ਸਿਆਸਤਖਬਰਾਂ

ਕਿਸਾਨ ਅੰਦੋਲਨ ਤੇ ਸਿਆਸੀ ਸਰਗਰਮੀਆਂ

ਵਿਸ਼ੇਸ਼ ਰਿਪੋਰਟ-ਜਸਪਾਲ ਸਿੰਘ

ਹਰਿਆਣਾ ਸਰਕਾਰ ਨੇ ਰਾਹ ਖੁਲਵਾਉਣ ਲਈ ਬਣਾਈ ਕਮੇਟੀ

ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਦਿਲੀ ਦੀਆਂ ਬਰੂਹਾਂ ਦੇ ਨਾਲ ਲਗਦੇ ਰਸਤੇ ਬੰਦ ਹੋਣ ਦਾ ਮਾਮਲਾ ਸੁਪਰੀਮ ਕੋਰਟ ਚ ਹੈ।  ਰਾਸ਼ਟਰੀ ਮਨੁਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਜਾਰੀ ਕੀਤਾ ਹੈ। ਇਸ ਮਗਰੋਂ ਹਰਿਆਣਾ ਸਰਕਾਰ ਨੇ ਰਸਤੇ ਖੁਲਵਾਉਣ ਲਈ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਗ੍ਰਹਿ ਸਕੱਤਰ ਰਾਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦੇ ਗਠਨ ਕੀਤਾ ਹੈ, ਜਿਸ ਚ ਡੀਜੀਪੀ ਪੀਕੇ ਅਗਰਵਾਲ ਅਤੇ ਏਡੀਜੀਪੀ ਲਾਅ ਐਂਡ ਆਰਡਰ ਨਵਦੀਪ ਸਿੰਘ ਵਿਰਕ ਅਤੇ ਗ੍ਰਹਿ ਵਿਭਾਗ ਦੇ ਸਕੱਤਰ ਬਲਕਾਰ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਇਹ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਰਸਤੇ ਖੁਲਵਾਉਣ ਲਈ ਗੱਲਬਾਤ ਕਰੇਗੀ। ਓਧਰ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਕੋਈ ਰਸਤਾ ਨਹੀਂ ਰੋਕਿਆ ਹੋਇਆ, ਸਗੋਂ ਸਰਕਾਰ ਤੇ ਪੁਲਿਸ ਨੇ ਸੜਕਾਂ ਬੰਦ ਕੀਤੀਆਂ ਹਨ। ਟਿੱਕਰੀ ਸਰਹੱਦ ‘ਤੇ ਬੈਠੇ  ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ ਰਾਸ਼ਟਰੀ ਰਾਜ ਮਾਰਗ ‘ਤੇ ਬੈਠੇ ਹਨ ਪਰ ਪੁਲਿਸ ਨੇ ਦਿੱਲੀ ਨੂੰ ਜਾਣ ਵਾਲੀ ਛੋਟੀ ਸੜਕ ਨੂੰ ਵੀ ਬੰਦ ਕਰ ਦਿੱਤਾ ਹੈ।

ਭਾਜਪਾ ਚਲਾਊ ਡੈਮੇਜ ਕੰਟਰੋਲ ਮੁਹਿੰਮ

ਭਾਜਪਾ ਨੇ ਕਿਸਾਨ ਅੰਦੋਲਨ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਘਟਾਉਣ ਲਈ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਤਹਿਤ ਭਾਜਪਾ ਕਿਸਾਨ ਮੋਰਚਾ 15 ਅਕਤੂਬਰ ਤੋਂ 15 ਦਸੰਬਰ ਤੱਕ ਮੁਹਿੰਮ ਚਲਾਏਗੀ। ਇਸ ਮੁਹਿੰਮ ਤਹਿਤ ਭਾਜਪਾ ਕਿਸਾਨ ਮੋਰਚਾ ਦੇ ਲੀਡਰ ਉੱਤਰ ਪ੍ਰਦੇਸ਼ ਦੇ ਹਰ ਛੋਟੇ ਤੇ ਵੱਡੇ ਪਿੰਡਾਂ ‘ਚ ਜਾਣਗੇ। ਖੇਤੀ ਕਾਨੂੰਨਾਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ ਤੇ ਇਨ੍ਹਾਂ ਦੇ ਫ਼ਾਇਦੇ ਦੱਸਣਗੇ। 18 ਸਤੰਬਰ ਨੂੰ ਯੋਗੀ ਆਦਿੱਤਿਆਨਾਥ ਲਖਨਊ ਵਿੱਚ ਇੱਕ ਕਿਸਾਨ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਉਹ ਇਥੇ ਕਿਸਾਨਾਂ ਸਬੰਧੀ ਕੁਝ ਵੱਡੇ ਐਲਾਨ ਵੀ ਕਰ ਸਕਦੇ ਹਨ।

ਸੁਖਬੀਰ ਦਾ ਹਿਸਾਰ ਚ ਘਿਰਾਓ

ਅੱਜ ਸੁਖਬੀਰ ਸਿੰਘ ਬਾਦਲ ਦਾ ਹਿਸਾਰ ਵਿੱਚ ਰਾਮਾਇਣ ਟੋਲ ਪਲਾਜ਼ਾ ‘ਤੇ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ। ਖੇਤੀ ਕਨੂੰਨ ਆਉਣ ਦੇ ਇੱਕ ਸਾਲ ਪੂਰੇ ਹੋਣ ‘ਤੇ, 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ‘ਕਾਲ਼ੇ ਦਿਨ’ ਵਜੋਂ ਮਨਾ ਰਿਹਾ ਹੈ। ਤੇ ਇਸ ਦਿਨ ਦਿੱਲੀ ਚ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਸੰਸਦ ਤਕ ਰੋਸ ਮਾਰਚ ਕਰਨ ਦਾ ਐਲਾਨ ਵੀ ਕੀਤਾ ਹੈ, ਪਰ ਮਾਰਚ ਦੀ ਇਜਾਜ਼ਤ ਨਹੀਂ ਮਿਲੀ, ਇਸ ਤੇ ਅਕਾਲੀ ਦਲ ਨੇ ਕਿਹਾ ਹੈ ਕਿ ਬੇਸ਼ਕ ਗ੍ਰਿਫਤਾਰੀਆਂ ਦੇਣੀਆਂ ਪੈਣ। ਸ਼ਾਂਤਮਈ ਤਾਰੀਕੇ ਨਾਲ ਮਾਰਚ ਕੱਢਿਆ ਜਾਏਗਾ।

ਕਾਹਲੋਂ ਨੇ ਮੰਗੀ ਮਾਫੀ

ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਵਲੋਂ ਕਿਸਾਨਾਂ ਨੂੰ ਡੰਡੇ ਮਾਰ ਕੇ ਭਜਾਉਣ ਵਾਲੇ ਬਿਆਨ ਤੇ ਭੜਕੇ ਕਿਸਾਨਾਂ ਨੇ ਕਾਹਲੋਂ ਦੇ ਘਰ ਦਾ ਘਿਰਾਓ ਕੀਤਾ ਸੀ, ਘੜ ਮੂਹਰੇ ਗੋਹਾ ਖਿਲਾਰ ਦਿਤਾ ਸੀ, ਇਸ ਮਗਰੋਂ ਕਾਹਲੋਂ ਨੇ ਆਪਣੇ ਬਿਆਨ ਤੇ ਅਫਸੋਸ ਜਤਾਇਆ ਹੈ।ਕਾਹਲੋ ਨੇ ਕਿਹਾ ਕਿ “ਉਹ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ ਅਤੇ ਆਪਣੇ ਬਿਆਨਾਂ ਤੇ ਅਫਸੋਸ ਜ਼ਾਹਰ ਕਰਦੇ ਹਨ ਤੇ ਬਹੁਤ ਦੁਖੀ ਵੀ ਹਨ।”

Comment here