ਸਿਆਸਤਖਬਰਾਂਚਲੰਤ ਮਾਮਲੇਵਿਸ਼ੇਸ਼ ਲੇਖ

ਕਿਸਾਨੀ ਰੋਹ ਨੂੰ ਹਲਕੇ ਚ ਨਾ ਲੈਣ ਸਿਆਸੀ ਪਾਰਟੀਆਂ

ਦੋ ਸਤੰਬਰ ਨੂੰ ਮੋਗਾ ਵਿਖੇ ਸੁਖਬੀਰ ਸਿੰਘ ਬਾਦਲ ਦੀ ਰੈਲੀ ਮੌਕੇ ਅਕਾਲੀ ਵਰਕਰਾਂ ਤੇ ਕਿਸਾਨਾਂ ਵਿਚਕਾਰ ਹੋਇਆ ਟਕਰਾਅ ਮੰਦਭਾਗਾ ਸੀ | ਇਸ ਝਗੜੇ ਨੂੰ ਵਧਾਉਣ ਵਿੱਚ ਹੋ ਸਕਦਾ ਹੈ ਕਿ ਕੁਝ ਦੂਜੀਆਂ ਪਾਰਟੀਆਂ ਦੇ ਕਾਰਕੁਨਾਂ ਦਾ ਵੀ ਹੱਥ ਹੋਵੇ, ਪਰ ਇਸ ਵਿੱਚ ਆਮ ਕਿਸਾਨਾਂ ਦੀ ਸ਼ਮੂਲੀਅਤ ਨੂੰ ਮੁੱਢੋਂ-ਸੁੱਢੋਂ ਰੱਦ ਨਹੀਂ ਕੀਤਾ ਜਾ ਸਕਦਾ |
ਇਸ ਮੌਕੇ ਉਤੇ ਅਸੀਂ ਸੱਤਾ ਪ੍ਰਾਪਤੀ ਲਈ ਤਰਲੋਮੱਛੀ ਹੋ ਰਹੀਆਂ ਸਿਆਸੀ ਧਿਰਾਂ ਨੂੰ ਕਹਿਣਾ ਚਾਹਾਂਗੇ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਸਮਝਣ | ਪੰਜਾਬ ਦਾ ਕਿਸਾਨ ਪਿਛਲੇ ਸਵਾ ਸਾਲ ਤੋਂ ਮੋਦੀ ਸਰਕਾਰ ਵੱਲੋਂ ਖੇਤੀ ਸੰਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਵਿਰੁੱਧ ਲੜ ਰਿਹਾ ਹੈ | ਕਿਸਾਨ ਜ਼ਮੀਨ ਨੂੰ ਮਾਂ ਦਾ ਦਰਜਾ ਦਿੰਦਾ ਹੈ | ਉਹ ਆਪਣੀ ਮਾਂ ਦੀ ਅਜ਼ਮਤ ਬਚਾਉਣ ਲਈ ਸਿਰ-ਧੜ ਦੀ ਬਾਜ਼ੀ ਲਾ ਦਿੰਦਾ ਹੈ | ਪਿਛਲੇ ਸਵਾ ਸਾਲ ਦੇ ਸੰਘਰਸ਼ ਨੇ ਕਿਸਾਨਾਂ ਦੇ ਦਿਮਾਗ਼ਾਂ ਵਿੱਚ ਇਹ ਗੱਲ ਡੂੰਘਿਆਂ ਉਤਾਰ ਦਿੱਤੀ ਹੈ ਕਿ ਖੇਤੀ ਸੰਬੰਧੀ ਬਣਾਏ ਕਾਲੇ ਕਾਨੂੰਨ ਉਨ੍ਹਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹ ਲੈਣਗੇ | ਇਸ ਲਈ ਇਸ ਲੜਾਈ ਵਿੱਚ ਨਾ ਧਰਮਾਂ ਦਾ ਤਫ਼ਰਕਾ ਰਿਹਾ ਹੈ, ਨਾ ਜਾਤ-ਪਾਤ ਦਾ ਅੰਤਰ ਤੇ ਨਾ ਅਮੀਰ-ਗਰੀਬ ਦਾ ਕੋਈ ਪਾੜਾ | ਖੇਤੀ ਨਾਲ ਜੁੜੇ ਸਭਨਾਂ ਦੀ ਇੱਕ ਜਾਤ ਕਿਸਾਨੀ ਜਮਾਤ ਬਣ ਚੁੱਕੀ ਹੈ | ਕਿਸਾਨਾਂ ਲਈ ਜੀਣਾ-ਮਰਨਾ ਬਣ ਚੁੱਕੀ ਇਸ ਜੰਗ ਦੇ ਫਿਕਰ ਨੇ ਹਰ ਕਿਸੇ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ ਹੈ | ਸ਼ਾਦੀਆਂ, ਛਿੰਝਾਂ ਤੇ ਮੇਲਿਆਂ ਦੀਆਂ ਰੌਣਕਾਂ ਦੀ ਥਾਂ ਸੰਘਰਸ਼ੀ ਅਖਾੜਿਆਂ ਨੇ ਲੈ ਲਈ ਹੈ |
