ਸਿਆਸਤਖਬਰਾਂਮਨੋਰੰਜਨ

ਕਾਲਾ ਹਿਰਨ ਮਾਮਲਾ-ਹਾਈਕੋਰਟ ਵਲੋਂ ਸਲਮਾਨ ਦੀ ਟਰਾਂਸਫਰ ਪਟੀਸ਼ਨ ਮਨਜ਼ੂਰ

ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਹਿਰਨ ਸ਼ਿਕਾਰ ਮਾਮਲੇ ‘ਚ ਰਾਜਸਥਾਨ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਰਾਜਸਥਾਨ ਹਾਈ ਕੋਰਟ ਨੇ 21 ਮਾਰਚ ਨੂੰ ਸਲਮਾਨ ਦੀ ਟਰਾਂਸਫਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਸ ਨੂੰ ਸਵੀਕਾਰ ਕਰ ਲਿਆ ਹੈ। ਹਾਈਕੋਰਟ ਨੇ ਫੈਸਲਾ ਕੀਤਾ ਕਿ ਹੁਣ ਸਾਰੇ ਮਾਮਲਿਆਂ ਦੀ ਹਾਈਕੋਰਟ ‘ਚ ਇਕੱਠੇ ਸੁਣਵਾਈ ਹੋਵੇਗੀ, ਜਿਸ ਨਾਲ ਸਲਮਾਨ ਖਾਨ ਨੂੰ ਹੁਣ ਵਾਰ-ਵਾਰ ਅਦਾਲਤ ‘ਚ ਨਹੀਂ ਆਉਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਹਿਰਨ ਸ਼ਿਕਾਰ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਹਨ। ਇਸ ਤੋਂ ਪਹਿਲਾਂ ਸਲਮਾਨ ਖਾਨ ਦੇ ਵਕੀਲ ਨੇ ਹਿਰਨ ਸ਼ਿਕਾਰ ਮਾਮਲੇ ਨਾਲ ਜੁੜੀਆਂ ਸਾਰੀਆਂ ਅਪੀਲਾਂ ਨੂੰ ਹਾਈਕੋਰਟ ‘ਚ ਟਰਾਂਸਫਰ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਹਾਈਕੋਰਟ ‘ਚ ਲਗਾਤਾਰ ਸੁਣਵਾਈ ਚੱਲ ਰਹੀ ਸੀ। ਹਾਈ ਕੋਰਟ ਵਿੱਚ ਸਰਕਾਰੀ ਵਕੀਲ ਦੀ ਤਰਫ਼ੋਂ ਜਵਾਬ ਪੇਸ਼ ਕਰਨ ਲਈ ਅਦਾਲਤ ਤੋਂ ਸਮਾਂ ਮੰਗਿਆ ਗਿਆ ਸੀ, ਜਿਸ ਮਗਰੋਂ ਅਦਾਲਤ ਨੇ ਸੁਣਵਾਈ ਲਈ 21 ਮਾਰਚ ਦੀ ਤਰੀਕ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ‘ਚ ਲੰਬਿਤ ਸਲਮਾਨ ਨਾਲ ਜੁੜੀਆਂ ਅਪੀਲਾਂ ਨੂੰ ਹਾਈਕੋਰਟ ‘ਚ ਟਰਾਂਸਫਰ ਕਰਨ ਦੀ ਪਟੀਸ਼ਨ ‘ਤੇ ਹਾਈਕੋਰਟ ‘ਚ ਸੁਣਵਾਈ ਲਗਾਤਾਰ ਟਾਲ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਰਾਜਸਥਾਨ ’ਚ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਚੱਲ ਰਹੀ ਸੀ। ਉਸ ਸਮੇਂ ਸਲਮਾਨ ਖ਼ਾਨ ’ਤੇ ਚਾਰ ਵੱਖ-ਵੱਖ ਦੋਸ਼ ਲਗਾਏ ਗਏ ਸਨ। ਮਾਮਲੇ ’ਚ ਫ਼ਿਲਮ ਅਦਾਕਾਰਾ ਸੈਫ ਅਲੀ ਖ਼ਾਨ, ਅਦਾਕਾਰਾ ਨੀਲਮ, ਤੱਬੂ ਤੇ ਸੋਨਾਲੀ ਬੇਂਦਰੇ ਨੂੰ ਵੀ ਸਹਿ ਦੋਸ਼ੀ ਬਣਾਇਆ ਗਿਆ ਸੀ। ਮਾਮਲੇ ’ਚ ਕੁਲ ਸੱਤ ਦੋਸ਼ੀ ਬਣਾਏ ਗਏ ਸਨ, ਜਿਨ੍ਹਾਂ ’ਚੋਂ ਦੋ ਹੋਰ ਦੋਸ਼ੀ ਸਥਾਨਕ ਨਿਵਾਸੀ ਦੁਸ਼ਯੰਤ ਸਿੰਘ ਤੇ ਦਿਨੇਸ਼ ਗਾਬਰੇ ਹਨ। ਰਾਜਸਥਾਨ ਦੇ ਬਿਸ਼ਨੋਈ ਸਮਾਜ ਵਲੋਂ ਸਲਮਾਨ ਖ਼ਾਨ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ। ਸਲਮਾਨ ਖ਼ਿਲਾਫ਼ ਤਿੰਨ ਵੱਖ-ਵੱਖ ਥਾਵਾਂ ’ਤੇ ਹਿਰਣ ਦਾ ਸ਼ਿਕਾਰ ਤੇ ਹਥਿਆਰ ਰੱਖਣ ਦੇ ਮਾਮਲੇ ਦਰਜ ਕੀਤੇ ਗਏ ਸਨ।

Comment here