ਸਿਆਸਤਵਿਸ਼ੇਸ਼ ਲੇਖ

ਕਿਸਾਨੀ ਬਾਰੇ ਮਾਰਕਸਵਾਦੀ ਨਜ਼ਰੀਆ

 -ਸੁਖਦੇਵ ਹੁੰਦਲ
ਭਾਰਤ ਦੀ ਸਿਆਸਤ ਵਿੱਚ ਕਿਸਾਨੀ ਦਾ ਸਵਾਲ ਹਮੇਸ਼ਾਂ ਮੁੱਖ ਸਵਾਲਾਂ ਵਿੱਚੋਂ ਇੱਕ ਰਿਹਾ ਹੈ। ਖਾਸ ਕਰਕੇ ਭਾਰਤੀ ਇਨਕਲਾਬੀ ਖੇਮੇ ਅਤੇ ਖੱਬੇ ਪੱਖੀ ਸੰਸਦਮਾਰਗੀ ਸਿਆਸਤ ਵਿੱਚ ਵੀ, ਕਿਸਾਨੀ ਦੇ ਸਵਾਲ ਤੇ ਹਮੇਸ਼ਾਂ ਮੱਤਭੇਦ ਰਹੇ ਹਨ ਅਤੇ ਅੱਜ ਵੀ ਹਨ। ‘ਕਿਸਾਨੀ ਬਾਰੇ ਮਾਰਕਸਵਾਦੀ ਨਜ਼ਰੀਆ’ ਵਿਸ਼ੇ ’ਤੇ ਗੱਲ ਕਰਦੇ ਸਮੇਂ, ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਮਾਰਕਸਵਾਦ ਮਜ਼ਦੂਰ ਜਮਾਤ ਦਾ ਨਜ਼ਰੀਆ ਹੈ। ਮਜ਼ਦੂਰ ਜਮਾਤ ਤੋਂ ਮਤਲਬ ਹੈ, ਉਹ ਜਮਾਤ ਜੋ ਪੈਦਾਵਾਰ ਦੇ ਸਾਰੇ ਸੰਦ ਸਾਧਨਾਂ ਤੋਂ ਵਿਰਵੀ ਹੋ ਚੁੱਕੀ ਹੈ ਅਤੇ ਜਿਸ ਦਾ ਜਨਮ, ਮੱਧ ਕਾਲੀਨ ਜਗੀਰਦਾਰੀ ਦਾ ਭੋਗ ਪੈਣ ਤੋਂ ਬਾਅਦ, ਸਰਮਾਏਦਾਰੀ ਸਮਾਜਕ-ਆਰਥਕ-ਸਿਆਸੀ ਪ੍ਰਬੰਧ ਦੀ ਆਮਦ ਦੇ ਨਾਲ਼ ਹੋਇਆ ਹੈ। ਇਸ ਲਈ ਮਾਰਕਸਵਾਦ ਅਤੇ ਕਿਸਾਨੀ ਦੇ ਸਵਾਲ ਤੋਂ ਸਾਡਾ ਭਾਵ ਹੈ, ਕਿਸਾਨੀ ਸਵਾਲ ਬਾਰੇ ਮਜ਼ਦੂਰ ਜਮਾਤ ਦਾ ਨਜ਼ਰੀਆ ਜਾਂ ਮਜ਼ਦੂਰ ਜਮਾਤ ਦੇ ਹਰਾਵਲ ਦਸਤੇ, ਕਮਿਊਨਿਸਟ ਪਾਰਟੀ ਦਾ ਨਜ਼ਰੀਆ। ਰੂਸ ਵਿੱਚ ਬਾਲਸ਼ਵਿਕ ਪਾਰਟੀ ਦੀ ਤੀਜੀ ਕਾਂਗਰਸ ਵਿੱਚ, ਕਿਸਾਨ ਸਵਾਲ ਤੇ ਗੱਲ ਕਰਦਿਆਂ, ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ, ਲੈਨਿਨ ਲਿਖਦੇ ਹਨ, “ਕਿਸਾਨਾਂ ਦੀ ਸਮੱਸਿਆ ਨੂੰ ਪਾਰਟੀ ਕਾਂਗਰਸ ਵਿੱਚ ਅਤੇ ਸੰਮੇਲਨ ਵਿੱਚ ਬਿਲਕੁਲ ਹੀ ਵੱਖ-ਵੱਖ ਤਰੀਕਿਆਂ ਨਾਲ਼ ਪੇਸ਼ ਕੀਤਾ ਗਿਆ। ਕਾਂਗਰਸ ਨੇ ‘ਕਿਸਾਨ ਲਹਿਰ ਸਬੰਧੀ ਰਵਈਏ’ ਬਾਰੇ ਮਤਾ ਤਿਆਰ ਕੀਤਾ ਸੀ ਅਤੇ ਸੰਮੇਲਨ ਨੇ ‘ਕਿਸਾਨਾਂ ਵਿੱਚ ਕੰਮ’ ਦੇ ਬਾਰੇ ਵਿੱਚ। ਇੱਕ ਵਿੱਚ ਪੂਰੀ ਵਿਆਪਕ ਇਨਕਲਾਬੀ ਜਮਹੂਰੀ ਲਹਿਰ ਦੇ ਜਾਰਸ਼ਾਹੀ ਵਿਰੋਧੀ ਸੰਘਰਸ਼ ਅਤੇ ਦੇਸ਼ ਵਿੱਚ ਅਗਵਾਈ ਕਰਨ ਦੇ ਕਾਰਜ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਗਿਆ ਹੈ ਅਤੇ ਦੂਜੇ ਵਿੱਚ ਇਸ ਸਮੱਸਿਆ ਨੂੰ ਸਮਾਜ ਦੇ ਸਿਰਫ ਇੱਕ ਹਿੱਸੇ ਵਿੱਚ ਕੰਮ ਕਰਨ ਤੱਕ ਸੀਮਤ ਕਰ ਦਿੱਤਾ ਗਿਆ ਹੈ।” [ਲੈਨਿਨ- ਚੋਣਵੀਆਂ ਰਚਨਾਵਾਂ(ਹਿੰਦੀ ਵਿੱਚ), ਚਾਰ ਖੰਡਾਂ ਵਿੱਚ, ਖੰਡ-1, ਸਫਾ 152।]। ਉੱਪਰਲੇ ਹਵਾਲੇ ਵਿੱਚ, ਸੰਮੇਲਨ ਤੋਂ ਭਾਵ ਹੈ, ਮੈਨਸ਼ਵਿਕਾਂ ਦਾ ਸੰਮੇਲਨ ਜੋ ਉਸੇ ਸਮੇਂ ਹੋਰ ਕਿਤੇ ਹੋ ਰਿਹਾ ਸੀ। ਇੱਥੇ ਦੋ ਨਜ਼ਰੀਏ ਸਾਫ਼ ਹਨ। ਇੱਕ ਦਾ ਸਰੋਕਾਰ ਮਜ਼ਦੂਰ ਜਮਾਤ ਦੇ ਭਾਵੀ ਇਨਕਲਾਬ ਲਈ, ਕਿਸਾਨੀ ਦੀ ਭੂਮਿਕਾ ਹੈ ਅਤੇ ਦੂਜੇ ਦਾ ਮਕਸਦ ਕਿਸਾਨੀ ਦੇ ਦਾਇਰੇ ਵਿੱਚ ਹੀ, ਆਰਥਿਕਤਾਵਾਦੀ ਮੁਹਿੰਮ ਤੱਕ ਸੀਮਤ ਹੈ।
ਸਾਡੇ ਇੱਥੇ ਤਾਂ ਹਾਲਤ ਹੋਰ ਵੀ ਗੰਭੀਰ ਹੈ। ਇਨਕਲਾਬੀ ਖੇਮੇ ਦਾ ਕਾਫੀ ਵੱਡਾ ਹਿੱਸਾ, ਇਹ ਮੰਨਣ ਲਈ ਹੀ ਤਿਆਰ ਨਹੀਂ ਹੈ ਕਿ ਭਾਰਤ ਵਿੱਚ ਖੇਤੀ ਖੇਤਰ ਵਿੱਚ ਸਰਮਾਏਦਾਰੀ ਸਬੰਧ ਕਾਇਮ ਹੋ ਚੁੱਕੇ ਹਨ। ਵੈਸੇ ਇਤਿਹਾਸ ਵਿੱਚ, ਇਹ ਕੋਈ ਨਵੀਂ ਗੱਲ ਨਹੀਂ ਹੈ। ਰੂਸ ਵਿੱਚ ਨਰੋਦਨਿਕ ਅਤੇ ਹੋਰ ਕਈ ਨਿੱਕ-ਬੁਰਜ਼ੂਆ ਵਿਚਾਰਕ ਵੀ, ਖੇਤੀ ਵਿੱਚ ਸਰਮਾਏਦਾਰੀ ਦੀ ਆਮਦ ਨੂੰ ਮੰਨਣ ਤੋਂ ਇਨਕਾਰ ਕਰਦੇ ਸਨ। ਕਾਮਰੇਡ ਲੈਨਿਨ ਨੂੰ ਇਸ ਸਵਾਲ ’ਤੇ ਤਿੱਖਾ ਵਿਚਾਰਧਾਰਕ ਸੰਘਰਸ਼ ਕਰਨਾ ਪਿਆ। ਲੈਨਿਨ ਨੇ “ਖੇਤੀ ਦਾ ਸਵਾਲ ਅਤੇ ਮਾਰਕਸ ਦੇ ਪੜਚੋਲੀਏ” ਨਾਂ ਦੀ ਰਚਨਾਂ ਵਿੱਚ, ਇਹਨਾਂ ਵਿਚਾਰਕਾਂ (ਜਿਹਨਾਂ ਵਿੱਚ ਬੁਲਗਾਕੋਵ ਪ੍ਰਮੁੱਖ ਸੀ) ਦੀ ਸਖਤ ਅਲੋਚਨਾ ਕੀਤੀ ਸੀ। ਇਸ ਤੋਂ ਬਿਨ੍ਹਾਂ ‘ਰੂਸ ਵਿੱਚ ਖੇਤੀ ਵਿੱਚ ਸਰਮਾਏਦਾਰੀ ਦਾ ਵਿਕਾਸ’ ਨਾਂ ਦੀ ਪੁਸਤਕ ਲਿਖੀ। ਜੋ ਅਜੋਕੇ ਸਮੇਂ ਵਿੱਚ ਵੀ ਇਸ ਸਵਾਲ ਨੂੰ ਸਮਝਣ ਵਿੱਚ, ਇੱਕ ਸਪੱਸ਼ਟ ਵਿਗਿਆਨਕ ਸੇਧ ਦਿੰਦੀ ਹੈ। ਬੇਸ਼ਕ, ਉਹ ਰਚਨਾ, ਉਸ ਸਮੇਂ ਦੇ ਰੂਸ ਦੀਆਂ ਹਾਲਤਾਂ ਦਾ ਵਿਸ਼ਲੇਸ਼ਣ ਹੈ, ਪਰ ਜਿੱਥੋਂ ਤੱਕ ਮਾਰਕਸਵਾਦੀ ਵਿਧੀ ਦਾ ਸਵਾਲ ਹੈ, ਇਹਨਾਂ ਦਾ ਸਾਡੇ ਲਈ, ਬੇਹੱਦ ਵੱਡਾ ਮਹੱਤਵ ਹੈ।
ਮਾਰਕਸ ਦੀ ਮਹਾਨ ਰਚਨਾ, ‘ਸਰਮਾਇਆ’ ਦੇ ਤੀਸਰੇ ਭਾਗ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਮਾਏਦਾਰੀ ਪ੍ਰਬੰਧ ਦੇ ਆਉਣ ਤੋਂ ਬਾਅਦ, ਸਮਾਜ ਤਿੰਨ ਵੱਡੀਆਂ ਸਮਾਜਕ ਜਮਾਤਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਹੈ ਸਰਮਾਏਦਾਰ ਜਮਾਤ ਜੋ ਸਰਮਾਏ ਅਤੇ ਪੈਦਾਵਾਰ ਦੇ ਸਾਧਨਾਂ ਦੀ ਮਾਲਕ ਹੈ, ਉਸਦੀ ਆਮਦਨ ਦਾ ਸਰੋਤ ਹੈ- ਮੁਨਾਫਾ। ਦੂਜੀ ਹੈ ਕਿਰਤ ਸ਼ਕਤੀ ਦੀ ਮਾਲਕ, ਮਜ਼ਦੂਰ ਜਮਾਤ ਜੋ ਹਰ ਤਰ੍ਹਾਂ ਦੇ ਪੈਦਾਵਾਰ ਦੇ ਸਾਧਨਾਂ ਤੋਂ ਵਿਰਵੀ ਹੋ ਜਾਂਦੀ ਹੈ, ਉਸ ਦੀ ਆਮਦਨ ਦਾ ਸਰੋਤ ਹੈ- ਉਜਰਤੀ ਕਿਰਤ। ਤੀਜੇ ਜ਼ਮੀਨ ਦੇ ਮਾਲਕ ਹਨ, ਜਿਹਨਾਂ ਦੀ ਆਮਦਨ ਦਾ ਸਰੋਤ ਹੈ- ਜਮੀਨੀ ਲਗਾਨ। ਬਾਕੀ ਦੀਆਂ ਜਮਾਤਾਂ ਜਾਂ ਤਬਕੇ, ਇਹਨਾਂ ਤਿੰਨ ਜਮਾਤਾਂ ਦੇ ਵਿੱਚ ਵਿਚਾਲੇ ਹੀ ਝੂਲਦੇ ਹਨ। ਸਰਮਾਏ ਦਾ ਮਾਲਕ, ਜੋ ਕਿਰਤ ਸ਼ਕਤੀ ਖਰੀਦ ਸਕਦਾ ਹੋਵੇ ਅਤੇ ਕਿਰਤ ਸ਼ਕਤੀ ਦਾ ਮਾਲਕ, ਮਜ਼ਦੂਰ, ਜਿਸ ਲਈ ਜਿੰਦਾ ਰਹਿਣ ਵਾਸਤੇ ਕਿਰਤ ਸ਼ਕਤੀ ਨੂੰ ਵੇਚਣਾ ਹੀ ਇੱਕੋ-ਇੱਕ ਬਦਲ ਰਹਿ ਗਿਆ ਹੈ। ਮੰਡੀ ਵਿੱਚ ਇਹਨਾਂ ਦੋ ਇਤਿਹਾਸਕ ਪਾਤਰਾਂ ਦੀ ਆਮਦ, ਪੈਦਾਵਾਰ ਦੇ ਸਰਮਾਏਦਾਰੀ ਸਬੰਧਾਂ ਦਾ ਅਧਾਰ ਹੈ। ਸਾਫ਼ ਸਾਫ਼ ਕਹੀਏ ਤਾਂ ਪੈਦਾਵਾਰ ਦੇ ਸਾਧਨਾਂ ਤੋਂ ਇੱਕ ਵੱਡੇ ਹਿੱਸੇ ਦਾ ਵਿਰਵੇ ਹੋਣਾ, ਸਰਮਾਏਦਾਰੀ ਦੀ ਕਾਇਮੀ ਦੀ ਸ਼ਰਤ ਹੈ। ਆਧੁਨਿਕ ਸਰਮਾਏਦਾਰੀ ਪ੍ਰਬੰਧ, ਖੇਤੀ ਵਿੱਚ ਪੁਰਾਣੇ ਜਗੀਰੂ ਸਬੰਧਾਂ ਨੂੰ ਤੋੜ ਦਿੰਦਾ ਹੈ। ਇਹ ਕੋਈ ਸਰਮਾਏਦਾਰੀ ਜਮਾਤ ਦੀ ਇੱਛਾ ਦਾ ਸਵਾਲ ਨਹੀਂ ਹੈ ਸਗੋਂ ਪੁਰਾਣੇ ਜਗੀਰੂ ਸਬੰਧ ਸਰਮਾਏਦਾਰੀ ਦੇ ਵਿਕਾਸ ਵਿੱਚ ਅੜਿੱਕਾ ਹੋਣ ਕਰਕੇ, ਇਹਨਾਂ ਨੂੰ ਤੋੜਨਾ, ਸਰਮਾਏਦਾਰੀ ਵਿਕਾਸ ਦੀ ਇੱਕ ਸ਼ਰਤ ਬਣ ਜਾਂਦਾ ਹੈ। ਸਾਡੇ ਦੇਸ਼ ਵਿੱਚ, ਸਾਰਾ ਕੁੱਝ ਏਨਾ ਸਪੱਸ਼ਟ ਹੈ ਕਿ ਆਮ-ਲੋਕ ਵੀ, ਜੋ ਸਰਮਾਏਦਾਰੀ ਵਿਕਾਸ ਦੇ ਭੁਗਤ-ਭੋਗੀ ਹਨ, ਭਾਰਤੀ ਖੇਤੀ ਵਿੱਚ ਸਰਮਾਏਦਾਰੀ ਵਿਕਾਸ ਨੂੰ ਸਮਝ ਸਕਦਾ ਹਨ। ਫਿਰ ਵੀ ਇੱਥੇ, ਉੱਘੇ ਅਰਥ ਸ਼ਾਸਤਰੀ ‘ਹਰੀਸ਼ ਦਾਮੋਦਰਨ’ ਦੇ 22 ਦਸੰਬਰ 2014 ਦੇ ਖੇਤੀ ਸਬੰਧੀ ਲੇਖ ਵਿੱਚੋਂ ਕੁੱਝ ਅੰਕੜੇ ਦੇ ਰਿਹਾ ਹਾਂ ਜੋ ਸਾਬਤ ਕਰਦੇ ਹਨ ਕਿ ਭਾਰਤ ਇੱਕ ਸੱਨਅਤੀ ਦੇਸ਼ ਬਣ ਚੁੱਕਾ ਹੈ ਅਤੇ ਖੇਤੀ ਵਿੱਚ ਵੀ ਸਰਮਾਏਦਾਰੀ ਸਬੰਧ ਸਥਾਪਤ ਹੋ ਚੁੱਕੇ ਹਨ। ਸਰਮਾਏਦਾਰੀ ਦੇ ਤਰਕ ਅਨੁਸਾਰ ਹੀ, ਪੂਰੇ ਅਰਥਚਾਰੇ ਵਿੱਚ, ਖੇਤੀ ਦੀ ਭੂਮਿਕਾ ਘਟ ਗਈ ਹੈ। ਉਹ ਸ਼ੁਰੂ ਵਿੱਚ ਹੀ ਲਿਖਦੇ ਹਨ, “ਕੌਮੀ ਨਮੂਨਾ ਸਰਵੇਖਣ ਦਫ਼ਤਰ ਅਨੁਸਾਰ- ਪੇਂਡੂ ਪਰਿਵਾਰਾਂ ਦਾ ਸਿਰਫ ਇੱਕ ਫੀਸਦੀ ਹੀ, ਨਿਰੋਲ ਖੇਤੀ ਦੀ ਆਮਦਨ ’ਤੇ ਨਿਰਭਰ ਹੈ।” ਇਸ ਤੋਂ ਇਲਾਵਾ ਉਹ ਲਿਖਦੇ ਹਨ:-
•ਕੁੱਲ ਘਰੇਲੂ ਪੈਦਾਵਾਰ ਦਾ ਸਿਰਫ 15% ਹੀ ਖੇਤੀ ਪੈਦਾ ਕਰਦੀ ਹੈ। (2012-13 ਦਾ ਅੰਕੜਾ)
