ਤਣਾਅ ਤੇ ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਨਵੀਂ ਦਿੱਲੀ-ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਚ ਦਿੱਲੀ ਦੇ ਬਾਰਡਰਾਂ ਉੱਤੇ ਸੰਸਦ ਕੋਲ ਧਰਨੇ ਦੇ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਪੈਦਾ ਹੋਏ ਤਲਖ ਹਾਲਾਤਾਂ ਚ ਜਥੇਬੰਦੀਆਂ ਕਿਸਾਨਾਂ ਦੀ ਗਿਣਤੀ ਵਧਾਉਣ ਚ ਜੁਟੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਇੱਥੇ ਟਿਕਰੀ ਤੇ ਖੇੜਾ ਬਾਰਡਰ ਦਾ ਧਰਨਾ ਮਹਿਜ ਦੋ ਸੌ ਕਿਸਾਨਾਂ ਤੱਕ ਸਿਮਟ ਕੇ ਰਹਿ ਗਿਆ ਹੈ। ਟਿਕਰੀ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ, ਇੱਥੇ ਕੋਈ ਵਾਹਨ ਪਹਿਲਾਂ ਸੈਕਟਰ ਨੌ ਤੋਂ ਅੱਗੇ ਨਹੀਂ ਸੀ ਵਧ ਸਕਦਾ, ਏਨੀ ਖਲਕਤ ਸੀ, ਪਰ ਅੱਜ ਹਾਲਾਤ ਇਹ ਹਨ ਕਿ ਕੋਈ ਵੀ ਗੱਡੀ ਅਸਾਨੀ ਨਾਲ ਪੰਡਾਲ ਤੱਕ ਪਹੁੰਚ ਰਹੀ ਹੈ। ਇੱਥੇ ਪੰਜਾਬ ਤੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਆਉਣ ਲਈ ਸੱਦੇ ਦਿੱਤੇ ਜਾ ਰਹੇ ਹਨ, ਤੇ ਜੋ ਕਿਸਾਨ ਇਥੇ ਝੌਂਪੜੀਆਂ ਚ ਰਹਿ ਰਹੇ ਹਨ, ਉਹਨਾਂ ਨੂ ਹਰ ਹਾਲ ਪੰਡਾਲ ਚ ਹਾਜ਼ਰੀ ਲਾਉਣ ਲਈ ਕਿਹਾ ਜਾ ਰਿਹਾ ਹੈ। ਹਰਿਆਣਾ ਦੇ ਰੇਵਾੜੀ ਚ ਦਿੱਲੀ ਜੈਪੁਰ ਹਾਈਵੇਅ ਤੇ ਖੇੜਾ ਬਾਰਡਰ ਤੇ ਲੱਗੇ ਧਰਨੇ ਚ ਇਕੱਠ ਕਰਨ ਲਈ ਜਥੇਬੰਦੀਆਂ ਨੂ ਵਾਹਵਾ ਮੁਸ਼ਕਤ ਕਰਨੀ ਪੈ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਹਰਿਆਣਾ ਦੇ ਦੱਖਣ ਤੋਂ ਇਸ ਧਰਨੇ ਨੂੰ ਹਮਾਇਤ ਨਹੀਂ ਮਿਲ ਰਹੀ। ਇੱਥੇ ਨੈਸ਼ਨਲ ਹਾਈਵੇਅ ਤੇ ਧਰਨੇ ਕਾਰਨ ਜਾਮ ਲੱਗਿਆ ਰਹਿੰਦਾ ਹੈ, ਕਿਸਾਨ ਹਾਈਵੇਅ ਤੇ ਡਟੇ ਰਹਿੰਦੇ ਨੇ, ਲੰਘੇ ਦਿਨ ਕੁਝ ਗੱਡੀਆਂ ਵਾਲੇ ਰੌਂਗ ਸਾਈਡ ਤੋਂ ਗੱਡੀਆਂ ਦਿੱਲੀ ਵੱਲ ਲਿਜਾਣ ਲੱਗੇ ਤਾਂ 8-10 ਕਿਸਾਨ ਕੁਰਸੀਆਂ ਹਾਈਵੇਅ ਦੇ ਵਿਚਕਾਰ ਡਾਹ ਕੇ ਬਹਿ ਗਏ, ਇਹੋ ਜਿਹੀਆਂ ਸਰਗਰਮੀਆਂ ਨਾਲ ਹਾਲਾਤ ਕਈ ਵਾਰ ਤਣਾਅ ਵਾਲੇ ਵੀ ਬਣ ਰਹੇ ਹਨ। ਖੇੜਾ ਬਾਰਡਰ ਤੇ ਪਹਿਲਾਂ ਮਹਿਜ ਸੌ ਕਿਸਾਨ ਰਹਿ ਗਏ ਸੀ ਪਰ ਸੰਸਦ ਘੇਰਨ ਦੇ ਸੱਦੇ ਮਗਰੋਂ ਗਿਣਤੀ ਵਧ ਕੇ ਦੋ ਸੌ ਹੋ ਗਈ। ਕੁਝ ਸੂਤਰ ਤਾਂ ਹੁਣ ਇੱਥੋਂ ਤੱਕ ਦਾਅਵਾ ਕਰ ਰਹੇ ਹਨ ਕਿ ਕੁੰਡਲੀ ਵਾਲੇ ਕਿਸਾਨ ਪਹਿਲਾਂ ਸ਼ਾਂਤ ਤੇ ਹੌਸਲੇ ਚ ਹੋਇਆ ਕਰਦੇ ਸੀ, ਹੁਣ ਚਿੜਚਿੜੇ ਹੋ ਗਏ ਨੇ। ਸਰਦੀ ਗਰਮੀ ਦੇ ਨਾਲ ਹੁਣ ਇਥੇ ਕਿਸਾਨ ਬਾਰਿਸ਼ ਦਾ ਸਾਹਮਣਾ ਕਰ ਰਹੇ ਨੇ, ਮੀਂਹ ਦਾ ਪਾਣੀ ਤੰਬੂਆਂ ਚ ਭਰ ਰਿਹਾ ਹੈ, ਬਿਸਤਰੇ ਗਿੱਲੇ ਹੋ ਰਹੇ ਹਨ,ਸਮਾਨ ਖਰਾਬ ਹੋ ਰਿਹਾ ਹੈ। ਮੱਛਰ ਸਤਾ ਰਹੇ ਹਨ। ਪਰ ਫੇਰ ਵੀ ਧਰਨਾਕਾਰੀ ਕਿਸਾਨ ਆਪਣੇ ਆਗੂਆਂ ਦੇ ਬੋਲ ਪੁਗਾਉਂਦੇ ਹੋਏ ਡਟੇ ਹੋਏ ਹਨ ਤੇ ਆਪਣਾ ਹੱਕ ਲੈ ਕੇ ਵਾਪਸ ਜਾਣ ਦੀ ਗੱਲ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਸੰਸਦ ਦੇ ਘਿਰਾਓ ਦੀ ਥਾਂ ਪ੍ਰਸ਼ਾਸਨ ਦੀ ਐਲਾਨੀ ਥਾਂ ਜੰਤਰ-ਮੰਤਰ ਉੱਤੇ ਪੁਲਸ ਦੀ ਨਿਗਰਾਨੀ ਹੇਠ ਧਰਨਾ ਦੇਣ ਦੇ ਜਥੇਬੰਦੀਆਂ ਦੇ ਫੈਸਲੇ ਤੋਂ ਕੁਝ ਕਿਸਾਨ ਨਿਰਾਸ਼ ਵੀ ਹਨ।
Comment here