ਨਵੀਂ ਦਿੱਲੀ- ਖਾਲਿਸਤਾਨੀ ਕਾਰਕੁੰਨਾਂ ਖਿਲਾਫ ਲੜਨ ਵਾਲੇ ਪੰਜਾਬ ਦੇ ਭਿੱਖੀਵਿੰਡ ਦੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਨੂੰ 17 ਅਕਤੂਬਰ 2020 ਨੂੰ ਅੱਤਵਾਦੀਆਂ ਵੱਲੋਂ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦੇ ਹੋਏ ਸ਼ੌਰਿਆ ਚੱਕਰ ਵਾਪਸ ਮੋੜਨ ਲਈ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ (ਸ਼ੌਰਿਆ ਚੱਕਰ ਜੇਤੂ) ਆਪਣੇ ਪੁੱਤਰ ਅਰਸ਼ਦੀਪ ਸਿੰਘ, ਭਰਾ ਗੁਲਸ਼ਨਬੀਰ ਸਿੰਘ ਨਾਲ ਰਾਸ਼ਟਰਪਤੀ ਭਵਨ ਪਹੁੰਚੀ। ਇੱਥੇ ਸਥਿਤ ਆਰਸੀ ਬ੍ਰਾਂਚ ਵੱਲੋਂ ਜਗਦੀਸ਼ ਕੌਰ ਦੀ ਲਿਖਤੀ ਸ਼ਿਕਾਇਤ ਲੈ ਕੇ ਉਸ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਅੱਤਵਾਦੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਸੰਧੂ, ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ, ਭਰਜਾਈ ਬਲਰਾਜ ਕੌਰ ਨੂੰ 1992 ’ਚ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸ਼ੌਰਿਆ ਚੱਕਰਾਂ ਨਾਲ ਸਨਮਾਨਿਆ ਗਿਆ ਸੀ। ਇਹ ਪਹਿਲਾ ਮੌਕਾ ਸੀ ਕਿ ਕਿਸੇ ਆਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਇਕੱਠੇ ਰਾਸ਼ਟਰਪਤੀ ਮੈਡਲ ਮਿਲੇ ਹੋਣ। ਅੱਤਵਾਦੀਆਂ ਵੱਲੋਂ 17 ਅਕਤੂਬਰ ਨੂੰ ਬਲਵਿੰਦਰ ਸਿੰਘ ਸੰਧੂ ਨੂੰ ਉਨ੍ਹਾਂ ਦੇ ਘਰ ’ਚ ਗੋਲ਼ੀ ਮਾਰ ਦਿੱਤੀ ਗਈ ਸੀ। ਭਾਰਤ ਸਰਕਾਰ ਵੱਲੋਂ ਐੱਨਆਈਏ ਤੋਂ ਕਰਵਾਈ ਗਈ ਜਾਂਚ ਤੋਂ ਨਾਖੁਸ਼ ਪਰਿਵਾਰ ਨੇ 24 ਸਤੰਬਰ ਨੂੰ ਰਾਸ਼ਟਰਪਤੀ ਤੋਂ ਆਪਣੀ ਇੱਛਾ ਅਨੁਸਾਰ ਮੌਤ ਮੰਗਦੇ ਹੋਏ ਸ਼ੌਰਿਆ ਚੱਕਰ ਮੋੜਨ ਦਾ ਫੈਸਲਾ ਕੀਤਾ ਸੀ।ਜਗਦੀਸ਼ ਕੌਰ ਨੇ ਦੱਸਿਆ ਕਿ ਹੱਤਿਆਕਾਂਡ ਨਾਲ ਸਬੰਧਤ 13 ਮੁਲਜ਼ਮਾਂ ਨੂੰ ਐੱਨਆਈਏ ਨੇ ਮੋਹਾਲੀ ਸਥਿਤ ਐੱਨਆਈਏ ਦੀ ਸਪੈਸ਼ਲ ਅਦਾਲਤ ਤੋਂ ਬਰੀ ਕਰਵਾ ਦਿੱਤਾ ਹੈ। ਪਰਿਵਾਰ ਕੋਲ ਸੁਰੱਖਿਆ ਨਾ-ਮਾਤਰ ਹੈ, ਜਦਕਿ ਉਨ੍ਹਾਂ ਦਾ ਪਰਿਵਾਰ ਅਜੇ ਵੀ ਅੱਤਵਾਦੀਆਂ ਦੀ ਹਿੱਟ ਲਿਸਟ ’ਤੇ ਹੈ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਸ਼ੌਰਿਆ ਚੱਕਰ ਵਾਪਸ ਕਰਨ ਸਬੰਧੀ ਇਕ ਪੱਤਰ ਵੀ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਰਾਸ਼ਟਰਪਤੀ ਨਾਲ ਨਹੀਂ ਮਿਲਵਾਇਆ ਗਿਆ। ਆਰਸੀ ਬ੍ਰਾਂਚ ਨੇ ਉਨ੍ਹਾਂ ਕੋਲੋਂ ਦਰਖਾਸਤ ਲੈ ਲਈ ਹੈ ਤੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਜਲਦ ਬੁਲਾਇਆ ਜਾਵੇਗਾ।
ਕਾਮਰੇਡ ਬਲਵਿੰਦਰ ਦੀ ਪਤਨੀ ਸ਼ੌਰਿਆ ਚੱਕਰ ਮੋੜਨ ਰਾਸ਼ਟਰਪਤੀ ਭਵਨ ਪੁੱਜੀ

Comment here