ਅਪਰਾਧਸਿਆਸਤਖਬਰਾਂ

ਕਿਸਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫ਼ਤਾਰੀ ਲਈ ਡੀਸੀ ਨੂੰ ਸੌਂਪਿਆ ਮੰਗ ਪੱਤਰ

ਬਠਿੰਡਾ-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿਤਾ ਗਿਆ। ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਤੱਕ ਹਾਸਲ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਜੰਤਰ-ਮੰਤਰ ਵਿਖੇ ਪਹਿਲਵਾਨ ਕੁੜੀਆਂ ਨਾਲ ਦਿੱਲੀ ਪੁਲਿਸ ਵੱਲੋਂ ਧੱਕੇਸ਼ਾਹੀ ਕਰਨ ਅਤੇ ਉਹਨਾਂ ਦਾ ਟੈਂਟ ਪੱਟਣ ਦੀ ਸਖ਼ਤ ਸ਼ਬਦਾਂ ਵਿੱਚ ਕਿਸਾਨ ਆਗੂਆਂ ਨੇ ਨਿਖੇਧੀ ਕੀਤੀ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਆਮ ਤੌਰ ਉੱਤੇ ਔਰਤਾਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਸਮਾਜਕ ਵਰਤਾਰੇ ਤੋਂ ਅੱਗੇ ਵਧਦਿਆਂ ਇਨਸਾਫ਼ ਲਈ ਇਹਨਾਂ ਖਿਡਾਰੀਆਂ ਵੱਲੋਂ ਅਪਣਾਇਆ ਗਿਆ ਸੰਘਰਸ਼ ਦਾ ਰਸਤਾ ਇੱਕ ਦਲੇਰਾਨਾ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਜ ਕਰਤਾ ਲੋਕ ਅਤੇ ਵੱਡੀ ਅਫਸਰਸ਼ਾਹੀ ਰਾਜਭਾਗ ਵਿੱਚ ਆਪਣੀ ਪਹੁੰਚ ਰੱਖਣ ਵਾਲੇ ਬਲਾਤਕਾਰੀ ਅਤੇ ਕਾਤਲ ਲੋਕਾਂ ਦਾ ਪੱਖ ਪੂਰਦੇ ਹਨ ਜਿਸ ਕਾਰਨ ਦੇਸ਼ ਵਿੱਚ ਔਰਤਾਂ ਉੱਤੇ ਜਬਰ ਜ਼ੁਲਮ ਹੋ ਰਹੇ ਹਨ। ਇਸੇ ਤਰ੍ਹਾਂ ਹੀ ਪਹਿਲਵਾਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਪੀੜਤ ਕੁੜੀਆਂ ਨੂੰ ਇਨਸਾਫ਼ ਦੇਣ ਦੀ ਬਜਾਏ ਮੋਦੀ ਸਰਕਾਰ ਵੱਲੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਪਹਿਲਵਾਨ ਖਿਡਾਰੀਆਂ ਦੀ ਜੰਤਰ-ਮੰਤਰ ਉੱਤੇ ਲਾਇਟ ਬੰਦ ਕਰ ਦਿੱਤੀ ਗਈ ਅਤੇ ਲੰਗਰ ਰੋਕ ਦਿੱਤਾ ਗਿਆ।
ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਹਮਾਇਤ ਉੱਤੇ ਆਉਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਛੋਟੇ ਮੁਲਾਜ਼ਮਾਂ ਤੋਂ ਲੈ ਕੇ ਵੱਡੇ ਅਫਸਰ, ਖੇਡਾਂ, ਪਾਈਲਾਟ,ਜੱਜ, ਵਿਗਿਆਨੀ ,ਰਾਜ ਕਰਤਾ ਦੇ ਅਹੁਦਿਆਂ ਉੱਤੇ ਪਹੁੰਚ ਚੁੱਕੀਆਂ ਹਨ ਪਰ ਉਹਨਾਂ ਦੀਆਂ ਇੱਜ਼ਤਾਂ ਅਸੁਰੱਖਿਅਤ ਹਨ। ਦਲਿਤ ਗਰੀਬ ਔਰਤਾਂ ਨਾਲ ਧੱਕੇ ਹੁੰਦੇ ਹਨ, ਪੁਲਿਸ ਫੌਜ ਵੱਲੋਂ ਔਰਤਾਂ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ, ਧਾਰਮਿਕ ਫਿਰਕਾਪ੍ਰਸਤੀ ਰਾਹੀਂ ਹਮਲੇ ਕਰਵਾਕੇ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

Comment here