ਸਿਆਸਤਖਬਰਾਂ

ਕਾਰਪੋਰੇਟ ਘਰਾਣਿਆਂ ਵਲੋਂ ਪੰਜਾਬ ਤੋਂ ਕਾਰੋਬਾਰ ਸਮੇਟਣ ਤੇ ਡਾ ਜੌਹਲ ਕਿਸਾਨ ਅੰਦੋਲਨ ਪ੍ਰਤੀ ਖਫਾ

ਚੰਡੀਗੜ-ਕਿਸਾਨ ਅੰਦੋਲਨ ਕਾਰਨ ਪੰਜਾਬ ’ਚ ਰਿਲਾਇੰਸ ਨੂੰ ਸ਼ਟਡਾਊਨ ਕਰਨ ਅਤੇ ਫਿਰ ਅਡਾਨੀ ਗਰੁੱਪ ਨੂੰ ਪੰਜਾਬ ਛੱਡਣ ਨੂੰ ਮਜਬੂਰ ਕਰਨ ਉਤੇ ਖੇਤੀ ਅਰਥਸ਼ਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਇਕ ਵਾਰ ਫਿਰ ਕਿਹਾ ਹੈ ਕਿ ਇਹ ਪੰਜਾਬ ਲਈ ਇਹ ਚੰਗੇ ਸੰਕੇਤ ਨਹੀਂ । ਵੱਡੇ ਕਾਰਪੋਰੇਟ ਹਾਊਸ ਦੇ ਇਥੋਂ ਜਾਣ ਨਾਲ ਇਸਦਾ ਨੁਕਸਾਨ ਸਿੱਧਾ ਪੰਜਾਬ ਦੀ ਆਰਥਿਕਤਾ ’ਤੇ ਪਵੇਗਾ। ਡਾ. ਜੌਹਲ ਨੇ ਕਿਹਾ ਹੈ ਕਿ ‘ਜੋ ਨੇਤਾ, ਅਦਾਕਾਰ, ਆਈਏਐੱਸ, ਆਈਪੀਐੱਸ, ਵੱਡੇ-ਵੱਡੇ ਬੁੱਧੀਜੀਵੀ ਜਾਂ ਫਿਰ ਲੇਖਕ ਅੱਡੀਆਂ ਚੁੱਕ-ਚੁੱਕ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ…। ਪੰਜਾਬ ਦਾ ਨੁਕਸਾਨ ਕਰਵਾਉਣ ’ਚ ਉਨ੍ਹਾਂ ਨੇ ਖ਼ੂਬ ਵੱਧ-ਚੜ੍ਹ ਕੇ ਯੋਗਦਾਨ ਦਿੱਤਾ ਹੈ। ਪੰਜਾਬ ਦਾ ਨੁਕਸਾਨ ਹੁੰਦਾ ਦੇਖ ਹੁਣ ਸਾਰੇ ਚੁੱਪ ਕਿਉਂ?’ਡਾ. ਜੌਹਲ ਲਿਖਦੇ ਹਨ, ‘ਇਹ ਤਾਂ ਟ੍ਰੇਲਰ ਹੀ ਹੈ, ਅੱਗੇ-ਅੱਗੇ ਦੇਖੋ ਹੁੰਦਾ ਹੈ ਕੀ…। ਖਰਬੂਜ਼ਾ ਚਾਕੂ ’ਤੇ ਡਿੱਗੇ ਜਾਂ ਚਾਕੂ ਖਰਬੂਜ਼ੇ ’ਤੇ…ਕੱਟੇਗਾ ਖਰਬੂਜ਼ਾ ਹੀ…।

ਉਨ੍ਹਾਂ ਦੇ ਇਸ ਬਿਆਨ ’ਤੇ ਭਾਵੇਂ ਸਾਰਿਆਂ ਨੇ ਚੁੱਪੀ ਸਾਧ ਲਈ, ਪਰ ਜਾਣਕਾਰ ਕਹਿੰਦੇ ਹਨ ਕਿ ਇਸ ਕਾਰਪੋਰੇਟ ਹਾਊਸ ਦੇ ਜਾਣ ਤੋਂ ਬਾਅਦ ਪ੍ਰਦੇਸ਼ ਨੂੰ ਹੋਣ ਵਾਲੇ ਨੁਕਸਾਨ ਤੋਂ ਇਲਾਵਾ ਨਵੇਂ ਨਿਵੇਸ਼ ’ਤੇ ਵੀ ਇਸਦੀ ਮਾਰ ਪਵੇਗੀ ਅਤੇ ਵੱਡੇ ਹਾਊਸ ਪੰਜਾਬ ਆਉਣ ਤੋਂ ਕਤਰਾਉਣਗੇ। ਅਸਲ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਵਲੋਂ ਕਿਸਾਨ ਅੰਦੋਲਨ ਕਾਰਨ ਕਾਰੋਬਾਰ ਸਮੇਟਣ ਨਾਲ ਕਿਤੇ ਪ੍ਰਤੱਖ ਰੂਪ ਨਾਲ ਨੌਕਰੀਆਂ ਸਮਾਪਤ ਹੋ ਰਹੀਆਂ ਹਨ ਤਾਂ ਕਿਤੇ ਅਪ੍ਰਤੱਖ ਰੂਪ ਨਾਲ ਲੋਕਾਂ ਦੇ ਕਾਰੋਬਾਰ ਤੇ ਆਮਦਨ ’ਤੇ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਬੇਰੁਜ਼ਗਾਰ ਹੋ ਰਹੇ ਹਨ ਅਤੇ ਸਰਕਾਰ ਦੇ ਮਾਲੀਆ ਨੂੰ ਅਲੱਗ ਤੋਂ ਢਾਅ ਲੱਗ ਰਹੀ ਹੈ ਪਰ ਇਸ ਮਾਮਲੇ ’ਚ ਵਿਰੋਧ ਲਈ ਕੋਈ ਸਾਹਮਣੇ ਨਹੀਂ ਆ ਰਿਹਾ ਅਤੇ ਜੋ ਕਿਸਾਨਾਂ ਦਾ ਸਮਰਥਨ ਕਰ ਰਹੇ ਸਨ, ਉਹ ਵੀ ਸਾਈਲੈਂਟ ਮੋਡ ’ਤੇ ਆ ਗਏ ਹਨ। ਇਹਨਾਂ ਲੋਕਾਂ ਨੂੰ ਇਸ ਮਾਮਲੇ ਚ ਚਾਰਾਜੋਈ ਕਰਨ ਲਈ ਡਾ ਜੌਹਲ ਨੇ ਹਲੂਣਾ ਦਿੱਤਾ ਹੈ।

Comment here