ਸਿਆਸਤਖਬਰਾਂ

ਕਿਸਾਨਾਂ ਦੇ ਭਾਰਤ ਬੰਦ ਨੂੰ ਮਿਲਿਆ ਹੁੰਗਾਰਾ

* ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਸਮੇਤ ਹੋਰ ਰਾਜਾਂ ਦੇ ਕਿਸਾਨਾਂ ਨੇ ਲਾਏ ਜਾਮ
* ਪ੍ਰਦਰਸ਼ਨਕਾਰੀਆਂ ਨੇ ਪੁਲਿਸ ਝੜਪ ’ਚ ਬੈਰੀਕੇਡ ਤੋੜੇ
*  ਕਾਂਗਰਸ, ਆਪ, ਬਸਪਾ, ਟੀ ਐਮ ਸੀ, ਸੀਪੀਆਈ (ਐਮ), ਆਦਿ ਵੱਲੋਂ ‘ਬੰਦ’ ਦਾ ਸਮਰਥਨ
ਜਲੰਧਰ (ਵਿਸ਼ੇਸ਼ ਰਿਪੋਰਟ)-ਸੰਯੁਕਤ ਕਿਸਾਨ ਮੋਰਚਾ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ ਤੇ ਭਾਰਤ ਬੰਦ ਸੱਦਾ ਦਿੱਤਾ। ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਕਿਸਾਨ ਆਗੂਆਂ ਵਲੋਂ ਇਸ ਨੂੰ ਇਤਿਹਾਸਕ ਬੰਦ ਕਰਾਰ ਦਿੱਤਾ ਗਿਆ ਹੈ, ਦਾਅਵਾ ਕੀਤਾ ਗਿਆ ਹੈ ਕਿ ਪੂਰੇ ਦੇਸ਼ ਚ ਆਪ ਮੁਹਾਰੇ ਲੋਕਾਂ ਨੇ ਬੰਦ ਨੂੰ ਸਮਰਥਨ ਦਿੱਤਾ ਹੈ। ਕਿਸਾਨਾਂ ਨੇ ਸੜਕਾਂ ਤੇ ਰੇਲ ਟਰੈਕ ਜਾਮ ਕੀਤੇ, ਕਈ ਥਾਈਂ ਬਜਾਰ ਤੇ ਬੈਂਕਾਂ ਬੰਦ ਕਰਵਾਈਆਂ, ਰਾਹਗੀਰਾੰ ਨਾਲ ਕਝ ਥਾਵਾਂ ਤੇ ਬਹਿਸਬਾਜੀ ਹੋਣ ਦੀਆਂ ਖਬਰਾਂ ਵੀ ਆਈਆਂ। ਟਰੈਕਟਰ ਲਾ ਕੇ ਰੇਲਾਂ ਵੀ ਰੋਕੀਆਂ ਗਈਆਂ। ਬੰਦ ਕਾਰਨ ਲੰਮੇ ਜਾਮ ਲੱਗੇ, ਸ਼ਾਮ ਚਾਰ ਵਜੇ ਜਾਮ ਖੋਲੇ ਗਏ। ਸੁਰੱਖਿਆ ਦੇ ਵੀ ਸਖਤ ਇੰਤਜਾਮ ਕੀਤੇ ਗਏ ਸੀ। ਇੱਕਾ ਦੁੱਕਾ ਥਾਵਾਂ ਤੇ ਰੋਸ ਮਾਰਚ ਕਰਦੇ ਕਿਸਾਨਾਂ ਦੀ ਪੁਲਸ ਨਾਲ ਧੱਕਾਮੁੱਕੀ ਵੀ ਹੋਈ ਹੈ। ਰਾਹਗੀਰਾਂ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕਿਸਾਨ ਸੰਗਠਨ ਚਾਹੁੰਦੇ ਹਨ ਕਿ ਸਰਕਾਰ ਤੁਰੰਤ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਵਾਪਸ ਲਵੇ। ਪਿਛਲੇ ਸਾਲ ਦੇਸ਼ ਦੇ ਕਈ ਰਾਜਾਂ ਵਿੱਚ ਇਸ ਨਵੇਂ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਕਿਸਾਨ ਅੰਦੋਲਨ ਦੇ 300 ਦਿਨ ਵੀ ਪੂਰੇ ਹੋ ਰਹੇ ਹਨ। ਕਿਸਾਨ ਮੋਰਚੇ ਵਿੱਚ ਕੁੱਲ 40 ਕਿਸਾਨ ਸੰਗਠਨ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਰਾਜਨੀਤਿਕ ਪਾਰਟੀਆਂ ਨੇ ਵੀ ਇਸਦਾ ਸਮਰਥਨ ਕੀਤਾ ਹੈ, ਇਹ 10 ਘੰਟੇ ਦਾ ਬੰਦ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਿਆ ਸੀ। ਕਈ ਸੂਬਿਆਂ ਵਿੱਚ ਪੁਲਿਸ ਨੇ ਕਿਸਾਨ ਸੰਗਠਨਾਂ ਦੇ ਇਸ ਬੰਦ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ। ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਇਲਾਵਾ ਦੱਖਣੀ ਰਾਜਾਂ ਕੇਰਲਾ, ਕਰਨਾਟਕ, ਤਿਲੰਗਾਨਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਦੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਦੇ ਸੱਦੇ ਉੱਤੇ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਗਾਜ਼ੀਪੁਰ ਮੋਰਚੇ ਦੇ ਕਾਰਕੁਨਾਂ ਨੇ ਦਿੱਲੀ-ਮੇਰਠ ਐਕਸਪ੍ਰੈਸ ਮਾਰਗ ਜਾਮ ਕਰ ਦਿੱਤਾ ਹੈ। ਇਸ ਦੌਰਾਨ, ਦਿੱਲੀ ਪੁਲਿਸ ਨੇ ਕਿਹਾ ਕਿ ਸ਼ਹਿਰ ਦੀ ਹੱਦ ’ਤੇ ਅੰਦੋਲਨ ਵਾਲੀਆਂ ਥਾਵਾਂ ਤੋਂ ਕਿਸੇ ਵੀ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਦਿੱਲੀ ਪੁਲਿਸ ਨੇ ਕਿਹਾ ਹੈ ਕਿ ਭਾਰਤ ਬੰਦ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਵਜੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਰਹੱਦੀ ਖੇਤਰਾਂ ਵਿੱਚ ਚੈਕ ਪੋਸਟਾਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਇੰਡੀਆ ਗੇਟ ਅਤੇ ਵਿਜੇ ਚੌਕ ਸਮੇਤ ਸਾਰੇ ਮਹੱਤਵਪੂਰਨ ਖੇਤਰਾਂ ਵਿੱਚ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਸਰਹੱਦੀ ਖੇਤਰਾਂ ਦੇ ਪਿੰਡਾਂ ਨੂੰ ਦਿੱਲੀ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ। ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਵਿਚ ਸੱਦੇ ਦਾ ਅਸਰ ਕਾਫੀ ਵੇਖਿਆ ਜਾ ਰਿਹਾ ਹੈ। ਪੰਜਾਬ ਵਿਚ ਦੁਕਾਨਦਾਰ ਵੀ ਕਿਸਾਨਾਂ ਦਾ ਆਪਣੀਆਂ ਦੁਕਾਨਾਂ ਬੰਦ ਕਰਕੇ ਸਾਥ ਦੇ ਰਹੇ ਸਨ।
ਬੰਗਾਲ ਤੋਂ ਲੈ ਕੇ ਪੰਜਾਬ ਤੱਕ ਰੋਕੀਆਂ ਟਰੇਨਾਂ
ਖੱਬੇ ਮੋਰਚੇ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸਮਰਥਕਾਂ ਨੇ ਕੋਲਕਾਤਾ ਵਿੱਚ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰਨ ਲਈ ਇੱਕ ਰੇਲਵੇ ਟਰੈਕ ਨੂੰ ਰੋਕਿਆ। ਪੰਜਾਬ ਹਰਿਆਣਾ ਵਿੱਚ ਤਾਂ ਪਹਿਲਾਂ ਹੀ ਇਸ ਬੰਦ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ, ਦੂਜੇ ਰਾਜਾਂ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਨੇ ਕਿਸਾਨਾਂ  ਦੇ ਹੱਕ ਵਿੱਚ ਥਾਂ-ਥਾਂ ਉੱਤੇ ਸੜਕ ਜਾਮ ਦੇ ਨਾਲ ਰੇਲਵੇ ਟਰੈਕ ਵੀ ਰੋਕ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ, ਉੱਤਰੀ ਰੇਲਵੇ ਨੇ ਕਿਹਾ ਹੈ ਕਿ ਦਿੱਲੀ, ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨਾਂ ਵਿੱਚ ਰੇਲ ਸੰਚਾਲਨ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਕਿਸਾਨ ਰੇਲਵੇ ਟ੍ਰੈਕ ’ਤੇ ਬੈਠੇ ਹਨ। ਦਿੱਲੀ ਡਿਵੀਜ਼ਨ ਵਿੱਚ 20 ਤੋਂ ਵੱਧ ਥਾਵਾਂ ’ਤੇ ਜਾਮ ਹੈ। ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨਾਂ ਵਿੱਚ ਲਗਭਗ 25 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।
ਪੁਲੀਸ ਨਾਲ ਟਕਰਾਅ
ਕਈ ਥਾਵਾਂ ਉੱਤੇ ਪੁਲਿਸ ਨਾਲ ਟਕਰਾਅ ਦੇ ਮਾਮਲੇ ਵੀ ਸਾਹਮਣੇ ਆਏ ਹਨ। ਤਾਮਿਲਨਾਡੂ ਦੇ ਕਿਸਾਨਾਂ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨਾਲ ਝੜਪ ਵਿੱਚ ਬੈਰੀਕੇਡ ਵੀ ਤੋੜ ਦਿੱਤੇ।ਨੋਇਡਾ ਚ ਵੀ ਪੁਲਸ ਨਾਲ ਰੋਸ ਮਾਰਚ ਕਰਦੇ ਕਿਸਾਨਾਂ ਦੀ ਝੜਪ ਹੋਈ।
ਕਾਨੂੰਨ ਰੱਦ ਕਰਾਉਣ ਲਈ 10 ਸਾਲਾਂ ਤੱਕ ਅੰਦੋਲਨ ਲਈ ਤਿਆਰ : ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਖੇਤੀ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਹ ਦਸ ਸਾਲਾਂ ਤੱਕ ਅੰਦੋਲਨ ਕਰਨ ਲਈ ਤਿਆਰ ਹਨ, ਪਰ ‘ਕਾਲੇ’ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਲੱਖਾਂ ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ’ਤੇ ਬੈਠੇ ਹਨ। ਉਹ ਪਿਛਲੇ ਸਾਲ ਸਤੰਬਰ ਵਿੱਚ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਟਿਕੈਤ ਨੇ ਪਾਣੀਪਤ ਵਿੱਚ ‘ਕਿਸਾਨ ਮਹਾਪੰਚਾਇਤ’ ਵਿੱਚ ਕਿਹਾ, ‘ਅੰਦੋਲਨ ਨੂੰ ਦਸ ਮਹੀਨੇ ਹੋ ਗਏ ਹਨ। ਸਰਕਾਰ ਨੂੰ ਕੰਨ ਖੋਲ੍ਹ ਕੇ ਸੁਣ ਲੈਣਾ ਚਾਹੀਦਾ ਹੈ ਕਿ ਜੇ ਸਾਨੂੰ ਦਸ ਸਾਲ ਅੰਦੋਲਨ ਕਰਨਾ ਪਿਆ, ਤਾਂ ਅਸੀਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ‘ਆਪਣੇ ਟਰੈਕਟਰ ਤਿਆਰ ਰੱਖੋ, ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿੱਲੀ ਵਿੱਚ ਲੋੜ ਪੈ ਸਕਦੀ ਹੈ। ਜਿਹੜੇ ਲੋਕ ਦੇਸ਼ ’ਤੇ ਰਾਜ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਕਾਨੂੰਨ ਵਾਪਸ ਲੈਣਾ ਪਏਗਾ। ਅਸੀਂ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ, ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ।
ਕੀ ਕਿਹਾ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨੇ
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ‘ਭਾਰਤ ਬੰਦ’ ਨੂੰ ਦਿੱਤੇ ਜਾ ਰਹੇ ਸਮਰਥਨ ਨੂੰ ਲੈ ਕੇ ਵਿਰੋਧੀ ਸਿਆਸੀ ਪਾਰਟੀਆਂ ਕੁਝ ਗਿਣੇ-ਚੁਣਵੇਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀਆਂ ਵਿਰੋਧੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਦੇਸ਼ ਦੇ ਵੱਡੀ ਗਿਣਤੀ ਕਿਸਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਨਾਲ ਹਨ ਤੇ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਜਿਹੜੇ ਕਿਸਾਨ ਆਗੂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰ ਰਹੇ ਹਨ ਉਹ ਸ਼ੁਰੂ ਤੋਂ ਕਹਿੰਦੇ ਆ ਰਹੇ ਹਨ ਕਿ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਖਤਮ ਹੋ ਜਾਵੇਗੀ, ਮੰਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਜਾਵੇਗਾ ਪਰ ਅਸਲੀਅਤ ਇਸ ਦੇ ਉਲਟ ਹੈ, ਮੋਦੀ ਸਰਕਾਰ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧਾ ਕੀਤਾ ਹੈ, ਨਵੇਂ ਬਾਜ਼ਾਰ ਖੋਲ੍ਹੇ ਜਾ ਰਹੇ ਹਨ ਤੇ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਖੋਹਣ ਵਰਗੀ ਕੋਈ ਗੱਲ ਨਹੀਂ ਹੈ।
ਖੇਤੀ ਮੰਤਰੀ ਤੋਮਰ ਦੀ ਕਿਸਾਨਾਂ ਨੂੰ ਪੇਸ਼ਕਸ਼
ਕਿਸਾਨਾਂ ਦੇ ਭਾਰਤ ਬੰਦ ਨੂੰ ਵੇਖਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੰਦੋਲਨ ਛੱਡ ਕੇ ਗੱਲਬਾਤ ਦਾ ਰਾਹ ਅਪਨਾਉਣ। ਸਰਕਾਰ ਕਿਸਾਨਾਂ ਵੱਲੋਂ ਉਠਾਏ ਇਤਰਾਜ਼ਾਂ ’ਤੇ ਵਿਚਾਰ ਕਰਨ ਲਈ ਤਿਆਰ ਹੈ। ਤੋਮਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਵੀ; ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਮੁੱਦਾ ਬਾਕੀ ਹੈ, ਤਾਂ ਸਰਕਾਰ ਨਿਸ਼ਚਤ ਤੌਰ ’ਤੇ ਇਸ ਬਾਰੇ ਗੱਲ ਕਰੇਗੀ।
ਉਗਰਾਹਾਂ ਦੇ ਤਿੱਖੇ ਬੋਲ

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਉਹ ਤੋਮਰ ਨਾਲ ਕੋਈ ਗਲਬਾਤ ਨਹੀੰ ਕਰਨਗੇ। ਪੰਜਾਬ ਦੇ ਸੀ ਐਮ ਚੰਨੀ ਵਲੋਂ ਕਿਸਾਨ ਧਰਨਿਆਂ ਚ ਜਾਣ ਦੇ ਦਿਤੇ ਬਿਆਨ ਬਾਰੇ ਉਗਰਾਹਾਂ ਹੁਰਾਂ ਨੇ ਕਿਹਾ ਹੈ ਕਿ ਚੰਨੀ ਨੂੰ ਕੀਹਨੇ ਸਦਿਆ ਹੈ, ਇਹਨੇ ਛਿਤਰ ਖਾਣ ਆਉਣੈ, ਜੇ ਲੋਕਾਂ ਨੇ ਛਿਤਰ ਲਾਹ ਲਏ ਫੇਰ, ਪਹਿਲਾਂ ਚੰਨੀ ਆਪਣਾ ਘਰ ਸਾਂਭੇ, ਸਾਨੂੰ ਇਹਦੇ ਤੋਂ ਵੀ ਕੋਈ ਉਮੀਦ ਨਹੀ ਹੈ।

Comment here