ਪੰਜਾਬ ਦੇ ਪਿੰਡ ਚ ਸਿਆਸੀ ਲੀਡਰਾਂ ਦੀ ਤੁਲਨਾ ਪਸ਼ੂਆਂ ਨਾਲ ਕਰਦਿਆਂ ਨੋ ਐਂਟਰੀ ਦੇ ਫਲੈਕਸ ਲਾਏ
ਹਿਸਾਰ- ਪਿਛਲ਼ੇਰੇ ਦਿਨ ਦਿੱਲੀ-ਹਿਸਾਰ ਰਾਜਮਾਰਗ ‘ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਇੱਥੇ ਟੋਲ ਪਲਾਜ਼ਾ ਤੇ ਧਰਨਾ ਮਾਰ ਕੇ ਬੈਠੇ ਅੰਦੋਲਨਕਾਰੀ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ। ਬਾਅਦ ਚ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਕਾਫਲਾ ਤਾਂ ਸੁਖਬੀਰ ਬਾਦਲ ਦਾ ਸੀ, ਤਾਂ ਵਿਰੋਧ ਕਰਨ ਤੇ ਉਹਨਾਂ ਨੇ ਪਛਤਾਵਾ ਤੇ ਅਫਸੋਸ ਜਾਹਰ ਕੀਤਾ। ਕਿਸਾਨ ਆਗੂਆਂ ਨੇ ਅਫਸੋਸ ਜਤਾਉਂਦਿਆਂ ਕਿਹਾ ਕਿ ਸੁਖਬੀਰ ਜੀ ਨੂੰ ਗਲਤੀ ਨਾਲ ਕਾਲੇ ਝੰਡੇ ਦਿਖਾਏ ਗਏ। ਇਸ ਦੌਰਾਨ ਖੇਤੀ ਕਨੂੰਨਾਂ ਖਿਲਾਫ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਫੈਸਲਾ ਸਿਰਫ ਬੀਜੇਪੀ ਨੇਤਾਵਾਂ ਦੀਆਂ ਜਨਤਕ ਤੇ ਰਾਜਨੀਤਕ ਕਾਰਵਾਈਆਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਦਾ ਘਿਰਾਉ ਕਰਨ ਬਾਰੇ ਹੈ ਕਿਉਂਕਿ ਇਹ ਸਿਆਸੀ ਪਾਰਟੀ ਹੀ ਸਿੱਧੇ ਤੌਰ ‘ਤੇ ਕਾਲੇ ਖੇਤੀ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਘਿਰਾਉ ਦੇ ਸਪੱਸ਼ਟ ਐਲਾਨ ਦੇ ਬਾਵਜੂਦ ਬੀਜੇਪੀ ਨੇਤਾ ਆਪਣੀਆਂ ਜਨਤਕ ਸਰਗਰਮੀਆਂ ਰਾਹੀਂ ਜਾਣਬੁੱਝ ਕੇ ਕਿਸਾਨਾਂ ਨੂੰ ਹਿੰਸਕ ਹੋਣ ਲਈ ਉਕਸਾਉਂਦੇ ਹਨ। ਪਰ ਕਿਸਾਨ ਉਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ ਅਤੇ ਉਨ੍ਹਾਂ ਦਾ ਘਿਰਾਉ ਸਾਂਤਮਈ ਤਰੀਕੇ ਨਾਲ ਕੀਤਾ ਜਾਵੇਗਾ।
ਪਰ ਪੰਜਾਬ ਵਿੱਚ ਸਿਆਸੀ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਇਕਾਈ ਵੱਲੋਂ ਪਿੰਡ ਬਲਾਹਡ਼ ਵਿੰਝੂ ਜ਼ਿਲ੍ਹਾ ਬਠਿੰਡਾ ਵਿੱਚ ਚਿਤਾਵਨੀ ਬੋਰਡ ਲਾ ਦਿੱਤੇ ਹਨ ਜਿਸ ਵਿੱਚ ਲਿਖਿਆ ਹੈ ਕਿ ਪਿਛਲੇ 74 ਸਾਲਾਂ ਤੋਂ ਲੋਕਾਂ ਦਾ ਖ਼ੂਨ ਚੂਸ ਰਹੇ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਵਾਧੂ ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ,ਲੀਡਰਾਂ ਦੇ ਚਮਚਿਆਂ ਅਤੇ ਅਵਾਰਾ ਪਸ਼ੂਆਂ ਦਾ ਪਿੰਡ ਵਿੱਚ ਵੜਨਾ ਮਨ੍ਹਾ ਹੈ। ਜੇਕਰ ਕੋਈ ਸਿਆਸੀ ਲੀਡਰ ਜਾਂ ਅਵਾਰਾ ਪਸ਼ੂ ਆਉਂਦਾ ਹੈ ਤਾਂ ਉਸ ਦੀ ਹਾਲਤ ਮਾੜੀ ਕਰ ਦਿੱਤੀ ਜਾਵੇਗੀ ।ਇਹ ਬੋਰਡ ਵੱਖ ਵੱਖ ਪਿੰਡਾਂ ਵਿਚ ਗਲੀਆਂ ਦਾ ਸ਼ਿੰਗਾਰ ਬਣ ਰਹੇ ਹਨ ਤਾਂ ਜੋ ਲੀਡਰਾਂ ਨੂੰ ਚਿਤਾਵਨੀ ਦਿੱਤੀ ਜਾ ਸਕੇ ਕਿ ਉਹ ਕਿਸਾਨੀ ਸਮੱਸਿਆਵਾਂ ਦੇ ਹੱਲ ਤੋਂ ਪਹਿਲਾਂ ਪਿੰਡਾਂ ਵਿਚ ਨਾ ਵੜਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਲੀਡਰਾਂ ਦੀਆਂ ਲੱਗੀਆਂ ਫਲੈਕਸਾਂ ਵੀ ਕਿਸਾਨ ਆਗੂਆਂ ਵੱਲੋਂ ਪਾੜੀਆਂ ਗਈਆਂ ਹਨ ਅਤੇ ਹੁਣ ਇਸ ਤਰ੍ਹਾਂ ਦੇ ਲਾਏ ਬੋਰਡਾ ਨੇ ਸਿਆਸੀ ਲੀਡਰਾਂ ਖ਼ਿਲਾਫ਼ ਲਾਮਬੰਦੀ ਤੇਜ਼ ਕਰ ਦਿੱਤੀ ਹੈ । ਜਿਸ ਕਰਕੇ ਸਿਆਸੀ ਪਾਰਟੀਆਂ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਨਾ ਵੀ ਔਖਾ ਨਜ਼ਰ ਆ ਰਿਹਾ ਹੈ। ਕਿਸਾਨ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੋਰਡ ਲਾਉਣੇ ਕਿਸਾਨਾਂ ਦੀ ਮਜਬੂਰੀ ਹੈ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਹਿੱਤ ਵਿੱਚ ਸਹੀ ਆਵਾਜ਼ ਨਹੀਂ ਉਠਾ ਰਹੀ ਬਲਕਿ ਸਿਆਸੀ ਰੋਟੀਆਂ ਸੇਕਣ ਨੂੰ ਪਹਿਲ ਦੇ ਰਹੀ ਹੈ, ਹੁਣ ਉਹੀ ਲੀਡਰ ਕਿਸਾਨਾਂ ਦੀ ਵੋਟ ਦਾ ਹੱਕਦਾਰ ਹੋਵੇਗਾ ਜੋ ਕਿਸਾਨਾਂ ਦੀ ਗੱਲ ਕਰੇਗਾ ।
Comment here