ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਕਾਲੀ ਮਾਤਾ ਮੰਦਰ ਦੀ ਕੰਧ ’ਤੇ ਖ਼ਾਲਿਸਤਾਨੀ ਪੋਸਟਰ ਲਾਉਣ ਵਾਲੇ ਦੋ ਫੜੇ

ਪਟਿਆਲਾ : ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ’ਤੇ ਖਾਲਿਸਤਾਨੀ ਪੋਸਟਰ ਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਮੁਲਜ਼ਮ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਮੈਂਬਰਾਂ ਦੇ ਸੰਪਰਕ ਵਿਚ ਸੀ ਤੇ ਇਸ ਨੇ ਪ੍ਰੇਮ ਨੂੰ ਵੀ ਆਪਣੇ ਰਲਾ ਲਿਆ ਸੀ। ਇਹਨਾਂ ਦੋਹਾਂ ਨੇ ਹੋਰ ਥਾਂਈ ਵੀ ਖਾਲਿਸਤਾਨੀ ਪੋਸਟਰ ਲਗਾਉਣੇ ਸਨ। ਜ਼ਿਕਰਯੋਗ ਹੈ ਕਿ 14 ਅਤੇ 15 ਜੁਲਾਈ, 2022 ਦੀ ਦਰਮਿਆਨੀ ਰਾਤ ਨੂੰ ਸ੍ਰੀ ਕਾਲੀ ਮਾਤਾ ਮੰਦਰ ਦੀ ਪਿਛਲੀ ਕੰਧ ‘ਤੇ ‘ਖਾਲਿਸਤਾਨ ਰਿਫ਼ਰੈਂਡਮ’ ਨਾਲ ਸਬੰਧਤ ਦਾ ਇੱਕ ਪੋਸਟਰ ਲੱਗਿਆ ਦੇਖਿਆ ਗਿਆ ਸੀ।
ਗਿ੍ਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਪ੍ਰਿੰਸ ਵਾਸੀ ਪਿੰਡ ਸਲੇਮਪੁਰ ਸੇਖਾਂ ਸ਼ੰਭੂ , ਜੋ ਮੌਜੂਦਾ ਸਮੇਂ ਵਿੱਚ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਸੰਭੂ ਦੇ ਪਿੰਡ ਸਲੇਮਪੁਰ ਸੇਖਾਂ ਦੇ ਪ੍ਰੇਮ ਸਿੰਘ ਉਰਫ ਪ੍ਰੇਮ ਉਰਫ ਏਕਮ ਵਜੋਂ ਹੋਈ ਹੈ। ਪੁਲਿਸ ਨੇ ਖਾਲਿਸਤਾਨ ਰਿਫ਼ਰੈਂਡਮ ਨਾਲ ਸਬੰਧਤ ਦੇ 13 ਪੋਸਟਰ, ਅਪਰਾਧ ਨੂੰ ਅੰਜਾਮ ਦੇਣ ਲਈ ਵਰਤੇ ਗਏ ਦੋ ਮੋਬਾਈਲ ਫੋਨ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਆਈ.ਜੀ. ਪਟਿਆਲਾ ਐਮ.ਐਸ. ਚੀਨਾ ਅਤੇ ਐਸ.ਐਸ.ਪੀ. ਪਾਰੀਕ ਨੇ  ਕਿਹਾ ਕਿ ਡੂੰਘਾਈ ਨਾਲ ਕੀਤੀ ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੋਸਟਰ ਹਰਵਿੰਦਰ ਉਰਫ ਪਿ੍ਰੰਸ ਅਤੇ ਪ੍ਰੇਮ ਵੱਲੋਂ ਚਿਪਕਾਏ ਗਏ ਸਨ ਕਿਉਂਕਿ ਵਿਦੇਸ਼ ਵਿੱਚ ਬੈਠੇ ਕੁਝ ਦੇਸ਼ ਵਿਰੋਧੀ ਅਨਸਰਾਂ ਨੇ ਉਨਾਂ ਨੂੰ ਪੈਸਿਆਂ ਦੇ ਬਦਲੇ ਜਾਂ ਵਿਦੇਸ਼ ਵਿੱਚ ਵਸਣ ਦੀ ਪੇਸ਼ਕਸ਼ ਬਦਲੇ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਲਾਲਚ ਦਿੱਤਾ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਪਿ੍ਰੰਸ ਦੋ ਸਾਲਾਂ ਤੋਂ ਮਲੇਸ਼ੀਆ ਵਿੱਚ ਕੰਮ ਕਰਦਾ ਸੀ, ਜਿੱਥੇ ਉਹ ਕੁਝ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆਇਆ ਅਤੇ ਮਲੇਸ਼ੀਆ ਤੋਂ ਵਾਪਸ ਆਉਣ ਤੋਂ ਬਾਅਦ ਵੀ ਉਹ ਵਟਸਐਪ ਰਾਹੀਂ ਇਨਾਂ ਵਿਅਕਤੀਆਂ ਦੇ ਸੰਪਰਕ ਵਿੱਚ ਸੀ। ਉਹਨਾਂ ਦੱਸਿਆ ਕਿ ਇਹਨਾਂ ਵਿਦੇਸ਼ੀ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਹਰਵਿੰਦਰ ਸਿੰਘ ਉਰਫ ਪਿ੍ਰੰਸ ਨਾਲ ਸੰਪਰਕ ਕੀਤਾ ਅਤੇ ਉਸਨੂੰ ਇਹ ਪੋਸਟਰ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਚਿਪਕਾਉਣ ਲਈ ਕਿਹਾ। ਉਹਨਾਂ ਅੱਗੇ ਕਿਹਾ ਕਿ ਵਿਦੇਸ਼ੀ ਸੰਚਾਲਕਾਂ ਨੇ ਉਸ ਨੂੰ ਮਨੀ ਟਰਾਂਸਫਰ ਰਾਹੀਂ ਪੈਸੇ ਭੇਜੇ ਸਨ।
ਐਸ.ਐਸ.ਪੀ. ਪਾਰੀਕ ਨੇ ਦੱਸਿਆ ਕਿ ਪੋਸਟਰ ਪਹਿਲਾਂ ਤੋਂ ਨਿਰਧਾਰਤ ਸਥਾਨ ‘ਤੇ ਰੱਖੇ ਗਏ ਸਨ ਅਤੇ ਮੁਲਜ਼ਮ ਉਸ ਸਥਾਨ ਤੋਂ ਇਹ ਪੋਸਟਰ ਚੁੱਕ ਕੇ ਲੈ ਗਏ ਸਨ। ਉਹਨਾਂ ਦੱਸਿਆ ਕਿ ਪੋਸਟਰ ਅਤੇ ਪੈਸੇ ਮਿਲਣ ਉਪਰੰਤ, ਮੁਲਜਮਾਂ ਵੱਲੋਂ ਇਹ ਪੋਸਟਰ ਚਾਰ ਥਾਵਾਂ ਜਿਵੇਂ ਅੰਬਾਲਾ ਦੇ ਛਾਉਣੀ ਖੇਤਰ, ਆਰੀਅਨ ਕਾਲਜ ਰਾਜਪੁਰਾ, ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਅਤੇ ਸੀਤਲਾ ਮਾਤਾ ਮੰਦਿਰ, ਬਹਾਦਰਗੜ, ਪਟਿਆਲਾ ਨੇੜੇ ਟ੍ਰੈਫਿਕ ਸਾਈਨ ਬੋਰਡ ਉੱਤੇ ਚਿਪਕਾਏ ਗਏ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਮੁਲਜਮਾਂ ਨੇ ਰਾਜਪੁਰਾ ਦੇ ਇੱਕ ਅੰਡਰ ਬਿ੍ਰਜ ‘ਤੇ ਸਪਰੇਅ ਪੇਂਟ ਨਾਲ ਖਾਲਿਸਤਾਨ ਪੱਖੀ ਨਾਅਰੇ ਵੀ ਲਿਖੇ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮ ਲਗਾਤਾਰ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਸਨ, ਜੋ ਉਨਾਂ ਨੂੰ ਆਪਣੇ ਅਗਲੇ ਨਿਸ਼ਾਨੇ ਬਾਰੇ ਸੇਧ ਦੇ ਰਹੇ ਸਨ। ਉਨਾਂ ਕਿਹਾ ਕਿ ਦੋਸ਼ੀਆਂ ਨੇ ਇਹ ਪੋਸਟਰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮਾਂ ਵਾਲੀਆਂ ਥਾਵਾਂ ‘ਤੇ ਜਾਂ ਇਸ ਦੇ ਨੇੜੇ ਤੇ ਡੀਸੀ ਦਫਤਰ ਮੋਹਾਲੀ ਅਤੇ ਚੰਡੀਗੜ, ਕਸੌਲੀ ਅਤੇ ਸੋਲਨ ਦੀਆਂ ਕੁਝ ਹੋਰ ਸਰਕਾਰੀ ਇਮਾਰਤਾਂ ਸਮੇਤ ਹੋਰ ਪ੍ਰਮੁੱਖ ਥਾਵਾਂ ‘ਤੇ ਚਿਪਕਾਉਣ ਦੀ ਯੋਜਨਾ ਬਣਾਈ ਸੀ।

Comment here