(ਬਾਲ-ਵਿਗਿਆਨ ਕਹਾਣੀ)
ਰੋਮਨ ਸਟਾਕਰ ਅਤੇ ਸਾਥੀ ਵਿਗਿਆਨੀ ਅੱਧੀ ਰਾਤ ਤੱਕ ਪ੍ਰਯੋਗਸ਼ਾਲਾ ਵਿਚ ਕਿਸੇ ਖੋਜ ਵਿਚ ਲੱਗੇ ਰਹੇ।ਉਹ ਬਾਅਦ ਵਿਚ ਉੱਥੇ ਹੀ ਸੌਂ ਗਏ ਸਨ। ਉਹ ਸਵੇਰੇ ਨਾਸ਼ਤਾ ਕਰਨ ਆਪੋ-ਆਪਣੇ ਘਰ ਆਏ।ਅੱਤ ਦੀ ਠੰਢ ਕਾਰਨ ਕਮਰਿਆਂ ਵਿਚ ਕਾਂਬਾ ਛਿੜ ਰਿਹਾ ਸੀ।ਸਟਾਕਰ ਦੇ ਮਕਾਨ ਦੇ ਪਿਛਵਾੜੇ ਸੂਰਜ ਦੀ ਟਿੱਕੀ ਚਮਕ ਪਈ। ਉਹ ਧੁੱਪ ਦਾ ਨਿੱਘ ਮਾਣਨ ਲਈ ਉੱਥੇ ਪਈ ਕੁਰਸੀ ਤੇ ਬੈਠ ਗਿਆ। ਕੋਸੀ-ਕੋਸੀ ਧੁੱਪ ਉਸਦੇ ਪਿੰਡੇ ਨੂੰ ਛੁਹਣ ਲੱਗੀ। ਉਹ ਇਸ ਨਿੱਘ ਨੂੰ ਕੁਝ ਚਿਰ ਹੋਰ ਮਾਣਨਾ ਚਾਹੁੰਦਾ ਸੀ । ਉਸ ਨੇ ਚਾਰ-ਚੁਫ਼ੇਰੇ ਨਿਗਾਹ ਮਾਰੀ ਅਤੇ ਗੰਦੇ ਹੋਏ ਫ਼ਰਸ਼ ਵੱਲ ਤੱਕ ਕੇ ਨੱਕ ਚੜ੍ਹਾਇਆ। ਉਸ ਨੇ ਸਾਹਮਣੇ ਟੇਬਲ ਤੇ ਪਿਆ ਰਸਾਲਾ ‘ਵੀਕਲੀ ਸਾਇੰਸ’ ਚੁੱਕ ਕੇ ਪੜ੍ਹਨਾ ਸ਼ੁਰੂ ਕੀਤਾ ਸੀ।
ਉਸਦੀ ਬਿੱਲੀ ਕਿਊਟਾ ਅਤੇ ਕੁੱਤਾ ਟਫ਼ੀ ਪੂਛ ਹਿਲਾਉਂਦੇ ਉਸਦੇ ਸਵਾਗਤ ਲਈ ਕਮਰੇ ਵਿਚੋਂ ਭੱਜ ਕੇ ਉਸ ਕੋਲ ਆਏ। ਉਹ ਧੁੱਪੇ ਕੌਫ਼ੀ ਪੀਣ ਲੱਗਾ ਤਾਂ ਦੋਵੇਂ ਉਸਦੇ ਸੱਜੇ -ਖੱਬੇ ਬੈਠ ਗਏ ਸਨ। ਕਿਊਟਾ ਮਿਆਊਂ-ਮਿਆਊਂ ਕਰ ਰਹੀ ਸੀ ਅਤੇ ਟਫ਼ੀ ਉਬਾਸੀਆਂ ਲੈਣ ਲੱਗਾ। ਇਹ ਦੋਵੇਂ ਘਰ ਦੇ ਪਾਲਤੂ ਜਾਨਵਰ ਸਨ। ਰਾਤ ਉਸਦੀ ਪਤਨੀ ਟਫ਼ੀ ਨੂੰ ਕੰਬਲ ਵਿਚ ਲੈ ਕੇ ਹੀ ਪਈ ਰਹੀ ਸੀ। ਟਫ਼ੀ ਹਮੇਸ਼ਾਂ ਹੀ ਉਸਦੇ ਅੰਗ ਸੰਗ ਰਹਿੰਦਾ ਸੀ। ਉਸਦੀ ਬੇਟੀ ਵੀ ਕਿਊਟਾ ਦਾ ਵਸਾਹ ਨਹੀਂ ਖਾਂਦੀ ਸੀ। ਕਿਊਟਾ ਦਾ ਵੀ ਉਸ ਨਾਲ ਖ਼ਾਸਾ ਮੋਹ ਸੀ।
ਅਚਾਨਕ ਕਿਊਟਾ ਨੇ ਸਟਾਕਰ ਕੋਲ ਆ ਕੇ ਮਿਆਊਂ ਕਹਿੰਦੇ ਉਸਦੇ ਪੈਰਾਂ ਤੇ ਆਪਣਾ ਪੰਜਾ ਰੱਖ ਦਿੱਤਾ। ਟਫ਼ੀ ਵੀ ਪੂਛ ਹਿਲਾਉਣ ਲੱਗਾ। ਡਾ ਰੋਮਨ ਦੋਵਾਂ ਦੇ ਸਿਰ ਤੇ ਹੱਥ ਫੇਰਨ ਲੱਗ ਪਿਆ ਸੀ। ਉਹ ਦੋਵੇਂ ਉਸਦੀਆਂ ਲੱਤਾਂ ਵਿਚ ਵੜੀ ਜਾ ਰਹੇ ਸਨ। ਉਹ ਰਸਾਲਾ ਵਿਚਾਲੇ ਛੱਡ ਉਨ੍ਹਾਂ ਨਾਲ ਲਾਡ ਲਡਾਉਣ ਲੱਗਾ। ਕਿਊਟਾ ਕੁਰਸੀ ਥੱਲੇ ਪੁੱਠੀ ਲੰਮੀ ਪੈ ਗਈ। ਉਹ ਲੱਤਾਂ ਉੱਪਰ ਚੁੱਕ ਕੇ ਕੁਰਸੀ ਦੇ ਹੇਠਾਂ ਪੌਂਚੇ ਮਾਰਨ ਲੱਗੀ। ਟਫ਼ੀ ਕੁਰਸੀ ਤੋਂ ਪਰ੍ਹਾਂ ਹੋ ਕੇ ਬਹਿ ਗਿਆ ਸੀ। ਉਸਨੇ ਕੌਫ਼ੀ ਖ਼ਤਮ ਕਰ ਕੇ ਕੱਪ ਟੇਬਲ „ਤੇ ਰੱਖਿਆ ਸੀ।ਉਹ ਖੋਜ ਖ਼ਬਰਾਂ ਪੜ੍ਹਨ ਵਿਚ ਮਗਨ ਹੋ ਗਿਆ ਸੀ।ਅਚਾਨਕ ਉਸ ਨੂੰ „ਚਪਲ਼- ਚਪਲ਼‟ਦੀ ਅਵਾਜ਼ ਸੁਣਾਈ ਦਿੱਤੀ। ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਟਫ਼ੀ ਮੂਹਰੇ ਦੁੱਧ ਦਾ ਛੰਨਾ ਭਰਿਆ ਪਿਆ ਸੀ। ਉਹ ਦੁੱਧ ਪੀ ਰਿਹਾ ਸੀ। ਉਸਦਾ ਮੂੰਹ ਲਿੱਬੜ ਗਿਆ ਸੀ। ਉਹ ਦੁੱਧ ਪੀ ਘੱਟ ਅਤੇ ਡੋਲ੍ਹ ਜ਼ਿਆਦਾ ਰਿਹਾ ਸੀ। ਉਸ ਦੀਆਂ ਮੋਹਰਲੀਆਂ ਲੱਤਾਂ ਵੀ ਭਿੱਜ ਗਈਆਂ ਸਨ। ਇਸੇ ਕਸ਼ਮਕਸ਼ ਵਿਚ ਉਸਨੇ ਥੋੜ੍ਹਾ ਦੁੱਧ ਫਰਸ਼ ‘ਤੇ ਵੀ ਡੋਲ੍ਹ ਦਿੱਤਾ ਸੀ। ਉਸ ਨੇ ਦੁੱਧ ਮੁਕਾ ਕੇ ਛੰਨਾ ਚੱਟ ਕੇ ਮੂਧਾ ਮਾਰ ਦਿੱਤਾ। ਫਿਰ ਫ਼ਰਸ਼ ਤੋਂ ਦੁੱਧ ਚੱਟਣਾ ਸ਼ੁਰੂ ਕਰ ਦਿੱਤਾ ਸੀ। ਦੁੱਧ ਦੇ ਨਿਸ਼ਾਨਾਂ ਨਾਲ ਫ਼ਰਸ਼ ਹੋਰ ਗੰਦਾ ਹੋ ਗਿਆ ਸੀ। ਡਾ ਸਟਾਕਰ ਨੂੰ ਇਹ ਤੱਕਦੇ ਹੀ ਕੌਫ਼ਤ ਆ ਗਈ। ਉਹ ਗੰਦ ਪਿਆ ਦੇਖ ਸੜ ਭੁੱਜ ਗਿਆ। ਉਸਨੂੰ ਆਪਣੀ ਪਤਨੀ ‘ਤੇ ਕਹਿਰਾਂ ਦਾ ਗੁੱਸਾ ਆਇਆ। ਉਸਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਉਹ ਕਦੋਂ ਬਾਹਰ ਆ ਕੇ ਟਫ਼ੀ ਅੱਗੇ ਦੁੱਧ ਦਾ ਛੰਨਾ ਰੱਖ ਗਈ ਸੀ। ਉਹ ਗੰਦੇ ਫ਼ਰਸ਼ ਵੱਲ ਦੇਖ ਕੇ ਵੱਧ-ਘੱਟ ਬੋਲ ਗਿਆ ਪਰ ਉਸਦੀ ਪਤਨੀ ਨੇ ਧੀਰਜ ਨਹੀਂ ਗੁਆਇਆ ਸੀ ਅਤੇ ਨਾ ਹੀ ਉਸ ਨਾਲ ਕੋਈ ਸਵਾਲ -ਜਵਾਬ ਕੀਤਾ ਸੀ। ਕਿਊਟਾ ਵੀ ਛੰਨੇ ਕੋਲ ਬੈਠੀ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੀ ਸੀ।
ਅਚਾਨਕ ਉਸਦਾ ਹੱਥ ਲੱਗਣ ਨਾਲ ਰਸਾਲਾ ਮੇਜ਼ ਤੋਂ ਡਿਗ ਪਿਆ। ਉਸਨੇ ਝੁਕ ਕੇ ਰਸਾਲਾ ਚੁੱਕ ਕੇ ਮੁੜ ਪੜ੍ਹਨਾ ਸ਼ੁਰੂ ਕਰ ਦਿੱਤਾ।ਉਸ ਨੇ ਖੋਜ ਖ਼ਬਰਾਂ ਪੜ੍ਹਦੇ –ਪੜ੍ਹਦੇ, ਆਪਣਾ ਮੂੰਹ ਉੱਪਰ ਨੂੰ ਕੀਤਾ। ਕਿਊਟਾ ਮੂਹਰੇ ਦੁੱਧ ਵਾਲੀ ਬਾਟੀ ਪਈ ਸੀ। ਉਹ ਦੁੱਧ ਪੀਣ ਵਿਚ ਮਗਨ ਸੀ। “ਪਰਾਂ ਹੱਟ !” ਉਸ ਨੇ ਏਨੀ ਉੱਚੀ ਅਤੇ ਗੁੱਸੇ ਨਾਲ ਕਿਹਾ ਕਿ ਉਸਦੀ ਬੇਟੀ ਭੱਜ ਕੇ ਬਾਹਰ ਆ ਗਈ ਸੀ। ਉਸਨੇ ਕਿਊਟਾ ਅੱਗਿਓਂ ਬਾਟੀ ਚੁੱਕਣੀ ਚਾਹੀ ਪਰ ਉਹ ਆਪਣਾ ਮੂੰਹ ਬਾਹਰ ਨਹੀਂ ਕੱਢ ਰਹੀ ਸੀ। ਸਟਾਕਰ ਇਹ ਦੇਖ ਕੇ ਦੰਗ ਰਹਿ ਗਿਆ ਸੀ ਕਿ ਬਾਟੀ ਦੇ ਬਾਹਰ ਦੁੱਧ ਦਾ ਇਕ ਵੀ ਤੁਪਕਾ ਨਹੀਂ ਡੁੱਲ੍ਹਿਆ ਅਤੇ ਨਾ ਹੀ ਉਸਦੇ ਮੂੰਹ ਦੁਆਲੇ ਦੁੱਧ ਦਾ ਕੋਈ ਨਿਸ਼ਾਨ ਸੀ। ਇੱਥੋਂ ਤੱਕ ਕਿ ਉਸਦੀਆਂ ਮੁੱਛਾਂ ਵੀ ਗਿੱਲੀਆਂ ਨਹੀਂ ਹੋਈਆਂ ਸਨ। ਉਹ ਸੋਚ ਰਿਹਾ ਸੀ ਕਿ ਸ਼ਾਇਦ ਉਸ ਨੂੰ ਕਿਊਟਾ ਦੇ ਦੁੱਧ ਪੀਣ ਬਾਰੇ ਭੋਰਾ ਵੀ ਇਲਮ ਨਾ ਹੁੰਦਾ, ਜੇ ਕਰ ਉਹ ਲੇਖ ਪੜ੍ਹਨ ਉਪਰੰਤ ਬਿੱਲੀ ਦੀ ਭਾਲ਼ ਨਾ ਕਰਦਾ।