•ਮਸਾਂ 58% ਪਰਿਵਾਰ ਹੀ ਖੇਤੀ ਨਾਲ਼ ਸਬੰਧਤ ਹਨ। ਇਹ ਉਹਨਾਂ ਦੀ ਔਸਤ ਆਮਦਨ ਦਾ 60% ਤੱਕ ਵੀ ਪੂਰਾ ਨਹੀਂ ਕਰਦੀ। (ਕੌਮੀ ਨਮੂਨਾ ਸਰਵੇਖਣ ਦਫ਼ਤਰ ਦੁਆਰਾ ਕਰਵਾਇਆ ਸਰਵੇਖਣ, 2012-13 ਖੇਤੀ ਵਰ੍ਹਾ, ਜੁਲਾਈ ਤੋਂ ਜੂਨ)
•ਭਾਵੇਂ 2011 ਦੀ ਜਨ-ਗਣਨਾ ਮੁਤਾਬਕ, ਕੁੱਲ ਅਬਾਦੀ ਦਾ 68.8% ਪੇਂਡੂ ਅਬਾਦੀ ਹੈ। ਸਾਰੀ ਪੇਂਡੂ ਅਬਾਦੀ ਖੇਤੀ ਨਾਲ਼ ਸਬੰਧਤ ਨਹੀਂ।
•ਭਾਰਤ ਦੇ 15.61 ਕਰੋੜ ਪੇਂਡੂ ਪਰਿਵਾਰਾਂ ਵਿੱਚੋਂ, 9.02 ਕਰੋੜ (57.8%) ਪਰਿਵਾਰ ਹੀ ਖੇਤੀ ਨਾਲ਼ ਸਬੰਧਤ ਹਨ। ਖੇਤੀ ਨਾਲ਼ ਸਬੰਧਤ ਦਾ ਮਤਲਬ ਹੈ ਕਿ ਪਰਿਵਾਰ ਦਾ ਘੱਟੋ-ਘੱਟ ਇੱਕ ਮੈਂਬਰ, ਸਾਰਾ ਸਾਲ, ਖੇਤੀ ਦੇ ਕੰਮ ਨਾਲ਼ ਸਬੰਧਤ ਹੈ। (Self employed in farming)।
•9.02 ਕਰੋੜ ਖੇਤੀ ਨਾਲ਼ ਸਬੰਧਤ ਪਰਿਵਾਰਾਂ ਵਿੱਚੋਂ 68.3%, ਖੇਤੀ ਦੇ ਕੰਮ ਕਰਦੇ ਹਨ। (ਖੇਤ ਵਿੱਚ ਕੰਮ, ਪਸ਼ੂ ਪਾਲਣ ਵਗੈਰਾ), ਆਪਣੀ ਆਮਦਨ ਦੇ ਮੁੱਖ ਸਰੋਤ ਦੇ ਰੂਪ ਵਿੱਚ। ਇਸ ਤਰ੍ਹਾਂ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤੀ ਤੋਂ ਹਾਸਲ ਕਰਨ ਵਾਲ਼ੇ, ਕੁੱਝ ਪੇਂਡੂ ਪਰਿਵਾਰਾਂ ਦਾ 39.9% ਹੀ ਬਣਦੇ ਹਨ।
•ਔਸਤ ਭਾਰਤੀ ਖੇਤੀ ਕਰਨ ਵਾਲ਼ੇ ਪਰਿਵਾਰਾਂ ਦੀ ਮਾਸਿਕ ਆਮਦਨ ਦਾ 59.8% ਹੀ ਖੇਤੀ ਅਤੇ ਪਸ਼ੂਪਾਲਣ ਤੋਂ ਆਉਂਦਾ ਹੈ। ਬਾਕੀ ਆਮਦਨ ਮਜ਼ਦੂਰੀ, ਮੁਲਾਜ਼ਮਤ ਵਗੈਰਾ, ਗੈਰ-ਖੇਤੀ ਕਾਰੋਬਾਰ ਅਤੇ ਹੋਰ ਧੰਦਿਆਂ ਤੋਂ ਆਉਂਦੀ ਹੈ।
•58% ਪੇਂਡੂ ਘਰਾਂ ਨੂੰ ਹੀ ਖੇਤੀ ਵਾਲ਼ੇ ਕਹਿ ਸਕਦੇ ਹਾਂ, ਉਹਨਾਂ ਦੀ ਵੀ 40% ਤੋਂ ਵੱਧ ਆਮਦਨ, ਗੈਰ ਖੇਤੀ ਵਾਲ਼ੇ ਸਰੋਤਾਂ ਤੋਂ ਆਉਂਦੀ ਹੈ।
ਉੱਪਰ ਦਿੱਤੇ ਹਵਾਲੇ ਜਿਸ ਲੇਖ ਵਿੱਚੋਂ ਲਏ ਗਏ ਹਨ, ਉਸ ਦਾ ਅੰਗ੍ਰੇਜ਼ੀ ਵਿੱਚ ਨਾਂ ਹੈ- There is less of Krishi in Bharat now.
ਹਰੀਸ਼ ਦਾਮੋਦਰਨ ਦੇ ਅੰਕੜੇ, ਭਾਰਤੀ ਖੇਤੀ ਵਿੱਚ ਸਰਮਾਏਦਾਰੀ ਵਿਕਾਸ ਦੀ ਪੁਸ਼ਟੀ ਕਰਦੇ ਹਨ। ਇਹਨਾਂ ਤੋਂ ਸਪੱਸ਼ਟ ਹੈ ਕਿ ਪੇਂਡੂ ਹੋਣ ਦਾ ਮਤਲਬ, ਸਿਰਫ ਖੇਤੀ ਕਰਨ ਵਾਲ਼ੇ ਹੀ ਨਹੀਂ ਰਿਹਾ। ਜਿੱਥੋਂ ਤੱਕ ਸਰਮਾਏਦਾਰੀ ਪੈਦਾਵਾਰ ਦੀ ਵਿਧੀ ਦਾ ਸਬੰਧ ਹੈ, ਪੈਦਾਵਾਰ ਦੀ ਕਿਰਿਆ ਦੇ ਦੋ ਮੁੱਖ ਭਾਗ, ਸਥਿਰ ਸਰਮਾਇਆ ਅਤੇ ਬਦਲਵਾਂ ਸਰਮਾਇਆ ਹੁੰਦਾ ਹੈ। ਸਥਿਰ ਸਰਮਾਇਆ, ਪੈਦਾਵਾਰ ਦੇ ਸੰਦ ਸਾਧਨਾਂ, ਕੱਚੇ ਮਾਲ ਅਤੇ ਮਸ਼ੀਨਾਂ ਵਗੈਰਾ ’ਤੇ ਲਾਇਆ ਜਾਂਦਾ ਹੈ, ਜਦੋਂ ਕਿ ਬਦਲਵਾਂ ਸਰਮਾਇਆ ਕਿਰਤ ਸ਼ਕਤੀ ਖਰੀਦਣ ’ਤੇ ਖਰਚ ਹੁੰਦਾ ਹੈ। ਸਾਡਾ ਮਕਸਦ, ਇੱਥੇ ਪੈਦਾਵਾਰੀ ਕਿਰਿਆ ਦੀ ਵਿਆਖਿਆ ਕਰਨਾ ਨਹੀਂ ਹੈ। ਪਰ ਜਿਉਂ-ਜਿਉਂ ਸਰਮਾਏਦਾਰੀ ਵਿਕਾਸ ਕਰਦੀ ਹੈ, ਸਰਮਾਏਦਾਰੀ ਪੈਦਾਵਾਰ ਦਾ ਇਹ ਲੱਛਣ ਹੈ ਕਿ ਸਥਿਰ ਸਰਮਾਏ ਵਾਲ਼ਾ ਹਿੱਸਾ, ਬਦਲਵੇਂ ਸਰਮਾਏ ਵਾਲ਼ੇ ਹਿੱਸੇ ਦੀ ਨਿਸਬਤ ਵਧਦਾ ਜਾਂਦਾ ਹੈ। ਪੂਰਵ-ਸਰਮਾਏਦਾਰੀ ਪ੍ਰਣਾਲੀਆਂ ਵਿੱਚ ਇਹ ਚੀਜ਼ ਨਹੀਂ ਸੀ ਕਿਉਂਕਿ ਉਹ ਇੱਕ ਹੀ ਤਰੀਕੇ ਦਾ, ਬਾਰ-ਬਾਰ ਦੁਹਰਾਅ ਮਾਤਰ ਹੁੰਦੀ ਸੀ। ਸਾਡੇ ਵੇਂਹਦਿਆਂ ਹੀ ਵੇਂਹਦਿਆਂ, ਸਾਡੇ ਦੇਸ਼ ਵਿੱਚ, ਖੇਤੀ ਪੈਦਾਵਾਰ ਵਿੱਚ, ਸਥਿਰ ਸਰਮਾਏ ਦਾ ਹਿੱਸਾ ਬੇਹੱਦ ਵਧ ਗਿਆ ਹੈ। ਜਿਸ ਦੀ ਮਿਸਾਲ, ਟਿਊਬਵੈਲ, ਟਰੈਕਟਰ, ਖਾਦਾਂ, ਸਪਰੇਆਂ, ਡਿ੍ਰਪ ਸਿਸਟਮ, ਭੂਮੀਗਤ ਪਾਣੀ ਦੀਆਂ ਪਾਈਪਾਂ ਦੇ ਜਾਲ, ਕੰਪਿਊਟਰ ਕਰਾਹਾ, ਕੰਬਾਈਨਾਂ, ਜੇ.ਸੀ.ਬੀ. ਮਸ਼ੀਨਾਂ ਅਤੇ ਹੋਰ ਅਨੇਕਾਂ ਕਿਸਮ ਦੀ ਨਵੀਂ ਤਕਨੀਕ ਦੇ ਖਰਚਿਆਂ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ। ਬੈਂਕਾਂ ਵੱਲੋਂ ਦਿੱਤਾ ਜਾਣ ਵਾਲ਼ਾ ਸਰਮਾਇਆ, ਸਥਿਰ ਸਰਮਾਏ ਲਈ ਹੀ ਵਰਤਿਆ ਜਾਂਦਾ ਹੈ।
