ਕਾਬੁਲ-ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕਾਬੁਲ ਸਥਿਤ ਕੌਮਾਂਤਰੀ ਹਵਾਈ ਅੱਡੇ ਦੀਆਂ ਸਮੱਸਿਆਵਾਂ ਦਾ ਹੱਲ ਕਰ ਲਿਆ ਗਿਆ ਹੈ ਅਤੇ ਹਵਾਈ ਅੱਡਾ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਧਰ, ਪਾਕਿਸਤਾਨ ਨੇ ਅਫਗਾਨ ਏਅਰਲਾਈਨਸ ਨੂੰ ਕਾਬੁਲ ਤੋਂ ਇਸਲਾਮਾਬਾਦ ਲਈ ਆਪਣੀਆਂ ਉਡਾਣਾਂ ਸੰਚਾਲਿਤ ਕਰਨ ਦੀ ਇਜਾਜ਼ਤ ਦਿੱਤੀ। ਅਫਗਾਨਿਸਤਾਨ ਦੀ ਸਭ ਤੋਂ ਵੱਡੀ ਨਿੱਜੀ ਏਅਰਲਾਈਨ ਕਾਮ ਏਅਰ ਤਾਲਿਬਾਨ ਦੇ ਹਾਸਲ ਕਰਨ ਤੋਂ ਬਾਅਦ ਅਫਗਾਨਿਸਤਾਨ ਦੇ ਬਾਹਰ ਸੰਚਾਲਿਤ ਹੋਣ ਵਾਲੀ ਪਹਿਲੀ ਅਫਗਾਨ ਏਅਰਲਾਈਨ ਬਣਕੇ ਹਫਤੇ ਵਿਚ 3 ਉਡਾਣਾਂ ਸੰਚਾਲਿਤ ਕਰੇਗੀ।
ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦੇਵਾਂਗੇ, ਇਨ੍ਹਾਂ ਦੀ ਕੈਬਨਿਟ ’ਚ 17 ਅੱਤਵਾਦੀ : ਇਟਲੀ
ਇਟਲੀ ਦੇ ਵਿਦੇਸ਼ ਮੰਤਰੀ ਲੁਈਗੀ ਡਿ ਮਾਇਓ ਨੇ ਤਾਲਿਬਾਨ ਦੀ ਕਾਰਜਕਾਰੀ ਕੈਬਨਿਟ ’ਤੇ ਸਖ਼ਤ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ ਲਈ ਉਨ੍ਹਾਂ ਵਲੋਂ ਮਾਨਤਾ ਪ੍ਰਾਪਤ ਕਰਨਾ ਅਸੰਭਵ ਹੈ। ਰਿਪੋਰਟ ਮੁਤਾਬਕ, ਮਾਇਓ ਨੇ ਅਫਗਾਨਿਸਤਾਨ ਵਿਚ ਕਾਰਜਕਾਰੀ ਤਾਲਿਬਾਨ ਸਰਕਾਰ ਦੇ ਨਵ-ਨਿਯੁਕਤ ਮੰਤਰੀਆਂ ਵਿਚੋਂ ਘੱਟ ਤੋਂ ਘੱਟ 17 ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਤਾਲਿਬਾਨ ਵਲੋਂ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਨੂੰ ਲਗਭਗ 45 ਦਿਨ ਹੋ ਚੁੱਕੇ ਹਨ ਪਰ ਦੁਨੀਆ ਦੇ ਕਿਸੇ ਵੀ ਦੇਸ਼ ਨੇ ਅਜੇ ਤੱਕ ਇਸਨੂੰ ਮਾਨਤਾ ਨਹੀਂ ਦਿੱਤੀ ਹੈ।
Comment here