ਜਲੰਧਰ : ਗੱਲ ਕਰਦੇ ਹਾਂ 1992 ਦੀ ਉਸ ਵੇਲੇ ਜਦੋਂ’ ਪੰਜਾਬ ਵਿਧਾਨ ਸਭਾ ਚੋਣਾਂ ਕਈ ਮਾਮਲਿਆਂ ’ਚ ਵਿਲੱਖਣ ਸਨ। ਗਰਮ ਖ਼ਿਆਲ ਦੇ ਲੋਕਾਂ ਨੇ ਉਦੋਂ ਸੂਬਾਈ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਇਸੇ ਲਈ ਉਦੋਂ ਪਿੰਡਾਂ ਵਿਚ ਸਿਰਫ਼ 15.1ਵੋਟਾ ਪਈਆ ਸੀ ਤੇ ਨੀਮ ਦਿਹਾਤੀ ਇਲਾਕਿਆਂ ਵਿਚ 25.3 ਫੀਸਦੀ, ਨੀਮ ਸ਼ਹਿਰੀ ਹਲਕਿਆਂ ’ਚ 26.5 ਫ਼ੀਸਦੀ ਅਤੇ ਸ਼ਹਿਰੀ ਹਲਕਿਆਂ ’ਚ ਸਿਰਫ਼ 38.3 ਫ਼ੀ ਸਦੀ ਵੋਟਿੰਗ ਹੋਈ ਸੀ। ਉਦੋਂ ਕਾਂਗਰਸ ਦੀ 87 ਸੀਟਾਂ ਜਿੱਤ ਕੇ ਸਰਕਾਰ ਬਣੀ ਸੀ ਤੇ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਸਨ। 31 ਅਗਸਤ, 1995 ਨੂੰ ਚੰਡੀਗਡ਼੍ਹ ਵਿਚ ਜ਼ਬਰਦਸਤ ਬੰਬ ਧਮਾਕੇ ਵਿਚ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਭਾਵੇਂ ਵੱਡੀ ਗਿਣਤੀ ਵਿਚ ਸੁਰੱਖਿਆ ਜਵਾਨ ਹਰੇਕ ਹਲਕੇ ’ਚ ਤਾਇਨਾਤ ਕੀਤੇ ਗਏ ਸਨ ਤੇ ਸਰਕਾਰ ਵੱਲੋਂ ਵੋਟਰਾਂ ਲਈ ਹਰ ਪਾਸੇ ਸੰਗੀਨਾਂ ਦਾ ਪਰਛਾਵਾਂ ਮੁਹੱਈਆ ਕਰਵਾਇਆ ਗਿਆ ਸੀ ਪਰ ਪਿੰਡਾਂ ਦੇ ਲੋਕ ਬਾਈਕਾਟ ਦੇ ਸੱਦੇ ਦੇ ‘ਡਰ ਕਾਰਣ’ ਵੋਟਾਂ ਪਾਉਣ ਲਈ ਆਪਣੇ ਘਰਾਂ ਤੋਂ ਬਾਹਰ ਹੀ ਨਹੀਂ ਨਿਕਲੇ ਸਨ। ਉਂਝ ਮਈ 1987 ਤੋਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਲੱਗਾ ਹੋਇਆ ਸੀ। ਇਸੇ ਲਈ 1992 ਦੀਆਂ ਚੋਣਾਂ ਦੀ ਜਮਹੂਰੀ ਪ੍ਰਕਿਰਿਆ ਦਾ ਹਰ ਪਾਸੇ ਸੁਆਗਤ ਹੋ ਰਿਹਾ ਸੀ। ਉਨ੍ਹਾਂ ਚੋਣਾਂ ’ਚ ਅਕਾਲੀ ਦਲ ਦੇ ਸਿਰਫ਼ 3, ਭਾਰਤੀ ਜਨਤਾ ਪਾਰਟੀ ਦੇ 6, ਸੀਪੀਆਈ ਦੇ 4, ਬਸਪਾ ਦੇ 9, ਸੀਪੀਆਈ (ਐੱਮ) 1, ਇੰਡੀਅਨ ਪੀਪਲ’ਜ਼ ਫ਼ਰੰਟ ਨੂੰ ਦੇ 1, ਜਨਤਾ ਦਲ ਨੂੰ 1 ਸੀਟ ਮਿਲ ਸਕੀ ਸੀ ਤੇ 4 ਉਮੀਦਵਾਰ ਆਜ਼ਾਦ ਜਿੱਤੇ ਸਨ। ਉਸ ਵੇਲੇ ਪੰਜਾਬ ’ਚ ਸਭ ਤੋਂ ਘੱਟ ਵੋਟਾਂ ਜੋਗਾ ਹਲਕੇ ’ਚ ਪਈਆਂ ਸਨ। ਜਿੱਥੋਂ ‘ਇੰਡੀਅਨ ਪੀਪਲ’ਜ਼ ਫ਼ਰੰਟ’ ਦੇ ਉਮੀਦਵਾਰ ਸੁਰਜਣ ਸਿੰਘ ਜਿੱਤੇ ਸਨ। ਉਨ੍ਹਾਂ ਨੂੰ ਕੁਲ ਮਿਲਾ ਕੇ ਸਿਰਫ਼ 394 ਵੋਟਾਂ ਪਈਆਂ ਸਨ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਕਾਲੀ ਦਲ ਦੇ ਤੇਜਾ ਸਿੰਘ ਕੇਵਲ 289 ਵੋਟਾਂ ਮਿਲੀਆਂ ਸਨ। ਜਲੰਧਰ-ਉੱਤਰੀ ਹਲਕੇ ਤੋਂ ਕਾਂਗਰਸ ਦੇ ਅਵਤਾਰ ਹੈਨਰੀ ਨੇ 34,179 ਵੋਟਾਂ ਲੈ ਕੇ ਜਿੱਤਣ ਦਾ ਪੰਜਾਬ ਵਿਚ ਇਕ ਰਿਕਾਰਡ ਬਣਾਇਆ ਸੀ। 1992 ’ਚ ਕੈਪਟਨ ਅਮਰਿੰਦਰ ਸਿੰਘ ਸਮਾਣਾ ਹਲਕੇ ਤੋਂ ਬਿਨਾ ਮੁਕਾਬਲਾ ਜੇਤੂ ਰਹੇ ਸਨ ਪਰ ਦਿਲਚਸਪ ਤੱਥ ਇਹ ਵੀ ਹੈ ਕਿ 1998 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਦੋਂ ਉਨ੍ਹਾਂ ਨੂੰ ਪਟਿਆਲਾ ਹਲਕੇ ਤੋਂ ਕੇਵਲ 856 ਵੋਟਾਂ ਮਿਲੀਆਂ ਸਨ। ਉਨ੍ਹਾਂ ਨੂੰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 33,251 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। 1980ਵਿਆਂ ਦੇ ਅੰਤ ਤੇ 1990ਵਿਆਂ ਦੌਰਾਨ ਪੰਜਾਬ ਦੇ ਆਮ ਲੋਕਾਂ ਵਿਚ ਦਹਿਸ਼ਤ ਦਾ ਇਹ ਹਾਲ ਸੀ ਕਿ ਦੁਪਹਿਰੇ ਢਾਈ-ਤਿੰਨ ਵਜੇ ਹੀ ਸੜਕਾਂ ਤੇ ਸੰਨਾਟਾ ਛਾ ਜਾਂਦਾ ਸੀ। ਸ਼ਾਮੀਂ ਤਿੰਨ-ਚਾਰ ਵਜੇ ਤੋਂ ਬਾਅਦ ਕੋਈ ਬੱਸ ਵੀ ਨਹੀਂ ਸੀ ਚੱਲਦੀ। ਜੇ ਚੱਲਦੀ ਸੀ ਤਾਂ ਸਿਰਫ਼ ਸੁਰੱਖਿਆ ਦਸਤਿਆਂ ਦੀ ਹਿਫ਼ਾਜ਼ਤ ਨਾਲ ਹੀ ਅੱਗੇ ਵਧਦੀ ਸੀ। ਉਦੋਂ ਸੂਬੇ ਵਿਚ ਕਿਤੇ ਵੀ ਕਦੋਂ ਕੋਈ ਹਿੰਸਕ ਵਾਰਦਾਤ ਵਾਪਰ ਜਾਂਦੀ ਸੀ, ਤਾਂ ਸਾਰਾ ਪੰਜਾਬ ਜਿਵੇਂ ਕੰਬ ਉੱਠਦਾ ਸੀ। ਜਲੰਧਰ ਦੇ ਕਿਸੇ ਅਖ਼ਬਾਰ ਵਿਚ ਖ਼ਾਲਿਸਤਾਨੀ ਸੰਗਠਨ ਦੇ ਲੈਟਰ-ਹੈੱਡ ਉੱਤੇ ਜੇ ਕਿਤੇ ‘ਪੰਜਾਬ ਬੰਦ’ ਦਾ ਸੱਦਾ ਦੇ ਦਿੱਤਾ ਜਾਂਦਾ ਸੀ ਤਾਂ ਅਗਲੇ ਦਿਨ ਸਮੁੱਚੇ ਪੰਜਾਬ ਦੇ ਕਾਰੋਬਾਰ ਬੰਦ ਰੱਖੇ ਜਾਂਦੇ ਸਨ। ਬੱਸਾਂ ਤੇ ਰੇਲ-ਗੱਡੀਆਂ ਵਿੱਚੋਂ ਨਿਰਦੋਸ਼ ਸਵਾਰੀਆਂ ਨੂੰ ਲਾਹ ਕੇ ਗੋਲੀਆਂ ਨਾਲ ਭੁੰਨਣਾ ਆਮ ਗੱਲ ਹੋ ਗਈ ਸੀ। ਬੁਲੇਟ ਮੋਟਰ ਸਾਈਕਲਾਂ ਉੱਤੇ ਅਣਪਛਾਤੇ ਬੰਦੂਕਧਾਰੀ ਅਚਾਨਕ ਬਾਜ਼ਾਰ ਵਿਚ ਗੋਲੀਆਂ ਚਲਾਈਆਂ ਜਾਂਦੀਆਂ ਸਨ।
ਕਾਲੇ ਦੌਰ ਚ ਪਿੰਡਾਂ ਚ ਹੋਈ ਸੀ ਮਹਿਜ 15.1 ਫੀਸਦੀ ਵੋਟਿੰਗ!!

Comment here