ਇਸ ਕਿਰਿਆ ਨੇ, ਕਿਸਾਨੀ ਨੂੰ ਇੱਕ ਸਾਰ ਜਮਾਤ ਨਹੀਂ ਰਹਿਣ ਦਿੱਤਾ। ਇਸ ਦੀਆਂ ਕਈ ਪਰਤਾਂ ਬਣ ਗਈਆਂ ਹਨ। ਸਰਮਾਏ ਦੇ ਕੇਂਦਰੀਕਰਣ ਨੇ, ਖੇਤੀ ਖੇਤਰ ਵਿੱਚ ਇੱਕ ਧਨੀ ਕਿਸਾਨਾਂ ਦੀ ਜਮਾਤ ਪੈਦਾ ਕਰ ਦਿੱਤੀ ਹੈ। ਨਾਲ਼ ਹੀ ਛੋਟੀ ਕਿਸਾਨੀ ਦੀ ਤਬਾਹੀ, ਇਸੇ ਕਿਰਿਆ ਦਾ ਹੀ ਦੂਜਾ ਪਾਸਾ ਹੈ। ਬੈਂਕਾਂ ਵੱਲੋਂ ਦਿੱਤੇ ਜਾਣ ਵਾਲ਼ੇ ਕਰਜੇ ਦੇ ਅੰਕੜੇ ਵੀ, ਇਹ ਸਾਬਤ ਕਰਦੇ ਹਨ ਕਿ ਗੁਜਾਰੇ ਦੀ ਖੇਤੀ ਵਾਲ਼ੇ ਕਿਸਾਨ ਦੀ ਪਹੁੰਚ ਵਾਲ਼ੇ ਛੋਟੇ ਕਰਜੇ, ਨਾ-ਮਾਤਰ ਰਹਿ ਗਏ ਹਨ ਜਦੋਂ ਕਿ ਸਥਿਰ ਸਰਮਾਏ ਦੇ ਰੂਪ ਵਿੱਚ ਖਰਚੇ ਜਾਣ ਵਾਲ਼ੇ ਵੱਡੇ ਕਰਜੇ ਜੋ ਸਿਰਫ ਧਨੀ ਕਿਸਨਾਂ ਦੀ ਹੀ ਪਹੁੰਚ ਵਿੱਚ ਹਨ, ਉਹਨਾਂ ਵਿੱਚ ਵਾਧੇ ਦਾ ਰੁਝਾਨ ਹੈ। ਹੇਠਾਂ 1990 ਤੋਂ 2011 ਤੱਕ ਜੋ ਤਬਦੀਲੀ ਹੋਈ ਹੈ, ਉਸ ਦਾ ਅੰਕੜਾ ਹੈ-
ਕਰਜ਼ੇ ਦੀ ਸੀਮਾ ਕਰਜ਼ਾ ਲੈਣ ਵਾਲ਼ੇ ਕਿਸਾਨਾਂ ਦੀ %
1990 2011
25000 ਤੋਂ ਘੱਟ 66.1 6.7
2 ਲੱਖ ਤੱਕ ਦੇ 26.1 41.3
10 ਲੱਖ ਤੱਕ ਦੇ 3.6 28.3
1 ਕਰੋੜ ਤੱਕ ਦੇ 2.6 7.1
10 ਕਰੋੜ ਤੱਕ ਦੇ 1.2 5.7
25 ਕਰੋੜ ਤੱਕ ਦੇ 0.3 2.4
25 ਕਰੋੜ ਤੋਂ ਵਧ ਦੇ 0.3 8.5
ਸਰੋਤ- ਰਿਜ਼ਰਵ ਬੈਂਕ ਆਫ਼ ਇੰਡੀਆ
ਅੰਕੜਿਆਂ ਤੋਂ ਸਪਸ਼ਟ ਹੈ ਕਿ ਸਰਮਾਏ ਦੇ ਤਰਕ ਨਾਲ਼ ਚੱਲ ਰਿਹਾ ਢਾਂਚਾ ਖੇਤੀ ਖੇਤਰ ਵਿੱਚ ਵੀ, ਇੱਕ ਧਨੀ ਕਿਸਾਨਾਂ ਦੀ ਜਮਾਤ ਪੈਦਾ ਕਰ ਰਿਹਾ ਹੈ ਅਤੇ ਛੋਟੀ ਕਿਸਾਨੀ ਦੀ ਬਰਬਾਦੀ, ਇਸੇ ਕਿਰਿਆ ਦਾ ਹੀ ਲਾਜ਼ਮੀ ਨਤੀਜ਼ਾ ਹੈ। ਸਰਮਾਏਦਾਰੀ ਪ੍ਰਬੰਧ ਦੀਆਂ ਹੱਦਬੰਦੀਆਂ ਅੰਦਰ ਹੀ, ਛੋਟੀ ਕਿਸਾਨੀ ਦੀ ਤਬਾਹੀ ਨੂੰ ਕੋਈ ਨਹੀਂ ਬਚਾ ਸਕਦਾ। ਸਮਾਜਵਾਦੀ ਇਨਕਲਾਬ ਤੋਂ ਬਿਨ੍ਹਾਂ ਹੀ, ਸਰਮਾਏਦਾਰੀ ਪ੍ਰਬੰਧ ਦੇ ਅੰਦਰ ਹੀ, ਛੋਟੀ ਕਿਸਾਨੀਂ ਨੂੰ ਬਚਾਉਣ ਦੀ ਗੱਲ ਕਰਨ ਵਾਲ਼ਿਆਂ ਦੇ ਜਵਾਬ ਵਿੱਚ, ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ, ਏਂਗਲਜ਼ ਲਿਖਦੇ ਹਨ-“ਛੋਟੇ ਕਿਸਾਨ ਦੀ ਜਾਇਦਾਦ ਦੀ ਰਾਖੀ ਕਰਨ ਦਾ ਤੁਹਾਡਾ ਯਤਨ ਉਹਦੀ ਅਜ਼ਾਦੀ ਦੀ ਰੱਖਿਆ ਨਹੀਂ ਸਗੋਂ ਉਸਦੀ ਗੁਲਾਮੀ ਦੇ ਇੱਕ ਖਾਸ ਰੂਪ ਦੀ ਰਾਖੀ ਕਰਦਾ ਹੈ, ਇਹ ਉਸ ਸਥਿਤੀ ਨੂੰ ਲੰਮਾ ਕਰ ਦਿੰਦਾ ਹੈ ਜਿਸ ਵਿੱਚ ਨਾ ਉਹ ਜਿਉਂ ਸਕਦਾ ਹੈ ਨਾ ਉਹ ਮਰ ਸਕਦਾ ਹੈ।” (ਸਫਾ 14- ‘ਫ੍ਰਾਂਸ ਅਤੇ ਜਰਮਨੀ ਵਿੱਚ ਕਿਸਾਨੀ ਦਾ ਸਵਾਲ’- ਏਂਗਲਜ਼) ਕਿਸਾਨਾਂ ਵੱਲੋਂ ਖੁਦਕੁਸ਼ੀਆਂ, ਕਰਜ਼ੇ ਦੀ ਮਾਰ, ਛੋਟੀ ਕਿਸਾਨੀ ਦਾ ਉਜਾੜਾ, ਬੇਹੱਦ ਜਜ਼ਬਾਤੀ ਤਰੀਕੇ ਨਾਲ਼ ਇਹ ਮਸਲੇ ਉਠਾਏ ਜਾਂਦੇ ਹਨ। ਕੀ ਕੋਈ ਮਰ ਰਹੀ ਕਿਸਾਨੀ ਨੂੰ ਬਚਾ ਸਕਦਾ ਹੈ? ਹਾਂ ਬਚਾਇਆ ਜਾ ਸਕਦਾ ਹੈ। ਮਾਰਕਸਵਾਦ ਯਾਨੀ ਕਿ ਮਜ਼ਦੂਰ ਜਮਾਤ ਦੀ ਪਾਰਟੀ ਦੇ ਨਜ਼ਰੀਏ ਨਾਲ਼ ਲੈਸ, ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਕੋਲ ਇਸ ਦਾ ਹੱਲ ਹੈ। ਉਹ ਹੈ, ਸਮਾਜਵਾਦੀ ਇਨਕਲਾਬ।
‘ਕਿਸਾਨੀ ਬਾਰੇ ਮਾਰਕਸਵਾਦੀ ਨਜ਼ਰੀਆ’ ਦਾ ਮਤਲਬ ਹੈ ਕਿ ਮਜ਼ਦੂਰ ਜਮਾਤ ਦੇ ਭਾਵੀ ਇਨਕਲਾਬ ਵਾਸਤੇ :-
1. ਕੀ ਧਨੀ ਕਿਸਾਨ ਸਾਡਾ ਯੁੱਧ ਸਾਥੀ ਹੋ ਸਕਦਾ ਹੈ?
2. ਕੀ ਜਿਉਂਦੇ ਰਹਿਣ ਲਈ, ਛੋਟੀਆਂ ਮੋਟੀਆਂ ਆਰਥਿਕ ਮੰਗਾਂ ਦੀ ਹੱਦਬੰਦੀ ਵਿੱਚ ਸੀਮਤ ਰਹਿਣ ਨਾਲ਼, ਸਾਡਾ ਸੰਘਰਸ਼ ਉੱਜੜ ਰਹੇ ਕਿਸਾਨਾਂ ਨੂੰ ਕੋਈ ਰਾਹਤ ਦਿਵਾ ਸਕਦਾ ਹੈ।
3. ਕੀ ਲਾਹੇਵੰਦੇ ਭਾਵਾਂ ਦੀ ਲੜਾਈ ਗਰੀਬ ਕਿਸਾਨਾਂ ਦੇ ਪੱਖ ਵਿੱਚ ਹੈ ?
4. ਗਰੀਬ ਅਤੇ ਤਬਾਹ ਹੋ ਰਹੇ ਕਿਸਾਨਾਂ ਦੀ ਮਜ਼ਦੂਰ ਜਮਾਤ ਨਾਲ਼ ਏਕਤਾ ਦਾ ਅਧਾਰ ਕੀ ਹੈ? ਕੀ ਇਹ ਉਸ ਦੀ ਕੰਗਾਲੀ ਹੈ ਜੋ ਏਕਤਾ ਦਾ ਅਧਾਰ ਬਣ ਸਕਦੀ ਹੈ? ਜਾਂ ਉਸਦਾ ਵੱਡਾ ਹਿੱਸਾ, ਖੇਤੀ ਨਾਲ਼ ਚੰਬੜੇ ਰਹਿਣ ਦੇ ਬਾਵਜੂਦ, ਕਿਰਤ ਸ਼ਕਤੀ ਵੇਚਣ ਵਾਲ਼ਾ ਵੀ ਬਣ ਗਿਆ ਹੈ। ਕੀ ਇਸ ਹਾਲਤ ਨੇ ਮਜ਼ਦੂਰ ਅਤੇ ਗਰੀਬ ਕਿਸਾਨ ਦੇ ਏਕੇ ਦਾ ਪਦਾਰਥਕ ਅਧਾਰ ਨਹੀਂ ਤਿਆਰ ਕਰ ਦਿੱਤਾ?
ਇਸ ਲੇਖ ਦਾ ਮਕਸਦ, ਇਹਨਾਂ ਸਵਾਲਾਂ ’ਤੇ ਕੋਈ ਅੰਤਮ ਫੈਸਲਾ ਦੇਣਾ ਨਹੀਂ ਹੈ। ਪਰ ਮਜ਼ਦੂਰ ਇਨਕਲਾਬਾਂ ਦੇ ਤਜ਼ਰਬੇ ਦੇ ਰੂਪ ਵਿੱਚ, ਸਾਡੀ ਸ਼ਾਨਦਾਰ ਵਿਰਾਸਤ ਨੂੰ ਨਜ਼ਰਅੰਦਾਜ਼ ਕਰਨਾ ਵੀ ਆਤਮਘਾਤੀ ਰਾਹ ਹੈ। ਅੱਜ ਵੀ, ਮਜ਼ਦੂਰਾਂ ਅਤੇ ਗਰੀਬ ਕਿਸਾਨੀ ਦੇ ਮੋਰਚੇ ਦੀ ਯੁੱਧਨੀਤੀ ਘੜਨ ਲਈ, ਮਾਰਕਸਵਾਦੀ ਨਜ਼ਰੀਏ ਦੀ ਪ੍ਰਸੰਗਕਤਾ ਬਣੀ ਹੋਈ ਹੈ। ਇਸ ਤੋਂ ਵੱਖਰਾ ਰਾਹ ਅਪਣਾਉਣ ਲਈ, ਮਾਰਕਸਵਾਦ ਨੂੰ ਰੱਦ ਕਰਨਾ ਹੋਏਗਾ? ਜੋ ਮੇਰੀ ਸਮਝ ਅਨੁਸਾਰ ਸੰਭਵ ਨਹੀਂ। ਬੁਰਜੂਆਜ਼ੀ ਦੇ ਟੁਕੜ-ਬੋਚ, ਕਲਮਘਸੀਟਾਂ ਦੀ ਨਿੰਦਿਆ ਚੁਗਲੀ ਦੀ ਗੱਲ ਵੱਖਰੀ ਹੈ। ਖੇਤੀ ਵਿੱਚ ਸਰਮਾਏਦਾਰੀ ਵਿਕਾਸ ਦੇ ਸਵਾਲ ’ਤੇ ‘ਕਾਰਲ ਕਾਉਤਸਕੀ’ ਵੱਲੋਂ ਕੀਤੇ ਕੰਮ ਨੂੰ, ਲੈਨਿਨ ਨੇ ਸਲਾਹੁੰਦੇ ਹੋਏ, ਉਸ ਨੂੰ ਪੜ੍ਹਨ ਦੀ ਜੋਰਦਾਰ ਸਿਫਾਰਸ਼ ਕੀਤੀ ਸੀ। ਇੱਥੇ ਮੈਂ ਕਾਰਲ ਕਾਉਤਸਕੀ ਦੀ ਪੁਸਤਕ ‘ਖੇਤੀ ਦਾ ਸਵਾਲ’ ਵਿੱਚੋਂ ਇੱਕ ਲੰਮਾ ਹਵਾਲਾ ਦੇ ਰਿਹਾ ਹਾਂ- “ਲੁੰਪਨ ਪ੍ਰੋਲੇਤਾਰੀ ਵੀ ਸਭ ਕੁੱਝ ਗਵਾ ਚੁੱਕੇ ਹੁੰਦੇ ਹਨ। ਲੁੰਪਨ ਪ੍ਰੋਲੇਤਾਰੀ ਪੈਦਾਵਾਰ ਦੀ ਪ੍ਰਕਿਰਿਆ ਤੋਂ ਵੀ ਬਾਹਰ ਹਨ, ਉਹ ਕੰਮ ਨਹੀਂ ਕਰਨਾ ਚਾਹੁੰਦੇ ਪਰ ਉਹ ਜਿਊਣਾ ਚਾਹੁੰਦੇ ਹਨ, ਇਹ ਤਾਂ ਹੀ ਸੰਭਵ ਹੈ ਜੇ ਪੈਦਾਵਾਰ ਦੇ ਸਾਧਨਾਂ ਦੇ ਮਾਲਕ, ਉਹਨਾਂ ਨੂੰ ਕੁੱਝ ਹਿੱਸਾ ਦੇਣ। ਲੁੰਪਨ ਪ੍ਰੋਲਤਾਰੀ ਦਾ ਕਮਿਊਨਿਜ਼ਮ ਉਪਭੋਗ ਦੇ ਸਾਧਨਾਂ ਦਾ ਕਮਿਊਨਿਜ਼ਮ ਹੈ, ਨਾ ਕਿ ਪੈਦਾਵਾਰ ਦੇ ਸਾਧਨਾਂ ਦਾ। ਵੰਡ ਦਾ ਕਮਿਊਨਿਜ਼ਮ ਨਾ ਕਿ ਸੁਮੇਲ ਦਾ (A communism of division, not combination)। ਜਿੱਥੇ ਹਾਲਤਾਂ ਸੰਭਵ ਹੋਣ ਇਹ ਲੁੱਟ ਤੇ ਹਿੰਸਾ ਵੱਲ ਜਾ ਸਕਦਾ ਹੈ, ਜੇ ਸੰਭਵ ਨਾ ਹੋਵੇ ਤਾਂ ਭਿਖਾਰੀਪਣ ਵੱਲ। ਉਪਭੋਗ ਦੇ ਰੂਪ ਵਿੱਚ ਲਹਿਰ, ਭਾਂਵੇ ਕਿੰਨੀ ਵੀ ਜ਼ੋਰਦਾਰ ਹੋਵੇ, ਸਰਮਾਏ ਖਿਲਾਫ, ਪ੍ਰੋਲੇਤਾਰੀ ਦਾ ਜਮਾਤੀ ਸੰਘਰਸ਼ ਨਹੀਂ ਹੁੰਦਾ। ਪ੍ਰੋਲੇਤਾਰੀ ਦਾ ਜਮਾਤੀ ਸੰਘਰਸ਼, ਗਰੀਬੀ ਜਾਂ ਕੰਗਾਲੀ ਦਾ ਨਤੀਜ਼ਾ ਨਹੀਂ ਹੈ ਸਗੋਂ ਪ੍ਰੋਲੇਤਾਰੀ ਅਤੇ ਪੈਦਾਵਾਰ ਦੇ ਸਾਧਨਾਂ ਦੇ ਮਾਲਕਾਂ ਵਿਚਕਾਰ ਪ੍ਰਤੀਵਾਦ(Anti-thesis) ਦੀ ਪੈਦਾਵਾਰ ਹੈ… ਸਮਾਜਕ ਸ਼ਾਂਤੀ ਦੀ ਸਥਾਪਨਾ, ਗਰੀਬੀ ਦੂਰ ਕਰਨ ਨਾਲ਼ ਨਹੀਂ ਹੋ ਸਕਦੀ, ਜੇ ਕਿਤੇ ਇਹ ਸੰਭਵ ਹੋ ਸਕਦੀ ਹੋਵੇ, ਸਗੋਂ ਇਸ ਵਿਰੋਧਤਾਈ ਦੇ ਹੱਲ ਨਾਲ਼ ਸੰਭਵ ਹੈ। ਇਹ ਤਾਂ ਹੀ ਸੰਭਵ ਹੈ ਜੇ ਮਜ਼ਦੂਰ ਅਬਾਦੀ ਪੈਦਾਵਾਰ ਦੇ ਸਾਧਨਾਂ ਦੀ ਮਾਲਕ ਹੋ ਜਾਵੇ। (ਸਫਾ 314)।” ਬੈਂਕ ਜਾਂ ਸੂਦਖੋਰਾਂ ਕੋਲ, ਸਾਰੀ ਜਮੀਨ ਗਹਿਣੇ ਪੈ ਜਾਣ ਦੇ ਬਾਵਜੂਦ ਵੀ, ਕਿਸਾਨ, ਪ੍ਰੋਲੇਤਾਰੀ ਨਹੀਂ ਬਣ ਜਾਂਦਾ। ਉਹ ਆਪਣੇ ਪੈਦਾਵਾਰ ਦੇ ਸਾਧਨਾਂ ਦਾ ਮਾਲਕ ਰਹਿੰਦਾ ਹੈ। ਵੱਡਾ ਜਾਂ ਛੋਟਾ ਭਾਂਵੇ ਉਹ ਕਿੰਨਾਂ ਵੀ ਕੰਗਾਲ ਹੋਵੇ, ਪੈਦਾਵਾਰ ਦੇ ਸਾਧਨਾਂ ਦੇ ਮਾਲਕ ਦੇ ਤੌਰ ’ਤੇ ਉਸਦੀ ਮਜ਼ਦੂਰ ਨਾਲ਼ ਵਿਰੋਧਤਾਈ ਕਾਇਮ ਰਹਿੰਦੀ ਹੈ।
ਕਾਉਤਸਕੀ ਅੱਗੇ ਲਿਖਦੇ ਹਨ, “ਜਿੰਨ੍ਹਾ ਚਿਰ ਕਮਿਊਨਿਸਟ ਲਹਿਰ ਜਾਂ ਮਜ਼ਦੂਰ ਲਹਿਰ ਵੱਡੇ ਸੱਨਅਤੀ ਸਰਮਾਏਦਾਰਾਂ ਵਿਰੁੱਧ ਸੇਧਤ ਰਹਿੰਦੀ ਹੈ, ਧਨੀ ਕਿਸਾਨ, ਸਮਾਜਵਾਦ ਦੇ ਹਮਦਰਦ ਬਣੇ ਰਹਿੰਦੇ ਹਨ… ਜਦੋਂ ਹੀ ਲਹਿਰ ਖੇਤ ਮਜ਼ਦੂਰਾਂ ਵਿੱਚ ਵਧਦੀ ਹੈ, ਪਾਸਾ ਪਲਟ ਜਾਂਦਾ ਹੈ… ਜੇ ਧਨੀ ਕਿਸਾਨ, ਸਮਾਜਵਾਦ ਦੇ ਹਮਦਰਦ ਬਣੇ ਰਹਿੰਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸਮਾਜਵਾਦੀ ਇਸ ਤਬਕੇ ਨੂੰ ਆਪਣੇ ਹਿੱਤ ਵਿੱਚ ਜਿੱਤ ਸਕਦੇ ਸਨ। ਇਹ ਸਿਰਫ ਇਹ ਦੱਸਦੀ ਹੈ ਕਿ ਮਜ਼ਦੂਰ ਲਹਿਰ ਬਹੁਤ ਕਮਜ਼ੋਰ ਹੈ ਅਤੇ ਪੇਂਡੂ ਮਜ਼ਦੂਰਾਂ ਵਿੱਚ ਉਸਦਾ ਅਸਰ ਨਹੀਂ ਹੈ। ਇਹ ਲਹਿਰ ਦੀ ਮਜ਼ਬੂਤੀ ਨਹੀਂ ਸਗੋਂ ਪਛੜੇਪਣ ਦਾ ਸਬੂਤ ਹੈ।
ਪ੍ਰੋਲੇਤਾਰੀ ਅਤੇ ਦਰਮਿਆਨੇ ਕਿਸਾਨ ਦੀ ਵਿਰੋਧਤਾਈ, ਜੋ ਉਜਰਤੀ ਮਜ਼ਦੂਰ ਨਹੀਂ ਲਾਉਂਦਾ ਜਾਂ ਕੋਈ ਜ਼ਿਆਦਾ ਨਹੀਂ ਲਾਉਂਦਾ ਅਤੇ ਪਰਿਵਾਰ ਦੀ ਮਿਹਨਤ ’ਤੇ ਨਿਰਭਰ ਹੈ, ਧਨੀ ਕਿਸਾਨ ਅਤੇ ਪ੍ਰੋਲੇਤਾਰੀ ਦੀ ਵਿਰੋਧਤਾਈ ਨਾਲ਼ੋਂ, (ਇਸ ਦੀ ਵਿਰੋਧਤਾਈ) ਘੱਟ ਤਿੱਖੀ ਹੈ, ਪਰ ਫਿਰ ਵੀ ਉਹ ਮੰਡੀ ਲਈ ਪੈਦਾ ਕਰਦਾ ਹੈ। ਭਾਂਵੇਂ ਲੋਟੂ ਅਤੇ ਲੁੱਟੀਂਦੇ ਦੇ ਰੂਪ ਵਿੱਚ, ਵਿਰੋਧਤਾਈ ਮੌਜੂਦ ਨਹੀਂ ਹੈ, ਫਿਰ ਵੀ, ਇੱਕ ਹੋਰ ਵਿਰੋਧਤਾਈ ਮੌਜੂਦ ਹੈ, ਇੱਕ ਪਾਸੇ ਉਜਰਤੀ ਮਜ਼ਦੂਰ ਅਤੇ ਦੂਜੇ ਪਾਸੇ ਉਹ ਸਾਰੇ ਜੋ ਮੰਡੀ ਲਈ ਪੈਦਾ ਕਰਦੇ ਹਨ, ਖਰੀਦਦਾਰ ਅਤੇ ਵਿਕ੍ਰੇਤਾ ਵਿਚਲੀ ਵਿਰੋਧਤਾਈ।” (ਸਫਾ-315-316, ਕਿਸਾਨੀ ਦਾ ਸਵਾਲ, ਕਾਰਲ ਕਾਉਤਸਕੀ)
ਅੱਗੇ ਕਾਉਤਸਕੀ ਕਾਫੀ ਵਿਆਖਿਆ ਸਹਿਤ ਲਿਖਦੇ ਹਨ ਜਿਸਦਾ ਭਾਵ ਇਹ ਹੈ ਕਿ ਅਨਾਜ ਦੀ ਵਧੀ ਕੀਮਤ, ਮਜ਼ਦੂਰ ਵਿਰੋਧੀ ਹੈ, ਉਹ ਮਜ਼ਦੂਰ ਦੀ ਅਸਲ ਉਜਰਤ ਨੂੰ ਘੱਟ ਕਰ ਦੇਂਦੀ ਹੈ। ਕਿਸਾਨ ਨੂੰ ਮਜ਼ਦੂਰ ਨਾਲ਼ ਸਾਂਝਾ ਮੋਰਚਾ ਬਣਾਉਣ ਲਈ ਜੋ ਚੀਜ਼ ਪ੍ਰੇਰਦੀ ਹੈ, ਭਾਂਵੇਂ ਉਹ ਭੁੱਖਮਰੀ ਅਤੇ ਕਰਜੇ ਹੇਠ ਹੀ ਦੱਬਿਆ ਹੋਵੇ, ਉਹ ਹੈ- ਕੀ ਉਹ ਮੰਡੀ ਵਿੱਚ ਆਪਣੀ ਕਿਰਤ ਸ਼ਕਤੀ ਵੇਚਣ ਵਾਲ਼ਾ ਹੈ ਜਾਂ ਅਨਾਜ ਵੇਚਣ ਵਾਲ਼ਾ? ਆਪਣੇ ਆਪ ਵਿੱਚ ਭੁੱਖ ਜਾਂ ਕਰਜਾ, ਹਿੱਤਾਂ ਦੀ ਸਾਂਝ ਵਾਲ਼ਾ ਮੋਰਚਾ ਬਣਾਉਣ ਦਾ ਅਧਾਰ ਨਹੀਂ ਬਣ ਸਕਦਾ। ਫਸਲਾਂ ਦੇ ਭਾਅ ਵਧਣ ਨਾਲ਼, ਅਨਾਜ ਵੇਚਣ ਵਾਲ਼ੇ ਦੀ ਭੁੱਖ ਅਤੇ ਕਰਜੇ ਤੋਂ ਰਾਹਤ, ਉਸ ਦੀ ਮਜ਼ਦੂਰ ਜਮਾਤ ਨਾਲ਼ ਵਿਰੋਧਤਾਈ ਨੂੰ ਤਿੱਖਾ ਕਰਨ ਦਾ ਕਾਰਨ ਬਣੇਗੀ। ਮਹਿੰਗਾ ਅਨਾਜ, ਮਜ਼ਦੂਰ ’ਤੇ ਹੋਰ ਭਾਰ ਪਾ ਦੇਵੇਗਾ। ਕਿਸਾਨੀਂ ਵਿੱਚੋਂ, ਮਜ਼ਦੂਰਾਂ ਦੇ ਸਾਂਝੀਵਾਲ, ਕਿਰਤ ਸ਼ਕਤੀ ਵੇਚਣ ਵਾਲ਼ੇ ਕਿਸਾਨ ਹਨ। ਜੋ ਵਰਤਮਾਨ ਸਮੇਂ ਵਿੱਚ, ਖੇਤੀ ਵਿੱਚ ਸਰਮਾਏਦਾਰੀ ਵਿਕਾਸ ਦੇ ਨਤੀਜ਼ੇ ਵਜੋਂ, ਕੁੱਲ ਕਿਸਾਨ ਵੱਸੋਂ ਦੀ ਬਹੁਤ ਵੱਡੀ ਗਿਣਤੀ ਹਨ। ਇਸ ਸਮੇਂ ਕਿਸਾਨੀ ਦੀਆਂ ਕਈ ਪਰਤਾਂ ਹਨ। ਕਿਰਤ ਸ਼ਕਤੀ ਵੇਚਣ ਵਾਲ਼ੇ ਕਿਸਾਨਾਂ ਤੋਂ ਬਿਨਾਂ, ਦੁੱਧ ਅੰਡੇ, ਮੁਰਗੀਆਂ ਅਤੇ ਥੋੜਾ ਬਹੁਤ ਅਨਾਜ ਵੇਚਣ ਵਾਲ਼ੇ ਕਿਸਾਨ ਹਨ, ਜਿਹਨਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਧਨੀ ਕਿਸਾਨਾਂ ਦੀ ਵਿਕਸਤ ਸਰਮਾਏਦਾਰਾ ਖੇਤੀ ਸਾਹਮਣੇ, ਉਹਨਾਂ ਦਾ ਟਿਕੇ ਰਹਿਣਾ, ਬਹੁਤ ਔਖਾ ਹੈ। ਜਿਹੜੇ ਇਸ ਪ੍ਰਬੰਧ ਵਿੱਚ, ਤਰੱਕੀ ਕਰਨ ਦੀ ਆਸ ਗਵਾ ਬੈਠੇ ਹਨ, ਉਹਨਾਂ ਨੂੰ ਇਹ ਦੱਸਣਾ ਹੋਏਗਾ ਕਿ ਸਮਾਜਵਾਦ ਵਿੱਚ ਹੀ ਉਹਨਾਂ ਦਾ ਸ਼ਾਨਦਾਰ ਭਵਿੱਖ ਹੈ।
ਦੂਜੇ ਪਾਸੇ ਬੁਰਜ਼ੂਆ ਅਰਥਸ਼ਾਸਤਰੀ ਚਾਹੁੰਦੇ ਹਨ ਕਿ ਛੋਟੀ ਮਾਲਕੀ ਬਣੀ ਰਹੇ। ਜੇ ਇਹ ਉੱਜੜ ਕੇ ਸ਼ਹਿਰ ਚਲੇ ਗਏ ਤਾਂ ਪਿੰਡਾਂ ਵਿੱਚ ਮਜ਼ਦੂਰ ਕਿੱਥੋਂ ਮਿਲ਼ਣਗੇ। ਸਰਮਾਏਦਾਰੀ ਦੀ ਬੇ-ਰਹਿਮ ਮੁਕਾਬਲੇਬਾਜ਼ੀ ਦੇ ਬਾਵਜੂਦ ਛੋਟੀ ਮਾਲਕੀ ਕਿਉਂ ਬਣੀ ਰਹਿੰਦੀ ਹੈ-
1. ਸਰਮਾਏਦਾਰਾ ਪ੍ਰਬੰਧ ਜਾਂ ਸਰਕਾਰਾਂ ਇਸ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ, ਕਿਸੇ ਹੱਦ ਤੱਕ।
2. ਕਿਸਾਨੀ ਦੀ ਕਿਰਸ ਕਰਕੇ, ਬੇਹੱਦ ਘੱਟ ਖਪਤ (underconsuption) ਨਾਲ਼ ਵੀ, ਬਚੇ ਰਹਿਣ ਦੀ ਯੋਗਤਾ ਕਾਰਨ।
3. ਗਰੀਬ ਕਿਸਾਨੀ ਦਾ ਸਖ਼ਤ ਮਿਹਨਤੀ ਸੁਭਾਅ, ਜੋ ਆਪਣੀ ਵਿੱਤ ਤੋਂ ਵੱਧ ਕੰਮ ਕਰਕੇ, ਆਪਣੀ ਕਿਰਦੀ ਜਾਂਦੀ ਜ਼ਿੰਦਗੀ ਨੂੰ ਰੇੜ੍ਹ ਰਿਹਾ ਹੈ।
ਐਸੀ ਹਾਲਤ ਨੂੰ ਪ੍ਰਵਾਨ ਕਰਨ ਲਈ ਹੱਲਾਸ਼ੇਰੀ ਦੇਣੀ ਠੀਕ ਨਹੀਂ ਹੈ। ਸਰਮਾਏਦਾਰਾ ਮੁਕਾਬਲੇਬਾਜ਼ੀ, ਹਾਲਤ ਨੂੰ ਹੋਰ ਗੰਭੀਰ ਬਣਾ ਰਹੀ ਹੈ। ਭਾਰੀ ਦਬਾਅ ਪੇਂਡੂ ਅਬਾਦੀ ਵਿੱਚ ਖੁਦਕੁਸ਼ੀਆਂ ਦਾ ਕਾਰਨ ਬਣ ਰਿਹਾ ਹੈ। ਅਸੀਂ ਛੋਟੀਆਂ ਮੋਟੀਆਂ ਰਾਹਤਾਂ ਨਾਲ਼, ਇਸ ਭਿਆਨਕ ਹਾਲਤ ਨੂੰ, ਬਣਾਈ ਰੱਖਣ ਦੀ ਵਕਾਲਤ ਨਹੀਂ ਕਰ ਸਕਦੇ। ਸਾਨੂੰ ਅਬਾਦੀ ਦੇ ਇਸ ਕਾਫੀ ਵੱਡੇ ਹਿੱਸੇ ਨੂੰ, ਕਿਸੇ ਕਿਸਮ ਦਾ ਲਾਰਾ ਲਾਉਣ ਦੀ ਬਜਾਏ, ਸੱਚ ਤੋਂ ਜਾਣੂ ਕਰਾਉਣਾ ਚਾਹੀਦਾ ਹੈ। ਤਾਕਿ ਉਹ ਭਵਿੱਖ ਦੀ ਇਨਕਲਾਬੀ ਜਮਾਤ, ਮਜ਼ਦੂਰ ਜਮਾਤ ਨਾਲ਼ ਏਕਤਾ ਦੇ ਬਦਲ ਬਾਰੇ ਸੋਚੇ। ਕਿਉਂਕਿ ਭਵਿੱਖ ਦੇ ਮਜ਼ਦੂਰ ਇਨਕਲਾਬ ਹੀ, ਉਸ ਦੇ ਇੱਜਤ-ਮਾਣ ਅਤੇ ਸ਼ਾਨਦਾਰ ਭਵਿੱਖ ਦੀ ਗਰੰਟੀ ਦੇ ਸਕਦੇ ਹਨ। ਸਰਮਾਏਦਾਰੀ ਪ੍ਰਬੰਧ ਵਿੱਚ ਗਰੀਬ ਕਿਸਾਨੀ ਦੀ ਤਬਾਹੀ ਅਟੱਲ ਹੈ। ਇਸ ਮਸਲੇ ਨੂੰ ਸੰਬੋਧਤ ਹੁੰਦੇ ਹੋਏ, ਏਂਗਲਜ਼ ਲਿਖਦੇ ਹਨ,“ਅਸੀਂ ਭਵਿੱਖ ਵਿੱਚ ਛੋਟੇ ਕਿਸਾਨ ਦੀ ਅਟੱਲ ਤਬਾਹੀ ਵੇਖ ਰਹੇ ਹਾਂ, ਪਰ ਸਾਡੇ ਵੱਲੋਂ ਕੋਈ ਦਖਲਅੰਦਾਜ਼ੀ ਕਰਕੇ ਇਹਨੂੰ ਛੇਤੀ ਲਿਆਉਣਾ ਸਾਡਾ ਮਿਸ਼ਨ ਨਹੀਂ ਹੈ।”