ਅਪਰਾਧਸਿਆਸਤਖਬਰਾਂ

ਕਿਰਨ ਬੇਦੀ ਵੱਲੋਂ ਸਿੱਖਾਂ ਬਾਰੇ ਭੱਦੀ ਟਿੱਪਣੀ

ਬਾਰਾਂ ਵਜੇ ਵਾਲੇ ਚੁਟਕਲੇ ਨਾਲ ਜੋੜਿਆ ਸਰਦਾਰਾਂ ਨੂੰ
ਪੰਥਕ ਤੇ ਸਿਆਸੀ ਜਥੇਬੰਦੀਆਂ ਵਲੋਂ ਕੇਸ ਦਰਜ ਕਰਨ ਦੀ ਮੰਗ
ਚੰਡੀਗੜ੍ਹ : ਭਾਜਪਾ ਆਗੂ ਅਤੇ ਸਾਬਕਾ ਆਈ. ਪੀ. ਐਸ. ਅਫਸਰ ਕਿਰਨ ਬੇਦੀ ਵਲੋਂ ਸਿੱਖਾਂ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਿੱਖਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਰਨ ਬੇਦੀ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਰਨ ਬੇਦੀ ਦੀ ਟਿੱਪਣੀ ਬਾਰੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਇਹ ਬਹੁਤ ਅਫਸੋਸਜਨਕ ਹੈ ਕਿ ਕਿਰਨ ਬੇਦੀ ਨੇ ਇਕ ਪ੍ਰੋਗਰਾਮ ਦੌਰਾਨ ਕਥਿਤ ਤੌਰ ‘ਤੇ 12 ਵਜੇ ਨਾਲ ਜੋੜ ਕੇ ਸਿੱਖਾਂ ਦਾ ਮਜ਼ਾਕ ਉਡਾਇਆ ।ਕਾਲਕਾ ਨੇ ਕਿਹਾ ਕਿ ਕਿਰਨ ਬੇਦੀ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਮੁਗਲ ਰਾਜ ਸਮੇਂ ਕਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਇਥੋਂ ਦੀਆਂ ਔਰਤਾਂ ਨੂੰ ਗਜ਼ਨੀ ਦੇ ਬਾਜ਼ਾਰਾਂ ਵਿਚ ਵੇਚਣ ਵਾਸਤੇ ਲੈ ਜਾਂਦਾ ਸੀ ਤੇ ਸਿੱਖਾਂ ਵਲੋਂ ਰਣਨੀਤੀ ਤਹਿਤ 12 ਵਜੇ ਹਮਲਾ ਕਰਕੇ ਉਨ੍ਹਾਂ ਔਰਤਾਂ ਨੂੰ ਛੁਡਵਾ ਕੇ ਘਰ ਪਹੁੰਚਾਇਆ ਜਾਂਦਾ ਸੀ । ਉਨ੍ਹਾਂ ਕਿਹਾ ਕਿ ਉਕਤ ਟਿੱਪਣੀ ਬਾਰੇ ਕਿਰਨ ਬੇਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ | ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਫੀਅਰਲੈੱਸ ਗਵਰਨੈੱਸ ਕਿਤਾਬ ਦੇ ਹਿੰਦੀ ਐਡੀਸ਼ਨ ਨੂੰ ਲਾਂਚ ਕਰਨ ਮੌਕੇ ਕਿਰਨ ਬੇਦੀ ਵਲੋਂ ਕੀਤੀ ਗਈ ਟਿੱਪਣੀ ਬੇਹੱਦ ਇਤਰਾਜ਼ਯੋਗ ਹੈ । ਸ਼ੰਟੀ ਨੇ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪਰ ਕੁਝ ਲੋਕ ਉਸ ਨੂੰ ਮਜ਼ਾਕ ਦੇ ਰੂਪ ਵਿਚ ਪੇਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਕਿਰਨ ਬੇਦੀ ਨੂੰ ਜਨਤਕ ਤੌਰ ‘ਤੇ ਸਿੱਖ ਕੌਮ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ।ਆਮ ਆਦਮੀ ਪਾਰਟੀ ਨੇ ਭਾਜਪਾ ਆਗੂ ਤੇ ਪੁਲਿਸ ਅਧਿਕਾਰੀ ਕਿਰਨ ਬੇਦੀ ਖਿਲਾਫ਼ ਸਿੱਖਾਂ ਦਾ ਮਜ਼ਾਕ ਉਡਾਉਣ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਮੁਗਲ ਭਾਰਤ ਨੂੰ ਲੁੱਟ ਕੇ ਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸਨ ਤਾਂ ਸਿੱਖ ਉਨ੍ਹਾਂ ਨਾਲ ਲੜਨ ਤੇ ਭੈਣਾਂ, ਬੇਟੀਆਂ ਦੀ ਰੱਖਿਆ ਲਈ 12 ਵਜੇ ਮੁਗਲਾਂ ‘ਤੇ ਹਮਲੇ ਕਰਦੇ ਸਨ। ਇਹ ਹੈ 12 ਵਜੇ ਦਾ ਇਤਿਹਾਸ। ਸ਼ਰਮ ਆਉਂਦੀ ਹੈ ਭਾਜਪਾ ਦੀ ਘਟੀਆ ਮਾਨਸਿਕਤਾ ਵਾਲੇ ਆਗੂਆਂ ‘ਤੇ ਜਿਹੜੇ ਸਿੱਖਾਂ ਨੂੰ ਇੱਜ਼ਤ ਦੇਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, ”ਭਾਜਪਾ ਆਗੂ ਕਿਰਨ ਬੇਦੀ ਵੱਲੋਂ ਸਿੱਖਾਂ ਖ਼ਿਲਾਫ਼ ਦਿੱਤਾ ਬਿਆਨ ਬਹੁਤ ਹੀ ਮੰਦਭਾਗਾ ਹੈ। ਕੰਗ ਨੇ ਕਿਹਾ ਕਿ ਉਹ ਕਿਰਨ ਬੇਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਜਦੋਂ ਦੇਸ਼ ਵਿਚ ਮੁਗਲ ਹਮਲਾਵਰਾਂ ਅਤੇ ਰਾਜਿਆਂ ਦਾ ਅੱਤਿਆਚਾਰ ਹੁੰਦਾ ਸੀ ਅਤੇ ਉਹ ਦੇਸ਼ ਦੀਆਂ ਬਹੁ-ਬੇਟੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਸਨ ਤਾਂ ਸਿੱਖ ਕੌਮ ਇਨ੍ਹਾਂ ਹਮਲਾਵਰਾਂ ਅਤੇ ਰਾਜਿਆਂ ਖ਼ਿਲਾਫ਼ ਲੜਾਈ ਲੜਨ ਦਾ ਬਿਗਲ (ਹਮਲਾ ਕਰਨ ਦਾ) ਰਾਤ ਨੂੰ 12 ਵਜੇ ਵਜਾਉਂਦੇ ਸਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ, ”ਤੁਹਾਨੂੰ ਆਪਣੀ ਸੋਚ ‘ਤੇ ਸ਼ਰਮ ਆਉਣੀ ਚਾਹੀਦੀ ਏ। ਸਿੱਖਾਂ ਦਾ ਇਤਿਹਾਸ ਅਤੇ ਭਾਰਤ ਲਈ ਸਿੱਖਾਂ ਦੇ ਯੋਗਦਾਨ ਬਾਰੇ ਪੜ੍ਹੋ। ਭਾਜਪਾ ਘਟੀਆ ਸੋਚ ਵਾਲੇ ਆਗੂਆਂ ਦਾ ਕਾਰਖਾਨਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਰਨ ਬੇਦੀ ਵਲੋਂ ਸਿੱਖਾਂ ਬਾਰੇ ਕੀਤੀ ਵਿਵਾਦਿਤ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਿਰਨ ਬੇਦੀ ਵਲੋਂ ਖ਼ੁਦ ਪੰਜਾਬੀ ਹੋਣ ਦੇ ਬਾਵਜੂਦ ਸਿੱਖ ਭਾਈਚਾਰੇ ਬਾਰੇ ਅਜਿਹੀ ਟਿੱਪਣੀ ਕਰਨਾ ਬੇਹੱਦ ਹੈਰਾਨੀਜਨਕ ਤੇ ਸ਼ਰਮਨਾਕ ਹੈ ।ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਿਰਨ ਬੇਦੀ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

Comment here