ਅਪਰਾਧਖਬਰਾਂਦੁਨੀਆ

ਕਾਮਾਗਾਟਾਮਾਰੂ ਯਾਦਗਾਰ ਦੇ ਨਸਲੀ ਹਮਲੇ ਦੀ ਸ਼ਹੀਦਾਂ ਦੇ ਵਾਰਸਾਂ ਵੱਲੋਂ ਨਿੰਦਾ

ਵੈਨਕੂਵਰ – ਕੈਨੇਡਾ ਵਿਚ ਕਾਮਾਗਾਟਾ ਮਾਰੂ ਕਾਂਡ ਦੇ ਜ਼ਖ਼ਮ ਉਸ ਵੇਲੇ ਮੁੜ ਹਰੇ ਹੋ ਗਏ ਜਦੋਂ ਕੋਈ ਸਿਰਫਿਰਾ ਇਸ ਇਤਿਹਾਸਕ ਘਟਨਾ ਦੀ ਯਾਦਗਾਰ ’ਤੇ ਚਿੱਟਾ ਰੰਗ ਫੇਰ ਗਿਆ। ਬ੍ਰਿਟਿਸ ਕੋਲੰਬੀਆ ਦੀ ਸਿਟੀ ਵੈਨਕੂਵਰ ਦੇ ਕੋਲ ਹਾਰਬਰ ਗੁਆਂ ਵਿੱਚ ਕਾਮਾਗਾਟਾ ਮਾਰੂ ਦੀ ਯਾਦਗਾਰ ਦੇ ਇੱਕ ਹਿੱਸੇ ‘ਤੇ ਕਿਸੇ ਨਸਲਵਾਦੀ ਵੱਲੋ ਚਿੱਟਾ ਰੰਗ ਕਰਕੇ ਨਸਲੀ ਅਲਫਾਜ ਲਿਖ ਦਿੱਤੇ ਗਏ ਹਨ। ਜਿਸ ਕਾਰਨ ਇਥੋਂ ਦੇ ਪੰਜਾਬੀ ਭਾਈਚਾਰੇ ‘ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।ਵੈਨਕੂਵਰ ਪੁਲਸ ਵਿਭਾਗ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੇ ਇਤਿਹਾਸ ਦੇ ਨਸਲਵਾਦੀ ਅਧਿਆਇ ਨੂੰ ਸਵੀਕਾਰ ਕਰਨ ਵਾਲੀ ਇੱਕ ਯਾਦਗਾਰ ਨੂੰ ਹਫ਼ਤੇ ਦੇ ਅੰਤ ਵਿੱਚ ਤੋੜਨ ਦੇ ਬਾਅਦ ਸੰਭਾਵਿਤ ਨਫ਼ਰਤ ਅਪਰਾਧ ਦੀ ਪੂਰੀ ਜਾਂਚ ਕਰ ਰਿਹਾ ਹੈ।ਵੀਪੀਡੀ ਸਾਰਜੈਂਟ ਮੁਤਾਬਕ,”ਫਰੰਟ-ਲਾਈਨ ਅਫਸਰਾਂ ਅਤੇ ਹੋਰ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਜਾਂਚਕਰਤਾਵਾਂ ਨੇ ਕੱਲ੍ਹ ਸ਼ਾਮ ਤੱਕ ਕੰਮ ਕੀਤਾ ਅਤੇ ਇਸ ਪ੍ਰੇਸ਼ਾਨ ਕਰਨ ਵਾਲੇ ਅਪਰਾਧ ਵਿੱਚ ਸਬੂਤ ਇਕੱਠੇ ਕਰਦੇ ਰਹਿਣਗੇ।” ਸਟੀਵ ਐਡੀਸਨ ਨੇ ਇੱਕ ਰੀਲੀਜ਼ ਵਿੱਚ ਕਿਹਾ,”ਇਹ ਜਾਂਚ ਇੱਕ ਤਰਜੀਹ ਹੈ ਅਤੇ ਅਸੀਂ ਇਹ ਪਤਾ ਲਗਾਉਣ ਲਈ ਵਚਨਬੱਧ ਹਾਂ ਕਿ ਕੌਣ ਜ਼ਿੰਮੇਵਾਰ ਹੈ ਅਤੇ ਉਸ ਨੇ ਅਜਿਹਾ ਕਿਉਂ ਕੀਤਾ।”