ਉਹ ਫਿਰ ਸੋਚਣ ਲੱਗਾ ਕਿ ਇਹ ਕੀ ਹੋਇਆ ? ਟਫ਼ੀ ਨੇ ਦੁੱਧ ਪੀਂਦੇ ਇੰਨਾ ਗੰਦ ਪਾ ਦਿੱਤਾ ਅਤੇ ਕਿਊਟਾ ਦੇ ਦੁੱਧ ਪੀਣ ਬਾਰੇ ਅਨੁਮਾਨ ਲਾਉਣਾ ਵੀ ਔਖਾ ਸੀ। ਉਸਦੀ ਬੇਟੀ ਨੇ ਉਸਦੇ ਕਹਿਣ ਤੇ ਹੋਰ ਦੁੱਧ ਲਿਆ ਕੇ ਛੰਨੇ ਅਤੇ ਬਾਟੀ ਵਿਚ ਪਾਇਆ। ਟਫ਼ੀ „ਚੱਪ- ਚੱਪ‟ ਕਰਕੇ ਦੁੱਧ ਪੀਣ ਲੱਗ ਪਿਆ ਅਤੇ ਕਿਊਟਾ ਚੁੱਪ-ਚਾਪ ਸਲੀਕੇ ਨਾਲ ਦੁੱਧ ਪੀਂਦੀ ਰਹੀ।
ਇਸ ਤੋਂ ਕੁਝ ਦਿਨ ਪਹਿਲਾਂ ਜਦੋਂ ਉਨ੍ਹਾਂ ਤੋਂ ਰਸੋਈ ਦਾ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਸੀ। ਘਰ ਵਿਚ ਕਿਊਟਾ ਅਤੇ ਟਫ਼ੀ ਹੀ ਸਨ, ਹੋਰ ਸਭ ਮੈਂਬਰ ਬਾਹਰ ਗਏ ਹੋਏ ਸਨ। ਉਸ ਦਿਨ ਸ਼ਾਮੀਂ ਘਰ ਆਏ ਤਾਂ ਦੁੱਧ ਦਾ ਪਤੀਲਾ ਖਾਲੀ ਪਿਆ ਸੀ। ਟਫ਼ੀ ਦਾ ਮੂੰਹ ਦੁੱਧ ਨਾਲ ਲਿਬੜਿਆ ਹੋਣ ਕਰਕੇ ਹਰ ਇਕ ਦੀ ਸ਼ੱਕ ਦੀ ਸੂਈ ਉਸ ਉੱਪਰ ਹੀ ਜਾ ਟਿਕੀ ਸੀ। ਕਿਊਟਾ ਬੜੀ ਸਿਆਣੀ ਤੇ ਬੀਬੀ ਰਾਣੀ ਬਣ ਕੇ ਬੈਠੀ ਸੀ ਪਰ ਹੁਣ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ਼ ਦਿਸ ਰਿਹਾ ਸੀ। ਸਟਾਕਰ ਆਪ ਮੁਹਾਰੇ ਬੋਲ ਰਿਹਾ ਸੀ, “ਤਾਂ ਦੁੱਧ ਕਿਊਟਾ ਨੇ ਹੀ ਪੀਤਾ ਹੋਵੇਗਾ? ਹੂੰ! ਇਹ ਚਲਾਕ ਤੇ ਚਾਲਬਾਜ਼ ਜਾਨਵਰ ਹੈ। ਉਸ ਥੋੜ੍ਹਾ ਦੁੱਧ ਪਤੀਲੇ ਵਿਚ ਛੱਡ ਦਿੱਤਾ ਹੋਵੇਗਾ। ਇਹ ਟਫ਼ੀ ਅਖੇ ਬਦ ਨਾਲੋਂ ਬਦਨਾਮ ਬੁਰਾ। ਇਸ ਨੇ ਇੰਨੇ ਥੋੜ੍ਹੇ ਜਿਹੇ ਦੁੱਧ ਨਾਲ ਹੀ ਆਪਣਾ ਮੂੰਹ ਲਿਬੇੜ ਕੇ ਚੋਰੀ ਦਾ ਇਲਜ਼ਾਮ ਲਗਾ ਲਿਆ ਹੋਵੇਗਾ। ਬਿੱਲੀ ਮਾਸੀ ਕਿਊਟਾ ਦੀਆਂ ਸਿਫਤਾਂ ਸਾਰੇ ਕਰਦੇ ਰਹੇ।”
ਰੋਮਨ ਸਟਾਕਰ ਪਹਿਲੀ ਘਟਨਾ ਤੋਂ ਹੈਰਾਨ ਹੋਇਆ ਪਿਆ ਸੀ। ਉਹ ਧੁੱਪ ਵਿਚ ਨਾਸ਼ਤਾ ਕਰਨ ਦੀ ਬਜਾਏ ਅੰਦਰ ਚਲਾ ਗਿਆ।ਉਸ ਦੇ ਦਿਲੋ-ਦਿਮਾਗ਼ ਤੇ ਕਿਊਟਾ ਦੀ ਸਫ਼ਾਈ ਛਾਈ ਹੋਈ ਸੀ। ਉਹ ਅਤੇ ਉਸਦੀ ਪਤਨੀ ਪਰੌਂਠਿਆਂ ਨਾਲ ਚਾਹ ਅਤੇ ਉਸਦੀ ਬੇਟੀ ਪਾਣੀ ਪੀ ਰਹੀ ਸੀ। ਉਸਨੇ ਬੇਟੀ ਨੂੰ ਪਾਣੀ ਅਤੇ ਪਤਨੀ ਨੂੰ ਚਾਹ ਪੀਂਦਿਆਂ ਨੋਟ ਕੀਤਾ ਸੀ। ਉਹ ਉਸੇ ਵੇਲੇ ਆਪਣੇ ਘਰ ਤੋਂ ਪੰਜ ਮੀਲ ਦੂਰ ਘੋੜਿਆਂ ਦੇ ਤਬੇਲੇ, ਭੇਡਾਂ ਅਤੇ ਸੂਰਾਂ ਦੇ ਵਾੜਿਆਂ ਵਿਚ ਗਿਆ ਸੀ। ਉਸ ਨੇ ਉੱਥੇ ਹੀ ਜਾਨਵਰਾਂ ਨੂੰ ਪਾਣੀ ਪੀਂਦੇ ਦੇਖਿਆ ਸੀ। ਉਸ ਪ੍ਰਯੋਗਸ਼ਾਲਾ ਵਿਚ ਪੁੱਜ ਕੇ ਆਪਣੀ ਡਾਇਰੀ ਵਿਚ ਲਿਖਿਆ ਸੀ;