(ਸਫਾ-22, ਫਰਾਂਸ ਅਤੇ ਜਰਮਨੀ ਵਿੱਚ ਕਿਸਾਨੀ ਦਾ ਸਵਾਲ-ਏਂਗਲਜ਼) ਸਮਾਜਵਾਦ ਵਿੱਚ, ਇਸ ਸਵਾਲ ਦੇ ਹੱਲ ਬਾਰੇ, ਇਸੇ ਕਿਤਾਬ ਦੇ ਸਫਾ 24 ’ਤੇ ਏਂਗਲਜ਼ ਲਿਖਦੇ ਹਨ, “ਇਹ ਨਿਸ਼ਚਿਤ ਰੂਪ ਵਿੱਚ, ਵਿਅਕਤੀਗਤ ਮਾਲਕੀ ਵਾਲ਼ੀ ਵਿਅਕਤੀਗਤ ਖੇਤੀ ਹੈ ਜਿਹੜੀ ਕਿਸਾਨਾਂ ਨੂੰ ਉਹਨਾਂ ਦੀ ਤਬਾਹੀ ਵੱਲ ਧੱਕਦੀ ਹੈ। ਜੇ ਉਹ ਵਿਅਕਤੀਗਤ ਰੂਪ ਵਿੱਚ ਕੰਮ ਕਰਦੇ ਰਹਿਣ ਉੱਤੇ ਅੜੇ ਰਹਿੰਦੇ ਹਨ ਤਾਂ ਉਹਨਾਂ ਨੂੰ ਅਟੱਲ ਰੂਪ ਵਿੱਚ ਉਹਨਾਂ ਦੇ ਘਰ-ਘਾਟ ਤੋਂ ਅਤੇ ਉਹਨਾਂ ਦੀ ਪੈਦਾਵਾਰ ਦੇ ਪੁਰਾਣੇ ਢੰਗ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਸਰਮਾਏਦਾਰਾ ਵੱਡਪੱਧਰੀ ਪੈਦਾਵਾਰ ਉਸ ਦਾ ਸਥਾਨ ਲੈ ਲਵੇਗੀ, ਮਸਲਾ ਹੁਣ ਇੱਥੇ ਖੜ੍ਹਾ ਹੈ। ਹੁਣ ਅਸੀਂ ਅੱਗੇ ਆਉਂਦੇ ਹਾਂ ਅਤੇ ਕਿਸਾਨਾਂ ਨੂੰ ਆਪਣੇ ਆਪ ਵੱਡੇ ਪੱਧਰ ਦੀ ਪੈਦਾਵਾਰ ਸ਼ੁਰੂ ਕਰਨ ਦੀ ਪੇਸ਼ਕਸ਼ ਕਰਦੇ ਹਾਂ। ਜੋ ਕਿ ਸਰਮਾਏਦਾਰਾਂ ਦੇ ਭਲੇ ਲਈ ਨਹੀਂ ਸਗੋਂ ਉਹਨਾਂ ਦੇ ਆਪਣੇ ਸਾਂਝੇ ਭਲੇ ਲਈ ਹੋਵੇਗੀ। ਕੀ ਕਿਸਾਨਾਂ ਨੂੰ ਇਹ ਗੱਲ ਸਮਝਾਉਣੀ ਕਿ ਇਹ ਉਹਨਾਂ ਦੇ ਆਪਣੇ ਹਿੱਤ ਵਿੱਚ ਹੈ ਤੇ ਕਿ ਇਹ ਉਹਨਾਂ ਦੀ ਮੁਕਤੀ ਦਾ ਇੱਕੋ ਇੱਕ ਸਾਧਨ ਹੈ ਅਸਲੋਂ ਹੀ ਅਸੰਭਵ ਹੋਵੇਗੀ?”
ਬੇਜ਼ਮੀਨੇ ਕਿਸਾਨਾਂ ਵਿੱਚ ਜ਼ਮੀਨ ਦੀ ਭੁੱਖ ਪੈਦਾ ਕਰਨੀ ਜਾਂ ਛੋਟੀ ਖੇਤੀ ਦੇ ਲਾਭਾਂ ਬਾਰੇ ਭਰਮ ਪੈਦਾ ਕਰਨੇ, ਮਜ਼ਦੂਰ ਜਮਾਤ ਦੇ ਭਾਵੀ ਇਨਕਲਾਬ ਦੇ ਨਜ਼ਰੀਏ ਤੋਂ ਪਿਛਾਂਹਖਿੱਚੂ ਗੱਲ ਹੈ। ਗਰੀਬ ਕਿਸਾਨ ਦੀਆਂ ਦੋ ਆਤਮਾਵਾਂ ਹਨ, ਇੱਕ ਕਿਸਾਨ ਦੀ ਅਤੇ ਦੂਜੀ ਮਜ਼ਦੂਰ ਦੀ, ਉੱਪਰ ਦੱਸੇ ਭਰਮ, ਉਸਦੀ ਮਜ਼ਦੂਰ ਦੀ ਆਤਮਾ ਨੂੰ ਤਬਾਹ ਕਰਦੇ ਹਨ ਅਤੇ ਸੱਨਅਤੀ ਮਜ਼ਦੂਰ ਨਾਲ਼ ਉਸਦੀ ਏਕਤਾ ਨੂੰ ਤੋੜਦੇ ਹਨ। ਥੋੜੇ ਜਿਹੇ ਵਕਤੀ ਲਾਭਾਂ ਦੀ ਖਾਤਰ, ਪੇਂਡੂ ਖੇਤਰ ਵਿੱਚ ਪ੍ਰੋਲੇਤਾਰੀ ਜਮਾਤੀ ਸੰਘਰਸ਼ ਦੇ ਵਿਰੁੱਧ ਜਾਂਦਾ ਹੈ।
ਮਜ਼ਦੂਰ ਜਮਾਤ ਦੀ ਪਾਰਟੀ, ਕਮਿਊਨਿਸਟ ਪਾਰਟੀ, ਜਮਾਤੀ ਸੰਘਰਸ਼ ਵਿੱਚ, ਪ੍ਰੋਲੇਤਾਰੀ ਦੀ ਪਾਰਟੀ ਹੈ। ਪਰ ਇਹ ਸਮਾਜਕ ਵਿਕਾਸ ਦੀ ਪਾਰਟੀ ਵੀ ਹੈ। ਸਮਾਜਕ ਵਿਕਾਸ ਅਤੇ ਪ੍ਰੋਲੇਤਾਰੀ ਜਮਾਤੀ ਸੰਘਰਸ਼ ਦਾ ਟੀਚਾ, ਇੱਕ ਦੂਜੇ ਦੇ ਉਲਟ ਨਹੀਂ ਹੈ।
ਅਸੀਂ ਇੱਕ ਗੰਭੀਰ ਭੰਬਲਭੂਸੇ ਵਾਲ਼ੇ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ। 21ਵੀਂ ਸਦੀ ਦੇ, ਸਮਾਜਵਾਦੀ ਇਨਕਲਾਬਾਂ ਦੇ ਦੂਜੇ ਗੇੜ ਦੀ ਤਿਆਰੀ ਲਈ, ਮਿੱਤਰ ਜਮਾਤਾਂ ਅਤੇ ਦੁਸ਼ਮਣ ਜਮਾਤਾਂ ਦੀ ਸਾਫ਼ ਸਾਫ਼ ਨਿਸ਼ਾਨਦੇਹੀ ਦੇ ਸਵਾਲ ਵਿੱਚ, ਇਨਕਲਾਬੀ ਧਿਰ ਵਾਸਤੇ, ਮਜ਼ਦੂਰ ਅਤੇ ਗਰੀਬ ਕਿਸਾਨੀਂ ਦੀ ਏਕਤਾ ਦੇ ਸਵਾਲ ਨੂੰ, ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਨਿੱਕ-ਬੁਰਜ਼ੂਆ, ਨਰੋਦਵਾਦੀ ਅਤੇ ਅਰਥਵਾਦੀ ਨਜ਼ਰੀਏ ਤੋਂ ਛੁਟਕਾਰਾ ਪਾ ਕੇ, ਵਰਤਮਾਨ ਹਾਲਤਾਂ ਦਾ, ਮਾਰਕਸਵਾਦੀ ਨਜ਼ਰੀਏ ਅਨੁਸਾਰ ਠੋਸ ਵਿਸ਼ਲੇਸ਼ਣ ਕਰਨ ਲਈ ਖੁੱਲ੍ਹੇ ਦਿਲ ਨਾਲ਼ ਸੰਵਾਦ ਰਚਾਉਣ ਦੀ ਲੋੜ ਹੈ। ਵਿਚਾਰਧਾਰਾ ਦੇ ਸਵਾਲ ’ਤੇ ਸਾਂਝੇ ਮੋਰਚੇ ਨਹੀਂ ਬਣਦੇ ਹੁੰਦੇ, ਸਗੋਂ ਗੰਭੀਰ ਅਤੇ ਇਮਾਨਦਾਰ ਬਹਿਸ ਮੁਹਾਬਸੇ ਰਾਹੀਂ, ਦਰੁਸਤ ਮਾਰਕਸਵਾਦੀ ਨਜ਼ਰੀਏ ਨੂੰ ਦੇਸ਼ ਦੀਆਂ ਹਾਲਤਾਂ ਵਿੱਚ ਲਾਗੂ ਕਰਨ ਦਾ ਸਵਾਲ ਹੈ।

Comment here