ਸਿਆਸਤਖਬਰਾਂਚਲੰਤ ਮਾਮਲੇ

ਕਿਸਾਨ ਅੰਦੋਲਨ ਤੇ ਪੰਜਾਬ ਦੀ ਸਿਆਸਤ

ਵਿਸ਼ੇਸ਼ ਰਿਪੋਰਟ-ਜਸਪਾਲ ਸਿੰਘ

ਉਗਰਾਹਾਂ ਭਾਜਪਾ ਤੋਂ ਬਿਨਾ ਕਿਸੇ ਹੋਰ ਦਾ ਵਿਰੋਧ ਨਹੀਂ ਕਰਨਗੇ

ਕਿਸਾਨ ਅੰਦੋਲਨ ਚਲਾ ਰਹੀਆਂ ਮੂਹਰੈਲ ਧਿਰਾਂ ਦੀ ਆਪਸ ਚ ਸੁਰ ਨਾ ਰਲਣ ਦਾ ਇਕ ਹੋਰ ਮੁੱਦਾ ਨਸ਼ਰ ਹੋ ਗਿਆ ਹੈ। ਪੰਜਾਬ ਚ ਸਿਆਸੀ ਪਾਰਟੀਆਂ ਨੂੰ ਚੋਣ ਸਰਗਰਮੀਆਂ ਕਰਨ ਤੋਂ ਵਰਜਣ ਦੇ ਮਾਮਲੇ ਤੇ  ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਬਾਕੀ 32 ਜਥੇਬੰਦੀਆਂ ਤੋਂ ਬਿਲਕੁਲ ਉਲਟ ਰਾਇ ਹੈ। ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਉਹ ਸਿਰਫ਼ ਭਾਜਪਾ ਦਾ  ਵਿਰੋਧ ਕਰਨ ਦੇ ਹੱਕ ਚ ਹਨ, ਤੇ ਉਨ੍ਹਾਂ ਖ਼ੁਦ ਨੂੰ 32 ਕਿਸਾਨ ਜਥੇਬੰਦੀਆਂ ਤੋਂ ਵੱਖਰਾ ਦੱਸਿਆ। ਸਿਰਸਾ ਵਿਖੇ ਇਕ ਟੀ. ਵੀ. ਚੈਨਲ ’ਤੇ ਗੱਲਬਾਤ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਅਸੀਂ ਭਾਜਪਾ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਨਹੀਂ ਘੇਰਣਾ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ’ਤੇ ਰੋਕ ਲਗਾਉਣ ਦਾ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੈ, ਅਸੀਂ ਉਸ ’ਤੇ ਕੋਈ ਟਿੱਪਣੀ ਵੀ ਨਹੀਂ ਕਰਨੀ ਤੇ ਅਸੀਂ 32 ਕਿਸਾਨ ਜਥੇਬੰਦੀਆਂ ਨਾਲ ਕੋਈ ਵੀ ਅੱਜ ਤੱਕ ਮੀਟਿੰਗ ਨਹੀਂ ਕੀਤੀ ਹੈ, ਉਹ ਅੱਡ ਹਨ ਅਤੇ ਅਸੀਂ ਵੀ ਅੱਡ ਹਾਂ। ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ  ਅਸੀਂ ਆਪਣਾ ਪੱਖ ਰੱਖ ਦਿੱਤਾ।

ਹੁਣ ਪੰਜਾਬ ਦੇ ਸਿਆਸੀ ਖੇਮੇ ਚ ਚਰਚਾ ਹੋਣ ਲੱਗੀ ਹੈ ਕਿ ਆਖਰ ਸਿਆਸੀ ਪਾਰਟੀਆਂ ਕਿਸ ਦੀ ਗੱਲ ਨੂੰ ਮਾਨਤਾ ਦੇਣਗੀਆਂ, 32 ਜਥੇਬੰਦੀਆਂ ਨੂੰ ਜਾਂ ਫੇਰ ਉਗਰਾਹਾਂ ਧਿਰ ਨੂੰ।

