ਸੰਯੁਕਤ ਮੋਰਚੇ ਨੇ ਕਿਹਾ- ਸਿਰਫ ਭਾਜਪਾ ਦਾ ਵਿਰੋਧ ਦਾ ਸੱਦਾ ਹੈ
ਬਠਿੰਡਾ-ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਪੰਜਾਬ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਜੋ ਸੰਯੁਕਤ ਮੋਰਚੇ ਦਾ ਹਿੱਸਾ ਵੀ ਹਨ, ਉਹਨਾਂ ਵਲੋਂ ਸਿਆਸੀ ਪਾਰਟੀਆਂ ਦੇ ਬਈਕਾਟ ਦੇ ਮਤੇ ਪਾਸ ਕਰਾਏ ਜਾ ਰਹੇ ਹਨ… ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮਤਾ ਪਾਸ ਕੀਤਾ ਹੈ ਲਿਖਤੀ ਮਤੇ ਚ ਕਿਹਾ ਗਿਆ ਹੈ ਕਿ ਕਿਸੇ ਵੀ ਸਿਆਸੀ ਆਗੂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਇਸ ਮਤੇ ਉਤੇ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਦੇ ਦਸਤਖਤ ਵੀ ਕੀਤੇ ਗਏ ਹਨ। ਅਜਿਹੇ ਮਤੇ ਕਈ ਪੰਚਾਇਤਾਂ ਵਲੋਂ ਵੀ ਪਾਸ ਕੀਤੇ ਜਾ ਰਹੇ ਹਨ। ਕਈ ਪੰਚਾਇਤਾਂ ਨੇ ਤਾਂ ਸਿਆਸੀ ਆਗੂਆਂ ਨੂੰ ਸੱਦਣ ਵਾਲੇ ਪਰਿਵਾਰ ਨੂੰ ਪੰਜ ਹਜਾਰ ਦਾ ਜੁਰਮਾਨਾ ਵੀ ਐਲਾਨਿਆ ਹੈ।
ਦੂਜੇ ਪਾਸੇ ਅੱਜ ਜਦ ਪੰਜਾਬ ਵਿੱਚ ਚੋਣ ਸਰਗਰਮੀਆਂ ਸ਼ੁਰੂ ਹਨ ਤਾਂ ਸਾਰੀਆਂ ਹੀ ਪਾਰਟੀਆਂ ਲੋਕਾਂ ਤੱਕ ਪਹੁੰਚ ਬਣਾਉਣ ਲਈ ਸਰਗਰਮ ਹਨ। ਪਰ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਕਿਸਾਨੀ ਝੰਡੇ ਹੇਠ ਵਿਰੋਧ ਹੋ ਰਿਹਾ ਹੈ। ਇਸ ਉਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਤੇ ਸਵਾਲ ਹੋ ਰਹੇ ਹਨ, ਤਾਂ ਮੋਰਚੇ ਵਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾ ਦਰਸ਼ਨਪਾਲ ਆਦਿ ਨੇ ਮੀਡੀਆ ਨੂੰ ਵੱਖਰੇ ਵੱਖਰੇ ਬਿਆਨਾਂ ਚ ਕਿਹਾ ਹੈ ਕਿ ਸੰਯੁਕਤ ਮੋਰਚੇ ਦੀ ਅਜਿਹੀ ਕੋਈ ਕਾਲ ਨਹੀਂ ਹੈ, ਸਿਰਫ ਭਾਜਪਾ ਦਾ ਸ਼ਾਂਤਮਈ ਵਿਰੋਧ ਕਰਨ ਦਾ ਸੱਦਾ ਹੈ, ਅਜਿਹੀਆਂ ਕਾਰਵਾਈਆਂ ਆਪਹੁਦਰੀਆਂ ਕਾਰਵਾਈਆਂ ਹਨ, ਰਾਜੇਵਾਲ ਨੇ ਤਾਂ ਅਜਿਹੇ ਬਾਈਕਾਟ ਤੇ ਵਿਰੋਧ ਨੂੰ ਗਲਤ ਕਾਰਵਾਈ ਕਰਾਰ ਦਿੱਤਾ ਹੈ।ਆਮ ਲੋਕ ਸ਼ਸ਼ੋਪੰਜ ਵਿੱਚ ਹਨ ਕਿ ਕੀਹਦੇ ਨਾਲ ਖਲੋਣ?
ਕੱਲ ਬਰਨਾਲਾ ਸ਼ਹਿਰ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਭਾਜਪਾ ਦੇ ਪੰਜਾਬ ਬੁਲਾਰੇ ਦਰਸ਼ਨ ਸਿੰਘ ਨੈਣੇਵਾਲੀਆ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ, ਅਤੇ ਭਾਜਪਾ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਨਾਲ ਖੜ੍ਹਨ ਲਈ ਕਿਹਾ ਤਾਂ ਨੈਣੇਵਾਲੀਆ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਵਫਾਦਾਰ ਸਿਪਾਹੀ ਹਨ, ਉਹ ਕਿਸੇ ਵੀ ਘਿਰਾਓ ਅੱਗੇ ਨਹੀਂ ਝੁਕਣਗੇ। ਕਿਸਾਨਾਂ ਦੇ ਇਸ ਘਿਰਾਓ ਦੀ ਭਿਣਕ ਲੱਗਦਿਆਂ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਜਿੱਥੇ ਭਾਜਪਾ ਆਗੂ ਨੈਣੇਵਾਲੀਆ ਨੂੰ ਪਿੰਡ ਤੋਰਿਆ, ਅਤੇ ਕਿਸਾਨਾਂ ਨੂੰ ਵੀ ਮਾਹੌਲ ਸ਼ਾਂਤ ਰੱਖਣ ਦੀ ਅਪੀਲ ਕੀਤੀ।
ਏਧਰ ਘੀਲਾ ਆਂਹਦਾ ਮੈਂ ਤਾਂ ਜਾਣਦਾ ਹੀ ਨਹੀਂ ਸੀ ਕਿ ਦਰਸ਼ਨ ਸਿੰਘ ਨੈਣੇਵਾਲੀਆ ਭਾਜਪਾ ਦਾ ਪੰਜਾਬ ਪੱਧਰ ਦਾ ਆਗੂ ਹੈ, ਚਲੋ ਕਿਸਾਨੀ ਵਿਰੋਧ ਨੇ ਜਨਾਬ ਦੇ ਦਰਸ਼ਨ ਕਰਵਾ ਦਿੱਤੇ…
ਕੱਲ ਪਟਿਆਲਾ ਚ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਤੀਹ ਮੁਲਾਜਮ਼ ਜਥੇਬੰਦੀਆਂ ਦੀ ਅਗਵਾਈ ਵਿੱਚ ਰੈਲੀ ਕੀਤੀ, ਜਿਸ ਵਿੱਚ ਕਿਸਾਨ ਆਗੂ ਵੀ ਆਏ ਸਨ, ਮੰਚ ਤੋਂ ਜੋਗਿੰਦਰ ਸਿੰਘ ਉਗਰਾਹਾਂ ਭਾਸ਼ਣ ਦੇਣ ਲੱਗੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਰੈਲੀ ਵਿੱਚ ਆਪ ਨੇਤਾ ਹਰਪਾਲ ਚੀਮਾ ਵੀ ਪੁੱਜੇ ਹੋਏ ਨੇ, ਤਾਂ ਉਗਰਾਹਾਂ ਸਾਹਿਬ ਨਰਾਜ਼ ਹੋ ਕੇ ਚਲੇ ਗਏ, ਆਂਹਦੇ- ਜੇ ਪਹਿਲਾਂ ਪਤਾ ਹੁੰਦਾ ਕਿ ਸਿਆਸੀ ਆਗੂ ਆਉਣਗੇ ਤਾਂ ਰੈਲੀ ਚ ਕਦੇ ਨਾ ਆਉਂਦਾ। ਇਸ ਉੱਤੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੀ ਹਮਾਇਤ ਸੰਘਰਸ਼ ਲਈ ਫਾਇਦੇਮੰਦ ਹੀ ਹੈ, ਇਹਦੇ ਚ ਗਲਤ ਕੁਝ ਨਹੀਂ।
ਤੇ ਘੀਲਾ ਆਂਹਦਾ, ਉਗਰਾਹਾਂ ਸਾਬ.. ਚੀਮਾ ਸਾਬ ਦੀ ਪੁਰਾਣੀ ਅੰਗਲੀ ਸੰਗਲੀ ਵੀ ਕਾਮਰੇਡਾਂ ਨਾਲ ਰਲਦੀ ਆ, ਓਸੇ ਸਾਂਝ ਦੀ ਲਾਜ ਰੱਖ ਲੈਂਦੇ…
Comment here