ਕਿਸਾਨ ਅੰਦੋਲਨ ਚ ਸਿਆਸੀ ਸ਼ਰਾਰਤ,
ਸੁਖਬੀਰ ਨੇ ਡੀ ਜੀ ਪੀ ਨੂੰ ਕਾਰਵਾਈ ਲਈ ਕਿਹਾ
ਜਲੰਧਰ-ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮਨਜੀਤ ਸਿੰਘ ਰਾਏ ਦੇ ਇਕ ਬਿਆਨ ਨੇ ਨਵੀਂ ਚਰਚਾ ਛੇੜੀ ਹੈ, ਉਹਨਾਂ ਕਿਹਾ ਹੈ ਕਿ ਸ਼ਰਾਰਤੀ ਲੋਕ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਗਏ ਹਨ। ਅਸੀਂ ਸਿਰਫ ਭਾਜਪਾ ਦਾ ਵਿਰੋਧ ਕਰਦੇ ਹਾਂ, ਪਰ ਅਕਾਲੀ ਦਲ ਦੀ ਰੈਲੀ ਦਾ ਵਰੋਧ ਕਰਨ ਵਾਲੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਲੋਕ ਹੁੰਦੇ ਹਨ, ਕਾਂਗਰਸ ਦੀ ਰੈਲੀ ਦਾ ਵਿਰੋਧ ਅਕਾਲੀ ਤੇ ਆਪਕੇ ਕਰਦੇ ਨੇ, ਇਸੇ ਤਰਾਂ ਆਪਕਿਆਂ ਦਾ ਵਿਰੋਧ ਅਕਾਲੀ ਤੇ ਕਾਂਗਰਸੀ ਕਰਦੇ ਹਨ। ਕਿਸਾਨ ਆਗੂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕੇ ਚਿਤਾਵਨੀ ਵੀ ਦਿੱਤੀ ਹੈ ਕਿ ਕਿਸਾਨ ਕਿਸੇ ਦੇ ਬਹਿਕਾਵੇ ‘ਚ ਨਾ ਆਉਣ, ਜੇ ਕਿਸਾਨ ਅੰਦੋਲਨ ਜਿੱਤਣਾ ਹੈ ਤਾਂ ਪੰਜਾਬ ‘ਚ ਵਿਰੋਧ ਪ੍ਰਦਰਸ਼ਨ ਬੰਦ ਕਰੋ ਤੇ ਦਿੱਲੀ ਮੋਰਚੇ ਨੂੰ ਮਜ਼ਬੂਤ ਕਰੋ।
ਇਸ ਦੌਰਾਨ ਪੁਲਸ ਦੀ ਇਕ ਕਾਰਵਾਈ ਨੇ ਕਿਸਾਨ ਆਗੂ ਰਾਏ ਦੇ ਸ਼ੰਕੇ ਤੇ ਮੋਹਰ ਲਾ ਦਿੱਤੀ ਹੈ, ਸੁਖਬੀਰ ਬਾਦਲ ਦੇ ਕਾਫਲੇ ਤੇ ਕਿਸਾਨ ਅੰਦੋਲਨ ਦੇ ਨਾਮ ਹੇਠ ਹਮਲਾ ਕਰਨ ਦੇ ਦੋਸ਼ ਵਿੱਚ ਆਪਕਿਆਂ ਅਤੇ ਕਾਂਗਰਸੀਆਂ ਤੇ ਕੇਸ ਦਰਜ ਕੀਤੇ ਹਨ। ਮਾਮਲਾ ਸਮਰਾਲੇ ਦਾ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 30 ਅਗਸਤ ਨੂੰ ਫੇਰੀ ਦੌਰਾਨ ਕਿਸਾਨਾਂ ਦੀ ਆੜ ਵਿੱਚ ਵਿਰੋਧ ਵਿਖਾਵੇ ਦੌਰਾਨ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਅਕਾਲੀ ਆਗੂਆਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਸੀ, ਇਸ ਮਾਮਲੇ ਚ ਕਈ ਕਾਂਗਰਸੀ ਅਤੇ ‘ਆਪ’ ਪਾਰਟੀ ਵਰਕਰਾਂ ਸਮੇਤ 50-60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਮਾਛੀਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮਾਛੀਵਾੜਾ ਸਾਹਿਬ ਅਕਾਲੀ ਆਗੂ ਹਰਜੋਤ ਸਿੰਘ ਮਾਂਗਟ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ ਅਤੇ ਬੀਤੇ ਕੱਲ੍ਹ ਹੀ ਹਲਕਾ ਸਮਰਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਪ੍ਰੈੱਸ ਕਾਨਫੰਰਸ ਕਰਦੇ ਹੋਏ ਸੁਖਬੀਰ ਬਾਦਲ ਦੀ ਰੈਲੀ ਨੂੰ ਰੱਦ ਕਰਵਾਉਣ ਲਈ ਹੁੱਲੜਬਾਜੀ ਕਰਦੇ ਹੋਏ ਗੱਡੀਆਂ ਦੀ ਭੰਨਤੋੜ ਕਰਨ ਦੀ ਕਾਰਵਾਈ ਵਿੱਚ ਸ਼ਾਮਲ ਇਲਾਕੇ ਦੇ ਕਈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਪਛਾਣ ਕਰਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਸਨ। ਸ਼ਰਾਰਤੀ ਅਨਸਰਾਂ ਪਿੱਛੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਹੱਥ ਹੋਣ ਦਾ ਦੋਸ਼ ਲਗਾਉਂਦੇ ਹੋਏ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਸਮਰਾਲਾ ਦੀ ਇੱਕ ਮਹਿਲਾ ਕੌਂਸਲਰ ਦੇ ਪਤੀ ਸਮੇਤ, ਪਿੰਡ ਭਰਥਲਾ ਦਾ ਕਾਂਗਰਸੀ ਆਗੂ ਅਤੇ ਪਿੰਡ ਨੂਰਪੁਰ ਦਾ ਕਾਂਗਰਸੀ ਆਗੂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਈ ਪ੍ਰਮੁੱਖ ਵਰਕਰ ਇਨ੍ਹਾਂ ਹੁੱਲੜਬਾਜ਼ਾਂ ਦੀ ਅਗਵਾਈ ਕਰ ਰਹੇ ਸਨ। ਪੁਲਸ ਨੇ ਫ਼ਿਲਹਾਲ ਜਸਦੇਵ ਸਿੰਘ ਜੱਸਾ, ਕਾਂਗਰਸੀ ਆਗੂ ਜਗਜੀਤ ਸਿੰਘ ਠੋਲੀ, ਸੰਦੀਪ ਸਿੰਘ ਰੁਪਾਲੋਂ, ਯੁੱਦਵੀਰ ਸਿੰਘ ਮਾਛੀਵਾੜਾ, ਨੀਰਜ ਸਿਹਾਲਾ, ਅਮਿਤ ਮੌਦਗਿੱਲ, ਪਰਮਿੰਦਰ ਸਿੰਘ ਨੂਰਪੁਰ, ਲਾਲੀ ਜੰਜੂਆ, ਟਿੰਕੂ ਧਰਮਵੀਰ, ਕਰਨਪਾਲ ਮਾਛੀਵਾੜਾ ਸਮੇਤ ਕਈ ਹੋਰ ਵਿਅਕਤੀਆਂ ਸਮੇਤ 60 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਜੁਰਮ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਸੁਖਬੀਰ ਬਾਦਲ ਨੇ ਵੀ ਪੰਜਾਬ ਦੇ ਡੀ.ਜੀ.ਪੀ. ਨਾਲ ਗੱਲਬਾਤ ਕਰਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਲਈ ਕਿਹਾ ਸੀ।
Comment here