ਕਾਂਗਰਸੀ ਵਿਧਾਇਕ ਨੂੰ ਕਿਸਾਨੀ ਵਿਰੋਧ ਕਰਕੇ ਦੌਰਾ ਰੱਦ ਕਰਨਾ ਪਿਆ

ਅਕਾਲੀ ਦਲ ਬਾਦਲ ਤੇ ਕਈ ਆਗੂ ਸਿਆਸੀ ਸਰਗਰਮੀਆਂ ਚਲਾਉਣ ਦੇ ਹੱਕ ਚ ਹਨ, ਕਾਂਗਰਸ ਬਾਰੇ ਵੀ ਇਹੋ ਜਿਹੀ ਖਬਰ ਹੈ, ਤੇ ਅੱਜ ਕਾਹਨੂੰਵਾਨ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੱਲੋਂ ਭੈਣੀ ਮੀਆਂ ਖਾਂ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਬਾਅਦ ਦੁਪਹਿਰ ਲੋਕ ਦਰਬਾਰ ਲਾਇਆ ਗਿਆ, ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਕਿਸਾਨਾਂ ਨੂੰ ਨਾਲ ਲੈ ਕੇ ਵੱਡਾ ਇਕਠ ਕਰ ਲਿਆ ਤੇ ਕਿਹਾ ਕਿ ਉਹ ਵਿਧਾਇਕ ਬਾਜਵਾ ਨਾਲ ਸਵਾਲ-ਜਵਾਬ ਕਰਨਗੇ। ਵੱਡੀ ਗਿਣਤੀ ਪੁਲਸ ਨੇ ਕਿਸਾਨਾਂ ਨੂੰ ਰਸਤੇ ’ਚ ਹੀ ਰੋਕ ਦਿੱਤਾ, ਪਰ  ਪੁਲਸ ਵੱਲੋਂ ਲਾਈਆਂ ਰੋਕਾਂ ਨੂੰ ਲਤਾੜਦੇ ਹੋਏ ਕਿਸਾਨ ਜਥੇਬੰਦੀਆਂ ਦੀ ਅਗਵਾਈ ਚ  ਕਾਫਲਾ ਲੋਕ ਦਰਬਾਰ ਵਾਲੀ ਥਾਂ ’ਤੇ ਜਾ ਪਹੁੰਚਿਆ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਲੋਕ ਦਰਬਾਰ ’ਚ ਦਾਖਲ ਹੋਣ ਨਹੀਂ ਦਿੱਤਾ। ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟੇ ਲਗਾਤਾਰ ਆਪਣਾ ਸੰਘਰਸ਼ ਜਾਰੀ ਰੱਖਿਆ ਗਿਆ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਵਿਰੋਧ ਦੇ ਚਲਦਿਆਂ ਵਿਧਾਇਕ ਇਥੇ ਨਹੀਂ ਪੁੱਜੇ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸਕਲਾਂ ਸੁਣੀਆਂ।

ਜਲੰਧਰ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਕਾਰਕੁੰਨ ਤੇ ਪੁਲਸ ਅੱਜ ਆਹਮੋ ਸਾਹਮਣੇ ਹੋਏ।

ਅਕਾਲੀ 17 ਨੂੰ ਪਾਰਲੀਮੈਂਟ ਵੱਲ ਰੋਸ ਮਾਰਚ ਕਢਣਗੇ

ਕਿਸਾਨ ਸੰਗਠਨਾਂ ਵਲੋਂ ਸਿਆਸੀ ਪਾਰਟੀਆਂ ਨੂੰ ਦਿਲੀ ਚ ਜਾ ਕੇ ਵਖਰੇ ਰੋਸ ਪਰਦਰਸ਼ਨ ਕਰਨ, ਧਰਨੇ ਮਾਰਨ ਦੀ ਸਲਾਹ ਦਿੱਤੀ ਗਈ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ 17 ਸਤੰਬਰ ਨੂੰ ਇਕ ਸਾਲ ਪੂਰਾ ਹੋਣ ’ਤੇ ਕਾਲੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕਰਦਿਆਂ ਇਸ ਦਿਨ ਗੁਰਦੁਆਰਾ ਰਕਾਬ ਗੰਜ ਦਿੱਲੀ ਤੋਂ ਪਾਰਲੀਮੈਂਟ ਹਾਊਸ ਤਕ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਅਤੇ ਸੂਬੇ ਵਿਚ ਸਿਆਸੀ ਸਰਗਰਮੀਆਂ, ਖਾਸ ਕਰਕੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਨੂੰ ਅਗਲੇ ਕੁੱਝ ਦਿਨਾਂ ਤੱਕ ਹੋਰ ਟਾਲ ਦਿੱਤਾ ਹੈ। ਪਾਰਟੀ ਦੀ ਐਮਰਜੈਂਸੀ ਮੀਟਿੰਗ ਵਿਚ ਕਈ ਆਗੂਆਂ ਨੇ ਵਿਧਾਨ ਸਭਾ ਚੋਣਾਂ ਵਿਚ ਸਮਾਂ ਘੱਟ ਹੋਣ ਦਾ ਹਵਾਲਾ ਦਿੰਦੇ ਹੋਏ ਸਿਆਸੀ ਸਰਗਰਮੀਆਂ ਕਰਨ ਦਾ ਸੁਝਾਅ ਦਿੱਤਾ ਪਰ ਬਹੁਤੇ ਆਗੂਆਂ ਨੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਰੈਲੀਆਂ, ਮੀਟਿੰਗਾਂ ਨਾ ਕਰਨ ਦਾ ਸੁਝਾਅ ਦਿੱਤਾ। ਜ਼ਿਆਦਾਤਰ ਆਗੂਆਂ ਨੇ ਸੁਝਾਅ ਦਿੱਤਾ ਕਿ ਰੈਲੀਆਂ ਕਰਨ ਨਾਲ ਕਿਸਾਨਾਂ ਨਾਲ ਸਿੱਧਾ ਟਕਰਾਅ ਹੋ ਸਕਦਾ ਹੈ ਜੋ ਕਿ ਪਾਰਟੀ ਦੇ ਹਿੱਤ ਵਿਚ ਨਹੀਂ ਹੋਵੇਗਾ ਕਿਉਂਕਿ ਪਾਰਟੀ ਦਾ ਕਾਡਰ ਕਿਸਾਨੀ ਵਰਗ ਵਿਚੋਂ ਹੀ ਹੈ। ਕਈ ਆਗੂਆਂ ਨੇ ਸੁਝਾਅ ਦਿੱਤਾ ਕਿ ਕਾਂਗਰਸ ਪਾਰਟੀ ਸਰਕਾਰੀ ਸਮਾਗਮਾਂ ਦੀ ਆੜ ਵਿਚ ਆਪਣੀਆਂ ਸਰਗਰਮੀਆਂ ਕਰਦੀ ਹੈ ਤਾਂ ਇਸ ਤਰ੍ਹਾਂ ਅਕਾਲੀ ਦਲ ਨੂੰ ਸਿਆਸੀ ਸਰਗਰਮੀਆਂ ਕਰਨ ਦੀ ਬਜਾਏ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ। ਆਗੂਆਂ ਨਾਲ ਲੰਬਾ ਵਿਚਾਰ ਚਰਚਾ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਹੇਠਲੇ ਪੱਧਰ ’ਤੇ ਹੋਰ ਰਿਪੋਰਟਾਂ ਇਕੱਤਰ ਕਰਨ ਤਕ ਸੂਬੇ ਵਿਚ ਸਿਆਸੀ ਸਰਗਰਮੀਆਂ, ਗੱਲ ਪੰਜਾਬ ਦੀ ਪ੍ਰੋਗਰਾਮ ਨੂੰ ਫਿਲਹਾਲ ਮੁਲਤਵੀ ਕਰਨ ਦੀ ਗੱਲ ਕਹੀ।

Comment here