ਜਦੋਂ ਮਨੁੱਖ ਕੋਈ ਤਰਲ ਪੀਂਦਾ ਹੈ। ਉਹ ਆਪਣਾ ਸਿਰ ਠੋਡੀ ਵੱਲ ਥੋੜ੍ਹਾ ਜਿਹਾ ਉੱਚਾ ਕਰ ਲੈਂਦਾ ਹੈ। ਉਹ ਭਾਂਡੇ ਨੂੰ ਮੂੰਹ ਇਸ ਤਰ੍ਹਾਂ ਲਗਾਉਂਦਾ ਹੈ ਕਿ ਤਰਲ ਬੜੀ ਸੌਖ ਨਾਲ ਉਨ੍ਹਾਂ ਦੇ ਅੰਦਰ ਚਲਾ ਜਾਂਦਾ ਹੈ। ਇਹ ਮਨੁੱਖ ਦੀਆਂ ਗੱਲ੍ਹਾਂ “ਸੰਪੂਰਨ ਗੱਲ੍ਹਾਂ‟(complete cheeks) ਹੋਣ ਕਰਕੇ ਸੰਭਵ ਹੁੰਦਾ ਹੈ। ਇਨ੍ਹਾਂ ਦੇ ਦੰਦ ਬਾਹਰੋਂ ਦੇਖਣ ਵਾਲੇ ਨੂੰ ਦਿਖਾਈ ਨਹੀਂ ਦਿੰਦੇ। ਇਸ ਸ਼੍ਰੇਣੀ ਵਿਚ ਭੇਡਾਂ, ਘੋੜੇ ਅਤੇ ਸੂਰ ਆਉਂਦੇ ਹਨ।
ਮਾਸਾਹਾਰੀ ਜੀਵਾਂ ਕੁੱਤਿਆਂ ਅਤੇ ਬਿੱਲੀਆਂ ਦੀਆਂ ਗੱਲ੍ਹਾਂ ਅਧੂਰੀਆਂ ਹੁੰਦੀਆਂ ਹਨ। ਇਨ੍ਹਾਂ ਦੇ ਸਾਰੇ ਦੰਦ ਬਾਹਰੋਂ ਸਪੱਸ਼ਟ ਦੇਖ ਸਕਦੇ ਹਾਂ। ਉਹ ਮੂੰਹ ਨੂੰ ਚੌੜਾ ਤਾਂ ਕਰ ਸਕਦੇ ਹਨ ਪਰ ਆਪਣੀਆਂ ਗੱਲ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਨਾ ਕਰ ਸਕਣ ਕਾਰਨ ਇਨ੍ਹਾਂ ਦੇ ਮੂੰਹ ਵਿਚ ਖ਼ਾਲੀ ਸਥਾਨ ਬਣ ਜਾਂਦਾ ਹੈ। ਇਸ ਕਰਕੇ ਉਹ ਤਰਲ ਨੂੰ ਪੀਣ ਦੀ ਬਜਾਏ “ਚੱਪ- ਚੱਪ‟ ਕਰਕੇ ਪੀਂਦੇ ਹਨ ।
ਕਿਊਟਾ ਨੇ ਉਸਦੇ ਪੈਰ ਤੇ ਪੰਜਾ ਮਾਰ ਕੇ ਉਸਦੀ ਬਿਰਤੀ ਉਖਾੜ ਦਿੱਤੀ। ਉਹ ਉਸਦੇ ਪੈਰਾਂ ਵਿਚ ਮਚਲ ਰਹੀ ਸੀ। ਉਹ ਵੀ ਉਸ ਦੇ ਕੋਲ ਬੈਠ ਗਿਆ। ਉਸਨੇ ਕਿਊਟਾ ਦੇ ਮੂੰਹ ਤੇ ਹੱਥ ਫੇਰਿਆ। ਆਪਣੇ ਪ੍ਰਯੋਗ ਨੂੰ ਪਰਖਣ ਲਈ ਉਸ ਨੇ ਕਿਊਟਾ ਅਤੇ ਟਫ਼ੀ ਨੂੰ ਪ੍ਰਯੋਗਸ਼ਾਲਾ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਉਸ ਨੇ ਤੇਜ਼ ਰਫ਼ਤਾਰ ਨਾਲ ਫ਼ੋਟੋ ਖਿੱਚਣ ਵਾਲ ਕੈਮਰਾ ਖਰੀਦਿਆ। ਉਹ ਟਫ਼ੀ ਮੂਹਰੇ ਦੁੱਧ ਦੀ ਪਲੇਟ ਰੱਖ ਦਿੰਦਾ। ਉਸਦੇ ਵਿਗਿਆਨੀ ਸਾਥੀ ਕੈਮਰੇ ਦਾ ਬਟਨ ਔਨ ਕਰ ਦਿੰਦੇ ਸਨ। ਉਨ੍ਹਾਂ ਨੇ ਤਸਵੀਰਾਂ ਵਿਚ ਦੇਖਿਆ ਕਿ ਟਫ਼ੀ ਦੁੱਧ ਪੀਣ ਵੇਲੇ ਆਪਣੀ ਜੀਭ ਬਾਹਰ ਕੱਢ ਲੈਂਦਾ ਸੀ ਅਤੇ ਉਸ ਨੂੰ ਕੱਪ ਦੇ ਅਕਾਰ ਵਿਚ ਢਾਲ਼ ਲੈਂਦਾ ਸੀ। ਉਸਦੀ ਪੂਰੀ ਤਰ੍ਹਾਂ ਬਾਹਰ ਨਿੱਕਲੀ ਜੀਭ ਅੰਗ਼ਰੇਜ਼ੀ ਦੇ ਅੱਖਰ ‘ ਜੇ’ ਅਕਾਰ ਦੇ ਚਮਚੇ ਵਰਗੀ ਦਿਖਾਈ ਦਿੰਦੀ ਸੀ। ਜਦੋਂ ਕੁੱਤੇ ਦੀ ਜੀਭ ਦੁੱਧ (ਤਰਲ) ਤੱਕ ਪਹੁੰਚਦੀ ਤਾਂ ਕੱਪ ਪੂਰੀ ਤਰ੍ਹਾਂ ਨਾਲ ਤਰਲ ਨਾਲ ਭਰ ਜਾਂਦਾ ਸੀ। ਉਹ ਜੀਭ ਨੂੰ ਚਮਚੇ ਦਾ ਰੂਪ ਅਤੇ ਅਕਾਰ ਬਣਾ ਕੇ ਤਰਲ ਨੂੰ ਆਪਣੇ ਅੰਦਰ ਵੱਲ ਖਿੱਚਦਾ ਸੀ। ਇਸ ਸਾਰੀ ਪ੍ਰਕਿਰਿਆ ਵਿਚ ਕੁੱਝ ਦੁੱਧ ਉਸਦੇ ਅੰਦਰ ਜਾਂਦਾ ਸੀ, ਬਾਕੀ ਭਾਂਡੇ ਦੇ ਆਲੇ- ਦੁਆਲੇ ਖਿੱਲਰ ਜਾਂਦਾ ਸੀ। ਇਸਦੇ ਨਾਲ ਹੀ ਉਸਦੀਆਂ ਲੱਤਾਂ ਭਿੱਜਕੇ ਅਤੇ ਫ਼ਰਸ਼ ਗੰਦਾ ਹੋਇਆ ਸੀ।
ਕਿਊਟਾ ਮਿਆਊਂ –ਮਿਆਊਂ ਕਰਕੇ ਸਟਾਕਰ ਵੱਲ ਤੱਕ ਰਹੀ ਸੀ। ਸਟਾਕਰ ਉਸ ਨੂੰ ਪੁਚਕਾਰ ਕੇ ਚੁੱਪ ਕਰਵਾਉਂਦਾ। ਕਿਵੇਂ ਕਿਊਟਾ ਵਲੋਂ ਬਹੁਤ ਘੱਟ ਅਵਾਜ਼ ਕੀਤਿਆਂ ਬਿਨਾਂ ਲਿੱਬੜੇ ਅਤੇ ਬਿਨਾਂ ਖਿਲਾਰੇ ਦੁੱਧ ਪੀਣ ਦੇ ਨਿਰਾਲੇ ਢੰਗ ਤੋਂ ਪ੍ਰਭਾਵਿਤ ਹੋ ਕੇ ਉਸਦੇ ਵਿਗਿਆਨੀ ਸਾਥੀਆਂ ਨੇ ਬਿਨਾਂ ਕੋਈ ਅਵਾਜ਼ ਕੀਤੇ ਕਿਊਟਾ ‘ਤੇ ਤਜ਼ਰਬੇ ਕਰਨੇ ਸ਼ੁਰੂ ਕੀਤੇ। ਉਹ ਇਸ ਬੁਝਾਰਤ ਨੂੰ ਬੁੱਝਣ ਲਈ ਕਾਰਜਸ਼ੀਲ ਹੋ ਗਏ ਸਨ। ਉਹ ਕਿਊਟਾ ਅੱਗੇ ਪਲੇਟ ਵਿਚ ਪਾ ਕੇ ਦੁੱਧ ਰੱਖਦਾ ਸੀ। ਉਸਦੇ ਵਿਗਿਆਨੀ ਸਾਥੀ ਕਿਊਟਾ ਵੱਲ ਕੈਮਰਾ ਸੇਧ ਲੈਂਦੇ। ਇਹ ਕੋਈ ਆਮ ਕੈਮਰਾ ਨਹੀਂ ਸੀ। ਇਹ ਇਕ ਸੈਕਿੰਡ ਵਿਚ ਹਜ਼ਾਰ ਫ਼ੋਟੋ ਖਿੱਚਣ ਵਾਲਾ ਵੀਡੀਓ ਕੈਮਰਾ ਸੀ। ਉਹ ਦੁੱਧ ਪੀਂਦੀ ਕਿਊਟਾ ਨੂੰ ਉਨਾ ਚਿਰ ਰਿਕਾਰਡ ਕਰਦੇ ਰਹੇ,ਜਦੋਂ ਤੱਕ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਗਏ। ਉਨ੍ਹਾਂ ਨੇ ਰਿਕਾਰਡ ਕੀਤੀ ਫਿਲਮ ਨੂੰ ਬਹੁਤ ਹੀ ਹੌਲੀ ਗਤੀ ਵਿਚ ਰੀ ਪਲੇ ਕੀਤਾ। ਉਨ੍ਹਾਂ ਪੂਰੇ ਗਹੁ ਨਾਲ ਵਾਚਿਆ। ਕਿਊਟਾ ਨੇ ਦੁੱਧ ਪੀਂਦੇ ਵਕਤ ਅਪਣੀ ਜੀਭ ਨੂੰ ਅੰਗ਼ਰੇਜ਼ੀ ਦੇ ਅੱਖਰ ‘ਜੇ’ ਦੇ ਅਕਾਰ ਵਿਚ ਢਾਲਿਆ ਹੀ ਨਹੀਂ ਸਗੋਂ ਉਸਦੀ ਜੀਭ ਦਾ ਇਕ ਕਿਨਾਰਾ ਹੀ ਦੁੱਧ ਦੀ ਸਤ੍ਹਾ ਤੱਕ ਪਹੁੰਚਦਾ ਸੀ। ਉਹ ਜੀਭ ਥੱਲੇ ਤੱਕ ਲਿਜਾਣ ਦੀ ਬਜਾਏ ਸਿਰਫ਼ ਉੱਪਰਲੀ ਸਤ੍ਹਾ ਨੂੰ ਹੀ ਛੂੰਹਦੀ ਸੀ। ਜਦੋਂ ਤੱਕ ਉਹ ਆਪਣੀ ਜੀਭ ਨੂੰ ਵਾਪਸ ਨਾ ਖਿੱਚਦੀ, ਦੁੱਧ ਉਸਦੇ ਅੰਦਰ ਜਾਂਦਾ ਰਹਿੰਦਾ ਸੀ। ਉਸਦੀ ਗਤੀਸ਼ੀਲ ਜੀਭ ਅਤੇ ਤਰਲ ਸਤ੍ਹਾ ਵਿਚਕਾਰ ਦੁੱਧ ਦਾ ਇਕ ਸਤੰਬ ( ਬੁਲਬੁਲਾ ਨੁਮਾ ਖੰਭਾ) ਬਣ ਜਾਂਦਾ। ਬਿੱਲੀ ਆਪਣੇ ਜਬਾੜਿਆਂ ਨੂੰ ਢੁੱਕਵੇਂ ਸਮੇਂ ਤੇ ਇਸ ਤਰ੍ਹਾਂ ਬੰਦ ਕਰ ਲੈਂਦੀ ਕਿ ਦੁੱਧ ਖਿਲਰਨ ਦੀ ਬਜਾਏ ਸਿੱਧਾ ਉਸਦੇ ਮੂੰਹ ਵਿਚ ਜਾਂਦਾ ਸੀ। ਬਿੱਲੀ ਕੋਲ ਦੁੱਧ ਨੂੰ ਚੁੱਕਣ ਦਾ ਅਸਲੀ ਔਜਾਰ ਉਸ ਦੀ ਜੀਭ ਹੀ ਸੀ। ਜਦੋਂ ਲਮਕੀ ਹੋਈ ਜੀਭ ਤਰਲ ਦੀ ਸਤ੍ਹਾ ਨੂੰ ਛੂੰਹਦੀ ਤਾਂ ਸਤ੍ਹਾ ਤਣਾਓ ਦੇ ਕਾਰਨ ਦੁੱਧ ਖੁਰਦਰੀ ਅਤੇ ਮੋਟੀ ਜੀਭ ਨਾਲ ਚਿਪਕ ਜਾਂਦਾ ਸੀ।
“ਜਦੋਂ ਬੱਸ ਚੱਲ ਰਹੀ ਹੁੰਦੀ ਏ ਉਹ ਤੇ ਸਵਾਰੀਆਂ ਗਤੀ ਵਿਚ ਹੁੰਦੀਆਂ ਹਨ। ਅਚਾਨਕ ਬੱਸ ਦੇ ਰੁਕਣ ‘ਤੇ ਬੱਸ ਅਤੇ ਸਵਾਰੀਆਂ ਦੇ ਸਰੀਰ ਦਾ ਹੇਠਲਾ ਹਿੱਸਾ ਵਿਰਾਮ ਅਵਸਥਾ ਵਿਚ ਆ ਜਾਂਦੇ ਹਨ ਪਰ ਸਵਾਰੀਆਂ ਦੇ ਸਰੀਰ ਦਾ ਉੱਪਰਲਾ ਹਿੱਸਾ ਗਤੀ ਵਿਚ ਹੋਣ ਕਾਰਨ ਹੀ ਉਹ ਅੱਗੇ ਵੱਲ ਡਿੱਗਦੀਆਂ ਹਨ। ਅਜਿਹਾ ਗਤੀ ਦੀ ਜੜ੍ਹਤਾ ਦੇ ਕਾਰਨ ਵਾਪਰਦਾ ਹੈ। ਬਿੱਲੀ ਦੀ ਜੀਭ ਦਾ ਦੁੱਧ ਅੰਦਰ ਵੱਲ ਖਿੱਚਣਾ ਇਸੇ ਜੜ੍ਹਤਾ ਦੇ ਕਾਰਨ ਹੀ ਹੈ।” ਸਟਾਕਰ ਨੇ ਬਿੱਲੀ ਵਲੋਂ ਦੁੱਧ ਪੀਣ ਦੀ ਘਟਨਾ ‘ਤੇ ਜੜ੍ਹਤਾ ਦਾ ਸਿਧਾਂਤ ਲਾਗੂ ਕਰ ਦਿੱਤਾ ਸੀ।
“ਡਾਕਟਰ ਸਟਾਕਰ, ਭਲਾ ਇਹ ਜੜ੍ਹਤਾ ਦਾ ਸਿਧਾਂਤ ਜੀਭ ਦੁਆਰਾ ਦੁੱਧ ਪੀਣ ਉੱਤੇ ਕਿਵੇਂ ਲਾਗੂ ਹੋਇਆ?” ਇਕ ਵਿਗਿਆਨੀ ਨੂੰ ਇਹ ਘਟਨਾ ਜੜ੍ਹਤਾ ਦੇ ਸਿਧਾਂਤ ਨਾਲ ਜੋੜਨੀ ਉੱਕਾ ਹੀ ਗ਼ਲਤ ਲੱਗੀ। ” ਜਦੋਂ ਬਿੱਲੀ ਜੀਭ ਨੂੰ ਆਪਣੇ ਮੂੰਹ ਵਿਚ ਤੇਜ਼ੀ ਨਾਲ ਵਾਪਸ ਲਿਜਾਂਦੀ ਏ ਤਾਂ ਉਸਦੀ ਜੀਭ ਨਾਲ ਲੱਗਿਆ ਦੁੱਧ ਜੜ੍ਹਤਾ ਦੇ ਕਾਰਨ ਖਿੱਚਿਆ ਜਾਂਦਾ ਏ। ਹਾਲਾਂਕਿ ਜੀਭ ਉੱਪਰ ਵੱਲ ਨੂੰ ਖਿੱਚੀ ਜਾਂਦੀ ਏ ਤਾਂ ਜੜ੍ਹਤਾ ਦੇ ਕਾਰਨ ਦੁੱਧ ਸਤੰਭ ਹੇਠਾਂ ਵੱਲ ਆਉਣਾ ਚਾਹੀਦਾ ਏ। ਇਕ ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਦੁੱਧ ਹੇਠਾਂ ਪਿਆਲੇ ਵਿਚ ਡਿੱਗਣ ਲਈ ਗੁਰੂਤਾ (Gravity) ਦੇ ਵਿਰੁੱਧ ਦੁੱਧ ਉੱਪਰ ਵੱਲ ਖਿੱਚਿਆ ਜਾਂਦਾ ਏ। ਇਸ ਤੋਂ ਪਹਿਲਾਂ ਕਿ ਗੁਰੂਤਾ ਦੁੱਧ ਨੂੰ ਵਾਪਸ ਹੇਠਾਂ ਸੁੱਟੇ, ਬਿੱਲੀ ਪੂਰੀ ਸਾਵਧਾਨੀ ਨਾਲ ਉਸ ਨੂੰ ਆਪਣੇ ਅੰਦਰ ਖਿੱਚ ਕੇ ਲੈ ਜਾਂਦੀ ਏ।” ਉਸਨੇ ਸਾਥੀ ਵਿਗਿਆਨੀਆਂ ਨੂੰ ਵਿਸਥਾਰ ਨਾਲ ਸਮਝਾਇਆ ਸੀ।
ਉਸਦੇ ਸਾਥੀ ਵਿਗਿਆਨੀਆਂ ਦੀ ਉਸਦੀ ਪੁਸ਼ਟੀ ਨਾਲ ਤਸੱਲੀ ਨਹੀਂ ਹੋਈ ਸੀ। ਉਹ ਅਜੇ ਵੀ ਸ਼ੰਕਾ ਦੇ ਘੇਰੇ ਵਿਚ ਸਨ। ਉਸਨੇ ਉਨ੍ਹਾਂ ਨੂੰ ਦੁਬਿਧਾ ਵਿਚੋਂ ਕੱਢਣ ਲਈ ਇਕ ਪ੍ਰਯੋਗ ਕਰਕੇ ਦਿਖਾਇਆ। ਉਸਨੇ ਦੁੱਧ ਦਾ ਭਰਿਆ ਪਿਆਲਾ ਮੇਜ਼ ਤੇ ਰੱਖਿਆ। ਉਸਨੇ ਸਾਥੀ ਵਿਗਿਆਨੀ ਨੂੰ ਪਹਿਲੀ ਉਂਗਲੀ ਡੋਬਣ ਅਤੇ ਧਿਆਨ ਨਾਲ ਦੇਖਣ ਲਈ ਕਿਹਾ ਪਰ ਸਾਥੀ ਵਿਗਿਆਨੀ ਨੂੰ ਇਸ ਪ੍ਰਕਿਰਿਆ ਵਿਚ ਕੁਝ ਵੀ ਦਿਖਾਈ ਨਹੀਂ ਦਿੱਤਾ ਸੀ। ਇਸ ਪ੍ਰਕਿਰਿਆ ਨੂੰ ਤਿੰਨ-ਚਾਰ ਵਾਰੀ ਦੁਹਰਾਉਣ ਤੋਂ ਬਾਅਦ ਚੌਥੀ ਵਾਰੀ ਉਸਨੂੰ ਸਮਝ ਆ ਗਈ। ਉਸਨੇ ਉਂਗਲੀ ਨੂੰ ਦੁੱਧ ਵਿਚ ਡੋਬ ਕੇ ਅਚਾਨਕ ਬਾਹਰ ਵੱਲ ਖਿੱਚਿਆ । ਉਸਦੀ ਉਂਗਲੀ ਦੇ ਸਿਰੇ ਅਤੇ ਦੁੱਧ ਦੇ ਪਿਆਲੇ ਦਰਮਿਆਨ ਤਰਲ-ਸਤੰਬ ਬਣ ਗਿਆ। ਉਨ੍ਹਾਂ ਨੂੰ ਤਰਲ ਸਤੰਬ ਉੱਪਰ ਨੂੰ ਉੱਠਦਾ ਦਿਖਾਈ ਦਿੱਤਾ। ਇਸ ਲਈ ਉਸਨੇ ਸਪੱਸ਼ਟ ਕੀਤਾ , “ਇਹ ਬਹੁਤ ਹੀ ਥੋੜ੍ਹੇ ਸਮੇਂ ਲਈ ਹੁੰਦਾ ਹੈ ਕਿ ਤੁਹਾਡੀ ਉਂਗਲੀ ਦੇ ਉੱਪਰ ਚੜ੍ਹਿਆ ਦੁੱਧ ਜੜ੍ਹਤਾ ਦੇ ਕਾਰਨ ਖਿੱਚਿਆ ਗਿਆ ਹੈ। ਬਿਲਕੁਲ ਇਸੇ ਤਰ੍ਹਾਂ ਬਿੱਲੀ ਆਪਣੀ ਜੀਭ ਨਾਲ ਦੁੱਧ ਨੂੰ ਖਿੱਚਦੀ ਹੈ।” ਇਸ ਤੋਂ ਬਾਅਦ ਸਟਾਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਸਿਧਾਂਤ ਨੂੰ ਹੋਰ ਪਰਖਣ ਲਈ ਬਿੱਲੀ ਦੀ ਜੀਭ ਦਾ ਰੋਬੋਟਿਕ ਮਾਡਲ ਬਣਾਇਆ। ਉਨ੍ਹਾਂ ਨੇ ਦੁੱਧ ਦੇ ਭਰੇ ਪਿਆਲੇ ਨੂੰ ਪ੍ਰਯੋਗਸ਼ਾਲਾ ਦੇ ਟੇਬਲ ਉੱਤੇ ਟਿਕਾਇਆ। “ਰੋਬੋਟਿਕ ਮਾਡਲ” ਜੀਭ ਨੂੰ ਦੁੱਧ ਦੀ ਸਤ੍ਹਾ ਨਾਲ ਛੁਹਾ ਕੇ ਉਸ ਦੀ ਕਿਰਿਆ ਪਰਖੀ ਗਈ। ਚਾਰੇ ਵਿਗਿਆਨੀਆਂ ਨੇ ਆਪਣੀ ਨਿਗਾਹ ਜੀਭ ਉੱਤੇ ਟਿਕਾਈ ਹੋਈ ਸੀ। ਇਸ ਪ੍ਰਯੋਗ ਰਾਹੀਂ ਤਰਲ ਪੀਣ ਦੇ ਵੱਖ-ਵੱਖ ਪਹਿਲੂਆਂ ਨੂੰ ਵਿਧੀ ਪੂਰਵਕ ਸਮਝਣ ਅਤੇ ਉਸ ਸਿਧਾਂਤ ਨੂੰ ਵਿਕਸਤ ਕਰਨ ਵਿਚ ਮਦਦ ਮਿਲੀ। ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਕਿ ਬਿੱਲੀ ਵਲੋਂ ਬਹੁਤ ਤੇਜ਼ੀ ਨਾਲ ਦੁੱਧ ਪੀਣ ਦੀ ਘਟਨਾ ਅਧਿਕ ਤਰਤੀਬ ਬੱਧ ਅਤੇ ਸੂਖ਼ਮ ਸੀ। ਬਿੱਲੀ ਵਲੋਂ ਆਪਣੀ ਜੀਭ ਨੂੰ ਅੱਗੇ ਵਧਾਉਣਾ ਅਤੇ ਉਸ ਨੂੰ ਆਪਣੇ ਮੂੰਹ ਵਿਚ ਵਾਪਸ ਤੇਜ਼ ਰਫ਼ਤਾਰ ਨਾਲ ਲਿਆਉਣਾ ਉਸਦੀ ਦੁੱਧ ਪੀਣ ਦੀ ਨਿਪੁੰਨਤਾ ਦੀ ਪੁਸ਼ਟੀ ਕਰਦਾ ਏ। ਬਿੱਲੀ ਦੀ ਜੀਭ ਪ੍ਰਤੀ ਸੈਕਿੰਡ ਇਕ ਮੀਟਰ ਦੀ ਗਤੀ ਨਾਲ ਗਤੀਸ਼ੀਲ ਹੁੰਦੀ ਏ ਅਤੇ ਉਹ ਪ੍ਰਤੀ ਸੈਕਿੰਡ ਛੇ ਵਾਰ ਦੀ ਤੀਬਰਤਾ ਨਾਲ ਚੱਟ ਸਕਦੀ ਏ। ਬਸ ਇਸ ਤੋਂ ਬਾਅਦ ਡਾ ਰੋਮਨ ਸਟਾਕਰ ਨੇ ਆਪਣੇ ਸਾਥੀਆਂ ਨੂੰ ਮੁਬਾਰਕਾਂ ਦਿੰਦੇ ਹੋਏ, ਇਸ ਖੋਜ ਬਾਰੇ ਆਪਣੇ ਨੋਟਸ ਲਿਖ ਦਿੱਤੇ ਸਨ।
ਉਸਦੇ ਦਿਲ ਵਿਚ ਇਕ ਖ਼ੁਸ਼ੀ ਦੀ ਲਹਿਰ ਉੱਠੀ। ਉਸਦੇ ਚਿਹਰੇ ਤੇ ਖੇੜਾ ਆ ਗਿਆ। ਉਹ ਝੂਮਦਾ ਹੋਇਆ ਘਰ ਪੁੱਜਾ। ਉਸਦੀ ਬੇਟੀ ਅਤੇ ਪਤਨੀ ਉਸ ਨੂੰ ਦੇਖ ਕੇ ਘਬਰਾ ਗਈਆਂ। ਉਸਨੇ ਦੋਵਾਂ ਨੂੰ ਕਲਾਵੇ ਵਿਚ ਲੈ, ਆਸੇ ਪਾਸੇ ਨਜ਼ਰ ਦੌੜਾਈ।ਕਿਊਟਾ ਤੇ ਟਫ਼ੀ ਨਜ਼ਰੀਂ ਨਹੀਂ ਆ ਰਹੇ ਸਨ। ਕਮਰੇ ਤੋਂ ਬਾਹਰ ‘ਚੱਪ-ਚੱਪ’ ਦੀ ਅਵਾਜ਼ ਸੁਣਾਈ ਦਿੱਤੀ। ਉਸਨੇ ਓਧਰ ਨੂੰ ਛੋਲ੍ਹਾ ਕਦਮ ਪੁੱਟਿਆ ਸੀ।
