ਅਪਰਾਧਸਿਆਸਤਖਬਰਾਂਦੁਨੀਆ

ਕਿਤੇ ਅਫਗਾਨ ਸੀਰੀਆ ਨਾ ਬਣ ਜਾਏ- ਯੂ ਐਨ ਪ੍ਰਤੀਨਿਧੀ ਡੇਬੋਰਾ ਨੂੰ ਚਿੰਤਾ

ਕਾਬੁਲ- ਅਫਗਾਨਿਸਤਾਨ ਵਿਚ ਯੂ. ਐੱਨ. ਮਿਸ਼ਨ ਪ੍ਰਮੁੱਖ ਅਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਵਿਸ਼ੇਸ਼ ਪ੍ਰਤੀਨਿਧੀ ਡੇਬੋਰਾ ਲਿਓਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਫਗਾਨਿਸਤਾਨ ਚ ਤਾਲਿਬਾਨੀ ਕਹਿਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਤਾਲਿਬਾਨ ਨੇ ਪਿਛਲੇ 2 ਮਹੀਨਿਆਂ ਤੋਂ ਰਣਨੀਤੀ ਬਦਲ ਲਈ ਹੈ ਅਤੇ ਵੱਡੇ ਸ਼ਹਿਰਾਂ ’ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਲੋਕ ਮਰ ਰਹੇ ਹਨ। ਇਸ ਜਾਰੀ ਹਿੰਸਾ ਅਤੇ ਅੱਤਿਆਚਾਰ ਨੇ ਮੁੜ ਸੀਰੀਆ ਯਾਦ ਦਿਵਾ ਦਿੱਤਾ ਹੈ। ਇਹੋ ਹਾਲ ਰਿਹਾ ਤਾਂ ਇਹ ਹਿੰਸਾ ਅਫਗਾਨਿਸਤਾਨ ਨੂੰ ਦੂਸਰੇ ਸੀਰੀਆ ਵਿਚ ਬਦਲ ਸਕਦੀ ਹੈ। ਇਸ ਤਬਾਹੀ ਨੂੰ ਰੋਕਣ ਦੀ ਅਪੀਲ ਕਰਦਿਆਂ ਲਿਓਂਸ ਨੇ ਕਿਹਾ ਕਿ ਅਮਰੀਕਾ ਦੇ ਨਾਲ ਇਕ ਸਮਝੌਤੇ ’ਤੇ ਪਹੁੰਚਣ ਅਤੇ ਫਿਰ ਵਿਦੇਸ਼ੀ ਫੌਜੀਆਂ ਦੀ ਪੂਰਨ ਵਾਪਸੀ ਤੋਂ ਬਾਅਦ ਤਾਲਿਬਾਨ ਤੋਂ ਹਿੰਸਾ ਦੀ ਕਮੀ ਦੀ ਉਮੀਦ ਸੀ, ਪਰ ਇਸਦੇ ਉਲਟ ਹਿੰਸਾ ਵਿਚ ਵਾਧਾ ਹੋਇਆ। ਵਿਸ਼ੇਸ਼ ਪ੍ਰਤੀਨਿਧੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਾਰੀ ਸੰਕਟ ਨੂੰ ਨਹੀਂ ਰੋਕਿਆ ਗਿਆ ਤਾਂ ਅਫਗਾਨਿਸਤਾਨ ਦੀ ਤਬਾਹੀ ਉਸਦੀਆਂ ਸਰਹੱਦਾਂ ਤੋਂ ਅੱਗੇ ਨਿਕਲ ਜਾਏਗੀ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿਚ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕੁੱਟਿਆ ਜਾਂਦਾ ਹੈ ਅਤੇ ਇਨ੍ਹਾਂ ਖੇਤਰਾਂ ਵਿਚ ਸਥਾਨਕ ਮੀਡੀਆ ’ਤੇ ਦਬਦਬਾ ਹੈ। ਔਰਤਾਂ ਸਿਰਫ਼ ਸਰਕਾਰ ਜਾਂ ਐੱਨ. ਜੀ. ਓ. ਨਾਲ ਕੰਮ ਕਰਨ ਨਾਲ ਮਾਰੇ ਜਾਣ ਤੋਂ ਡਰਦੀਆਂ ਹਨ।

ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਫੁਟੇਜ ਵਿਚ ਤਾਲੁਕਾਨ ਸ਼ਹਿਰ ਵਿਚ ਬੱਚਿਆਂ ਨੂੰ ਖੂਨ ਨਾਲ ਲਿਬੜੇ ਚਿਹਰਿਆਂ ਨਾਲ ਜ਼ਮੀਨ ’ਤੇ ਲੇਟੇ ਹੋਏ ਦਿਖਾਇਆ ਗਿਆ ਹੈ। ਇਹ ਬੱਚੇ ਕਥਿਤ ਤੌਰ ’ਤੇ ਰਾਕੇਟ ਹਮਲਿਆਂ ਵਿਚ ਮਾਰੇ ਗਏ ਸਨ। ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਤਾਲਿਬਾਨ ਪ੍ਰਭਾਵ ਵਾਲੇ ਖੇਤਰਾਂ ਵਿਚ ਜੰਗੀ ਅਪਰਾਧਾਂ, ਤਸੀਹੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਕਈ ਰਿਪੋਰਟਾਂ ਆ ਰਹੀਆਂ ਹਨ। ਕਮਿਸ਼ਨ ਦੇ ਮੀਡੀਆ ਦਫ਼ਤਰ ਦੇ ਪ੍ਰਮੁੱਖ ਜਬੀਹੁੱਲਾਹ ਫਰਹਾਂਗ ਨੇ ਕਿਹਾ ਕਿ ਤਾਲਿਬਾਨ ਨੇ ਬੇਰਹਿਮੀ ਨਾਲ ਮਲਿਸਤਾਨ ਜ਼ਿਲ੍ਹੇ ਵਿਚ ਇਕ ਔਰਤ ਸਮੇਤ 27 ਨਾਗਰਿਕਾਂ ਨੂੰ ਮਾਰ ਦਿੱਤਾ ਅਤੇ 10 ਹੋਰ ਜ਼ਖ਼ਮੀ ਹੋ ਗਏ। ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਇਕ ਹੋਰ ਵੀਡੀਓ ਵਿਚ ਤਾਲੁਕਾਨ ਸ਼ਹਿਰ ਵਿਚ ਇਕ ਰਾਕੇਟ ਹਮਲੇ ਵਿਚ ਮਾਰੇ ਗਏ ਇਕ ਬੱਚੇ ਨੂੰ ਦਿਖਾਇਆ ਗਿਆ ਹੈ।  ਕਪਿਸਾ ਤੋਂ ਨਿਜਰਬ ਜ਼ਿਲ੍ਹੇ ਦੀ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਜ਼ਿਲ੍ਹੇ ਵਿਚ ਚੱਲ ਰਹੀ ਲੜਾਈ ਕਾਰਨ ਲੋਕ ਆਪਣੇ ਘਰ ਛੱਡ ਰਹੇ ਹਨ, ਜੋ ਪਿਛਲੇ ਮਹੀਨੇ ਤਾਲਿਬਾਨ ਦੇ ਹੱਥੀਂ ਘਿਰ ਗਿਆ ਸੀ। ਸਥਿਤੀ ਬਦਤਰ ਹੈ ਅਤੇ ਤਾਲਿਬਾਨ ਨੇ ਘਰਾਂ ਵਿਚਾਲੇ ਆਪਣਾ ਗੜ੍ਹ ਬਣਾ ਲਿਆ ਹੈ। ਯੂ. ਐੱਸ. ਚਾਰ ਡੀ. ਅਫੇਅਰਸ ਰਾਸ ਵਿਲਸਨ ਨੇ ਬੀਤੇ ਦਿਨੀਂ ਕਿਹਾ ਕਿ ਤਾਲਿਬਾਨ ਵੱਲੋਂ ਲੋਕਾਂ ਦੇ ਸਿਰ ਕੱਟਣਾ ਇਹ ਦਰਸਾਉਂਦਾ ਹੈ ਕਿ ਤਾਲਿਬਾਨ ਸਿਰਫ਼ ਹਿੰਸਾ ਜਾਣਦੇ ਹਨ ਅਤੇ ਸ਼ਾਂਤੀ ਤੋਂ ਡਰਦੇ ਹਨ। ਪਰ ਫੇਰ ਵੀ ਅਸੀਂ ਉਨ੍ਹਾਂ ਨੂੰ ਸ਼ਾਂਤੀ ਚੁਣਨ ਦੀ ਬੇਨਤੀ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਇਉਂ ਹੀ ਹੋਵੇਗਾ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਮਿਸ਼ੇਲ ਬੈਚਲੇਟ ਨੇ  ਦੱਸਿਆ ਕਿ 9 ਜੁਲਾਈ ਤੋਂ ਹੁਣ ਤੱਕ 183 ਲੋਕ ਮਾਰੇ ਗਏ ਅਤੇ 1,180 ਤੋਂ ਵਧੇਰੇ ਜ਼ਖਮੀ ਹੋਏ ਹਨ। ਇਹ ਗਿਣਤੀ ਇਕੱਲੇ ਸਿਰਫ 4 ਅਫ਼ਗਾਨ ਸ਼ਹਿਰਾਂ ਦੀ ਹੈ, ਕਿਉਂਕਿ ਤਾਲਿਬਾਨ ਦੇ ਹਮਲੇ ਵਧ ਰਹੇ ਹਨ। ਉਨ੍ਹਾਂ ਆਖਿਆ ਕਿ ਅਫ਼ਗਾਨ ਸਰਕਾਰ ਦੀਆਂ ਫ਼ੌਜਾਂ ਅਤੇ ਤਾਲਿਬਾਨ ਨੂੰ ‘ਖੂਨ-ਖ਼ਰਾਬਾ’ ਰੋਕਣ ਲਈ ਲੜਨਾ ਬੰਦ ਕਰਨਾ ਚਾਹੀਦਾ ਹੈ। ਜੇ ਉਹ ਗੱਲਬਾਤ ਦੀ ਮੇਜ਼ ’ਤੇ ਵਾਪਸ ਆਉਣ ਅਤੇ ਕਿਸੇ ਸਮਝੌਤੇ ’ਤੇ ਪਹੁੰਚਣ ’ਚ ਅਸਫ਼ਲ ਰਹਿੰਦੇ ਹਨ ਤਾਂ ਅਫ਼ਗਾਨ ਲੋਕਾਂ ਦੀ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ।  ਮਿਸ਼ੇਲ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਯੁੱਧ ਦੇ ਨਤੀਜੇ ਵਜੋਂ ਬਹੁਤ ਸਾਰੇ ਨਾਗਰਿਕ ਮਾਰੇ ਜਾ ਰਹੇ ਹਨ। ਅਸੀਂ ਇਸ ਨੂੰ ਪਹਿਲਾਂ ਵੀ ਕਈ ਵਾਰ ਵੇਖ ਚੁੱਕੇ ਹਾਂ। ਅਫ਼ਗਾਨਿਸਤਾਨ ਵਿਚ 9 ਜੁਲਾਈ ਤੋਂ ਇਕੱਲੇ ਚਾਰ ਸ਼ਹਿਰਾਂ- ਲਸ਼ਕਰਗਾਹ, ਕੰਧਾਰ, ਹੇਰਾਤ ਅਤੇ ਕੁੰਦੂਜ ’ਚ ਘੱਟੋ-ਘੱਟ 183 ਨਾਗਰਿਕ ਮਾਰੇ ਗਏ ਹਨ। ਅਸਲ ਅੰਕੜੇ ਬਹੁਤ ਜ਼ਿਆਦਾ ਹੋਣਗੇ।  ਓਧਰ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਨੇ ਸਾਰੇ ਦੇਸ਼ਾਂ ਨੂੰ ਸੰਘਰਸ਼ ਖ਼ਤਮ ਕਰਨ ਲਈ ਆਪਣੇ ਪ੍ਰਭਾਵ ਅਤੇ ਲਾਭ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਜਿਸ ਨੇ ਅਫ਼ਗਾਨਿਸਤਾਨ ਤੋਂ ਵਿਦੇਸ਼ੀ ਫ਼ੌਜਾਂ ਦੀ ਵਾਪਸੀ ਸ਼ੁਰੂ ਕਰਨ ਅਤੇ ਤਾਲਿਬਾਨ ਦੇ ਹਮਲੇ ਨੂੰ ਅੱਗੇ ਵਧਾਉਣ ਦੇ ਨਾਲ ਇਕ ਹੋਰ ਮੋੜ ਲੈ ਲਿਆ ਹੈ। ਸੰਯੁਕਤ ਰਾਸ਼ਟਰ ਵਿਚ ਅਫ਼ਗਾਨਿਸਤਾਨ ਦੇ ਨਵੇਂ ਨਿਯੁਕਤ ਰਾਜੂਦਤ ਗੁਲਾਮ ਮੁਹੰਮਦ ਇਸਹਾਕਜ਼ਈ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਤਾਲਿਬਾਨ ਨੂੰ ਵਿਨਾਸ਼ਕਾਰੀ ਸਮੂਹ ਘੋਸ਼ਿਤ ਕਰੇ ਅਤੇ ਇਸ ਵਿਰੁੱਧ ਤੁਰੰਤ ਕਾਰਵਾਈ ਕਰੇ।

Comment here