ਸਾਹਿਤਕ ਸੱਥਚਲੰਤ ਮਾਮਲੇਵਿਸ਼ੇਸ਼ ਲੇਖ

ਕਿਥੇ ਗੁਆਚੀਆਂ ਦਾਦਾ ਦਾਦੀ ਦੀਆਂ ਪਿਆਰ ਭਰੀਆਂ ਬਾਤਾਂ

ਕਹਿੰਦੇ ਨੇ ਬਜ਼ੁਰਗ ਘਰਾਂ ਦਾ ਜਿੰਦਰਾਂ ਹੁੰਦੇ ਹਨ ਅਤੇ ਦਾਦਾ ਦਾਦੀ ਪੋਤੇ ਪੋਤੀਆਂ ਦੇ ਪਹਿਰੇਦਾਰ। ਜਿਹਨਾਂ ਬੱਚਿਆਂ ਨੇ ਆਪਣਾ ਬਚਪਨ ਦਾਦਾ ਦਾਦੀ ਨਾਲ ਹੰਢਾਇਆ, ਉਹਨਾਂ ਨੂੰ ਜ਼ਿੰਦਗੀ ਦੀ ਹਰ ਔਕੜ ਅਤੇ ਚੁਣੌਤੀ ਦਾ ਸਾਹਮਣਾ ਕਰਨਾ ਆ ਗਿਆ। ਦਾਦਾ ਦਾਦੀ ਜਾਂ ਨਾਨਾ ਨਾਨੀ ਬੱਚਿਆਂ ਦੇ ਪਾਲਣ ਪੋਸ਼ਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਦਾਦਾ ਦਾਦੀ ਵੱਲੋਂ ਰਾਤ ਨੂੰ ਸੁਣਾਈਆਂ ਗਈਆਂ ਕਹਾਣੀਆਂ ਕਿਸੇ ਜੀਵਨ ਜਾਚ ਤੋਂ ਘੱਟ ਨਹੀਂ ਹੁੰਦੀਆਂ। ਆਧੁਨਿਕ ਸਮੇਂ ਵਿਚ ਤਾਂ ਦਾਦਾ ਦਾਦੀ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਮਾਂ ਬਾਪ ਦੋਵੇਂ ਨੌਕਰੀਪੇਸ਼ਾ ਹੋ ਗਏ ਪਰ ਸਮੇਂ ਨੇ ਇਹ ਵਰਤਾਰਾ ਵੀ ਬਦਲ ਹੀ ਦਿੱਤਾ ਹੈ ਤੇ ਬੱਚਿਆਂ ਦਾ ਪਾਲਣ ਪੋਸ਼ਣ ਡੇਅ ਕੇਅਰ ਸੈਂਟਰਾਂ ਵਿਚ ਹੋ ਰਿਹਾ ਹੈ ਅਤੇ ਦਾਦਾ ਦਾਦੀ ਦੀਆਂ ਕਹਾਣੀਆਂ ਦੀ ਥਾਂ ਹੁਣ ਮੋਬਾਈਲ ਫੋਨਾਂ ਨੇ ਲੈ ਲਈ ਹੈ।
ਆਕਸਫੋਰਡ ਯੂਨੀਵਰਸਿਟੀ ਦੀ ਸਟੱਡੀ ਮੁਤਾਬਿਕ ਦਾਦਾ-ਦਾਦੀ ਬੱਚਿਆਂ ਦੇ ਭਾਵਨਾਤਮਕ ਅਤੇ ਵਿਵਹਾਰਕ ਵਿਕਾਸ ਵਿੱਚ ਉੱਚ ਪੱਧਰੀ ਭੂਮਿਕਾ ਨਿਭਾਉਂਦੇ ਹਨ। ਜਦੋਂ ਦਾਦਾ-ਦਾਦੀ ਮੌਜੂਦ ਹੁੰਦੇ ਹਨ, ਬੱਚਿਆਂ ਦੀਆਂ ਭਾਵਨਾਤਮਕ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਉਹਨਾਂ ਦੇ ਨਕਾਰਾਤਮਕ ਵਿਵਹਾਰ ਦੀਆਂ ਸਥਿਤੀਆਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਦਾਦਾ-ਦਾਦੀ ਦੀ ਸ਼ਮੂਲੀਅਤ ਕਈ ਤਰੀਕਿਆਂ ਨਾਲ ਬੱਚਿਆਂ ਦੀ ਮਦਦ ਕਰਦੀ ਹੈ। ਉਹ ਅਕਸਰ ਬੱਚਿਆਂ ਦੀ ਸਮੱਸਿਆ-ਹੱਲ ਕਰਨ ਦੇ ਹੁਨਰ ਦੇ ਵਿਕਾਸ ਵਿੱਚ ਮਦਦ ਕਰਦੇ ਹਨ। ਜਦੋਂ ਪਰਿਵਾਰ ਵਿੱਚ ਵਿਘਨ ਪੈਂਦਾ ਹੈ ਤਾਂ ਦਾਦਾ-ਦਾਦੀ ਨੌਜਵਾਨਾਂ ਲਈ ਇੱਕ ਸਥਿਰ ਸ਼ਕਤੀ ਬਣ ਸਕਦੇ ਹਨ। ਉਥਲ-ਪੁਥਲ ਦੇ ਸਮੇਂ, ਮਾਤਾ-ਪਿਤਾ ਦੇ ਗੁਆਚਣ ਤੋਂ ਬਾਅਦ, ਇੱਕ ਦਾਦਾ-ਦਾਦੀ ਸਮੱਗਰੀ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰ ਸਕਦੇ ਹਨ, ਜਿਸ ਨਾਲ ਬੱਚੇ ਨੂੰ ਹੋਣ ਵਾਲੀਆਂ ਪੇਚੀਦਗੀਆਂ ਨੂੰ ਘਟਾਇਆ ਜਾ ਸਕਦਾ ਹੈ।
ਬੋਸਟਨ ਕਾਲਜ ਦੇ 2014 ‘ਚ ਹੋਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ “ਦਾਦਾ-ਦਾਦੀ ਅਤੇ ਪੋਤੇ-ਪੋਤੀ ਵਿਚਕਾਰ ਭਾਵਨਾਤਮਕ ਤੌਰ ‘ਤੇ ਨਜ਼ਦੀਕੀ ਰਿਸ਼ਤਾ ਦੋਵਾਂ ਪੀੜ੍ਹੀਆਂ ਲਈ ਜੁੜਿਆ ਹੋਇਆ ਹੈ।” ਬੱਚਿਆਂ ਲਈ, ਦਾਦਾ-ਦਾਦੀ ਦੇ ਆਲੇ-ਦੁਆਲੇ ਹੋਣ ਦਾ ਮਤਲਬ ਹੈ ਖੇਡਣ ਅਤੇ ਮੌਜ-ਮਸਤੀ ਕਰਨ ਲਈ ਸੰਪੂਰਣ ਸਾਥੀ ਹੋਣਾ। ਜਦੋਂ ਰਚਨਾਤਮਕਤਾ ਅਤੇ ਕਲਪਨਾ ਦੀ ਵਰਤੋਂ ਕਰਨ ਦੀ ਗੱਲ ਆਉਂਦੀ ਹੈ ਤਾਂ ਦਾਦਾ-ਦਾਦੀ ਸਭ ਤੋਂ ਵਧੀਆ ਸਾਥੀ ਹੁੰਦੇ ਹਨ ਅਤੇ ਜ਼ਿਆਦਾਤਰ ਦਾਦਾ-ਦਾਦੀ ਸੱਚਮੁੱਚ ਆਪਣੀ ਭੂਮਿਕਾ ਨੂੰ ਪਿਆਰ ਕਰਦੇ ਹਨ। ਅਮਰੀਕਨ ਦਾਦਾ-ਦਾਦੀ ਐਸੋਸੀਏਸ਼ਨ ਦੇ ਅਨੁਸਾਰ, 72% ਦਾਦਾ-ਦਾਦੀ ਸੋਚਦੇ ਹਨ ਕਿ ਦਾਦਾ-ਦਾਦੀ ਹੋਣਾ ਉਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਸੰਤੁਸ਼ਟੀਜਨਕ ਚੀਜ਼ ਹੈ।
ਸਮਾਜ ਵਿਚ ਵੱਡੇ ਪੱਧਰ ‘ਤੇ ਬਦਲਾਅ ਆਇਆ ਹੈ, ਜਿਸ ਨੇ ਰਿਸ਼ਤਿਆਂ ਦੇ ਮਾਇਨੇ ਵੀ ਬਦਲ ਦਿੱਤੇ ਹਨ। ਇੱਕ ਸਮਾਂ ਸੀ ਜਦੋਂ ਦਾਦਾ ਘਰ ਦਾ ਮੁੱਢ ਹੁੰਦੇ ਸਨ ਜੋ ਫ਼ੈਸਲਾ ਉਹਨਾਂ ਵੱਲੋਂ ਕੀਤਾ ਜਾਂਦਾ ਸੀ, ਉਹਨਾਂ ਦੇ ਬੱਚਿਆਂ ਨੇ ਵੀ ਮੰਨਣਾ ਹੁੰਦਾ ਸੀ ਅਤੇ ਪੋਤੀਆਂ ਪੋਤਿਆਂ ਨੂੰ ਵੀ ਮੰਨਣਾ ਪੈਂਦਾ ਸੀ। ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਸੀ ਕਿ ਦਾਦਾ ਦਾਦੀ ਨੂੰ ਪੁੱਛ ਕੇ ਹੀ ਸਾਰੇ ਕੰਮ ਕਰਨੇ ਹੁੰਦੇ ਸਨ। ਅੱਜ ਦੇ ਸਮੇਂ ਵੀ ਵਿਆਹ ਦੇ ਕਾਰਡ ਉੱਤੇ ਦਾਦਾ ਦਾਦੀ ਦਾ ਨਾਂ ਪਹਿਲਾਂ ਲਿਖਿਆ ਜਾਂਦਾ, ਹਾਲਾਂਕਿ ਸਥਿਤੀਆਂ ਵਿਚ ਬਦਲਾਅ ਹੋਇਆ ਹੈ। ਜਿਥੇ ਸੱਭਿਆਚਾਰਕ ਕਦਰਾਂ ਕੀਮਤਾਂ ਬਦਲੀਆਂ ਉਥੇ ਹੀ ਦਾਦਾ ਦਾਦੀ ਦੀ ਅਹਿਮੀਅਤ ਵੀ ਘੱਟ ਗਈ, ਹੁਣ ਪੁਰਾਣੀਆਂ ਪ੍ਰੰਪਰਾਵਾਂ ਵਿਚ ਵਿਸ਼ਵਾਸ ਨਹੀਂ ਕੀਤਾ ਜਾਂਦਾ। ਦਾਦਾ ਦਾਦੀ ਦਾ ਨਾਂ ਵਿਆਹ ਦੇ ਕਾਰਡ ‘ਤੇ ਲਿਖਾ ਦਿੱਤਾ ਜਾਂਦਾ ਹੈ ਪਰ ਵਿਆਹ ਬੱਚੇ ਆਪਣੀ ਮਰਜ਼ੀ ਨਾਲ ਹੀ ਕਰਵਾਉਣਾ ਚਾਹੁੰਦੇ ਹਨ। ਪਹਿਲਾਂ ਦਾਦਾ ਦਾਦੀ ਪ੍ਰਾਪਰਟੀ ਅਤੇ ਜ਼ਮੀਨ ਜਾਇਦਾਦ ਦੇ ਨਾਂ ਹੁੰਦੀ ਸੀ, ਇਸ ਲਈ ਮਾਂ ਬਾਪ ਵੀ ਖੁਸ਼ ਰੱਖਦੇ ਸਨ ਅਤੇ ਬੱਚੇ ਵੀ ਦਾਦਾ ਦਾਦੀ ਨੂੰ ਖੁਸ਼ ਰੱਖਦੇ ਸਨ। ਹੁਣ ਜਾਇਦਾਦ ਵੰਡੀ ਗਈ ਅਤੇ ਬੱਚੇ ਨੌਕਰੀ ਪੇਸ਼ਾ ਹੋ ਗਏ ਕੁਝ ਤਾਂ ਦੂਜੇ ਸ਼ਹਿਰਾਂ ਵਿਚ ਜਾ ਕੇ ਕੰਮ ਕਰਦੇ ਹਨ। ਇਸ ਲਈ ਬਜ਼ੁਰਗਾਂ ਦੀ ਅਹਿਮੀਅਤ ਵੀ ਘੱਟ ਗਈ ਕਿਉਂਕਿ ਬੱਚਿਆਂ ਦੀ ਆਰਥਿਕ ਨਿਰਭਰਤਾ ਦਾਦਾ ਦਾਦੀ ‘ਤੇ ਘੱਟ ਗਈ ਹੈ। ਹੁਣ ਸਥਿਤੀ ਇਸ ਲਈ ਵੀ ਬਦਲ ਗਈ ਕਿਉਂਕਿ ਬਜ਼ੁਰਗ ਬੱਚਿਆਂ ‘ਤੇ ਨਿਰਭਰ ਹੋ ਗਏ।
ਪਹਿਲੇ ਜ਼ਮਾਨਿਆਂ ਵਿਚ ਬੱਚਿਆਂ ਦੇ ਗਿਆਨ ਦਾ ਸ੍ਰੋਤ ਦਾਦਾ ਦਾਦੀ ਹੁੰਦੇ ਸਨ। ਜਦਕਿ ਹੁਣ ਗਿਆਨ ਦਾ ਸ੍ਰੋਤ ਮੋਬਾਈਲ ਫੋਨ ਹਨ। ਹੁਣ ਮੋਬਾਈਲ ਫੋਨ ਅਤੇ ਇੰਟਰਨੈਟ ਵਿਚੋਂ ਬੱਚੇ ਆਪਣੇ ਮਨਪਸੰਦ ਦਾ ਕੰਟੈਂਟ ਲੱਭਦੇ ਹਨ। ਹੁਣ ਇਸ ਲਈ ਦਾਦਾ ਦਾਦੀ ਕਹਾਣੀਆਂ ਅਤੇ ਗਿਆਨ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਪਿੰਡਾਂ ਦਾ ਸ਼ਹਿਰੀਕਰਨ ਹੋ ਗਿਆ ਅਤੇ ਪਰਿਵਾਰ ਛੋਟੇ ਹੋ ਗਏ, ਜਿਸ ਕਰਕੇ ਬੱਚੇ ਦਾਦਾ ਦਾਦੀ ਕੋਲ ਪ੍ਰਹੁਣਿਆਂ ਦੀ ਤਰ੍ਹਾਂ ਆਉਂਦੇ ਹਨ ਅਤੇ ਦਾਦਾ ਦਾਦੀ ਪ੍ਰਹੁਣਿਆਂ ਦੀ ਤਰ੍ਹਾਂ ਬੱਚਿਆਂ ਕੋਲ ਆਉਂਦੇ ਹਨ। ਜਿਸਦਾ ਇਕ ਅੱਧਾ ਦਿਨ ਤਾਂ ਚਾਅ ਹੁੰਦਾ ਹੈ ਪਰ ਬਾਅਦ ਵਿਚ ਬੱਚੇ ਇਸਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਅੰਦਾਜ਼ੀ ਸਮਝਦੇ ਹਨ। ਇਥੋਂ ਤੱਕ ਕਿ ਦਾਦਾ ਦਾਦੀ ਨੂੰ ਕਮਰਾ ਦੇਣ ਪਿੱਛੇ ਵੀ ਲੜਾਈ ਹੋ ਜਾਂਦੀ ਹੈ। ਇੰਟਰਨੈਟ ਤਾਂ ਬੱਚਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਹੀ ਦਿੱਤੀ ਹੈ ਜਿਸ ਕਰਕੇ ਉਹਨਾਂ ਦਾ ਦਾਦਾ ਦਾਦੀ ਨਾਲ ਦਿਲ ਘੱਟ ਲੱਗਦਾ ਹੈ। ਬੱਚਿਆਂ ਦੀ ਜ਼ਿੰਦਗੀ ਵਿਚ ਦਾਦਾ ਦਾਦੀ ਆਪਣੇ ਆਪ ਨੂੰ ਫਿੱਟ ਨਹੀਂ ਕਰ ਪਾ ਰਹੇ ਅਤੇ ਦਾਦਾ ਦਾਦੀ ਦੀ ਜ਼ਿੰਦਗੀ ਵਿਚ ਬੱਚੇ ਆਪਣੇ ਆਪ ਨੂੰ ਦਾਖ਼ਲ ਕਰਨ ਵਿਚ ਅਸਮਰੱਥ ਹਨ। ਦਾਦਾ ਦਾਦੀ ਦੀਆਂ ਛੋਟੀਆਂ ਛੋਟੀਆਂ ਗੱਲਾਂ ‘ਤੇ ਬੱਚੇ ਚਿੜ ਜਾਂਦੇ ਹਨ। ਇਹ ਇਕ ਪੀੜੀ ਤੋਂ ਦੂਜੀ ਪੀੜੀ ਦਾ ਵਖਰੇਵਾਂ ਹੈ।
ਪਹਿਲਾਂ ਪਰਿਵਾਰ ਸੰਯੁਕਤ ਹੁੰਦੇ ਸਨ ਅਤੇ 15- 15 ਜੀਅ ਇਕ ਘਰ ਵਿਚ ਇਕ ਛੱਤ ਥੱਲੇ ਹੀ ਰਹਿੰਦੇ ਸਨ, ਸਾਰੇ ਮਿਲਕੇ ਬੱਚਿਆਂ ਨੂੰ ਸੰਸਕਾਰ ਸਿਖਾਉਂਦੇ ਸਨ। ਹੁਣ ਸਮਾਜਿਕ ਦਾਇਰਾ ਸਿਮਟਿਆ ਅਤੇ ਪਰਿਵਾਰ ਛੋਟੇ ਹੋ ਗਏ। ਅੱਜਕੱਲ ਦੇ ਬੱਚੇ ਤਾਂ ਮਾਂ ਬਾਪ ਦੇ ਕੰਟਰੋਲ ‘ਚ ਨਹੀਂ ਰਹੇ, ਦਾਦਾ ਦਾਦੀ ਤਾਂ ਬਹੁਤ ਦੂਰ ਦੀ ਗੱਲ ਹੈ। ਬੱਚਿਆਂ ਨੂੰ ਆਪਣੇ ਕਮਰੇ, ਟੀਵੀ ਅਤੇ ਮੋਬਾਈਲ ਫੋਨ ਅਲੱਗ ਤੋਂ ਚਾਹੀਦੇ ਹਨ, ਇਹ ਕਹਿ ਲਈਏ ਕਿ ਵਿਅਕਤੀਵਾਦ ਵੱਧ ਗਿਆ ਜਿਸ ਨਾਲ ਸਮਾਜਿਕ ਕਦਰਾਂ ਕੀਮਤਾਂ ਅਤੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਿਆ ਹੈ। ਦਾਦਾ ਦਾਦੀ ਨਾਲ ਬੱਚਿਆਂ ਦਾ ਲਗਾਵ ਇਕੱਠੇ ਖਾਣ, ਸੌਣ ਅਤੇ ਬੈਠਣ ਨਾਲ ਹੋਣਾ ਇਹੀ ਰਿਵਾਇਤ ਆਧੁਨਿਕ ਜ਼ਿੰਦਗੀ ਵਿਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਪੀੜੀਆਂ ਦਾ ਵਖਰੇਵਾਂ ਹੋਣ ਕਾਰਨ ਬੱਚੇ ਦਾਦਾ ਦਾਦੀ ਨਾਲ ਕਿਤੇ ਜਾਣਾ ਪਸੰਦ ਨਹੀਂ ਕਰਦੇ। ਮਾਂ ਬਾਪ ਬੱਚਿਆਂ ਦਾ ਰੁਝਾਨ ਦਾਦਾ ਦਾਦੀ ਵੱਲ ਮੋੜਨ ਲਈ ਆਦਰਸ਼ ਭੂਮਿਕਾ ਨਿਭਾਅ ਸਕਦੇ ਹਨ।

Comment here