ਚੜੂਨੀ ਦਾ ਸਿਆਸਤ ਨੂੰ ਲੈ ਕੇ ਰੁਖ ਸਾਫ
ਬੀਜੇਪੀ ਦੀ ਤਿਰੰਗਾ ਯਾਤਰਾ ਦਾ ਸੰਯੁਕਤ ਮੋਰਚਾ ਵਿਰੋਧ ਨਹੀਂ ਕਰੇਗਾ
ਨਵੀਂ ਦਿੱਲੀ, ਲੁਧਿਆਣਾ– ਕਿਸਾਨ ਅੰਦੋਲਨ ਕਾਰਨ 7 ਮਹੀਨਿਆਂ ਤੋਂ ਬੰਦ ਪਏ ਅਡਾਨੀ ਗਰੁੱਪ ਦੇ ਕਿਲ੍ਹਾ ਰਾਏਪੁਰ ਸਥਿਤ ਆਈ. ਸੀ. ਡੀ. ਪ੍ਰਾਜੈਕਟ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਅਡਾਨੀ ਗਰੁੱਪ ਨੇ ਇਸ ਸਬੰਧੀ ਹਾਈਕੋਰਟ ’ਚ ਆਪਣਾ ਹਲਫਨਾਮਾ ਦਾਖਲ ਕੀਤਾ ਤੇ ਕਿਹਾ ਕਿ ਇਨ੍ਹਾਂ 7 ਮਹੀਨਿਆਂ ’ਚ ਸੂਬਾ ਸਰਕਾਰ ਵੱਲੋਂ ਉਸ ਨੂੰ ਕੋਈ ਵੀ ਸੁਰੱਖਿਆ ਤੇ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। 80 ਏਕੜ ’ਚ ਇਕ ਮਲਟੀ ਮਾਡਲ ਲਾਜਿਸਟਿਕ ਪਾਰਕ ਦੀ ਸਥਾਪਨਾ ਕੀਤੀ ਸੀ। ਜਿੱਥੇ ਚਾਰ ਸੌ ਦੇ ਕਰੀਬ ਨੌਜਵਾਨਾਂ ਦਾ ਰੁਜ਼ਗਾਰ ਜੁੜਿਆ ਸੀ, ਜਿਹਨਾਂ ਦੀ ਤਨਖਾਹ ਪੰਦਰਾਂ ਹਜਾਰ ਤੋਂ ਚਾਰ ਲੱਖ ਰੁਪਏ ਮਹੀਨਾ ਤੱਕ ਦੱਸੀ ਜਾ ਰਹੀ ਹੈ, ਇਹਨਾਂ ਪਰਿਵਾਰਾਂ ਚ ਸੋਗ ਦਾ ਮਹੌਲ ਹੈ।
ਇਹ ਪਰੋਜੈਕਟ ਬੰਦ ਹੋਣ ਨਾਲ ਰੇਲ ਢੁਲਾਈ, ਜੀ.ਐੱਸ. ਟੀ., ਕਸਟਮ ਤੇ ਹੋਰ ਟੈਕਸਾਂ ਦੇ ਤੌਰ ’ਤੇ 700 ਕਰੋੜ ਰੁਪਏ ਤੇ ਕੁਲ ਆਰਥਿਕ ਪ੍ਰਭਾਵ ਦੇ ਤੌਰ ’ਤੇ ਤਕਰੀਬਨ 7000 ਕਰੋੜ ਰੁਪਏ ਦਾ ਸਰਕਾਰੀ ਖ਼ਜ਼ਾਨੇ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਰੋਕਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਸਜ਼ਾ ਭੁਗਤੀ ਹੈ। ਚੜੂਨੀ ਨੇ ਕਿਹਾ, “ਭਾਜਪਾ ਨੂੰ ਹਰਾਉਣ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ। ਜੇ ਵਾਪਸ ਵੀ ਹੋਏ ਤਾਂ ਡੈੱਥ ਵਰੰਟ ਕੈਂਸਲ ਨਹੀਂ ਹੋਏਗਾ, ਵੈਂਟੀਲੇਟਰ ਤੋਂ ਨਹੀਂ ਹਟਾਂਗੇ। ਕਿਸਾਨਾਂ ਦੇ ਸੰਪੂਰਨ ਇਲਾਜ ਲਈ ‘ਲੁਟੇਰੇ ਗਰੋਹ‘ ਨੂੰ ਵੋਟ ਨਾ ਦੇ ਕੇ ਸੱਤਾ ਖੋਹਣੀ ਪਵੇਗੀ। ਸੱਤਾ ਵਿੱਚ ਆਉਣ ਮਗਰੋਂ ਹੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਚੜੂਨੀ ਨੇ ਕਿਹਾ ਕਿ ਕੁਝ ਗੱਲਾਂ ਅਜਿਹੀਆਂ ਹਨ ਜਿਸ ਉਤੇ ਬੋਲੋ ਤਾਂ ਗਲਤ, ਨਾ ਬੋਲੋ ਤਾਂ ਵੀ ਗਲਤ।
ਹਰਿਆਣਾ ਚ ਅੱਜ ਪਹਿਲੀ ਅਗਸਤ ਤੋਂ ਬੀਜੇਪੀ ਤਰਿੰਗਾ ਯਾਤਰਾ ਕਰ ਰਹੀ ਹੈ, ਜਿਸ ਬਾਰੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਮੋਰਚੇ ਦੀ ਸਮਝ ਹੈ ਕਿ ਅਜਿਹਾ ਕਿਸਾਨਾਂ ਨਾਲ ਟਕਰਾਅ ਦੀ ਸਥਿਤੀ ਪੈਦਾ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ, ਇਸ ਖਦਸ਼ੇ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਇਸ ਤਿਰੰਗਾ ਯਾਤਰਾ ਦਾ ਵਿਰੋਧ ਨਾ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਚਰਚਾ ਹੋ ਰਹੀ ਹੈ ਕਿ ਪੱਛਮੀ ਬੰਗਾਲ ਚ ਮਮਤਾ ਦੀ ਸਰਕਾਰ ਬਣਾਉਣ ਦਾ ਸਿਹਰਾ ਕਿਸਾਨ ਅੰਦੋਲਨ ਨੂੰ ਦੇਣ ਵਾਲੇ ਕਿਸਾਨ ਮਮਤਾ ਤੋਂ ਕੁਝ ਨਿਰਾਸ਼ ਹਨ। ਲੰਘੇ ਸ਼ੁੱਕਰਵਾਰ ਨੂੰ ਦਿੱਲੀ ਦੌਰੇ ਤੇ ਆਈ ਮਮਤਾ ਬੈਨਰਜੀ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਯੂਪੀ ਗੇਟ ‘ਤੇ ਚੱਲ ਰਹੇ ਧਰਨਾ ਸਥਾਨ ਦਾ ਦੌਰਾ ਕਰਨਾ ਸੀ। ਇਸ ਦੌਰਾਨ, ਸਵੇਰ ਤੋਂ ਸ਼ਾਮ ਤੱਕ ਰਾਕੇਸ਼ ਟਿਕੈਤ ਆਪਣੇ ਵਰਕਰਾਂ ਸਮੇਤ ਯੂ ਪੀ ਦੇ ਗੇਟ ‘ਤੇ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਮਮਤਾ ਬੈਨਰਜੀ ਬਿਨਾ ਮਿਲੇ ਹੀ ਵਾਪਸ ਪਰਤ ਗਈ।
ਗਿੱਦੜਬਾਹਾ ਤੋੰ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਿੰਡ ਗਿੱਦੜਬਾਹਾ ਦੇ ਛੱਪੜ ਦੇ ਸੁੰਦਰੀਕਰਨ ਦਾ ਉਦਘਾਟਨ ਕਰਨ ਪਹੁੰਚੇ ਸਨ, ਜਿਥੇ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ, ਪੁਲਸ ਨੇ ਕਿਸਾਨਾਂ ਨੂੰ ਉਦਘਾਟਨ ਸਥਾਨ ਤੋਂ ਕਰੀਬ 150 ਮੀਟਰ ਦੂਰੀ ’ਤੇ ਰੋਕੀ ਰੱਖਿਆ। ਕਿਸਾਨ ਆਗੂਆਂ ਕਿਹਾ ਕਿ ਜਿੰਨਾਂ ਸਮਾਂ ਦਿੱਲੀ ਮੋਰਚਾ ਚੱਲ ਰਿਹਾ ਹੈ, ਪਿੰਡਾਂ ’ਚ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਵੜਣ ਦਿੱਤਾ ਜਾਵੇਗਾ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਘੇ ਦਿਨ ਭਾਜਪਾ ਦੀ ਮੀਟਿੰਗ ਚ ਸ਼ਾਮਲ ਹੋਏ ਪੁੱਜੇ ਮਦਨ ਮੋਹਨ ਮਿੱਤਲ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ, ਕਿਸਾਨ ਪੁਲਸ ਨਾਲ ਵੀ ਧਕਾਮੁਕੀ ਹੋਏ, ਮਿੱਤਲ ਦੇ ਕਾਫਲੇ ਦੇ ਮੂਹਰੇ ਲੰਮੇ ਪੈ ਗਏ, ਹਫੜਾ-ਦਫੜੀ ਦੌਰਾਨ ਮਿੱਤਲ ਦੇ ਕਾਫ਼ਿਲੇ ਵਾਲੀ ਗੱਡੀ ਹੇਠ ਇਕ ਕਿਸਾਨ ਦਾ ਪੈਰ ਵੀ ਆ ਗਿਆ। ਮਿੱਤਲ ਨੇ ਇਕ ਵਾਰ ਫੇਰ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਕਾਂਗਰਸ ਤੇ ਆਪ ਦੇ ਪੇਡ ਕਾਰਕੁੰਨ ਹਨ।
ਕਿਸਾਨਾਂ ਅਤੇ ਪੈਗਾਸਸ ਜਾਸੂਸੀ ਦੇ ਮੁੱਦੇ ਉੱਤੇ ਵਿਰੋਧੀ ਧਿਰਾਂ ਹਰ ਜਗ੍ਹਾ ਇੱਕਜੁਟ ਨਜ਼ਰ ਨਹੀਂ ਆ ਰਹੀਆਂ। ਅਕਾਲੀ ਦਲ, ਬਸਪਾ, ਨੈਸ਼ਨਲ ਕਾਨਫਰੰਸ ਅਤੇ ਐਨਸੀਪੀ ਦਾ ਇੱਕ ਵਫਦ ਇਹਨਾਂ ਮੁੱਦਿਆਂ ਤੇ ਰਾਸ਼ਟਰਪਤੀ ਨੂੰ ਮਿਲਿਆ ਪਰ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਗੈਰਹਾਜ਼ਰ ਰਹੇ। ਅਕਾਲੀ ਐਮ ਪੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਿੱਜੀ ਤੌਰ ‘ਤੇ ਕਾਂਗਰਸ, ਟੀਐਮਸੀ ਅਤੇ ਡੀਐਮਕੇ ਨੇਤਾਵਾਂ ਨਾਲ ਸੰਪਰਕ ਕੀਤਾ ਪਰ ਇਨ੍ਹਾਂ ਪਾਰਟੀਆਂ ਵਿੱਚੋਂ ਕੋਈ ਵੀ ਉੱਥੇ ਨਹੀਂ ਪਹੁੰਚਿਆ।
Comment here