ਵੈਨਕੁਵਰ ’ਚ ਸਥਿਤ ਇਸ ਯਾਦਗਾਰ ’ਤੇ ਹੋਏ ਹਮਲੇ ਦਾ ਭਾਰਤ ਨੇ ਸਖ਼ਤ ਵਿਰੋਧ ਜਤਾਇਆ ਹੈ। 1 ਸਦੀ ਤੋਂ ਵੀ ਵੱਧ ਸਮਾਂ ਪਹਿਲਾ ਭਾਰਤ ਪਰਤਣ ਲਈ ਮਜਬੂਰ ਕੀਤੇ ਗਏ ਜਹਾਜ਼ ’ਤੇ ਸਵਾਰ ਲੋਕਾਂ ਲਈ ਵੈਨਕੁਵਰ ’ਚ ਬਣੀ ਇਸ ਯਾਦਗਾਰ ਨੂੰ ਖਰਾਬ ਕਰਨ ਦੇ ਮਾਮਲੇ ਨੂੰ ਪੁਲਿਸ ਸੰਭਾਵਿਤ ਨਫ਼ਰਤੀ ਅਪਰਾਧ ਦੇ ਰੂਪ ਵਿੱਚ ਦੇਖ ਰਹੀ ਹੈ। ਵੈਨਕੁਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਮਾਗਾਟਾ ਮਾਰੂ ਕਾਂਡ ਨੂੰ ਸਮਰਪਤ ਪਵਿੱਤਰ ਯਾਦਗਾਰ ’ਤੇ ਹਮਲੇ ਕਾਰਨ ਉਨ੍ਹਾਂ ਦੇ ਦਿਲ ਨੂੰ ਡੂੰਘੀ ਠੇਸ ਪੁੱਜੀ ਹੈ। ਉਨ੍ਹਾਂ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਸਥਾਨਕ ਅਤੇ ਫ਼ੈਡਰਲ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਇਕ ਸ਼ਖਸ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ’ਤੇ ਗਿਆ ਅਤੇ ਹਰ ਪਾਸੇ ਚਿੱਟੇ ਰੰਗ ਨਾਲ ਆਪਣੇ ਹੱਥਾਂ ਦੇ ਨਿਸ਼ਾਨ ਬਣਾਉਣ ਲੱਗਾ। ਇਸ ਮਗਰੋਂ ਉਸ ਨੇ ਬਰੱਸ਼ ਨਾਲ ਕਾਮਾਗਾਟਾ ਮਾਰੂ ਜਹਾਜ਼ ਵਿਚ ਸਵਾਰ ਪੰਜਾਬੀਆਂ ਦੇ ਨਾਂ ’ਤੇ ਰੰਗ ਫੇਰਨਾ ਸ਼ੁਰੂ ਕਰ ਦਿਤਾ। ਯਾਦਗਾਰ ’ਤੇ ਹਮਲਾ ਕਰਨ ਵਾਲਾ ਕਹਿ ਰਿਹਾ ਸੀ ਕਿ ਇਹ ਮੇਰਾ ਵੈਨਕੂਵਰ ਨਹੀਂ।
ਕਾਮਾਗਾਟਾ ਮਾਰੂ ਘਟਨਾ ਚ ਕੁਰਬਾਨੀ ਦੇਣ ਵਾਲੇ ਇੱਕ ਸ਼ਖਸ ਦੇ ਰਿਸ਼ਤੇਦਾਰ ਜਿੰਦੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਯਾਦਗਾਰ ਦਿਖਾਉਣ ਲਿਆਏ ਸਨ ਪਰ ਉਥੋਂ ਦਾ ਮੰਜ਼ਰ ਵੇਖ ਕੇ ਰੂਹ ਕੰਬ ਗਈ। ਇਤਿਹਾਸਕ ਯਾਦਗਾਰ ਨਾਲ ਇਹ ਸਲੂਕ ਵੇਖ ਕੇ ਬੱਚਿਆਂ ਦੇ ਮਨ ਨੂੰ ਵੀ ਡੂੰਘੀ ਸੱਟ ਲੱਗੀ। ਜਿੰਦੀ ਸਿੰਘ ਨੇ ਆਪਣੇ ਬੱਚਿਆਂ ਨੂੰ ਵਿਸਤਾਰ ਨਾਲ ਦੱਸਿਆ ਕਿ ਕਾਮਾਗਾਟਾ ਮਾਰੂ ਕਾਂਡ ਪੰਜਾਬੀਆਂ ਲਈ ਕਿੰਨੀ ਅਹਿਮੀਅਤ ਰਖਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਜਦੋਂ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ਉਪਰ ਹਮਲਾ ਕੀਤਾ ਗਿਆ ਹੈ। ਜਿੰਦੀ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਵੈਨਕੂਵਰ ਸਿਟੀ ਕੌਂਸਲ ਵੱਲੋਂ ਜਲਦ ਹੀ ਯਾਦਗਾਰ ਨੂੰ ਸਾਫ਼ ਕਰ ਕੇ ਬੁਨਿਆਦੀ ਰੂਪ ਦੇ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਨਵੂਕਰ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ ਅਤੇ ਹੁਣ ਪੁਲਿਸ ’ਤੇ ਨਿਰਭਰ ਕਰਦਾ ਕਿ ਹਮਲਾਵਰ ਵਿਰੁੱਧ ਕਿਸ ਤਰੀਕੇ ’ਤੇ ਕਾਰਵਾਈ ਕੀਤੀ ਜਾਂਦੀ ਹੈ। ਚੇਤੇ ਰਹੇ ਕਿ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ 2013 ਵਿਚ ਵੈਨਕੂਵਰ ਦੇ ਕੋਲ ਹਾਰਬਰ ਇਲਾਕੇ ਵਿਚ ਸਥਾਪਤ ਕੀਤੀ ਗਈ ਸੀ।

ਦੇਸ਼ ਭਗਤਾਂ ਦੇ ਵਾਰਸਾਂ ਵਲੋਂ ਘਟਨਾ ਦੀ ਨਿੰਦਾ

ਵੈਨਕੂਵਰ ‘ਚ ਇਤਿਹਾਸਕ ਕਾਮਾਗਾਟਾ ਮਾਰੂ ਘਟਨਾ ਦੀ ਯਾਦ ਵਿੱਚ ਬਣੀ ਯਾਦਗਾਰ ਨਾਲ ਛੇੜਛਾੜ ਕਰਨ ਅਤੇ ਉਥੇ ਲੱਗੇ ਕਾਮਾਗਾਟਾ ਮਾਰੂ ਮੁਸਾਫ਼ਰਾਂ ਦੇ ਲਿਖੇ ਨਾਂਵਾਂ ਉਪਰ ਸਫ਼ੈਦੀ ਫੇਰਨ ਦੀ ਘਟਨਾ ਦੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਸ ਘਟਨਾ ਨਾਲ ਇਕੱਲੇ ਭਾਰਤ ਵਾਸੀਆਂ ਦਾ ਹੀ ਨਹੀਂ, ਸਗੋਂ ਸੰਸਾਰ ਭਰ ਦੇ ਨਸਲਵਾਦ ਵਿਰੁੱਧ ਆਵਾਜ਼ ਉਠਾ ਰਹੇ ਲੋਕਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ |
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਈ ਹੰਗਾਮੀ ਮੀਟਿੰਗ ਵਿੱਚ ਇਸ ਘਟਨਾ ਦੀ ਕਰੜੀ ਨਿੰਦਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਆਖਿਆ ਕਿ ਇਸ ਮੰਦਭਾਗੀ ਘਟਨਾ ਤੋਂ ਸਬਕ ਲੈਂਦਿਆਂ ਕਨੇਡੀਅਨ ਸਰਕਾਰ ਤੇ ਸਥਾਨਕ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁੱਕਣ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ |
ਉਨ੍ਹਾਂ ਦੱਸਿਆ ਕਿ ਕਾਮਾਗਾਟਾ ਮਾਰੂ ਕੋਈ ਸਧਾਰਨ ਘਟਨਾ ਨਹੀਂ ਸੀ | ਜਿੱਥੇ ਇਸ ਨੇ ਸਾਮਰਾਜ ਵਿਰੁੱਧ ਕੌਮਾਂਤਰੀ ਪੱਧਰ ‘ਤੇ ਜੰਗ ਵਿੱਚ ਅਹਿਮ ਰੋਲ ਅਦਾ ਕੀਤਾ, ਉਥੇ ਇਸ ਨੇ ਵਿਸ਼ਵ ਭਰ ਵਿੱਚ ਨਸਲੀ ਵਿਤਕਰੇ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਸੀ ਅਤੇ ਕਾਮਾਗਾਟਾ ਮਾਰੂ ਮੁਸਾਫ਼ਰਾਂ ਨੇ ਇਸ ਵਿੱਚ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਸਨ |
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅਜਿਹਾ ਵਿਅਕਤੀ ਕਿਹੜਾ ਹੋ ਸਕਦਾ ਹੈ ਕਿ ਜਿਹੜਾ ਸ਼ਹੀਦਾਂ ਦੇ ਮਾਣ-ਸਤਿਕਾਰ ਨੂੰ ਊਣਾ ਕਰ ਰਿਹਾ ਹੈ, ਜਦੋਂ ਕਿ ਕਾਮਾਗਾਟਾ ਮਾਰੂ ਜਹਾਜ਼ ਦੀ ਤਵਾਰੀਖ ਇਹ ਹੈ ਕਿ ਉਸ ਵਕਤ ਹਿੰਦੁਸਤਾਨ ‘ਤੇ ਅੰਗਰੇਜ਼ਾਂ ਦੀ ਹਕੂਮਤ ਸੀ ਅਤੇ ਅੰਗਰੇਜ਼ ਹਾਕਮ ਹਿੰਦੁਸਤਾਨ ਦੇ ਨਾਲ-ਨਾਲ ਪੰਜਾਬ ਨੂੰ ਬਿਲਕੁਲ ਗਰੀਬ ਰੱਖਣਾ ਚਾਹੁੰਦੇ ਸਨ ਤਾਂ ਜੋ ਪੰਜਾਬੀ ਗਰੀਬ ਲੋਕ ਫੌਜ ਵਿੱਚ ਭਰਤੀ ਹੋ ਕੇ ਸਾਡੇ ਸਾਮਰਾਜ ਦੀ ਰਾਖੀ ਕਰਨ | ਮਾੜੀਮੇਘਾ ਨੇ ਕਿਹਾ ਕਿ ਸਾਨੂੰ ਸਾਡੇ ਇਲਾਕੇ ‘ਤੇ ਇਸ ਗੱਲ ‘ਤੇ ਫਖ਼ਰ ਹੈ ਕਿ ਇਸ ਇਲਾਕੇ ਦੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਿਨ੍ਹਾਂ ਨੇ ਪੰਜਾਬੀਆਂ ਨੂੰ ਕੈਨੇਡਾ ਖੜ੍ਹਨ ਵਾਸਤੇ ‘ਕਾਮਾਗਾਟਾ’ ਮਾਰੂ ਜਹਾਜ਼ ਪਟੇ ‘ਤੇ ਲਿਆ ਤੇ ਉਸ ਦਾ ਨਾਂਅ ਨਾਨਕ ਨਾਮ ਜਹਾਜ਼ ਰੱਖਿਆ | ਬਾਬਾ ਗੁਰਦਿੱਤ ਸਿੰਘ ਹਾਂਗਕਾਂਗ ਗਏ, ਪਰ ਜਦੋਂ ਉਨ੍ਹਾਂ ਨੇ ਵੇਖਿਆ ਕਿ ਪੰਜਾਬ ਦੇ ਗ਼ਰੀਬ ਕਿਸਾਨ ਲੋਕ ਆਪਣੀਆਂ ਜ਼ਮੀਨਾਂ, ਜਾਇਦਾਦਾਂ, ਮਿਹਨਤ ਕਮਾਈ ਵੇਚ-ਵੱਟ ਕੇ ਸਮੁੰਦਰਾਂ ਦੇ ਕੰਢਿਆਂ ਉੱਤੇ ਕੈਨੇਡਾ ਜਾਣ ਲਈ ਧੱਕੇ ਖਾਂਦੇ ਫਿਰ ਰਹੇ ਹਨ, ਉਨ੍ਹਾਂ ਨੇ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਪਟੇ ‘ਤੇ ਲਿਆ | ਉਹ ਚਾਰ ਸੌ ਤੋਂ ਉੱਪਰ ਪੈਸੰਜਰ ਬਿਠਾ ਕੇ ਕੈਨੇਡਾ ਪਹੁੰਚੇ ਤੇ ਕੈਨੇਡਾ ਦੀ ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ‘ਤੇ ਉੱਤਰਨ ਨਾ ਦਿੱਤਾ, ਜਦੋਂ ਕਿ ਸਾਰੀ ਦੁਨੀਆ ਵਿੱਚੋਂ ਕੈਨੇਡਾ ਦੀ ਧਰਤੀ ‘ਤੇ ਕਿਰਤੀ ਕਾਮੇ ਆ ਰਹੇ ਸਨ, ਪਰ ਹਿੰਦੋਸਤਾਨ ‘ਤੇ ਪੰਜਾਬ ਦੇ ਕਿਰਤੀਆਂ ਨੂੰ ਕੈਨੇਡਾ ਦੀ ਧਰਤੀ ‘ਤੇ ਉੱਤਰਨ ਨਾ ਦਿੱਤਾ ਗਿਆ | ਕੈਨੇਡਾ ਦੀ ਧਰਤੀ ‘ਤੇ ਉਤਰਨ ਵਾਸਤੇ ਬਾਬਾ ਗੁਰਦਿੱਤ ਸਿੰਘ ਤੇ ਬਾਕੀ ਮੁਸਾਫਰਾਂ ਨੇ ਅਦਾਲਤ ਰਾਹੀਂ ਵੀ ਜ਼ੋਰ ਲਾਇਆ, ਪਰ ਉਨ੍ਹਾਂ ਨੂੰ ਕਾਮਯਾਬੀ ਨਾ ਮਿਲੀ | ਅਖੀਰ ਜਹਾਜ਼ ਵਾਪਸ ਆ ਕੇ ਕਲਕੱਤੇ ਲੱਗਾ ਤਾਂ ਅੱਗੋਂ ਅੰਗਰੇਜ਼ਾਂ ਨੇ ਮੁਸਾਫਰਾਂ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਗੋਲੀ ਕਾਂਡ ਵਿੱਚ 23 ਦੇ ਕਰੀਬ ਮੁਸਾਫਰ ਸ਼ਹੀਦ ਹੋ ਗਏ ਸਨ | ਸ਼ਹੀਦਾਂ ਤੇ ਮੁਸਾਫਰਾਂ ਦੀ ਯਾਦਗਾਰ ਕੈਨੇਡਾ ਵਿੱਚ ਰਹਿੰਦੇ ਹਿੰਦ ਵਾਸੀਆਂ ਨੇ ਸਥਾਪਤ ਕੀਤੀ ਹੈ | ਉਸ ਯਾਦਗਾਰ ‘ਤੇ ਨਾਵਾਂ ਦੀ ਸਿਲ ਲੱਗੀ ਹੋਈ ਹੈ ਕਿ ਕਿੰਨੇ ਮੁਸਾਫਰ ਸ਼ਹੀਦ ਹੋਏ ਹਨ ਅਤੇ ਬਾਕੀ ਪੈਸੰਜਰਾਂ ਦੇ ਨਾਵਾਂ ਦੀ ਸਿਲ ਲੱਗੀ ਹੋਈ ਹੈ | ਉਨ੍ਹਾਂ ਨਾਵਾਂ ਦੀ ਸਿਲ ‘ਤੇ ਕਿਸੇ ਫਿਰਕੂ ਅਨਸਰ ਨੇ ਚਿੱਟਾ ਰੰਗ ਕਰਕੇ ਉਨ੍ਹਾਂ ਦੇਸ਼ ਭਗਤਾਂ ਦੇ ਨਾਂਅ ਮਿਟਾਉਣ ਦੀ ਕੋਸ਼ਿਸ਼ ਕੀਤੀ, ਜੋ ਬਹੁਤ ਹੀ ਨਿੰਦਣਯੋਗ ਹੈ | ਸਿੱਲ ‘ਤੇ ਊਲ-ਜਲੂਲ ਲਿਖ ਦਿੱਤਾ ਹੈ, ਪਤਾ ਨਹੀਂ ਉਹ ਨਾਅਰੇ ਹਨ ਕਿ ਕੀ ਉੱਥੋਂ ਦੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ, ਇਹੋ ਜਿਹੇ ਫਿਰਕੂ ਅਨਸਰ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਾਵਾਂ ਦੀ ਸਿਲ ਤੋਂ ਫੌਰੀ ਤੌਰ ‘ਤੇ ਕਲੀ ਮਿਟਾਈ ਜਾਵੇ |

Comment here