ਮਾਵਾਂ -ਧੀਆਂ ਦੋਵੇਂ ਡਰ ਗਈਆਂ। ਉਹ ਵੀ ਉਸ ਦੇ ਪਿੱਛੇ ਆ ਗਈਆਂ। ਕਿਊਟਾ ਅਰਾਮ ਨਾਲ ਬਾਟੀ ਵਿਚੋਂ ਦੁੱਧ ਪੀ ਰਹੀ ਸੀ। ਟਫ਼ੀ ਦਾ ਦੁੱਧ ਛੰਨੇ ਤੋਂ ਬਾਹਰ ਡੁੱਲਿਆ ਹੋਇਆ ਸੀ। ਉਸਦਾ ਮੂੰਹ ਵੀ ਲਿਬੜਿਆ ਹੋਇਆ ਸੀ। ਫ਼ਰਸ਼ ਉੱਤੇ ਦੁੱਧ ਦੇ ਥਾਂ-ਥਾਂ ਨਿਸ਼ਾਨ ਲੱਗੇ ਹੋਏ ਸਨ। ਕਈ ਥਾਵਾਂ ਤੋਂ ਫ਼ਰਸ਼ ਬਹੁਤ ਗੰਦਾ ਹੋ ਗਿਆ ਸੀ। ਉਸਦੀ ਪਤਨੀ ਨੇ ਸਾਫ਼ ਕਰਨ ਲਈ ਪੋਚਾ ਚੁੱਕਿਆ।ਡਾ ਸਟਾਕਰ ਨੇ ਉਸਨੂੰ ਇਸ਼ਾਰੇ ਨਾਲ ਰੋਕ ਦਿੱਤਾ। ਟਫ਼ੀ ਨੇ ਫ਼ਰਸ਼ ਵੀ ਚੱਟ ਲਿਆ ਸੀ। ਸਟਾਕਰ ਨੇ ਦੋਵਾਂ ਨੂੰ ਬਹੁਤ ਪਿਆਰ ਕੀਤਾ। ਉਸਦੀ ਬੇਟੀ ਅਤੇ ਪਤਨੀ ਇਹ ਦ੍ਰਿਸ਼ ਦੇਖ ਕੇ ਖ਼ੁਸ਼ ਹੋ ਗਈਆਂ। ਸਟਾਕਰ ਨੇ ਦੋਵਾਂ ਦੇ ਮੂੰਹ ਚੱਟਣੇ ਸ਼ੁਰੂ ਕਰ ਦਿੱਤੇ।
ਕਿਊਟਾ ਨੇ ਮਿਆਊਂ ਕਿਹਾ। ਉਹ ਮੁਸਕਰਾਉਂਦਾ ਹੋਇਆ ਕਿਊਟਾ ਲਈ ਦੁੱਧ ਦੀ ਬਾਟੀ ਲੈਣ ਰਸੋਈ ਵੱਲ ਤੁਰ ਪਿਆ ਸੀ।
ਪੋਸਟ ਸਕਰਿਪਟ: ਆਸਟ੍ਰੇਲੀਆ ਜਨ ਜਾਤੀ ਵਿਚ ਤਾਰੇ ਨੂੰ ਕਿਊਟਾ ਆਖਦੇ ਹਨ।
ਜੜ੍ਹਤਾ ਦਾ ਸਿਧਾਂਤ (Law of inertia): ਹਰ ਇਕ ਵਸਤੂ ਆਪਣੀ ਗਤੀ ਦੀ ਅਵਸਥਾ ਵਿਚ ਪਰਿਵਰਤਨ ਦਾ ਵਿਰੋਧ ਕਰਦੀ ਹੈ। ਜੇ ਕਰ ਇਹ ਵਿਰਾਮ ਅਵਸਥਾ ਵਿਚ ਹੈ ਤਾਂ ਵਿਰਾਮ ਅਵਸਥਾ ਵਿਚ ਹੀ ਰਹਿਣ ਦੀ ਕੋਸ਼ਿਸ਼ ਕਰੇਗੀ। ਜੇ ਕਰ ਇਹ ਚੱਲ ਰਹੀ ਹੈ ਤਾਂ ਇਹ ਚੱਲਣ ਦੀ ਕੋਸ਼ਿਸ਼ ਕਰੇਗੀ। ਵਸਤੂ ਆਪਣੀ ਮੂਲ ਅਵਸਥਾ ਨੂੰ ਬਣਾਈ ਰੱਖਣਾ ਚਾਹੁੰਦੀ ਹੈ। ਵਸਤੂ ਦਾ ਇਹ ਗੁਣ ਉਸਦੀ ਜੜ੍ਹਤਾ ਅਖਵਾਉਂਦਾ ਹੈ।
ਡਾ ਰੋਮਨ ਸਟਾਕਰ ਇੰਗਲੈਂਡ ਦਾ ਜੀਵ ਭੌਤਿਕ ਵਿਗਿਆਨੀ ਹੈ। ਉਸਨੇ ਸਿਵਲ ਇੰਜਨੀਅਰਿੰਗ ਵਿਚ ਯੂਨੀਵਰਸਿਟੀ ਆਫ਼ ਪਡੋਵਾ ਤੋਂ ਡਾਕਟਰੇਟ ਕੀਤੀ ਹੋਈ ਹੈ। ਉਹ ਕੈਂਬਰਿਜ ਵਿਚ ਸਿਵਲ ਅਤੇ ਇਨਵਾਇਰਨਮੈਂਟਲ ਇੰਜਨੀਅਰਿੰਗ ਦਾ ਐਸੋਸੀਏਟ ਪ੍ਰੋਫ਼ੈਸਰ ਹੈ।
ਉਸ ਕੋਲੋਂ ਇਹ ਖ਼ੋਜ ਅਚਾਨਕ ਹੋਈ ਹੈ। ਉਸਨੇ ਨਾਸ਼ਤਾ ਕਰਦੇ ਸਮੇਂ ਆਪਣੀ ਪਾਲਤੂ ਬਿੱਲੀ ਨੂੰ ਦੁੱਧ ਪਿਲਾਉਂਦੇ ਵਕਤ ਨੋਟ ਕੀਤਾ ਸੀ ਕਿ ਬਿੱਲੀ ਬਿਨ੍ਹਾਂ ਡੋਲ੍ਹੇ ਜਾਂ ਖਿਲਾਰੇ ਦੁੱਧ ਪੀ ਰਹੀ ਹੈ। ਇਹ ਵਾਚਣ ਤੋਂ ਬਆਦ ਹੀ ਉਸ ਨੇ ਇਸ ਘਟਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
-ਅਜਮੇਰ ਸਿੱਧੂ
Comment here