ਸਿਆਸਤਖਬਰਾਂ

ਕਿਸਾਨਾਂ ਦੇ ਨਾਂ ’ਤੇ ਨਵੀਆਂ ਪਾਰਟੀਆਂ ਬਣਨ ਦਾ ਦੌਰ ਸ਼ੁਰੂ

ਚੰਡੀਗੜ੍ਹ-ਦਿੱਲੀ ਵਿੱਚ ਚਲ ਰਹੇ ਕਿਸਾਨ ਅੰਦੋਲਨ ਵਲੋਂ ਭਾਵੇਂ ਚੋਣ ਮੈਦਾਨ ਵਿਚ ਨਾ ਉਤਰਨ ਦਾ ਸਿੱਧੇ ਤੌਰ ’ਤੇ ਐਲਾਨ ਕੀਤਾ ਜਾ ਚੁੱਕਾ ਹੈ ਪਰ ਅੰਦਰਖਾਤੇ ਕਈ ਕਿਸਾਨ ਆਗੂ ਚੋਣ ਲੜਨ ਲਈ ਹਾਮੀ ਵੀ ਭਰ ਚੁੱਕੇ ਹਨ। ਕਿਸਾਨ ਆਗੂ ਗੁਰਨਾਮ ਸਿੰਘ ਝਡੂਨੀ ਸਿੱਧੇ ਤੌਰ ’ਤੇ ਆਖ ਚੁੱਕੇ ਹਨ ਕਿ ਕਿਸਾਨੀ ਮਸਲੇ ਦਾ ਹੱਲ ਸਿਆਸਤ ਵਿਚ ਉਤਰ ਕੇ ਹੀ ਦਿੱਤਾ ਜਾ ਸਕਦਾ ਹੈ। ਇਸ ਲਈ ਬਕਾਇਦਾ ਉਨ੍ਹਾਂ ਵਲੋਂ ਪੰਜਾਬ ਦੇ ਕਈ ਦੌਰੇ ਕਰਕੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਜਾ ਚੁੱਕੀ ਹੈ। ਉਧਰ ਕਿਸਾਨਾਂ ਦੇ ਭੱਖਦੇ ਮਸਲੇ ਨੂੰ ਕੈਸ਼ ਕਰਨ ਲਈ ਵੀ ਕਈ ਦਲ ਸਰਗਰਮ ਹੋ ਰਹੇ ਹਨ, ਜਿਨ੍ਹਾਂ ਲਈ ਬਕਾਇਦਾ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਮੈਦਾਨ ਵਿਚ ਉਤਰਨ ਦੀਆਂ ਤਿਆਰਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਲਈ ਬਕਾਇਦਾ ਚੋਣ ਕਮਿਸ਼ਨ ਕੋਲ ਅਪਲਾਈ ਵੀ ਕੀਤਾ ਜਾ ਚੁੱਕਾ ਹੈ। ‘ਆਪਣਾ ਸੰਘਰਸ਼ ਕਿਸਾਨੀ ਏਕਤਾ ਪਾਰਟੀ’ ਅਤੇ ‘ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ’ ਦੀ ਰਜਿਸਟਰੇਸ਼ਨ ਲਈ ਚੋਣ ਕਮਿਸ਼ਨ ਕੋਲ ਅਪਲਾਈ ਕੀਤਾ ਗਿਆ ਹੈ। ਇਸ ਦਾ ਬਿਓਰਾ ਚੋਣ ਕਮਿਸ਼ਨ ਵਲੋਂ ਆਪਣੀ ਵੈੱਬ ਸਾਈਟ ’ਤੇ ਵੀ ਅਪਲੋਡ ਕੀਤਾ ਗਿਆ ਹੈ।
ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ  ਆਪਣਾ ਸੰਘਰਸ਼ ਕਿਸਾਨੀ ਏਕਤਾ ਪਾਰਟੀ ਰਾਜਿੰਦਰ ਸ਼ਰਮਾ ਪੁੱਤਰ ਸੁਰਿੰਦਰ ਪਾਲ ਨਿਵਾਸੀ ਕਿਸ਼ੋਰ ਨਗਰ ਤਾਜਪੁਰ ਰੋਡ ਜਮਾਲਪੁਰ ਲੁਧਿਆਣਾ ਵਲੋਂ ਰਜਿਸਟਰ ਲਈ ਭੇਜੀ ਗਈ ਹੈ। ਜਦਕਿ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਚੰਨਣ ਸਿੰਘ ਸਿੱਧੂ ਪਿੰਡ ਚਾਹੇਰ ਮਾਜਰਾ ਮੋਹਾਲੀ ਵਲੋਂ ਰਜਿਸਟਰ ਲਈ ਭੇਜੀ ਗਈ ਹੈ। ਚੋਣ ਕਮਿਸ਼ਨ ਦੀ ਵੈੱਬ ਸਾਈਟ ਮੁਤਾਬਕ ‘ਆਪਣਾ ਸੰਘਰਸ਼ ਕਿਸਾਨੀ ਏਕਤਾ ਪਾਰਟੀ’ ਲਈ 5-10-2021 ਤੱਕ ਇਤਰਾਜ਼ ਮੰਗੇ ਗਏ ਸਨ ਅਤੇ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਲਈ 5-11-2021 ਤੱਕ ਇਤਰਾਜ਼ ਮੰਗੇ ਗਏ ਹਨ। ਚੋਣ ਕਮਿਸ਼ਨ ਮੁਤਾਬਕ ਰਾਜਿੰਦਰ ਸ਼ਰਮਾ ਨੂੰ ‘ਆਪਣਾ ਸੰਘਰਸ਼ ਕਿਸਾਨੀ ਏਕਤਾ ਪਾਰਟੀ’ ਦਾ ਪ੍ਰਧਾਨ ਦੱਸਿਆ ਗਿਆ ਹੈ ਅਤੇ ‘ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ’ ਦਾ ਪ੍ਰਧਾਨ ਮੋਹਾਲੀ ਦੇ ਚੰਨਣ ਸਿੰਘ ਸਿੱਧੂ ਨੂੰ ਦੱਸਿਆ ਗਿਆ ਹੈ।

Comment here