇ ਉਹ ਕਿਸੇ ਵੀ ਸਮਾਜ ਨਾਲ ਸਬੰਧਿਤ ਹੋਵੇ ਨਾਲ ਸਬੰਧਿਤ ਹੋਵੇ  ਉਹ ਪੰਜਾਬ ਦੀ ਅਮਨ ਸ਼ਾਂਤੀ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਪੰਜਾਬ ਵਿਚ ਜਿੰਨੀਆਂ ਵੀ ਪਾਰਟੀਆਂ ਦੀ ਸਰਕਾਰ ਬਣੀ ਹੈ ਉਹਨਾਂ ਨੇ ਨਾ ਤਾਂ ਰਾਜਨੀਤਿਕ ਸੰਤੁਲਨ ਬਣਾਇਆ ਹੈ ਤੇ ਨਾ ਹੀ ਸਮਾਜਿਕ ਇਸ ਲਈ ਹੀ ਲੋਕ ਸਾਡੀ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ। ਸਮਾਜ ਦਾ ਬਹੁਤ ਵੱਡਾ ਵਰਗ ਸਮਾਜਿਕ ਅਤੇ ਰਾਜਨੀਤਿਕ ਹਿੱਸੇਦਾਰੀ ਤੋਂ ਦੂਰ ਰਹਿ ਗਿਆ ਹੈ ਤੇ ਸਮਾਜ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ਅਪਣੇ ਮੰਤਰੀਆਂ ਦਾ ਵਿਸਥਾਰ ਕੀਤਾ ਹੈ, ਸਮਾਜਿਕ ਅਤੇ ਭੂਗੋਲਿਕ ਤੌਰ ਤੇ ਸਮਾਜ ਨੂੰ ਲੱਗਦਾ ਹੈ ਕਿ ਇਹ ਮੇਰਾ ਮੰਤਰੀ ਮੰਡਲ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਹਨ ਉਹਨਾਂ ਨੇ ਸਮਾਜਿਕ ਢਾਂਚੇ ਨੂੰ ਤੋੜਿਆ ਹੈ ਨਾ ਕਿ ਜੋੜਿਆ ਤੇ ਇਸ ਕਰ ਕੇ ਸਮਾਜ ਨੂੰ ਲੱਗਦਾ ਹੀ ਨਹੀਂ ਕਿ ਸਾਡੀ ਸਰਕਾਰ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਇਕ ਹੀ ਟੀਚਾ ਹੈ ਕਿ ਲੋਕਤੰਤਰ ਵਿਚ ਚਾਹੇ 1 ਹੀ ਵਿਅਕਤੀ ਹੋਵੇ ਜਾਂ 100 ਹੋਣ ਉਹਨਾਂ ਨੂੰ ਅਪਣੀ ਗੱਲਬਾਤ ਕਹਿਣ ਦੀ ਅਜ਼ਾਦੀ ਹੈ। ਅਸ਼ਵਨੀ ਸ਼ਰਮਾ ਨੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਤੋਂ ਕਿਸਾਨ ਅੰਦੋਲਨ ਦੀ ਆੜ ਵਿਚ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਦੁਰਉਪਯੋਗ ਹੋਇਆ ਹੈ ਜਿਸ ਤਰ੍ਹਾਂ ਲੋਕਤੰਤਰ ਦੇ ਅਧਿਕਾਰਾਂ ‘ਤੇ ਚੋਟ ਕੀਤੀ ਗਈ ਹੈ ਤੇ ਜਦੋਂ ਅਸੀਂ ਕਹਿੰਦੇ ਸੀ ਕਿ ਲੋਕਤੰਤਰ ਦੀ ਖੂਬਸੂਰਤੀ ਹੈ ਲੋਕ ਅਪਣੀ ਗੱਲ ਅਪਣੇ ਹੱਕ ਨਾਲ ਰੱਖੇ ਤੇ ਸਮਾਜ ਤੈਅ ਕਰੇਗਾ ਕਿ ਕਿਸਦੀ ਗੱਲ ਵਿਚ ਕਿੰਨਾ ਗਮ ਹੈ। ਉਹਨਾਂ ਕਿਹਾ ਕਿ ਜਦੋਂ ਸਾਡੇ ਮੰਤਰੀ ਜਾਂਦੇ ਸੀ ਤਾਂ ਉਹਨਾਂ ਦਾ ਵਿਰੋਧ ਹੁੰਦਾ ਸੀ ਕਾਨੂੰਨ ਹੱਥ ਵਿਚ ਲਿਆ ਗਿਆ ਤੇ ਅਸੀਂ ਕੈਪਟਨ ਸਰਕਾਰ ਨੂੰ ਚਿਤਾਇਆ ਸੀ ਕਿ ਇਹ ਲੋਕਤੰਤਰ ਲਈ ਚੰਗਾ ਨਹੀਂ ਹੈ ਪਰ ਫਿਰ ਵੀ ਵਿਰੋਧ ਹੁੰਦਾ ਰਿਹਾ।

  ਮੋਦੀ ਨਾਲ ਰਲ ਕੇ ਕਿਸਾਨਾਂ ਖ਼ਿਲਾਫ਼ ਸਾਜਿਸ਼ਾਂ ਕਰ ਰਹੇ ਨੇ ਬਾਦਲ- ਕੁਲਤਾਰ ਸੰਧਵਾਂ

‘ਸੰਯੁਕਤ ਕਿਸਾਨ ਮੋਰਚੇ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾਂਦੀਆਂ ਸਿਆਸੀ ਰੈਲੀਆਂ ਨੂੰ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀਆਂ ਕਰਵਾਈਆਂ ਕਰਾਰ ਦਿੱਤਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ’ਤੇ ਕਿਸਾਨਾਂ ਖ਼ਿਲਾਫ਼ ਸਾਜਿਸ਼ਾਂ ਕਰ ਰਹੇ ਹਨ।’ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਕੀਤਾ ਹੈ। ਸੰਧਵਾਂ ਨੂੰ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਬੀਜੇ ਕੰਢੇ ਹੀ ਚੁੱਗ ਰਹੇ ਹਨ। ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਆਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ’ਤੇ ਹੀ ਪੰਜਾਬ ਦਾ ਮਹੌਲ ਖ਼ਰਾਬ ਹੋਣ ਦੀਆਂ ਗੱਲਾਂ ਕਰ ਰਹੇ ਹਨ ਤਾਂ ਜੋ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕੇ, ਕਿਉਂਕਿ ਪੰਜਾਬ ਦੇ ਕਿਸਾਨ ਅਤੇ ਆਮ ਲੋਕ ਸੁਖਬੀਰ ਬਾਦਲ ਤੋਂ ਕਾਲੇ ਖੇਤੀ ਕਾਨੂੰਨਾਂ ਬਾਰੇ ਗਦਾਰੀ ਕਰਨ ਸਮੇਤ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਲੁੱਟਣ ਤੇ ਕੁੱਟਣ ਬਾਰੇ ਸਵਾਲ ਪੁੱਛ ਰਹੇ ਹਨ। ਪ੍ਰੰਤੂ ਸੁਖਬੀਰ ਸਿੰਘ ਬਾਦਲ ਮੀਡੀਆ ਸਾਹਮਣੇ ਵੀ ਝੂਠ ਬੋਲਣ ਤੋਂ ਬਾਜ਼ ਨਹੀਂ ਆ ਰਿਹਾ ਕਿ ਅਕਾਲੀ ਦਲ ਬਾਦਲ ਦੀਆਂ ਰਾਜਨੀਤਿਕ ਰੈਲੀਆਂ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਵਰਕਰ ਕਰ ਰਹੇ ਹਨ। ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਅਤੇ ਬਹਿਬਲ ਕਲਾਂ ਵਿਖੇ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਗੋਲੀਆਂ ਚੱਲੀਆਂ, ਜਿਸ ਕਾਰਨ ਦੋ ਸਿੱਖ ਨੌਜਵਾਨ ਮਾਰੇ ਗਏ। ਪੰਜਾਬ ਦੇ ਲੋਕ ਅੱਜ ਵੀ ਬਾਦਲਾਂ ਦੇ ਮਾਫੀਆ ਰਾਜ ਨੂੰ ਨਹੀਂ ਭੁਲੇ। ਉਪਰੋਂ ਬਾਦਲ ਪਰਿਵਾਰ ਨੇ ਖੇਤੀ ਆਰਡੀਨੈਂਸਾਂ ’ਤੇ ਦਸਤਖ਼ਤ ਕਰਕੇ ਪੰਜਾਬ ਵਾਸੀਆਂ ਦੇ ਗੁੱਸੇ ਵਿੱਚ ਹੋਰ ਵਾਧਾ ਕੀਤਾ। ਉਪਰੋਂ ਸੁਖਬੀਰ ਬਾਦਲ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਸ਼ਰਾਰਤੀ ਤੱਤ’ ਕਹਿਣ ਅਤੇ ਚੇਤਾਵਨੀਆਂ ਦੇਣ ਨੇ ਬਲਦੀ ’ਤੇ ਤੇਲ ਪਾਉਣ ਦੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਸ਼ਰਾਰਤੀ ਤੱਤ ਕਹਿਣਾ ਬੰਦ ਕਰਨ,  ਸਗੋਂ ਕਿਸਾਨਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣ ਕਿਉਂਕਿ ਬਾਦਲ ਪਰਿਵਾਰ ਤਾਂ ਹਮੇਸ਼ਾਂ ਹੀ ਆਪਣੇ ਆਪ ਨੂੰ ਕਿਸਾਨਾਂ ਅਤੇ ਪੰਥ ਦਾ ਹਿਤੈਸ਼ੀ ਕਹਿੰਦਾ ਰਿਹਾ ਹੈ।’’ਸੰਧਵਾਂ ਨੇ ਕਿਹਾ ਸੱਚਾਈ ਤਾਂ ਇਹ ਹੈ ਕਿ ਕਾਲੇ ਖੇਤੀ ਕਾਨੂੰਨਾਂ ਲਈ ਭਾਰਤੀ ਜਨਤਾ ਪਾਰਟੀ ਸਮੇਤ ਅਕਾਲੀ ਦਲ ਬਾਦਲ ਅਤੇ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਹੀ ਇਹ ਕਾਲੇ ਕਾਨੂੰਨ ਤਿਆਰ ਕੀਤੇ ਸਨ, ਜਦੋਂ ਭਾਜਪਾ ਅਤੇ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਵਿਰੋਧੀ ਇਹ ਕਾਨੂੰਨ ਲਾਗੂ ਕੀਤੇ ਹਨ।

ਇਸ ਦੌਰਾਨ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ ’ਤੇ ਤੰਜ਼ ਕੱਸਦਿਆਂ ਕਿਹਾ ਕਿ, “ਅੱਜ ਦੇ ਮੁੱਖ ਮੰਤਰੀ ਜਾਂ ਆਗੂ ਜਨਤਾ ਨੂੰ ਨੇੜੇ ਨਹੀਂ ਲੱਗਣ ਦਿੰਦੇ, ਜਿਹੜੇ ਹਲੇ ਡਿਪਟੀ ਸੀਐਮ ਹੀ ਰਹੇ ਹਨ ਉਹਨਾਂ ਕਰ ਕੇ ਵੀ ਲੋਕਾਂ ਦੇ ਡਾਂਗਾ ਪੈ ਰਹੀਆਂ ਹਨ, ਪਾਣੀ ਦੀਆਂ ਬੁਛਾੜਾਂ ਹੋ ਰਹੀਆਂ ਹਨ। ਉਹਨਾਂ ਦੀ ਰਾਖੀ ਕਰਨਾ ਇੰਨ੍ਹਾਂ ਜ਼ਰੂਰੀ ਨਹੀਂ ਜਿਨ੍ਹਾਂ ਪੰਜਾਬ ਦੇ ਲੋਕਾਂ ਦੀ ਰਾਖੀ ਕਰਨਾ ਜ਼ਰੂਰੀ ਹੈ। ਸੁਖਬੀਰ ਬਾਦਲ ਦੀ ਰਾਖੀ ਕਰਨਾ ਕਿੰਨਾ ਕਿ ਜ਼ਰੂਰੀ ਹੈ? ਜੇ ਸੁਖਬੀਰ ਬਾਦਲ ਨੂੰ ਇਨ੍ਹਾਂ ਹੀ ਖ਼ਤਰਾ ਹੈ ਤਾਂ ਸਿਆਸਤ ਛੱਡ ਕੇ ਕੋਈ ਹੋਰ ਕੰਮ ਕਰ ਲਵੇ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਮੈਨੂੰ ਤਾਂ ਲੱਗਦਾ ਹੈ ਉਨ੍ਹਾਂ ਦੇ ਸਾਰੇ ਪਰਿਵਾਰ ’ਤੇ ਇੰਨੀ ਪੁਲਿਸ ਲੱਗੀ ਹੈ, ਜਿੰਨੀ ਪੂਰੇ ਪੰਜਾਬ ਦੇ ਥਾਣਿਆਂ ‘ਚ ਨਹੀਂ ਹੋਣੀ।

Comment here