ਅਜਿਹੀ ਸਥਿਤੀ ਵਿੱਚ ਜਦੋਂ ਸਿਆਸੀ ਆਗੂ ਸੱਤਾ ਦੀ ਲਾੜੀ ਨੂੰ ਵਰਨ ਖਾਤਰ ਲਾੜੇ ਬਣ ਕੇ ਪਿਛਲੱਗਾਂ ਦੀ ਬਰਾਤ ਨਾਲ ਜਸ਼ਨਾਂ ਵਿੱਚ ਮਗਨ ਦਿਸਦੇ ਹਨ ਤਾਂ ਕਿਸਾਨੀ ਮੋਰਚਿਆਂ ਉੱਤੇ ਗਰਮੀ, ਸਰਦੀ ਤੇ ਝੱਖੜਾਂ ਦੀ ਮਾਰ ਸਹਿ ਰਹੇ ਅੰਦੋਲਨਕਾਰੀਆਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ | ਸਿਆਸੀ ਆਗੂਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਅੰਦੋਲਨ ਹੁਣ ਇੱਕ ਜਨ-ਅੰਦੋਲਨ ਬਣ ਚੁੱਕਾ ਹੈ | ਸੰਯੁਕਤ ਕਿਸਾਨ ਮੋਰਚੇ ਨੇ ਤਾਂ ਕਦੇ ਨਹੀਂ ਸੀ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਨੂੰ ਆਪਣੇ ਪਿੰਡਾਂ ਵਿੱਚ ਨਾ ਵੜਨ ਦੇਵੋ, ਪਰ ਇਸ ਦੇ ਬਾਵਜੂਦ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਬਾਹਰ ਬੋਰਡ ਲੱਗ ਗਏ ਕਿ ਕੋਈ ਵੀ ਬਾਹਰਲਾ ਸਿਆਸੀ ਆਗੂ ਸਾਡੇ ਪਿੰਡ ਵਿੱਚ ਨਾ ਵੜੇ |
ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਲੰਮੇ ਸੰਘਰਸ਼ ਨੇ ਹਰ ਕਿਸਾਨ ਨੂੰ ਜਾਗਰੂਕ ਕਰ ਦਿੱਤਾ ਹੈ | ਹਰ ਕੋਈ ਜਾਣਦਾ ਹੈ ਕਿ ਕਿਹੜੀ-ਕਿਹੜੀ ਪਾਰਟੀ ਦੇ ਆਗੂਆਂ ਨੇ ਖੇਤੀ ਕਾਨੂੰਨ ਬਣਾਉਣ ਸਮੇਂ ਕਾਰਪੋਰੇਟਾਂ ਦੇ ਦੁੰਮਛੱਲੇ ਹੋਣ ਦੀ ਭੂਮਿਕਾ ਨਿਭਾਈ ਸੀ ਤੇ ਹੁਣ ਜਦੋਂ ਸੁਯੋਗ ਆਗੂਆਂ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ਸਿਖਰ ਉੱਤੇ ਪੁੱਜ ਚੁੱਕਾ ਹੈ ਤਾਂ ਹਰ ਕੋਈ ਮਗਰਮੱਛ ਦੇ ਅੱਥਰੂਆਂ ਦੀਆਂ ਨਦੀਆਂ ਵਹਾਈ ਜਾ ਰਿਹਾ ਹੈ |
ਇਸ ਸਮੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਲੰਗਰ-ਲੰਗੋਟੇ ਕਸ ਰਹੀਆਂ ਤਿੰਨ ਧਿਰਾਂ ਹਨ, ਕਾਂਗਰਸ, ਅਕਾਲੀ-ਬਸਪਾ ਗੱਠਜੋੜ ਤੇ ਆਮ ਆਦਮੀ ਪਾਰਟੀ | ਇਹ ਤਿੰਨੇ ਧਿਰਾਂ ਜੇ ਸੱਚੇ ਦਿਲੋਂ ਕਿਸਾਨ ਅੰਦੋਲਨ ਨਾਲ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਲੋਕਾਂ ਸਾਹਮਣੇ ਸੱਚ ਬੋਲਣਾ ਤੇ ਕੀਤੇ ਗੁਨਾਹਾਂ ਲਈ ਮਾਫ਼ੀ ਮੰਗਣੀ ਚਾਹੀਦੀ ਹੈ | ਇਸ ਦੇ ਨਾਲ ਹੀ ਅਸੀਂ ਸਿਆਸੀ ਧਿਰਾਂ ਨੂੰ ਕਹਾਂਗੇ ਕਿ ਚੋਣਾਂ ਵਿੱਚ ਹਾਲੇ ਲੰਮਾ ਸਮਾਂ ਪਿਆ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਤਾਕਤ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਲਾਉਣੀ ਚਾਹੀਦੀ ਹੈ | ਇਸ ਵੇਲੇ ਸਭ ਤੋਂ ਅਹਿਮ ਕੰਮ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣਾ ਹੈ | ਇਹ ਸਿਆਸੀ ਧਿਰਾਂ ਆਪਣੇ-ਆਪਣੇ ਮੰਚ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਨੂੰ ਕਾਮਯਾਬ ਕਰਨ ਵਿੱਚ ਆਪਣਾ ਹਿੱਸਾ ਪਾ ਸਕਦੀਆਂ ਹਨ |
ਇਸ ਮੌਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਕੁਝ ਕਿਸਾਨ ਆਗੂਆਂ ਵੱਲੋਂ ਦਿੱਤੇ ਜਾ ਰਹੇ ਆਪਹੁਦਰੇ ਸੱਦਿਆਂ ਦਾ ਨੋਟਿਸ ਜ਼ਰੂਰ ਲੈਣ | ਇਨ੍ਹਾਂ ਇੱਕ-ਦੋ ਆਗੂਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਟਕਰਾਅ ਪੈਦਾ ਕਰਨ ਵਾਲੇ ਬਿਆਨ ਮੋਰਚੇ ਦਾ ਭਲਾ ਨਹੀਂ ਨੁਕਸਾਨ ਕਰ ਸਕਦੇ ਹਨ | ਇਨ੍ਹਾਂ ਆਗੂਆਂ ਨੂੰ ਉਨ੍ਹਾਂ ਵਿਅਕਤੀਆਂ ਦੇ ਹਸ਼ਰ ਤੋਂ ਸਿੱਖ ਲੈਣਾ ਚਾਹੀਦਾ ਹੈ, ਜਿਹੜੇ ਸਿਰਫ਼ ਆਪਣੀ ਲੀਡਰੀ ਚਮਕਾਉਣ ਆਏ ਸਨ | ਸਿਆਸੀ ਆਗੂਆਂ ਨੂੰ ਸਵਾਲ ਪੁੱਛਣ ਲਈ ਧਾੜਾਂ ਲੈ ਕੇ ਜਾਣ ਦੀ ਲੋੜ ਨਹੀਂ ਹੁੰਦੀ, ਇਹ ਕੰਮ ਇੱਕ-ਦੋ ਆਗੂ ਬੰਦੇ ਵੀ ਕਰ ਸਕਦੇ ਹਨ | ਉਂਜ ਸਾਡੀ ਸਮਝ ਇਹ ਹੈ ਕਿ ਇਹ ਸਵਾਲ ਪੁੱਛਣ ਵਾਲਾ ਕੰਮ ਪਿੰਡਾਂ ਵਾਲਿਆਂ ਉੱਤੇ ਹੀ ਛੱਡ ਦੇਣਾ ਚਾਹੀਦਾ ਹੈ | ਕਿਸਾਨ ਜਥੇਬੰਦੀਆਂ ਨੂੰ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਨਿਭਾਉਣਾ ਚਾਹੀਦਾ ਹੈ | ਇਸ ਸਮੇਂ ਕਿਸਾਨ ਅੰਦੋਲਨ ਪੂਰੀ ਚੜ੍ਹਾਈ ਵਿੱਚ ਹੈ | ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਸਖ਼ਤੀ ਨਾਲ ਰੋਕ ਦੇਣ | ਸਾਡੀ ਲੜਾਈ ਤਾਨਾਸ਼ਾਹ ਹਾਕਮਾਂ ਨਾਲ ਹੈ, ਇਹ ਲੰਮੀ ਚੱਲੇਗੀ, ਸ਼ਾਇਦ ਉਦੋਂ ਤੱਕ, ਜਦੋਂ ਤੱਕ ਤਾਨਾਸ਼ਾਹੀ ਉੱਤੇ ਲੋਕਤੰਤਰ ਦੀ ਜਿੱਤ ਨਹੀਂ ਹੋ ਜਾਂਦੀ |
-ਚੰਦ ਫਤਿਹਪੁਰੀ

Comment here